“ਅਖੀਰ ਇੱਕ ਦਿਨ ਉਹ ਸਵੇਰੇ ਨਾ ਉੱਠੀ। ਗਲੀ ਵਿੱਚ ਰੌਲਾ ਪੈ ਗਿਆ, ਜੀਤੋ ਮੁੱਕ ਗਈ ...”
(20 ਜੂਨ 2026)
ਸੁੱਕੀ ਪਤਲੀ ਜਿਹੀ, ਪੱਕੇ ਰੰਗ ਵਾਲੀ ਜੀਤੋ ਚਾਚੀ ਸਾਡੀ ਗਲੀ ਵਿੱਚ ਰਹਿੰਦੀ ਸੀ। ਬਰਾਦਰੀ ਵਿੱਚੋਂ ਉਹ ਮੇਰੇ ਪਿਤਾ ਜੀ ਦੀ ਚਾਚੀ ਲਗਦੀ ਸੀ। ਗਲੀ ਦੇ ਸਾਰੇ ਬੱਚੇ ਉਸ ਨੂੰ ਚਾਚੀ ਹੀ ਕਹਿੰਦੇ ਸਨ। ਮੇਰੇ ਨਾਲ ਉਸਦੀ ਬਹੁਤ ਬਣਦੀ ਸੀ। ਮੈਨੂੰ ਉਹ ਬੜੀ ਚੰਗੀ ਲਗਦੀ ਸੀ। ਉਹ ਗਲੀ ਦੇ ਸਾਰੇ ਬੱਚਿਆਂ ਨੂੰ ਬੜਾ ਪਿਆਰ ਕਰਦੀ ਸੀ। ਜੇ ਉਹ ਗੁਰਦੁਆਰੇ ਜਾਂਦੀ ਤਾਂ ਸਾਰੇ ਜਵਾਕਾਂ ਨੂੰ ਨਾਲ ਲੈ ਤੁਰਦੀ। ਮੈਨੂੰ ਯਾਦ ਹੈ ਇੱਕ ਵਾਰ ਉਹ ਸਾਨੂੰ ਸੱਤ ਅੱਠ ਜਵਾਕਾਂ ਨੂੰ ਲੈ ਕੇ ਸਰੋਵਰ ਵਾਲੇ ਗੁਰਦੁਆਰੇ ਗਈ ਤਾਂ ਗੁਰਦੁਆਰੇ ਦੇ ਵਿਹੜੇ ਵਿੱਚ ਮੰਜੇ ’ਤੇ ਬੈਠਾ ਅੜਬ ਜਿਹਾ ਬਜ਼ੁਰਗ ਬਾਬਾ ਪ੍ਰਸ਼ਾਦ ਦੇਣ ਲੱਗਿਆਂ ਪੁੱਛਣ ਲੱਗਾ, “ਇਹ ਸਾਰੇ ਜਵਾਕ ਤੇਰੇ ਨੇ?”
ਚਾਚੀ ਜੀਤੋ ਨੇ ਕਿਹਾ, “ਹਾਂ ਮੇਰੇ ਨੇ।” ਬਾਬੇ ਨੇ ਬੜੀ ਕੰਜੂਸੀ ਨਾਲ ਇੱਕ ਇੱਕ ਪਤਾਸਾ ਸਾਰੇ ਜਵਾਕਾਂ ਦੇ ਹੱਥ ’ਤੇ ਧਰ ਦਿੱਤਾ। ਘਰ ਵਾਪਸੀ ਤੇ ਚਾਚੀ ਜੀਤੋ ਨੇ ਗਲੀ ਵਿੱਚ ਬੈਠੀਆਂ ਸਾਰੀਆਂ ਬੁੜ੍ਹੀਆਂ ਨੂੰ ਇਹ ਗੱਲ ਦੱਸੀ। ਉਹ ਬੜੀਆਂ ਖੁਸ਼ ਹੋਈਆਂ।
ਸਾਰੀ ਗਲੀ ਵਿੱਚ ਚਾਚੀ ਜੀਤੋ ਦਾ ਵਿਹੜਾ ਬਹੁਤ ਵੱਡਾ ਸੀ। ਅਸੀਂ ਚਾਰ ਪੰਜ ਕੁੜੀਆਂ ਉਸਦੇ ਘਰ ਖੇਡਦੀਆਂ ਰਹਿੰਦੀਆਂ। ਕਦੀ ਕਦੀ ਉਹ ਸਾਨੂੰ ਕਹਿੰਦੀ, “ਅੱਜ ਤੁਸੀਂ ਗਿੱਧਾ ਪਾ ਲਓ।” ਉਹ ਚੌਂਕੇ ਵਿੱਚ ਬੈਠੀ ਸਾਨੂੰ ਬੋਲੀਆਂ ਯਾਦ ਕਰਾਉਂਦੀ ਤੇ ਨਾਲ ਨਾਲ ਕੰਮ ਧੰਦਾ ਕਰਦੀ ਫਿਰਦੀ। ਅਸੀਂ ਸਾਰੀਆਂ ਖੂਬ ਗਿੱਧਾ ਪਾਉਂਦੀਆਂ। ਉਸਦਾ ਘਰ ਕੱਚਾ ਸੀ। ਪਰ ਸਾਫ ਬੜਾ ਸੀ। ਉਹ ਕੰਧਾਂ ਲਿੱਪਦੀ, ਬਨੇਰੇ ਅਤੇ ਵਿਹੜੇ ਵਿੱਚ ਗੋਹਾ ਮਿੱਟੀ ਫੇਰਦੀ ਰਹਿੰਦੀ। ਅਸੀਂ ਖੇਡਦੇ ਖੇਡਦੇ ਉਸਦੇ ਚੌਂਕੇ ’ਤੇ ਪਏ ਘੜਿਆਂ ਵਿੱਚੋਂ ਪਾਣੀ ਪੀਂਦੇ, ਉਹ ਕਦੇ ਨਾ ਰੋਕਦੀ। ਸ਼ਾਮ ਨੂੰ ਜਦੋਂ ਕਦੀ ਦੂਜੇ ਬੱਚੇ ਕਿਸੇ ਹੋਰ ਕੰਮ ਵਿੱਚ ਰੁੱਝੇ ਹੁੰਦੇ ਤਾਂ ਉਹ ਮੈਨੂੰ ਲੈ ਗੁਰਦੁਆਰੇ ਚਲੀ ਜਾਂਦੀ। ਉੱਥੇ ਉਹ ਬੜੀ ਸੇਵਾ ਕਰਦੀ। ਭਾਂਡੇ ਮਾਂਜਦੀ, ਰੋੜੀ ਕੁੱਟਦੀ। ਮੇਰੀ ਉਸ ਨਾਲ ਬੜੀ ਸਾਂਝ ਸੀ। ਪਹਿਲਾਂ ਪਹਿਲ ਮੈਂ ਰੋਟੀ ਪਕਾਉਣੀ ਉਸਦੇ ਘਰ ਹੀ ਸਿੱਖੀ, ਉਸਦੇ ਚੌਂਕੇ ਵਿੱਚ ਬੈਠ ਕੇ। ਉਹ ਮੈਨੂੰ ਦੱਸਦੀ, ਮੇਰੇ ਦੋ ਭਰਾ ਨੇ। ਉਸਦਾ ਇੱਕ ਭਰਾ ਕਿਸੇ ਕਾਰਨ ਜੇਲ੍ਹ ਵਿੱਚ ਸੀ। ਜਦੋਂ ਉਸਦੀ ਚਿੱਠੀ ਆਉਂਦੀ ਤਾਂ ਸਾਂਭ ਸਾਂਭ ਰੱਖਦੀ। ਉਦੋਂ ਮੈਂ ਸ਼ਾਇਦ ਤੀਸਰੀ ਜਾਂ ਚੌਥੀ ਜਮਾਤ ਵਿੱਚ ਸੀ। ਸ਼ਾਮ ਨੂੰ ਜਦੋਂ ਚਾਚੀ ਦੇ ਘਰ ਖੇਡਣ ਜਾਂਦੀਆਂ, ਉਹ ਮੈਨੂੰ ਆਪਣੇ ਕੋਲ ਬੁਲਾ ਕੇ ਕਹਿੰਦੀ, ਜੈਲ ਦੀ ਚਿੱਠੀ ਆਈ ਹੈ, ਤੂੰ ਮੈਨੂੰ ਪੜ੍ਹ ਕੇ ਸੁਣਾ ਦੇ। ਜਦੋਂ ਮੈਂ ਅੱਖਰ ਜੋੜ ਜੋੜ ਪੜ੍ਹਦੀ ਤਾਂ ਉਹ ਕਹਿੰਦੀ, ਤੈਨੂੰ ਤਾਂ ਬਹੁਤ ਸੋਹਣਾ ਪੜ੍ਹਨਾ ਆਉਂਦਾ ਹੈ। ਤੂੰ ਮੇਰੀ ਬੀਬੀ ਧੀ ਹੈਂ।
ਕਦੀ ਕਦੀ ਚਾਚੀ ਜੀਤੋ ਦਾ ਬਾਪ, ਜਿਸ ਨੂੰ ਉਹ ਭਾਈਆ ਕਹਿੰਦੀ ਹੁੰਦੀ ਸੀ, ਉਸ ਨੂੰ ਮਿਲਣ ਆਉਂਦਾ। ਕੁੱਬ ਵਾਲਾ ਉਹ ਬਜ਼ੁਰਗ ਜਦੋਂ ਵੀ ਆਉਂਦਾ ਤਾਂ ਚੌਲ਼, ਗੁੜ ਤੇ ਹੋਰ ਕਈ ਨਿਕ ਸੁਕ ਉਸਨੇ ਝੋਲੇ ਵਿੱਚ ਪਾਇਆ ਹੁੰਦਾ। ਉਹ ਬੜਾ ਚਾਅ ਕਰਦੀ। ਕਦੀ ਕਦੀ ਚਾਚੀ ਦੀ ਲੰਮੀ ਇਕਹਿਰੇ ਸਰੀਰ ਵਾਲੀ ਮਾਂ ਵੀ ਆਉਂਦੀ। ਉਸਦਾ ਇੱਕ ਕੱਚਾ ਕੋਠਾ ਸੀਨ ਜਿਸ ਵਿੱਚ ਦੋ ਮੰਜੇ ਡੱਠੇ ਹੁੰਦੇ ਸਨ। ਪਿੱਛੇ ਸੰਦੂਕ ਅਤੇ ਕੱਚੀ ਮਿੱਟੀ ਦੇ ਵਾਧਰੇ ’ਤੇ ਪਿੱਤਲ ਦੇ ਭਾਂਡੇ ਚਿਣੇ ਹੁੰਦੇ ਸਨ। ਇੱਕ ਨੁੱਕਰ ਵਿੱਚ ਕਣਕ ਦੀਆਂ ਬੋਰੀਆਂ ਹੇਠਾਂ ਉੱਤੇ ਪਈਆਂ ਹੁੰਦੀਆਂ। ਪਿਛਲੇ ਪਾਸੇ ਡੰਗਰਾਂ ਵਾਲਾ ਅਤੇ ਤੂੜੀ ਵਾਲਾ ਇੱਕ ਕੋਠਾ, ਇੱਕ ਨਿੱਕੀ ਸਬਾਤ ਤੇ ਚੌਂਕਾ ਸੀ। ਇਹੋ ਉਸਦੀ ਕੁੱਲ ਜਾਇਦਾਦ ਸੀ। ਉਸਦੇ ਘਰ ਨਲਕਾ ਨਹੀਂ ਸੀ, ਪੀਣ ਵਾਲਾ ਪਾਣੀ ਉਹ ਆਂਢ-ਗੁਆਂਢ ਦੇ ਘਰੋਂ ਲਿਆਉਂਦੀ ਹੁੰਦੀ ਸੀ।
ਜਦੋਂ ਮੈਂ ਥੋੜ੍ਹੀ ਵੱਡੀ ਹੋਈ ਤਾਂ ਮੈਨੂੰ ਪਤਾ ਲੱਗਿਆ ਚਾਚੀ ਜੀਤੋ ਦਾ ਇਹ ਦੂਸਰਾ ਵਿਆਹ ਸੀ। ਉਸਦੇ ਬਾਪ ਨੇ ਜਦੋਂ ਉਸਨੂੰ ਇੱਥੇ ਵਿਆਹਿਆ ਤਾਂ ਸ਼ਰਤ ਰੱਖੀ ਸੀ ਕਿ ਪਹਿਲਾਂ ਉਸਦੇ ਨਾਂ ਇੱਕ ਕਿੱਲਾ ਜ਼ਮੀਨ ਦਾ ਲਵਾਇਆ ਜਾਵੇ। ਜੋ ਉਸਦੇ ਪਤੀ ਨੇ ਮੰਨ ਲਿਆ ਤੇ ਹੁਣ ਤਿੰਨ ਕਿੱਲੇ ਜ਼ਮੀਨ ਵਿੱਚੋਂ ਇੱਕ ਕਿੱਲਾ ਚਾਚੀ ਜੀਤੋ ਦੇ ਨਾਂ ਸੀ। ਸ਼ਾਇਦ ਬੁੱਢੇ ਬਾਪ ਨੂੰ ਲੱਗਿਆ ਹੋਵੇਗਾ ਕਿ ਮੇਰੀ ਧੀ ਸੁਖੀ ਵਸੇਗੀ ਜ਼ਮੀਨ ਉਸਦੇ ਨਾਮ ’ਤੇ ਹੋਣ ਕਾਰਨ ਕੋਈ ਉਸ ਨੂੰ ਘਰੋਂ ਨਹੀਂ ਕੱਢ ਸਕੇਗਾ। ਹੁਣ ਆਪਣੀ ਜ਼ਿੰਦਗੀ ਪੱਕੇ ਪੈਰੀਂ ਗੁਜ਼ਾਰ ਲਵੇਗੀ। ਪਰ ਕਈ ਵਾਰ ਕੁਝ ਧੀਆਂ ਦੀਆਂ ਕਿਸਮਤਾਂ ਕਦੀ ਨਹੀਂ ਬਦਲਦੀਆਂ। ਉਸਦਾ ਹੁਣ ਵਾਲਾ ਪਤੀ ਵੀ ਰੱਜ ਕੇ ਸ਼ਰਾਬੀ ਸੀ। ਉਹ ਕੋਈ ਕੰਮ ਨਹੀਂ ਕਰਦਾ ਸੀ। ਜਦੋਂ ਕਿਧਰੇ ਕਦੀ ਕਦਾਈਂ ਆਪਣੇ ਪੇਕੇ ਜਾਂਦੀ ਤਾਂ ਕਣਕ ਵਾਲੀਆਂ ਬੋਰੀਆਂ ਵਿੱਚੋਂ ਕਣਕ ਘਟ ਜਾਂਦੀ ਤੇ ਕਈ ਵਾਰ ਤਾਂ ਪੂਰੀ ਬੋਰੀ ਹੀ ਘਟ ਜਾਂਦੀ। ਸ਼ਰਾਬੀ ਆਪਣੀ ਸ਼ਰਾਬ ਦੀ ਪੂਰਤੀ ਲਈ ਕਣਕ ਵੇਚ ਦਿੰਦਾ।
ਹੁਣ ਚਾਚੀ ਜੀਤੋ ਆਪਣੇ ਪੇਕੇ ਬਹੁਤ ਘੱਟ ਜਾਂਦੀ। ਇੱਕ ਵਾਰ ਜਦੋਂ ਉਹ ਇੱਕ ਦਿਨ ਬਾਅਦ ਆਪਣੇ ਪੇਕਿਓਂ ਵਾਪਸ ਮੁੜੀ ਤਾਂ ਸ਼ਰਾਬੀ ਪਤੀ ਨੇ ਸਾਰੀ ਕਣਕ ਵੇਚ ਦਿੱਤੀ। ਉਸਦੇ ਗੁੱਸਾ ਕਰਨ ’ਤੇ ਉਸਨੂੰ ਮਾਰਿਆ ਕੁੱਟਿਆ ਵੀ। ਉਸਨੇ ਆਪਣੇ ਪਿੰਡੇ ਦੇ ਨੀਲ ਮੈਨੂੰ ਦਿਖਾਏ। ਮੈਨੂੰ ਬਹੁਤ ਦੁੱਖ ਹੋਇਆ। ਉਸ ਵਿਚਾਰੀ ਦਾ ਆਪਣਾ ਕੋਈ ਬੱਚਾ ਨਾ ਹੋਇਆ। ਪਰ ਉਸਨੇ ਆਪਣੇ ਪਤੀ ਦੇ ਪਹਿਲੇ ਪੁੱਤਰ ਨੂੰ ਬਹੁਤ ਪਿਆਰ ਨਾਲ ਪਾਲਿਆ। ਉਹ ਇਕਲੌਤਾ ਪੁੱਤਰ ਉਸਦੀਆਂ ਅੱਖਾਂ ਦਾ ਤਾਰਾ ਸੀ। ਗਲੀ ਵਿਚਲੀਆਂ ਔਰਤਾਂ ਜਦੋਂ ਉਸਦੇ ਸੁੱਕੇ ਜਿਹੇ ਸਰੀਰ ਅਤੇ ਪੱਕੇ ਰੰਗ ’ਤੇ ਹੱਸਦੀਆਂ ਤਾਂ ਮੈਨੂੰ ਬਹੁਤ ਬੁਰਾ ਲਗਦਾ। ਉਹ ਦੱਸਦੀ, ਮੇਰੀ ਨਿੱਕੀ ਭਰਜਾਈ ਬਹੁਤ ਤਿੱਖੀ ਆ। ਇੱਕ ਵਾਰ ਜਦੋਂ ਉਹ ਆਪਣੇ ਪੇਕੇ ਗਈ ਆਪਣੇ ਮਾਂ ਪਿਓ ਨੂੰ ਸ਼ਰਾਬੀ ਪਤੀ ਦੀਆਂ ਕਰਤੂਤਾਂ ਦੱਸ ਰਹੀ ਸੀ ਤਾਂ ਉਸਦੀ ਭਰਜਾਈ ਕਹਿਣ ਲੱਗੀ, ਤੈਨੂੰ ਤਾਂ ਕਿਤੇ ਵੀ ਵਸਣਾ ਨਾ ਆਇਆ। ਇਹ ਗੱਲ ਉਸਦਾ ਕਲੇਜਾ ਚੀਰ ਗਈ। ਪੇਕੇ ਹੁਣ ਉਹ ਘੱਟ ਵੱਧ ਹੀ ਜਾਂਦੀ। ਜਦੋਂ ਚਾਚੀ ਨੇ ਮੈਨੂੰ ਇਹ ਗੱਲ ਦੱਸੀ ਤਾਂ ਮੈਂ ਪੁੱਛਿਆ, ਇਹ ਵਸਣਾ ਕੀ ਹੁੰਦਾ? ਕਿਵੇਂ ਵਸਿਆ ਜਾ ਸਕਦਾ? ਚਾਚੀ ਤੂੰ ਤਾਂ ਸਭ ਕੋਸ਼ਿਸ਼ਾਂ ਕਰ ਲਈਆਂ। ਉਹ ਦੱਸਦੀ, ਜੇ ਧਾਕੜ ਤੇ ਸਮਝਦਾਰ ਮਰਦ ਦਾ ਸਾਥ ਹੋਵੇ ਤਾਂ ਔਰਤ ਕਿਤੇ ਵੀ ਵਸ ਸਕਦੀ ਹੈ। ਫਿਰ ਗਰੀਬੀ ਅਮੀਰੀ ਕੋਈ ਚੀਜ਼ ਨਹੀਂ ਹੁੰਦੀ। ਹਕੀਕਤਾਂ ਤੋਂ ਅੱਖਾਂ ਮੀਟਣ ਵਾਲੇ ਬੌਣੇ ਮਰਦ ਕਿਸੇ ਦੇ ਸਾਥੀ ਨਹੀਂ ਹੁੰਦੇ। ਤੇ ਸਮਾਜ ਅਜਿਹੇ ਮਰਦਾਂ ਦੀਆਂ ਔਰਤਾਂ ਨੂੰ ਵਸਣ ਨਾ ਵਸਣ ਦੇ ਮਿਹਣੇ ਦਿੰਦਾ ਹੈ, ਉਹਨਾਂ ਨੂੰ ਕੋਂਹਦਾ, ਪੱਛਦਾ ਰਹਿੰਦਾ ਹੈ।
ਫਿਰ ਇੱਕ ਦਿਨ ਚਾਚੀ ਦੇ ਪੇਕਿਓਂ ਸੁਨੇਹਾ ਆਇਆ, ਕਿ ਉਸਦਾ ਬਜ਼ੁਰਗ ਪਿਤਾ ਮਰ ਗਿਆ ਹੈ। ਗਲੀ ਗਵਾਂਢ ਦੀਆਂ ਔਰਤਾਂ ਉਸ ਕੋਲ ਅਫਸੋਸ ਕਰਨ ਆਈਆਂ। ਬੜੇ ਦਿਨ ਉਹ ਰੋਂਦੀ ਰਹੀ। ਮੇਰੇ ਨਾਲ ਵੀ ਉਸ ਬਹੁਤੀ ਗੱਲ ਨਾ ਕੀਤੀ। ਅਸੀਂ ਕੁੜੀਆਂ ਸ਼ਾਮ ਨੂੰ ਉਹਦੇ ਕਰਕੇ ਖੇਡਣ ਜਾਂਦੀਆਂ ਤਾਂ ਉਹ ਚੁੱਪ ਚਾਪ ਅੱਥਰੂ ਪੂੰਝਦੀ ਕੰਮਕਾਰ ਕਰਦੀ ਫਿਰਦੀ। ਉਸਦਾ ਸ਼ਰਾਬੀ ਪਤੀ ਇੱਕ ਮੱਝ ਦੇ ਪੱਠੇ ਲਿਆਕੇ ਸਾਰਾ ਦਿਨ ਖੇਸ ਲੈ ਕੇ ਉਸ ਕੱਚੇ ਕਮਰੇ ਵਿੱਚ ਪਿਆ ਰਹਿੰਦਾ। ਉਹ ਵੀ ਹੁਣ ਬਿਮਾਰ ਰਹਿਣ ਲੱਗ ਪਈ। ਜਦੋਂ ਮੈਂ ਉਸ ਨੂੰ ਪੁੱਛਦੀ ਤਾਂ ਉਹ ਕਹਿੰਦੀ, ਮੈਨੂੰ ਤਾਪ ਚੜ੍ਹ ਗਿਆ ਸੀ।
ਅਖੀਰ ਇੱਕ ਦਿਨ ਉਹ ਸਵੇਰੇ ਨਾ ਉੱਠੀ। ਗਲੀ ਵਿੱਚ ਰੌਲਾ ਪੈ ਗਿਆ, ਜੀਤੋ ਮੁੱਕ ਗਈ ਹੈ। ਮੈਂ ਭੱਜ ਕੇ ਜਾ ਕੇ ਦੇਖਿਆ। ਕੱਚੇ ਕੋਠੇ ਵਿੱਚ ਔਰਤਾਂ ਦਾ ਝੁਰਮਟ ਸੀ। ਉਸਦਾ ਚਿੱਟਾ ਕਢਾਈ ਵਾਲਾ ਸ਼ਾਲ, ਜੋ ਉਸਨੇ ਆਉਣ ਜਾਣ ਲਈ ਰੱਖਿਆ ਹੁੰਦਾ ਸੀ, ਉਸਦੇ ਸਿਰ੍ਹਾਣੇ ਕੋਲ ਤਹਿ ਲੱਗਾ ਪਿਆ ਸੀ। ਸਿਆਣੀਆਂ ਔਰਤਾਂ ਨੇ ਬੱਚਿਆਂ ਨੂੰ ਉੱਥੋਂ ਜਾਣ ਲਈ ਕਹਿ ਦਿੱਤਾ। ਸ਼ਾਮ ਚਾਰ ਕੁ ਵਜੇ ਉਸਨੂੰ ਸਸਕਾਰ ਲਈ ਲੈ ਗਏ। ਇੱਕ ਅਣਗੌਲੀ ਔਰਤ, ਜੋ ਕਿਤੇ ਨਾ ਵੱਸ ਸਕੀ, ਅਖੀਰ ਇਸ ਦੁਨੀਆਂ ਤੋਂ ਵਿਦਾ ਹੋ ਗਈ।
ਇਸ ਘਟਨਾ ਨੂੰ ਹੁਣ ਲੰਮਾ ਅਰਸਾ ਬੀਤ ਚੁੱਕਿਆ ਹੈ ਪਰ ਹੁਣ ਵੀ ਮੈਨੂੰ ਕਦੇ ਕਦੇ ਚਾਚੀ ਜੀਤੋ ਦਾ ਸੁਪਨਾ ਆਉਂਦਾ ਹੈ, ਜਿਸ ਵਿੱਚ ਮੈਂ ਹਮੇਸ਼ਾ ਉਸ ਨੂੰ ਪੁੱਛਦੀ ਹਾਂ, “ਚਾਚੀ ਤੂੰ ਕਿੱਥੇ ਚਲੀ ਗਈ ਸੀ? ਕਿੰਨਾ ਚਿਰ ਹੋ ਗਿਆ ਤੂੰ ਵਾਪਸ ਹੀ ਨਹੀਂ ਆਈ।” ਕਿਸੇ ਵੀ ਸੁਪਨੇ ਵਿੱਚ ਉਹ ਮੇਰੀ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੀ। ਚੁੱਪ ਚਾਪ ਕੰਮ ਕਰਦੀ ਫਿਰਦੀ ਨਜ਼ਰ ਆਉਂਦੀ ਹੈ। ਫਿਰ ਸੁਪਨਾ ਭੁੱਲ ਜਾਂਦਾ ਹੈ। ਮੈਂ ਜਦੋਂ ਵੀ ਉਹਦੇ ਬਾਰੇ ਸੋਚਦੀ ਹਾਂ ਤਾਂ ਮੈਨੂੰ ਲਗਦਾ ਹੈ ਪੈਲੀ ਦਾ ਕਿੱਲਾ ਵੀ ਕਾਗਜ਼ਾਂ ਵਿੱਚ ਹੀ ਰਹਿ ਗਿਆ। ਉਹ ਵੀ ਉਸਦੇ ਵਸੇਬੇ ਵਿੱਚ ਸਹਾਈ ਨਹੀਂ ਹੋ ਸਕਿਆ। ਪਤਾ ਨਹੀਂ ਕਿੰਨੀਆਂ ਕੁ ਔਰਤਾਂ ਹੋਣਗੀਆਂ ਜਿਨ੍ਹਾਂ ਦਾ ਸਹਾਰਾ ਮੁੱਢ ਤੋਂ ਅਖੀਰ ਤਕ ਮਾਪੇ ਹੀ ਰਹਿੰਦੇ ਹਨ। ਅਖੀਰ ਮਾਪੇ ਮੁੱਕਣ ਨਾਲ ਇਨ੍ਹਾਂ ਦੀ ਦੁਨੀਆ ਵੀ ਮੁੱਕ ਜਾਂਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































