“ਅਜਿਹੇ ਮਸੀਹੇ ਇਨਸਾਨ ਦਾ ਤੁਰ ਜਾਣਾ ਜਿੱਥੇ ਉਨ੍ਹਾਂ ਦੇ ਪਰਿਵਾਰ ਲਈ ...”
(17 ਨਵੰਬਰ 2026)

ਲੰਘੀ 29 ਅਕਤੂਬਰ ਨੂੰ ਸ਼ਾਮ 8 ਕੁ ਵਜੇ ਫੋਨ ਦੀ ਘੰਟੀ ਵੱਜੀ। ਸੰਗਰੂਰ ਤੋਂ ਮੋਹਨ ਸ਼ਰਮਾ ਜੀ ਦਾ ਫੋਨ ਸੀ। ਉਹ ਕਹਿ ਰਹੇ ਸਨ, ਕਿੰਨੇ ਹੀ ਦਿਨ ਹੋ ਗਏ ਮੈਂ ਸੋਚਦਾ ਸੀ ਤੈਨੂੰ ਫੋਨ ਕਰਾਂ, ਕੀ ਲਿਖ ਰਹੀ ਹੈ ਅੱਜ ਕੱਲ੍ਹ? ਮੈਂ ਹੱਸ ਕੇ ਕਿਹਾ, ਕੁਝ ਨਹੀਂ, ਬੱਸ ਦਿਵਾਲੀ ਕਰਕੇ ਘਰ ਦੀਆਂ ਸਫਾਈਆਂ ਕਰ ਰਹੀ ਹਾਂ। ਇਵੇਂ ਹੀ ਕਿੰਨੀਆਂ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਲਗਭਗ 20 ਮਿੰਟ ਤਕ ਉਹ ਮੈਨੂੰ ਆਪਣੀ ਨਿਗਰਾਨੀ ਹੇਠ ਚੱਲ ਰਹੇ ਬਿਰਧ ਆਸ਼ਰਮ ਅਤੇ ਨਸ਼ਾ ਛੁਡਾਊ ਕੇਂਦਰ ਵਿੱਚ ਆਏ ਨਵੇਂ ਮਹਿਮਾਨਾਂ ਬਾਰੇ ਦੱਸਦੇ ਰਹੇ। ਨਾਲ ਹੀ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀ ਨਵੀਂ ਕਿਤਾਬ “ਕਹਿਰ ਦੀ ਹਨੇਰੀ” ਦਾ ਅੰਗਰੇਜ਼ੀ ਅਨੁਵਾਦ ਹੋ ਗਿਆ ਹੈ; ਜਿਸਦਾ ਸੰਪਾਦਨ ਸ ਸ ਰਮਲਾ ਵੱਲੋਂ ਕੀਤਾ ਗਿਆ ਹੈ। ਉਸ ਵੇਲੇ ਮੈਨੂੰ ਕੋਈ ਅੰਦਾਜ਼ਾ ਨਹੀਂ ਸੀ ਕੀ ਇਹ ਮੇਰੀ ਉਨ੍ਹਾਂ ਨਾਲ ਆਖਰੀ ਗੱਲਬਾਤ ਹੋ ਗੁਜ਼ਰੇਗੀ।
ਪਹਿਲੀ ਨਵੰਬਰ ਐਤਵਾਰ ਨੂੰ ਉਹ ਇੱਕ ਸੜਕ ਹਾਦਸੇ ਦੇ ਵਿੱਚ ਗੰਭੀਰ ਜ਼ਖਮੀ ਹੋ ਗਏ ਸਨ। ਅਖੀਰ ਪੰਜ ਅਕਤੂਬਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹ ਕਰੀਬ 79 ਵਰ੍ਹਿਆਂ ਦੇ ਸਨ। ਦੋ ਦਰਜਨ ਤੋਂ ਵੀ ਵੱਧ ਪੁਸਤਕਾਂ ਦੇ ਲੇਖਕ ਮੋਹਨ ਸ਼ਰਮਾ ਇੱਕ ਆਮ ਇਨਸਾਨ ਨਹੀਂ ਸਗੋਂ ਇੱਕ ਚਲਦੀ ਫਿਰਦੀ ਸੰਸਥਾ ਸਨ। ਜਿਸ ਉਮਰ ਵਿੱਚ ਲੋਕ ਸੋਚਦੇ ਹਨ ਕਿ ਹੁਣ ਅਸੀਂ ਰਿਟਾਇਰ ਹੋ ਗਏ ਹਾਂ, ਹੁਣ ਅਰਾਮ ਦਾ ਜੀਵਨ ਬਤੀਤ ਕਰੀਏ, ਮੋਹਨ ਸ਼ਰਮਾ ਸਰ ਸਾਰਾ ਦਿਨ ਘੁੰਮਦੇ ਫਿਰਦੇ; ਕਦੇ ਨਸ਼ਾ ਮੁਕਤੀ ਕੇਂਦਰ, ਕਦੇ ਬਿਰਧ ਆਸ਼ਰਮ, ਕਦੇ ਕਿਸੇ ਨੌਜਵਾਨ ਨੂੰ ਨਸ਼ਾ ਨਾ ਕਰਨ ਬਾਰੇ ਪ੍ਰੇਰਿਤ ਕਰਦੇ ਅਤੇ ਕਦੇ ਕਿਸੇ ਪ੍ਰਵਾਸੀ ਪਰਿਵਾਰ ਦੇ ਬੱਚਿਆਂ ਲਈ ਛੱਤ ਅਤੇ ਰੁਜ਼ਗਾਰ ਦਾ ਪ੍ਰਬੰਧ ਕਰਦੇ ਫਿਰਦੇ। ਹਜ਼ਾਰਾਂ ਨੌਜਵਾਨ, ਜੋ ਜਿਊਣ ਦੀ ਆਸ ਛੱਡ ਚੁੱਕੇ ਸਨ ਜਾਂ ਨਸ਼ਿਆਂ ਦੀ ਦਲਦਲ ਵਿੱਚ ਫਸ ਚੁੱਕੇ ਸਨ, ਮੋਹਨ ਸ਼ਰਮਾ ਸਰ ਨੇ ਉਨ੍ਹਾਂ ਨੂੰ ਨਸ਼ਾ ਮੁਕਤ ਹੀ ਨਹੀਂ ਕਰਵਾਇਆ, ਸਗੋਂ ਜੀਵਨ ਰੂਪੀ ਗੱਡੀ ਨੂੰ ਚਲਾਉਣ ਲਈ ਲੋੜੀਂਦੇ ਰੁਜ਼ਗਾਰ ਸਾਧਨਾਂ ਦੇ ਪ੍ਰਬੰਧ ਵੀ ਕਰਵਾਏ ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਪੇਟ ਪਾਲ ਸਕਣ।
ਮੋਹਨ ਸ਼ਰਮਾ ਅਕਸਰ ਦੱਸਦੇ ਕਿ ਜਿਹੜੇ ਨੌਜਵਾਨ ਨਸ਼ਾ ਛੱਡਣ ਦਾ ਮਨ ਬਣਾ ਕੇ ਆਉਂਦੇ ਮੈਂ ਉਨ੍ਹਾਂ ਨੂੰ ਪਹਿਲਾਂ ਹੀ ਕਹਿ ਦਿੰਦਾ ਹਾਂ ਕਿ ਤੁਹਾਡੇ ਪਰਿਵਾਰ ਨੇ ਮੇਰੇ ’ਤੇ ਭਰੋਸਾ ਕਰਕੇ ਤੁਹਾਨੂੰ ਇੱਥੇ ਭੇਜਿਆ ਹੈ। ਮੇਰਾ ਵਿਸ਼ਵਾਸ ਨਾ ਤੋੜਨਾ। ਬਹੁਤ ਹੀ ਨੌਜਵਾਨ ਨਸ਼ਾ ਕੇਂਦਰ ਨੂੰ ਛੱਡਣ ਤੋਂ ਬਾਅਦ ਵੀ ਉਨ੍ਹਾਂ ਦੇ ਸੰਪਰਕ ਵਿੱਚ ਰਹਿੰਦੇ। ਅੱਜ ਸਮੁੱਚੇ ਪੰਜਾਬ ਵਿੱਚ ਨਸ਼ਿਆਂ ਦੀ ਅੱਗ ਮਚ ਰਹੀ ਹੈ। ਜਿੱਥੇ ਲੋਕ ਧਰਨੇ ਲਾ ਕੇ ਨਸ਼ਿਆਂ ਦੇ ਸੌਦਾਗਰਾਂ ਨੂੰ ਸਜ਼ਾਵਾਂ ਦੇਣ ਲਈ ਲੰਬੀ ਲੜਾਈ ਲੜ ਰਹੇ ਹਨ ਉੱਥੇ 79 ਸਾਲ ਦੀ ਉਮਰ ਵਿੱਚ ਮੋਹਨ ਸ਼ਰਮਾ ਨੇ ਆਪਣੇ ਉੱਦਮ ਸਦਕਾ ਸੈਂਕੜੇ ਹੀ ਘਰ ਉੱਜੜਨ ਤੋਂ ਬਚਾਏ ਹਨ। ਆਪਣੀਆਂ ਲਿਖਤਾਂ ਰਾਹੀਂ ਵੀ ਉਨ੍ਹਾਂ ਨੇ ਸਮਾਜ ਨੂੰ ਨਸ਼ੇ ਕਾਰਨ ਟੁੱਟ ਰਹੇ ਸਮਾਜਿਕ ਤਾਣੇ-ਬਾਣੇ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਦੀ ਹਰ ਦੂਸਰੀ ਰਚਨਾ ਵਿੱਚ ਸਮਾਜ ਦਾ ਭਵਿੱਖ ਨੌਜਵਾਨਾਂ ਲਈ ਇਸ ਅਲਾਮਤ ਤੋਂ ਛੁਟਕਾਰਾ ਪਾਉਣ ਦਾ ਸੁਨੇਹਾ ਹੈ।
ਸੰਗਰੂਰ ਦੇ ਪਿੰਡ ਕਾਂਝਲਾ ਵਿਖੇ ਪੈਦਾ ਹੋਏ ਮੋਹਨ ਸ਼ਰਮਾ ਸਰ ਨੇ ਐੱਮਏ ਬੀਐੱਡ ਤਕ ਵਿੱਦਿਆ ਹਾਸਲ ਕਰਨ ਉਪਰੰਤ 1969 ਤੋਂ 1992 ਤਕ ਅਧਿਆਪਨ ਕਾਰਜ ਕੀਤਾ। 1981 ਵਿੱਚ ਪੰਜਾਬ ਦੇ ਸ਼੍ਰੋਮਣੀ ਅਧਿਆਪਕ ਵਜੋਂ ਸਟੇਟ ਅਵਾਰਡ ਪ੍ਰਾਪਤ ਕੀਤਾ। 1992 ਤੋਂ ਫਰਵਰੀ 2006 ਤਕ ਸਮਾਲ ਸੇਵਿੰਗ ਵਿਭਾਗ ਵਿੱਚ ਸੀਨੀਅਰ ਜ਼ਿਲ੍ਹਾ ਬੱਚਤ ਅਫਸਰ ਰਹੇ। ਇਸ ਖੇਤਰ ਵਿੱਚ ਵੀ ਸ਼ਾਨਦਾਰ ਕਾਰਗੁਜ਼ਾਰੀ ਸਦਕਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਨਮਾਨਿਤ ਕੀਤੇ ਗਏ। ਮਾਰਚ 2006 ਤੋਂ ਦਸੰਬਰ 2022 ਤਕ ਉਨ੍ਹਾਂ ਨੇ ਰੈੱਡ ਕਰਾਸ ਨਸ਼ਾ ਛਡਾਊ ਕੇਂਦਰ ਸੰਗਰੂਰ ਦੇ ਪ੍ਰੋਜੈਕਟ ਡਾਇਰੈਕਟਰ ਵਜੋਂ ਕੰਮ ਕੀਤਾ। 2009 ਵਿੱਚ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸਮਾਜਿਕ ਸੱਭਿਆਚਾਰਕ ਅਤੇ ਸਾਹਿਤਕ ਸੇਵਾਵਾਂ ਲਈ ਸਟੇਟ ਅਵਾਰਡ ਦਿੱਤਾ ਗਿਆ। ਜਲੰਧਰ ਦੂਰਦਰਸ਼ਨ ਵੱਲੋਂ ਉਨ੍ਹਾਂ ’ਤੇ ਡਾਕੂਮੈਂਟਰੀ ਫਿਲਮ ਵੀ ਬਣਾਈ ਗਈ।
ਅੱਜ ਕੱਲ੍ਹ ਉਹ ਸ਼ਿਵ ਸ਼ੰਕਰ ਬਿਰਧ ਆਸ਼ਰਮ ਸੰਗਰੂਰ ਦੇ ਪ੍ਰਧਾਨ, ਪੰਜਾਬੀ ਸੱਭਿਆਚਾਰ ਕੇਂਦਰ ਸੰਗਰੂਰ ਦੇ ਜਨਰਲ ਸਕੱਤਰ ਅਤੇ ਹੋਰ ਕਈ ਸੰਸਥਾਵਾਂ ਦੇ ਨਿਸ਼ਕਾਮ ਸੇਵਕ ਵਜੋਂ ਆਪਣੀ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦੁਆਰਾ ਸਮਾਜ ਨੂੰ ਦਿੱਤੀਆਂ ਗਈਆਂ ਸੇਵਾਵਾਂ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦਾ ਰਾਹ ਦਸੇਰਾ ਬਣੀਆਂ ਰਹਿਣਗੀਆਂ। ਅਜਿਹੇ ਮਸੀਹੇ ਇਨਸਾਨ ਦਾ ਤੁਰ ਜਾਣਾ ਜਿੱਥੇ ਉਨ੍ਹਾਂ ਦੇ ਪਰਿਵਾਰ ਲਈ ਨਾ ਭੁੱਲਣਯੋਗ ਵਿਛੋੜਾ ਹੈ; ਉੱਥੇ ਉਨ੍ਹਾਂ ਨਾਲ ਜੁੜੇ ਅਨੇਕਾਂ ਪਰਿਵਾਰਾਂ ਲਈ ਵੀ ਇੱਕ ਬਹੁਤ ਵੱਡੀ ਘਾਟ ਹੈ, ਜੋ ਕਦੇ ਪੂਰੀ ਨਹੀਂ ਹੋ ਸਕਦੀ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਸਮਾਜ ਨੂੰ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ਣ। ਮੋਹਨ ਸ਼ਰਮਾ ਨਮਿੱਤ ਅੰਤਿਮ ਅਰਦਾਸ ਅਤੇ ਭੋਗ ਮੰਦਰ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਪਟਿਆਲਾ ਗੇਟ ਸੰਗਰੂਰ ਵਿਖੇ 17 ਨਵੰਬਰ ਨੂੰ ਪਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)



























































































































