“ਜੇਕਰ ਕੋਈ ਚੈਨਲ ਬੇਬਾਕੀ ਨਾਲ ਆਪਣੀ ਰਾਏ ਰੱਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਚੈਨਲ ...”
(2 ਅਪਰੈਲ 2026)
ਕੋਈ ਸਮਾਂ ਸੀ ਜਦੋਂ ਲੋਕ ਰੇਡੀਓ ਤੋਂ ਖਬਰਾਂ ਸੁਣਿਆ ਕਰਦੇ ਸਨ। ਅਖਬਾਰਾਂ ਰਸਾਲੇ ਪੜ੍ਹਦੇ ਸਨ। ਰੇਡੀਓ ਵੀ ਕਿਸੇ ਟਾਵੇਂ-ਟਾਵੇਂ ਘਰ ਵਿੱਚ ਹੁੰਦਾ ਸੀ। ਹੌਲੀ ਹੌਲੀ ਟੈਲੀਵਿਜ਼ਨ ਦੀ ਆਮਦ ਹੋਈ। ਉਦੋਂ ਲੋਕਾਂ ਦਾ ਵਿਸ਼ਵਾਸ ਸੀ ਕਿ ਅਖਬਾਰਾਂ, ਰੇਡੀਓ ਤੇ ਟੈਲੀਵਿਜ਼ਨ ਵਿੱਚ ਆ ਰਹੀਆਂ ਖਬਰਾਂ ਸੱਚ ਹਨ ਤੇ ਹੁੰਦੀਆਂ ਵੀ ਸੱਚ ਹੀ ਸਨ। ਪਰ ਹੁਣ ਵਧੀ ਹੋਈ ਟੈਕਨੌਲੋਜੀ ਨਾਲ ਨਵੇਂ ਤਰੀਕੇ ਵੀ ਆ ਗਏ ਹਨ। ਥੋੜ੍ਹੇ ਜਿਹੇ ਮਿਆਰੀ ਅਖਬਾਰਾਂ ਨੂੰ ਛੱਡ ਕੇ ਬਾਕੀ ਅਖਬਾਰਾਂ ਜਾਂ ਹੋਰ ਸੂਚਨਾ ਦੇ ਸਾਧਨ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਹਨ। ਉਹ ਆਪਣੀ ਮਰਜ਼ੀ ਦੀਆਂ ਸੂਚਨਾਵਾਂ, ਜਾਣਕਾਰੀਆਂ ਪੇਸ਼ ਕਰਦੇ ਹਨ। ਕਈ ਵਾਰ ਇਨ੍ਹਾਂ ਖਬਰਾਂ ਜਾਂ ਜਾਣਕਾਰੀਆਂ ਦਾ ਸੱਚ ਨਾਲ ਦੂਰ ਦਾ ਵੀ ਵਾਹ-ਵਾਸਤਾ ਨਹੀਂ ਹੁੰਦਾ।
ਵੱਖ ਵੱਖ ਚੈਨਲਾਂ ’ਤੇ ਭਵਿੱਖ ਦੱਸਣ ਬੈਠੇ ਜੋਤਿਸ਼ੀ ਤੁਹਾਡੇ ਭਵਿੱਖ ਸਣੇ ਸਾਰੀਆਂ ਸਮੱਸਿਆਵਾਂ ਦਾ ਹੱਲ ਦੱਸ ਕੇ ਆਪਣਾ ਗਿਆਨ ਘੋਟ ਰਹੇ ਹੁੰਦੇ ਹਨ। ਫੇਸਬੁੱਕ, ਯੂ-ਟਿਊਬ ਅਤੇ ਹੋਰ ਕਈ ਮਾਧਿਅਮ ਰਾਹੀਂ ਆਪੂੰ ਬਣੇ ਵੈਦ ਸਾਰੀਆਂ ਬਿਮਾਰੀਆਂ ਦੇ ਹੱਲ ਦੱਸ ਰਹੇ ਹੁੰਦੇ ਹਨ, ਜਿਨ੍ਹਾਂ ਦਾ ਫਾਇਦਾ ਘੱਟ ਅਤੇ ਨੁਕਸਾਨ ਵੱਧ ਹੁੰਦਾ ਹੈ। ਆਮ ਬੰਦਾ ਜਦੋਂ ਆਪਣੀ ਸਮੱਸਿਆ ਲਈ ਇਨ੍ਹਾਂ ਮਾਧਿਅਮਾਂ ਤੋਂ ਕੋਈ ਜਾਣਕਾਰੀ ਹਾਸਲ ਕਰਨ ਲਈ ਇਨ੍ਹਾਂ ਚੈਨਲਾਂ ਨੂੰ ਖੋਲ੍ਹਦਾ ਹੈ ਤਾਂ ਸੂਚਨਾਵਾਂ ਅਤੇ ਜਾਣਕਾਰੀਆਂ ਦੀ ਜਿਹੜੀ ਬੰਬਾਰੀ ਹੁੰਦੀ ਹੈ, ਉਸਦੀ ਮਾਰ ਹੇਠ ਆ ਕੇ ਮਨੁੱਖ ਹੋਰ ਪਰੇਸ਼ਾਨ ਹੋ ਜਾਂਦਾ ਹੈ। ਬਿਮਾਰੀ ਨੂੰ ਵਧਾ ਚੜ੍ਹਾ ਕੇ ਦੱਸਣ ਤੋਂ ਬਾਅਦ ਇਹ ਵੈਦ ਫਿਰ ਆਪਣੇ ਵੇਚੇ ਜਾਣ ਮਾਲ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹਨ। ਬਜ਼ਾਰ ਵਿੱਚੋਂ ਮਿਲਣ ਵਾਲੀ ਦਸ ਰੁਪਏ ਦੀ ਚੀਜ਼ ਨੂੰ ਇਹ ਆਪਣੀ ਮੋਹਰ ਲੱਗੇ ਡੱਬੇ ਵਿੱਚ ਬੰਦ ਕਰਕੇ ਹਜ਼ਾਰ ਰੁਪਏ ਦੀ ਵੇਚਦੇ ਹਨ। ਸਭ ਬਾਬੇ ਵਪਾਰੀ ਹਨ ਅਤੇ ਸੰਗਤਾਂ ਗਾਹਕ। ਜਿਸਦਾ ਦਾਅ ਚੱਲ ਰਿਹਾ ਹੈ ਚਲਾ ਰਿਹਾ ਹੈ। ਇਸ ਸਭ ਵਰਤਾਰੇ ਵਿੱਚ ਕੁਝ ਚੰਗੇ ਡਾਕਟਰ ਵੀ ਆਪਣਾ ਤਜਰਬਾ ਦੱਸਦੇ ਹਨ ਪਰ ਇਸ ਨਗਾਰਖਾਨੇ ਵਿੱਚ ਤੂਤੀ ਦੀ ਕੌਣ ਸੁਣਦਾ ਹੈ।
ਕੁਝ ਹੋਰ ਯੋਗੀ, ਬਾਬੇ ਸਾਹ ਲੈਣ ਅਤੇ ਸਾਹ ਛੱਡਣ ਦੇ ਨਵੇਂ ਤੋਂ ਨਵੇਂ ਤਰੀਕੇ ਦੱਸ ਰਹੇ ਹੁੰਦੇ ਹਨ। ਆਧੁਨਿਕ ਮਨੁੱਖ ਦੀ ਸਭ ਤੋਂ ਵੱਡੀ ਸਮੱਸਿਆ ਉਦਾਸੀ, ਨਿਰਾਸ਼ਾ, ਤਣਾਵ ਅਤੇ ਰਿਸ਼ਤਿਆਂ ਦੀ ਟੁੱਟ ਭੱਜ ਹੈ। ਇਸ ਵਿਸ਼ੇ ਉੱਪਰ ਬੇਅੰਤ ਜਾਣਕਾਰੀ ਬੰਬਾਰੀ ਕਰ ਰਹੀ ਹੈ। ਜਿਹੜੇ ਰਿਸ਼ਤੇਦਾਰ ਭੈਣ ਭਰਾ ਕਦੇ ਹਮਸਾਏ ਅਖਵਾਉਂਦੇ ਸਨ, ਉਹਨਾਂ ਨੂੰ ਦੁਸ਼ਮਣ ਘੋਸ਼ਿਤ ਕਰਨ ਉੱਪਰ ਪੂਰਾ ਜ਼ੋਰ ਲੱਗਾ ਹੋਇਆ ਹੈ। ਰਿਸ਼ਤੇ ਜੋੜਨ ਦੇ ਤਰੀਕੇ ਘੱਟ ਪਰ ਤੋੜਨ ਦੇ ਨੁਸਖੇ ਵੱਧ ਦੱਸੇ ਜਾ ਰਹੇ ਹਨ। ਪੌਡਕਾਸਟ ਇੱਕ ਨਵਾਂ ਟਰੈਂਡ ਚੱਲ ਪਿਆ ਹੈ। ਕਈ ਵਾਰ ਤਾਂ ਇਹ ਪਤਾ ਨਹੀਂ ਲਗਦਾ ਕਿ ਜਿਸ ਮਹਿਮਾਨ ਨੂੰ ਬੁਲਾਇਆ ਗਿਆ ਹੈ, ਉਸਦੀ ਸਮਾਜ ਨੂੰ ਕੀ ਦੇਣ ਹੈ? ਉਸਨੇ ਸਮਾਜ ਨੂੰ ਕਿਹੜੀ ਦਿਸ਼ਾ ਦਿਖਾਈ ਹੈ? ਬਲੌਗਰ ਇੱਕ ਅੱਡ ਪਾਰਟੀ ਹਨ, ਜੋ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਸੌਣ ਤਕ ਆਪਣੀ ਹਰ ਨਿੱਕੀ ਨਿੱਕੀ ਗੱਲ ਨੂੰ ਜਨਤਕ ਕਰ ਰਹੇ ਹੁੰਦੇ ਹਨ। ਇਨ੍ਹਾਂ ਵਿੱਚੋਂ ਅੱਧੇ ਲੜ-ਝਗੜ ਕੇ ਅਲੱਗ ਰਹਿ ਰਹੇ ਹੁੰਦੇ ਹਨ ਪਰ ਵੀਡੀਓ ਬਣਾਉਣ ਵੇਲੇ ਇਕੱਠੇ ਦਿਖਾਈ ਦੇ ਕੇ ਆਪਣਾ ਉਪਦੇਸ਼ ਝਾੜ ਰਹੇ ਹੁੰਦੇ ਹਨ। ਆਮ ਬੰਦੇ ਨੂੰ ਦੇਖ ਕੇ ਲਗਦਾ ਹੈ ਕਿ ਇਨ੍ਹਾਂ ਦੀ ਜ਼ਿੰਦਗੀ ਹੀ ਸਭ ਤੋਂ ਵਧੀਆ ਹੈ, ਅਸੀਂ ਤਾਂ ਸਭ ਤੋਂ ਦੁਖੀ ਬੈਠੇ ਹਾਂ।
ਮੁੱਕਦੀ ਗੱਲ, ਸੂਚਨਾਵਾਂ ਦੇ ਅਣਗਿਣਤ ਬੰਬ ਹਰ ਆਮ ਵਿਅਕਤੀ ਦੇ ਸਿਰ ’ਤੇ ਫੁੱਟ ਰਹੇ ਹਨ। ਗੰਭੀਰ ਰਾਜਨੀਤਿਕ ਅਤੇ ਆਰਥਿਕ ਮਸਲਿਆਂ ਉੱਪਰ ਗਲਤ ਬਿਰਤਾਂਤ ਉਸਾਰਿਆ ਜਾ ਰਿਹਾ ਹੈ।
ਜੇਕਰ ਕੋਈ ਚੈਨਲ ਬੇਬਾਕੀ ਨਾਲ ਆਪਣੀ ਰਾਏ ਰੱਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਚੈਨਲ ਨੂੰ ਜਾਂ ਤਾਂ ਖਰੀਦ ਲਿਆ ਜਾਂਦਾ ਹੈ ਜਾਂ ਬੰਦ ਕਰਵਾ ਦਿੱਤਾ ਜਾਂਦਾ ਹੈ। ਕੁਝ ਚੈਨਲਾਂ ਤੋਂ ਖਬਰਾਂ ਸੁਣਕੇ ਕਈ ਵਾਰ ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਹੁਣੇ ਹੀ ਸਾਡੇ ਦੇਸ਼ ਦੀ ਲੜਾਈ ਕਿਸੇ ਹੋਰ ਦੇਸ਼ ਨਾਲ ਲੱਗ ਜਾਣੀ ਹੈ ਤੇ ਬੱਸ ਦੁਨੀਆ ਨੇ ਖਤਮ ਹੋ ਜਾਣਾ ਹੈ। ਵਧਦੀ ਮਹਿੰਗਾਈ, ਮਹਿੰਗਾ ਇਲਾਜ, ਪਰਦੇਸੀ ਬੱਚੇ, ਮਾਪਿਆਂ ਦਾ ਇਕਲਾਪਾ, ਵਧੀ ਹੋਈ ਲੁੱਟ ਖੋਹ ਅਤੇ ਹੋਰ ਸੈਂਕੜੇ ਝਮੇਲਿਆਂ ਕਾਰਨ ਆਮ ਬੰਦਾ ਪਹਿਲਾਂ ਹੀ ਪਰੇਸ਼ਾਨ ਹੈ, ਉੱਪਰੋਂ ਸੂਚਨਾਵਾਂ ਦਾ ਇਹ ਤਲਿਸਮੀ ਸੰਸਾਰ ਸਭ ਮਸਲਿਆਂ ਨੂੰ ਘਟਾਉਣ ਲਈ ਨਹੀਂ ਸਗੋਂ ਵਧਾਉਣ ਲਈ ਵੱਧ ਯੋਗਦਾਨ ਪਾ ਰਿਹਾ ਹੈ।
ਪਹਿਲੇ ਸਮੇਂ ਵਿੱਚ ਜਾਣਕਾਰੀ ਵਧਾਉਣ ’ਤੇ ਜ਼ੋਰ ਦਿੱਤਾ ਜਾਂਦਾ ਸੀ ਪਰ ਅੱਜ ਜ਼ਰੂਰਤ ਹੈ ਕਿ ਬਿਨਾਂ ਕੰਮ ਦੀ ਚੀਜ਼ ਦੇਖਣ ਤੋਂ ਬਿਨਾਂ ਸੋਸ਼ਲ ਮੀਡੀਆ ਵੱਲ ਮੂੰਹ ਨਾ ਕੀਤਾ ਜਾਵੇ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਸੋਸ਼ਲ ਮੀਡੀਆ ਰਾਹੀਂ ਜੋ ਵੀ ਸਚਾਈ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਜਾਵੇ, ਉਹ ਤੱਥਾਂ ਉੱਪਰ ਆਧਾਰਿਤ ਹੋਵੇ ਨਾ ਕਿ ਦੂਸ਼ਣਬਾਜ਼ੀ ’ਤੇ। ਗੈਰ ਮਿਆਰੀ ਚੈਨਲਾਂ ’ਤੇ ਰੋਕ ਲੱਗਣੀ ਚਾਹੀਦੀ ਹੈ ਅਤੇ ਸਹੀ ਖਬਰ ਹੀ ਜਨਤਾ ਤਕ ਪਹੁੰਚਣੀ ਚਾਹੀਦੀ ਹੈ। ਖੋਜ ਸੰਸਥਾਵਾਂ, ਆਰਥਿਕ ਅਤੇ ਸਿਆਸੀ ਮਾਹਿਰਾਂ ਦੀ ਮਦਦ ਨਾਲ ਹੀ ਉਜਾਗਰ ਤੱਥਾਂ ਦੀ ਪੇਸ਼ਕਾਰੀ ਕੀਤੀ ਜਾਵੇ ਤਾਂ ਜੋ ਸਮਾਜ ਇਸ ਗੈਰ ਮਿਆਰੀ ਜਾਣਕਾਰੀਆਂ ਦੇ ਮੱਕੜਜਾਲ਼ ਤੋਂ ਮੁਕਤ ਹੋ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































