HarnekMatharoo7ਸਾਨੂੰ ਆਸ ਹੈ ਕਿ ਪਾਰਟੀ ਆਉਣ ਵਾਲੇ ਸਮੇਂ ਵਿੱਚ ...
(ਨਵੰਬਰ 9, 2015)

 

(ਪਿਛਲੇ ਸਮੇਂ ਵਿਚ ਆਮ ਆਦਮੀ ਪਾਰਟੀ (ਆਪ) ਐਡਮਿੰਟਨ ਦੇ ਕੋਆਰਡੀਨੇਟਰ ਹਰਨੇਕ ਮਠਾੜੂ ਨੂੰ ਪੰਜਾਬੀ ਮੀਡੀਏ ਵਲੋਂ ਵੱਖ-ਵੱਖ ਸਵਾਲ ਪੁੱਛੇ ਗਏ। ਹੇਠਾਂ ਅਸੀਂ ‘ਸਰੋਕਾਰ’ ਦੇ ਪਾਠਕਾਂ ਦੀ ਜਾਣਕਾਰੀ ਲਈ ਉਹ ਸਵਾਲ ਅਤੇ ਉਨ੍ਹਾਂ ਦੇ ਹਰਨੇਕ ਮਠਾੜੂ ਵਲੋਂ ਦਿੱਤੇ ਜਵਾਬ ਪੇਸ਼ ਕਰ ਰਹੇ ਹਾਂ। ... ਅਵਤਾਰ ਗਿੱਲ)

? ਤੁਸੀਂ ਹੁਣ ਤੱਕ ਆਮ ਆਦਮੀ ਪਾਰਟੀ ਲਈ ਕਿੰਨਾ ਫੰਡ ਇਕੱਠਾ ਕਰ ਚੁੱਕੇ ਹੋ?

: ਐਡਮਿੰਟਨ ਵਿੱਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਪਿਛਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਅਤੇ ਉਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਦੌਰਾਨ ਇਕ ਲੱਖ 24 ਹਜ਼ਾਰ ਡਾਲਰ (ਤਕਰੀਬਨ 62 ਲੱਖ ਰੁਪਏ) ਇਕੱਠੇ ਕੀਤੇ ਗਏ।

? ਕੀ ਇਹ ਫੰਡ ਕਿਸੇ ਦੇ ਨਿੱਜੀ ਖਾਤੇ ਜਾਂ ਪਾਰਟੀ ਖਾਤੇ ਵਿੱਚ ਭੇਜੇ ਗਏ?

: ਇਹ ਫੰਡ ਪਾਰਟੀ ਨੂੰ ਸਿੱਧੇ ਪਾਰਟੀ ਦੇ ਵੈੱਬਸਾਈਟ ਰਾਹੀਂ ਔਨਲਾਈਨ ਭੇਜੇ ਗਏ ਅਤੇ ਕੁਝ ਫੰਡ ਪਾਰਟੀ ਦੇ ਚੋਣਾਂ ਵਿੱਚ ਖੜ੍ਹੇ ਉਮੀਦਵਾਰਾਂ ਨੂੰ ਸਿੱਧੇ ਵੀ ਭੇਜੇ ਗਏ। ਇਸ ਤੋਂ ਬਿਨਾਂ ਥੋੜ੍ਹੇ ਜਿਹੇ ਪੈਸੇ ਐਡਮਿੰਟਨ ਵਿੱਚ ਕਰਵਾਈਆਂ ਪਾਰਟੀ ਕਾਨਫਰੰਸਾਂ ਉੱਤੇ ਵੀ ਖਰਚੇ ਗਏ।

? ਕੀ ਪਾਰਟੀ ਦੀ ਹਾਈ-ਕਮਾਂਡ ਨੂੰ ਤੁਹਾਡੇ ਇਸ ਫੰਡ ਇਕੱਤਰ ਕਰਨ ਬਾਰੇ ਪਤਾ ਹੈ?

: ਇਹ ਫੰਡ ਪਾਰਟੀ ਲੀਡਰਸ਼ਿਪ ਵੱਲੋਂ ਕੀਤੀ ਅਪੀਲ ’ਤੇ ਹੀ ਇਕੱਠੇ ਕੀਤੇ ਗਏ ਸਨ ਤੇ ਪਾਰਟੀ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ।

? ‘ਆਪ’ ਦੇ ਕਈ ਭਾਰਤੀ ਆਗੂ ਜਾਅਲੀ ਸਰਟੀਫਿਕੇਟਾਂ ਵਰਗੇ ਵਿਵਾਦਾਂ ਵਿੱਚ ਘਿਰੇ ਹੋਏ ਹਨ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ?

: ‘ਆਪ’ ਦੇ ਸਿਰਫ ਇਕ ਆਗੂ ਜਤਿੰਦਰ ਤੋਮਰ ਬਾਰੇ ਸਾਨੂੰ ਪਤਾ ਹੈ ਕਿ ਉਹਨਾਂ ਉੱਤੇ ਜਾਅਲੀ ਸਰਟੀਫਿਕੇਟ ਹੋਣ ਦਾ ਦੋਸ਼ ਲੱਗਾ ਹੈ ਅਤੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਸੱਚਾਈ ਮੁਕੱਦਮੇ ਦੌਰਾਨ ਸਾਹਮਣੇ ਆ ਜਾਵੇਗੀ ਤੇ ਮਾਨਯੋਗ ਅਦਾਲਤ ਇਸ ਉੱਤੇ ਆਪਣਾ ਜੋ ਵੀ ਕਾਨੂੰਨੀ ਫੈਸਲਾ ਹੈ, ਸੁਣਾ ਦੇਵੇਗੀ, ਉਹ ‘ਆਪ’ ਨੂੰ ਮਨਜ਼ੂਰ ਹੋਵੇਗਾ। ਦੇਸ਼ ਵਿੱਚੋਂ ਭ੍ਰਿਸ਼ਟਾਚਾਰੀ ਖ਼ਤਮ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਰਕਾਰ ਹਰ ਇਕ ਭ੍ਰਿਸ਼ਟਾਚਾਰੀ ਅਤੇ ਅਪਰਾਧ ਕਰਨ ਵਾਲੇ ਉੱਤੇ ਜਲਦੀ ਤੋਂ ਜਲਦੀ ਕਾਰਵਾਈ ਕਰੇ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਜੁੜਿਆ ਹੋਇਆ ਹੋਵੇ ਅਤੇ ਕਾਨੂੰਨ ਮੁਤਾਬਕ ਉਹਨਾਂ ਨੂੰ ਸਜਾ ਦੇਵੇ। ਇਸ ਤੋਂ ਬਿਨਾਂ ਸਾਨੂੰ ਆਸ ਹੈ ਕਿ ਪਾਰਟੀ ਆਉਣ ਵਾਲੇ ਸਮੇਂ ਵਿੱਚ ਆਪਣੇ ਅੰਦਰੂਨੀ ਢੰਗ-ਤਰੀਕੇ ਇਸ ਕਦਰ ਪੱਕੇ ਕਰ ਲਵੇਗੀ ਕਿ ਇਹੋ ਜਿਹੇ ਉਮੀਦਵਾਰਾਂ ਦੀ ਪੂਰੀ ਜਾਂਚ ਪੜਤਾਲ ਆਪਣੇ ਪੱਧਰ ਉੱਤੇ ਪਹਿਲਾਂ ਹੀ ਪੂਰੀ ਕਰ ਲਵੇਗੀ। ਪਰ ਫਿਰ ਵੀ ਜੇ ਕੋਈ ਇਹੋ ਜਿਹੀ ਗ਼ਲਤੀ ਕਰਦਾ ਹੈ ਤਾਂ ਉਸ ਨੂੰ ਪੂਰੀ ਸਜ਼ਾ ਮਿਲਣੀ ਚਾਹੀਦੀ ਹੈ। ਇਹ ਨਿਯਮ ਸਿਰਫ ‘ਆਪ’ ਹੀ ਨਹੀਂ, ਬਲਕਿ ਸਾਰੀਆਂ ਪਾਰਟੀਆਂ ਉੱਤੇ ਲਾਗੂ ਹੋਣਾ ਚਾਹੀਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਦੂਜੀਆਂ ਪਾਰਟੀਆਂ ਦੇ ਕਿੰਨੇ ਹੀ ਭ੍ਰਿਸ਼ਟ ਅਤੇ ਅਪਰਾਧੀ ਆਗੂ ਸ਼ਰੇਆਮ ਘੁੰਮ ਰਹੇ ਹਨ ਪਰ ਸਰਕਾਰਾਂ ਉਹਨਾਂ ’ਤੇ ਕੇਸ ਦਰਜ ਕਰਕੇ ਕਾਰਵਾਈ ਹੀ ਨਹੀਂ ਕਰਦੀਆਂ।

? ਭਵਿੱਖ ਵਿੱਚ ਤੁਹਾਡਾ ਸਿਆਸਤ ਵਿੱਚ ਆਉਣ ਬਾਰੇ ਆਪਣਾ ਕੀ ਵਿਚਾਰ ਹੈ?

: ਮੇਰਾ ਸਿਆਸਤ ਵਿੱਚ ਆਉਣ ਬਾਰੇ ਕੋਈ ਵਿਚਾਰ ਨਹੀਂ ਹੈ ਤੇ ਨਾ ਹੀ ਮੈਂ ਇਸ ਬਾਰੇ ਬਹੁਤਾ ਸੋਚਿਆ ਹੈ। ਪੰਜਾਬ ਦੀ ਸਿਆਸਤ ਨੂੰ ਪੰਜਾਬ ਵਿੱਚ ਰਹਿੰਦੇ ਲੋਕ ਬਹੁਤੀ ਸਮਝਦੇ ਹਨ ਤੇ ਇਹ ਉਹਨਾਂ ਦਾ ਆਪਣਾ ਹੱਕ ਤੇ ਜ਼ਿੰਮੇਵਾਰੀ ਹੈ। ਪੰਜਾਬ ਦੇ ਲੋਕ ਆਪਣੀਆਂ ਦਰਪੇਸ਼ ਮੁਸ਼ਕਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤੇ ਉਹਨਾਂ ਦਾ ਹੱਲ ਲੱਭਣਾ, ਉਹਨਾਂ ਦੀ ਆਪਣੀ ਜ਼ਿੰਮੇਵਾਰੀ ਹੈ। ਸਾਡਾ ਪਿਛੋਕੜ ਪੰਜਾਬ ਤੋਂ ਹੋਣ ਕਰਕੇ ਸਾਡਾ ਮੋਹ ਅਤੇ ਹਮਦਰਦੀ ਪੰਜਾਬ ਦੇ ਲੋਕਾਂ ਨਾਲ ਜੁੜੀ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਵੀ ਬਾਹਰਲੇ ਦੇਸ਼ਾਂ ਵਾਂਗੂੰ ਚੰਗਾ ਅਤੇ ਸਾਫ-ਸੁਥਰਾ ਰਾਜ ਪਰਬੰਧ ਹੋਵੇ, ਜਿੱਥੇ ਹਰ ਨਾਗਰਿਕ ਨੂੰ ਉਸਦਾ ਬਣਦਾ ਹੱਕ, ਇਨਸਾਫ਼ ਅਤੇ ਬਰਾਬਰ ਦੇ ਮੌਕੇ ਮਿਲਣ, ਜਿਸ ਵਿੱਚ ਉਹ ਆਪਣੀ ਯੋਗਤਾ ਮੁਤਾਬਿਕ ਤਰੱਕੀ ਕਰ ਸਕੇ। ਇਹੀ ਸਾਡੀ ਪੰਜਾਬ ਲਈ ਦੁਆ ਹੈ ਅਤੇ ਇਸੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਅਸੀਂ ਆਪਣੇ ਵੱਲੋਂ ਬਣਦਾ ਯੋਗਦਾਨ ਪਾਉਂਦੇ ਰਹਾਂਗੇ। ਸਾਨੂੰ ਪੰਜਾਬ ਵਿੱਚ ਕੋਈ ਗੱਦੀ ਜਾਂ ਅਹੁਦਾ ਨਹੀਂ ਚਾਹੀਦਾ ਤੇ ਨਾ ਹੀ ਆਸ ਕਰਨੀ ਚਾਹੀਦੀ ਹੈ। ਅਸੀਂ ਜਿਹਨਾਂ ਦੇਸ਼ਾਂ ਵਿੱਚ ਰਹਿ ਰਹੇ ਹਾਂ, ਉਹਨਾਂ ਦੇ ਵਿੱਚ ਵੀ ਹੋਰ ਸੁਧਾਰ ਲਿਆਉਣ ਲਈ ਸਾਨੂੰ ਲਗਾਤਾਰ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ ਕਿਉਂਕਿ ਜਦੋਂ ਤੱਕ ਕਿਸੇ ਦੇਸ਼ ਦੇ ਨਾਗਰਿਕ ਆਪਣੇ ਹੱਕਾਂ ਅਤੇ ਫਰਜ਼ਾਂ ਪ੍ਰਤੀ ਜਾਗਰੂਕ ਨਹੀਂ ਰਹਿਣਗੇ, ਇਕ ਚੰਗੇ ਤੋਂ ਚੰਗਾ ਦੇਸ਼ ਵੀ ਅੱਗੇ ਹੋਰ ਚੰਗਾ ਨਹੀਂ ਬਣ ਸਕਦਾ।

? ਤੁਸੀਂ ਕੈਨੇਡਾ ਵਿੱਚ ਫੈਡਰਲ ਅਤੇ ਪਰੋਵਿੰਸ਼ੀਅਲ, ਕਿਹੜੀ ਸਿਆਸੀ ਪਾਰਟੀ ਨਾਲ ਸੰਬੰਧ ਰੱਖਦੇ ਹੋ?

: ਕੈਨੇਡੀਅਨ ਨਾਗਰਿਕ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਥੋਂ ਦੇ ਸਮਾਜ ਨੂੰ ਹੋਰ ਵੀ ਚੰਗਾ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਪਾਵਾਂ। ਸਿਆਸਤ ਵਿੱਚ ਹਿੱਸਾ ਲੈਣਾ ਹਰ ਨਾਗਰਿਕ ਦਾ ਫਰਜ਼ ਬਣਦਾ ਹੈ, ਉਹ ਚਾਹੇ ਉਮੀਦਵਾਰ ਦੇ ਤੌਰ ’ਤੇ ਹੋਵੇ, ਚਾਹੇ ਉਹ ਵੋਟਰ ਦੇ ਤੌਰ ’ਤੇ। ਲੋਕਤੰਤਰ ਲਈ ਜ਼ਰੂਰੀ ਹੈ ਕਿ ਲੋਕ ਆਪਣੇ ਦੇਸ਼ ਦੇ ਲੀਡਰ ਸੋਚ-ਸਮਝ ਕੇ ਚੁਣਨ ਤਾਂ ਜੋ ਉਹ ਦੇਸ਼ ਨੂੰ ਚੰਗੀ ਤੇ ਦੂਰ-ਅੰਦੇਸ਼ ਸੇਧ ਦੇ ਸਕਣ।
ਮੇਰੀ ਹਰ ਉਸ ਪਾਰਟੀ ਨਾਲ ਸਾਂਝ ਹੈ, ਜੋ ਇਸ ਦੇਸ਼ ਦੇ ਹਰ ਇਕ ਨਾਗਰਿਕ, ਖ਼ਾਸ ਕਰਕੇ ਗਰੀਬ ਲੋਕਾਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਦਾ ਨਿਸ਼ਾਨਾ ਲੈ ਕੇ ਚਲਦੀ ਹੈ। ਇਹ ਕੋਈ ਵੀ ਪਾਰਟੀ ਹੋ ਸਕਦੀ ਹੈ। ਦੂਜਾ ਇਹ ਕਿ ਪਰੋਵਿੰਸ਼ੀਅਲ ਪੱਧਰ ’ਤੇ ਕਿਹੜੀ ਪਾਰਟੀ ਚੰਗੀ ਰਹੇਗੀ ਤੇ ਫੈਡਰਲ ਪੱਧਰ ’ਤੇ ਕਿਹੜੀ, ਇਹ ਵੀ ਵਿਚਾਰਨ ਵਾਲੀ ਗੱਲ ਹੈ। ਇਸੇ ਲਈ ਮੈਂ ਆਪਣੇ ਆਪ ਨੂੰ ਕਿਸੇ ਇਕ ਪਾਰਟੀ ਨਾਲ ਬੰਨ੍ਹਿਆ ਨਹੀਂ ਸਮਝਦਾ। ਜਿਹੜੀ ਪਾਰਟੀ ਦੇਸ਼ ਦੇ ਹਰ ਨਾਗਰਿਕ ਦਾ ਧਿਆਨ ਰੱਖੇਗੀ, ਮੈਂ ਉਸਦੇ ਨਾਲ ਹਾਂ। ਅਤੇ ਸਿਆਸਤ ਵਿੱਚ ਤਬਦੀਲੀ ਆਉਣੀ ਬਹੁਤ ਜ਼ਰੂਰੀ ਹੈ, ਨਹੀਂ ਤਾਂ ਖੜ੍ਹੇ ਪਾਣੀ ਵਾਂਗੂੰ ਸਿਆਸਤ ਵਿੱਚੋਂ ਵੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ। ਹਰ ਉਹ ਪਾਰਟੀ, ਜਿਸ ਦੀ ਵਿਚਾਰਧਾਰਾ ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰੱਖਦੀ ਹੈ, ਸਾਨੂੰ ਉਸ ਨਾਲ ਜੁੜਨਾ ਚਾਹੀਦਾ ਹੈ।

? ਤੁਸੀਂ ਆਉਣ ਵਾਲੀਆਂ ਪੰਜਾਬ ਚੋਣਾਂ ਵਿਚ ‘ਆਪ’ ਦੀ ਕਿਵੇਂ ਮਦਦ ਕਰੋਗੇ?

: ਪਰਵਾਸੀ ਭਾਰਤੀ ਹੋਣ ਦੇ ਨਾਤੇ ਸਾਡੇ ਕੋਲ ਕੁਝ ਕੁ ਹੀ ਮਦਦ ਕਰਨ ਦੇ ਸਾਧਨ ਹਨ, ਜਿਹਨਾਂ ਵਿੱਚੋਂ ਸਭ ਤੋਂ ਪਹਿਲਾ ਹੈ, ਦੂਜੇ ਪੰਜਾਬੀਆਂ ਨੂੰ ‘ਆਪ’ ਦੀ ਵਿਚਾਰਧਾਰਾ ਤੋਂ ਜਾਣੂ ਕਰਾਉਣਾ ਅਤੇ ਪਾਰਟੀ ਨਾਲ ਜੋੜਨਾ। ਉਸ ਤੋਂ ਬਾਦ ਪਾਰਟੀ ਲਈ ਚੋਣਾਂ ਦੌਰਾਨ ਫੰਡ ਇਕੱਠਾ ਕਰਨਾ। ਅਤੇ ਸਭ ਤੋਂ ਵੱਡੀ ਮਦਦ ਹੈ, ਪੰਜਾਬ ਵਿੱਚ ਬੈਠੇ ਆਪਣੇ ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਨੂੰ ਪਾਰਟੀ ਨਾਲ ਜੁੜਨ ਲਈ ਪ੍ਰੇਰਨਾ ਅਤੇ ਵੋਟਾਂ ਪਾਉਣ ਲਈ ਕਹਿਣਾ। ਇਹੀ ਕੁਝ ਹੈ ਜੋ ਅਸੀਂ ਪਰਦੇਸਾਂ ਵਿੱਚ ਬੈਠੇ ਆਪਣੇ ਉਹਨਾਂ ਵੀਰਾਂ ਤੇ ਭੈਣਾਂ ਲਈ ਕਰ ਸਕਦੇ ਹਾਂ, ਜੋ ਅੱਜ ਵੀ ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਤੋਂ ਵਾਂਝੇ ਹਨ। ਅਸਲ ਵਿੱਚ ਇਹ ਲੜਾਈ ਪੰਜਾਬ ਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਹੀ ਲੜਨੀ ਪੈਣੀ ਹੈ, ਅਸੀਂ ਤਾਂ ਸਿਰਫ਼ ਉਹਨਾਂ ਦੀ ਮਦਦ ਹੀ ਕਰ ਸਕਦੇ ਹਾਂ। ਇਸ ਲੜਾਈ ਦਾ ਸਭ ਤੋਂ ਵੱਧ ਨਫਾ-ਨੁਕਸਾਨ ਵੀ ਪੰਜਾਬ ਦੇ ਲੋਕਾਂ ਨੂੰ ਹੀ ਹੋਣਾ ਹੈ।

? ‘ਆਪ’ ਦਾ ਪੰਜਾਬ ਦੇ ਮੁੱਖ ਮੰਤਰੀ ਲਈ ਅਹੁਦੇਦਾਰ ਕੌਣ ਹੋਵੇਗਾ?

: ਇਹ ਤੈਅ ਕਰਨਾ ਪਾਰਟੀ ਦੀ ਜ਼ਿੰਮੇਵਾਰੀ ਹੈ ਤੇ ਇਸ ਲਈ ਸਾਨੂੰ ਪੂਰੀ ਆਸ ਹੈ ਕਿ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਕੇ ਅਤੇ ਪਾਰਟੀ ਦੇ ਸਾਰੇ ਲੀਡਰਾਂ ਨਾਲ ਸਲਾਹ-ਮਸ਼ਵਰਾ ਕਰਕੇ ਹੀ ਇਹ ਫੈਸਲਾ ਲਵੇਗੀ। ਸਾਡੇ ਨਾਲੋਂ ਪਾਰਟੀ ਨੂੰ ਇਸ ਜ਼ਿੰਮੇਵਾਰੀ ਦੀ ਬਹੁਤੀ ਚਿੰਤਾ ਤੇ ਅਹਿਸਾਸ ਹੈ।

? ਪੰਜਾਬ ਵਿੱਚ ‘ਆਪ’ ਦਾ ਚੋਣ-ਪਲੇਟਫਾਰਮ ਕੀ ਹੋਵੇਗਾ?

: ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਮਸਲੇ ਕਿਸੇ ਕੋਲੋਂ ਛੁਪੇ ਨਹੀਂ ਹਨ। ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਨਸ਼ਾਖੋਰੀ, ਰੇਤ ਮਾਫੀਆ, ਵਿੱਦਿਆ, ਸਿਹਤ, ਆਰਥਿਕਤਾ ਅਤੇ ਚੰਗਾ ਰਾਜ ਪ੍ਰਬੰਧ ਪੰਜਾਬ ਦੇ ਮੁੱਖ ਮੁੱਦੇ ਹਨ ਅਤੇ ਇਹਨਾਂ ਦਾ ਹੱਲ ਲੱਭਣ ਲਈ ਜਨਤਾ ਲੰਮੇ ਸਮੇਂ ਤੋਂ ਤਰਸ ਰਹੀ ਹੈ। ਸਾਨੂੰ ਆਸ ਹੈ ਕਿ ਪਾਰਟੀ ਪੰਜਾਬ ਦੇ ਹਰ ਇਲਾਕੇ ਵਿੱਚ ਜਾ ਕੇ ਲੋਕਾਂ ਤੋਂ ਉਹਨਾਂ ਦੀਆਂ ਮੁਸ਼ਕਲਾਂ ਸੁਣੇਗੀ ਅਤੇ ਵਿਚਾਰੇਗੀ। ਉਸ ਤੋਂ ਬਾਦ ਹੀ ਪਾਰਟੀ ਇਕ ਪੰਜਾਬ ਪੱਧਰ ਦਾ ਚੋਣ ਪਲੇਟਫਾਰਮ ਬਣਾ ਸਕਦੀ ਹੈ। ਇਸੇ ਹੀ ਚੋਣ ਪਲੇਟਫਾਰਮ ਨੂੰ ਮੁੱਖ ਰੱਖਕੇ ਸਰਕਾਰ ਦੀ ਕਾਰਗੁਜ਼ਾਰੀ ਵੀ ਵੇਖੀ ਜਾਵੇਗੀ।

*****

(101)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਹਰਨੇਕ ਮਠਾੜੂ

ਹਰਨੇਕ ਮਠਾੜੂ

Edmonton, Alberta, Canada.
Phone: (780 718 4141)

Email: (harnek@royalwesthomes.com)