“ਤਾਨਾਸ਼ਾਹ ਆਪਣੀ ਰਾਜਸੀ ਸੱਤਾ ਕਾਇਮ ਰੱਖਣ ਅਤੇ ਸੁਖ-ਸੁਵਿਧਾਵਾਂ ਭੋਗਣ ਲਈ ...”
(8 ਨਵੰਬਰ 2026)
“Dictators are not born; they evolve and eventually dissipate too.”
ਸੰਸਾਰ ਭਰ ਦੇ ਲੋਕਾਂ ਨੇ ਅਕਤੂਬਰ 20, 2011 ਦੀ ਸਿਖਰ ਦੁਪਹਿਰ ਨੂੰ ਲੀਬੀਆ ਦੇ 41 ਸਾਲਾ ਤੋਂ ਰਾਜ ਸੱਤਾ ’ਤੇ ਕਾਬਜ਼ ਰਹੇ ਤਾਨਾਸ਼ਾਹ ਮੁਆਮਾਰ-ਅਲ-ਗੱਦਾਫ਼ੀ ਨੂੰ ਸੜਕਾਂ ’ਤੇ ਦੌੜਦਿਆਂ ਦੇਖਿਆ। ਭੀੜ ਨਾਲ ਲੁਕਣ-ਮੀਟੀ ਖੇਡਦੇ, ਗਲੀਆਂ-ਸੜਕਾਂ ’ਤੇ ਜਾਨ ਦੀ ਭੀਖ ਮੰਗਦੇ ਗੱਦਾਫ਼ੀ ਨੂੰ ਲੋਕਾਂ ਨੇ ਬੇਰਹਿਮੀ ਨਾਲ ਮਾਰ ਕੇ ਦਹਾਕਿਆਂ ਦਾ ਭਰਿਆ ਆਪਣਾ ਗੁੱਸਾ ਸ਼ਾਂਤ ਕੀਤਾ। ਇਹ ਸਮਾਂ ‘ਅਰਬ ਸਪ੍ਰਿੰਗ’ ਜਾਂ ਅਰਬ ਕ੍ਰਾਂਤੀ ਦਾ ਸੀ। ਉਸਦੇ ਇਸ ਅੰਜਾਮ ਦਾ ਕਾਰਨ ਚਾਹੇ ਅਮਰੀਕਾ ਅਤੇ ਯੂਰੋਪੀਅਨ ਸੰਘ ਦੀਆਂ ਆਰਥਿਕ ਨਫੇ-ਨੁਕਸਾਨ ਦੀ ਸਿਆਸਤ ਹੋਵੇ, ਪਰ 41 ਸਾਲਾਂ ਤੋਂ ਲੋਕਾਂ ਉੱਤੇ ਤਾਨਾਸ਼ਾਹੀ ਚਲਾ ਰਹੇ ਇੱਕ ਜ਼ਾਲਿਮ ਸ਼ਾਸਕ ਦਾ ਦਰਦਨਾਕ ਅੰਤ ਹੋਇਆ।
ਇਰਾਕ ਦਾ ਤਾਨਾਸ਼ਾਹ ਸੱਦਾਮ ਹੁਸੈਨ ਵੀ ਅਮਰੀਕੀ ਸਨਕ ’ਤੇ ਸਵਾਰ ਹੋ ਕੇ ਤਾਨਾਸ਼ਾਹ ਬਣਿਆ ਸੀ। ਉਸਨੇ ਵੀ ਬੇਪਨਾਹ ਪਾਪ ਕੀਤੇ ਅਤੇ ਫਿਰ ਆਪਣੇ ਹੀ ਹਮਦਰਦਾਂ ਲਈ ਸਿਰਦਰਦ ਬਣ ਗਿਆ। ਆਪਣੇ ਗੁਆਂਢੀ ਮੁਲਕ ਇਰਾਨ ਨਾਲ ਅੱਠ ਸਾਲ ਤਕ ਜੰਗ ਲੜਦਾ ਰਿਹਾ। ਇਸ ਜੰਗ ਵਿੱਚ ਇਰਾਕ ਨੇ ਰੱਜ ਕੇ ਰਸਾਇਣਕ ਹਥਿਆਰਾਂ ਦਾ ਪ੍ਰਯੋਗ ਕੀਤਾ। ਸੱਦਾਮ ਹੁਸੈਨ ਨੇ ਤੇਲ ਦੇ ਖੂਹਾਂ ਨੂੰ ਅੱਗ ਦੇ ਹਵਾਲੇ ਕਰ ਕੇ ਧਰਤੀ ’ਤੇ ਪ੍ਰਦੂਸ਼ਣ ਫੈਲਾਇਆ। ਨਤੀਜਤਨ ਧਰਤੀ ਦਾ ਤਾਪਮਾਨ ਹੋਰ ਜ਼ਿਆਦਾ ਵਧਿਆ ਅਤੇ ਦੁਨੀਆ ਭਰ ਵਿੱਚ ਕਾਲੀ ਬਰਫਬਾਰੀ ਹੋਈ। ਆਖਿਰਕਾਰ ਉਸਦੇ ਆਪਣੇ ਹੀ ਆਕਾਵਾਂ ਨੇ ਉਸਨੂੰ ਸੂਲੀ ’ਤੇ ਟੰਗ ਦਿੱਤਾ। ਇਸਨੇ ਵੀ ਫੜੇ ਜਾਣ ਤੋਂ ਪਹਿਲਾਂ ਲੁਕਾ-ਛਿੱਪੀ ਦੀ ਖੇਡ ਅਮਰੀਕੀਆਂ ਨਾਲ ਖੇਡੀ। ਸੱਦਾਮ ਹੁਸੈਨ ਦੀ ਅਮਰੀਕਣਾਂ ਨੇ ਮਹੀਨਿਆਂਬੱਧੀ ਅਦਾਲਤੀ ਕਾਰਵਾਈਆਂ ਕਰ ਕੇ ਰੱਜ ਕੇ ਬੇਇੱਜ਼ਤੀ ਕੀਤੀ। ਅਮਰੀਕੀ ਫੌਜਾਂ ਨੇ ਨਾਟੋ ਮੁਲਕਾਂ ਦੀਆਂ ਸ਼ੈਲਫਾਂ ’ਤੇ ਧਰੇ ਗੋਲਾ-ਬਰੂਦ ਜੋ ਕਿ ਪਏ-ਪਏ ਆਪਣੀ ਉਮਰ ਵਿਹਾ ਚੁੱਕੇ ਸਨ, ਦੀ ਰੱਜ ਕੇ ਵਰਤੋਂ ਕੀਤੀ ਤੇ ਇਸਦੇ ਖਰਚੇ ਅਰਬ ਮੁਲਕਾਂ ਦੇ ਮੱਥੇ ਮੜ੍ਹ ਦਿੱਤੇ।
ਜੋਸੇਫ ਸਟਾਲਿਨ ਇੱਕ ਨਾਮੀ ਤਾਨਾਸ਼ਾਹ ਸੀ, ਜੋ 31 ਸਾਲਾਂ ਤਕ ਸਿੰਘਾਸਨ ’ਤੇ ਬੈਠ ਕੇ ਜੱਲਾਦਪੁਣਾ ਵਰਤਾਉਂਦਾ ਰਿਹਾ। ਲੀਓਨ ਤ੍ਰਾਤਸਕੀ ਨਾਮ ਦੇ ਵਿਰੋਧੀ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਤੇ ਫਿਰ ਵਿਦੇਸ਼ ਵਿੱਚ, ਮੈਕਸੀਕੋ ਦੀ ਧਰਤੀ ਤੇ ਮਰਵਾ ਦਿੱਤਾ। ਸਟਾਲਿਨ, ਹਿਟਲਰ ਅਤੇ ਮੁਸੋਲਿਨੀ ਵਾਂਗ ਅਚਾਨਕ ਆਈ ਮੌਤੇ ਨਹੀਂ ਮਰਿਆ ਬਲਕਿ ਆਪਣੇ ਸ਼ਾਨਦਾਰ ਸਰਕਾਰੀ ਮਹਿਲਾਂ ਵਿੱਚ ਇਕੱਲਪੁਣੇ ਅਤੇ ਬੇਵਿਸਾਹੀਆਂ ਦੇ ਮਾਹੌਲ ਵਿੱਚ ਮਰਿਆ।
ਇਟਲੀ ਦੇ ਤਾਨਾਸ਼ਾਹ ਬੈਨੀਟੋ ਮੂਸੋਲੀਨੀ ਨੂੰ ਦੂਜੀ ਆਲਮੀ ਜੰਗ ਤੋਂ ਬਾਅਦ ਸ਼ਰੇਆਮ ਗੋਲੀਆਂ ਮਾਰ ਕੇ ਪੁੱਠਾ ਟੰਗ ਦਿੱਤਾ ਗਿਆ ਅਤੇ ਹਿਟਲਰ ਨੇ ਲਾਲ ਸੈਨਾਵਾਂ ਦੇ ਆਉਣ ਦੇ ਕਾਰਨ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਆਪਣੀ ਲੋਥ ਨੂੰ ਬਾਕੀ ਦੀ ਲੋਥਾਂ ਵਿੱਚ ਰਲਾਉਣ ਦੀ ਅਜਾਈਂ ਕੋਸ਼ਿਸ਼ ਵੀ ਕੀਤੀ। ਫਰਾਂਸ ਦੇ ਲੂਈਸ-ਸੋਲ੍ਹਵਾਂ ਸਾਲ 1793 ਅਤੇ ਰੂਸ ਦਾ ਜ਼ਾਰ ਨਿਕੋਲਸ-ਦੂਸਰਾ ਸਾਲ 1918 ਵਿੱਚ ਭੀੜ ਹੱਥੋਂ ਮਾਰੇ ਗਏ। ਵੱਡੇ ਮੁਲਕਾਂ ਦੇ ਤਾਨਾਸ਼ਾਹ ਮਰਨ ਤੋਂ ਬਾਅਦ ਮੂਧੇ ਮੂੰਹ ਡਿਗਦੇ ਹਨ। ਸਟਾਲਿਨ ਦੀ ਮੌਤ ਤੋਂ ਬਾਅਦ ਉਸਦੇ ਬੁੱਤ ਤੋੜੇ ਗਏ। ਉਸਦੀ ਪ੍ਰਸ਼ੰਸਾ ਕਰਦੇ ਸਾਹਿਤ ਦੀ ਸ਼ਰੇਆਮ ਚਿਤਾ ਜਲਾਈ ਗਈ। ਸਟਾਲਿਨ ਨੂੰ ਮੁਲਕ ਭਰ ਵਿੱਚ ਨਿਖੇਧਿਆ ਗਿਆ। ਲੈਨਿਨ ਦੇ ਬੁੱਤ ਵੀ ਸੋਵੀਅਤ ਯੂਨੀਅਨ ਦੇ ਟੁੱਟਣ ਦੇ ਬਾਅਦ ਰੁਲੇ।
ਕੋਲੰਬੀਆ ਦਾ ਪੋਲਪੋਟ ਕੁਦਰਤੀ ਮੌਤ ਮਰਿਆ ਪਰ ਜਿਊਂਦਿਆਂ ਜੀ ਆਪਣੀ ਪੱਕੀ ਉਮਰ ਵਿੱਚ ਰੁਲਿਆ। ਇਹ ਕੰਮਬਖਤ ਕਈ ਵਾਰ ਮੂਧੇ ਮੂੰਹ ਡਿੱਗਿਆ; ਫਿਰ ਖੜ੍ਹਾ ਹੋਇਆ, ਤੇ ਫਿਰ ਮੂਧੇ ਮੂੰਹ ਡਿਗਿਆ। ਅਜਿਹੇ ਕਾਰੇ ਅਸੀਂ ਇਤਿਹਾਸ ਵਿੱਚ ਕਈ ਵਾਰ ਦੇਖ ਚੁੱਕੇ ਹਾਂ। ਕਿੰਮ-2-ਸੰਗ ਜੋ ਕਿ ਉੱਤਰੀ ਕੋਰੀਆ ਦੇ ਅਜੋਕੇ ਰਾਸ਼ਟਰਪਤੀ ਕਿੰਮ ਜ਼ੌਂਗ ਉੱਨ ਦਾ ਪੜਦਾਦਾ ਸੀ ਨੇ 28 ਵਰ੍ਹੇ ਰਾਜ ਕੀਤਾ ਅਤੇ ਰੱਜ ਕੇ ਮਨਮਰਜ਼ੀਆਂ ਕੀਤੀਆਂ, ਜਿਨ੍ਹਾਂ ਦਾ ਖਾਮਿਆਜ਼ਾ ਅੱਜ ਵੀ ਇੱਥੋਂ ਦੀ ਢਾਈ ਕਰੋੜ ਅਬਾਦੀ ਭੁਗਤ ਰਹੀ ਹੈ।
ਤਾਰੀਖ ਇਸ ਗੱਲ ਦੀ ਗਵਾਹ ਹੈ ਕਿ ਨਿੱਕੇ ਮੁਲਕਾਂ ਦੇ ਤਾਨਾਸ਼ਾਹ 15 ਤੋਂ 20 ਸਾਲਾਂ ਦੇ ਅੰਤਰਾਲ ਵਿੱਚ ਮੂਧੇ ਮੂੰਹ ਡਿਗਦੇ ਹਨ, ਤੇ ਵੱਡੇ ਮੁਲਕਾਂ ਦੇ ਤਾਨਾਸ਼ਾਹ 20 ਤੋਂ 25 ਸਾਲਾਂ ਦੇ ਅਰਸੇ ਬਾਅਦ ਫਨਾਹ ਹੋ ਜਾਂਦੇ ਹਨ। ਲੈਟਿਨ ਅਮਰੀਕੀ ਮੁਲਕ ਵਿਚਲੇ ਚਿਲੀ ਦਾ ਫੌਜੀ ਹੁਕਮਰਾਨ ਆਗਸਟੋ ਪਿਨੋਸ਼ੇ 17 ਸਾਲਾਂ ਤਕ ਰੱਜ ਕੇ ਕੁਫਰ ਤੋਲਦਾ ਰਿਹਾ। ਇਹ ਅਮਰੀਕਾ ਦੇ ਗ੍ਰਹਿ ਮੰਤਰੀ ਜਾਂ ਰਾਜਸੀ ਸਕੱਤਰ ਕਹਿ ਲਵੋ, ਹੈਨਰੀ ਕਿਸਿੰਗਰ ਦੀਆਂ ਸਕੀਮਾਂ ਸਦਕਾ ਸਾਲ 1973 ਵਿੱਚ ਗੱਦੀ ’ਤੇ ਬੈਠਾ ਅਤੇ ਸਾਲ 1990 ਵਿੱਚ ਰੇਗਨ ਅਤੇ ਬੁਸ਼ ਸੀਨੀਅਰ ਦੀਆਂ ਮਰਜ਼ੀਆਂ ਨਾਲ ਉੱਤਰਿਆ। ਇਹ ਤਾਨਾਸ਼ਾਹ ਸਾਲ 2006 ਤਕ ਜੇਲ੍ਹਾਂ ਅਤੇ ਨਜ਼ਰਬੰਦੀਆਂ ਹੇਠ ਵਿਚਰਦਾ ਰਿਹਾ। ਜ਼ਿੱਲਤ ਦੀ ਮੌਤ ਮਰਿਆ।
ਗਰੀਬ ਮੁਲਕ ਦੇ ਤਾਨਾਸ਼ਾਹ ਹਮੇਸ਼ਾ ਜਲਦੀ ਡਿਗਦੇ ਹਨ। ਜੇ ਇੰਝ ਨਾ ਹੁੰਦਾ ਤਾਂ ਸਾਊਦੀ ਅਰਬ ਦਾ ਮੁਹੰਮਦ ਬਿਨ ਸਲਮਾਨ ਵੀ ਡਿਗਦਾ ਅਤੇ ਕਤਰ ਦਾ ਸ਼ੇਖ ਹਮਾਦ ਅਲ ਥਾਨੀ ਵੀ ਮੂਧੇ ਮੂੰਹ ਹੋਇਆ ਹੁੰਦਾ। ਰੂਸ ਦਾ ਵਲਾਦੀਮੀਰ ਪੁਤਿਨ ਵੀ ਸਿਰੇ ਲੱਗਿਆ ਹੁੰਦਾ ਅਤੇ ਚੀਨ ਦਾ ਸ਼ੀ ਜਿੰਨ ਪਿੰਗ ਵੀ ਸੜਕਾਂ ’ਤੇ ਭੀੜ ਦੇ ਮੋਹਰੇ ਭੱਜਦਾ ਨਜ਼ਰ ਆਉਂਦਾ। ਸਮਾਂ ਅਤੇ ਹਾਲਾਤ ਅਜਿਹੇ ਤਾਨਾਸ਼ਾਹਾਂ ਨੂੰ ਵਫ਼ਾਤ (ਮੌਤ) ਤੋਂ ਬਾਅਦ ਹੀ ਜ਼ਲੀਲ ਕਰਦੇ ਹਨ।
ਤਾਨਾਸ਼ਾਹ ਬਣਨ ਦੀ ਵੀ ਇੱਕ ਵਿਧੀ ਹੈ। ਅਕਸਰ ਕਹਾਣੀ ਇੱਕ ਵਿਧੀਪੂਰਵਕ ਨੇਤਾ ਦੇ ਬਣਨ ਵਜੋਂ ਸ਼ੁਰੂ ਹੁੰਦੀ ਹੈ। ਲੋਕਾਂ ਲਈ ਮਰ-ਮਿਟ ਕੇ ਕੰਮ ਕਰਨ ਵਾਲਾ ਲੀਡਰ ‘ਅੱਖਾਂ ਦਾ ਤਾਰਾ’ ਬਣ ਸਭ ’ਤੇ ਹੁਕਮ ਚਲਾਉਂਦਾ ਹੈ। ਉੱਦਮੀ ਹੋਣ ਦੇ ਨਾਲ-ਨਾਲ ਤਰਕਸੰਗਤ ਹੋਣ ਕਾਰਨ ਇਸ ਨੇਤਾ ਨੂੰ ਜਨਤਾ ਦੀ ਪ੍ਰਵਾਨਗੀ ਮਿਲਦੀ ਰਹਿੰਦੀ ਹੈ ਅਤੇ ਛੇਤੀ ਹੀ ਇਹ ਉਚਾਈਆਂ ’ਤੇ ਪਹੁੰਚ ਜਾਂਦੇ ਹਨ। ਟੀਸੀ ’ਤੇ ਪਹੁੰਚਦਿਆਂ ਹੀ ਅਜਿਹੇ ਤਾਨਾਸ਼ਾਹਾਂ ਨੂੰ ਨਵੀਂ ਮਿਲੀ ਤਾਕਤ ਦਾ ਅਹਿਸਾਸ ਹੁੰਦਾ ਹੈ ਤੇ ਉਹ ਰੱਬੀ ਰੂਪ ਹੋਣ ਦਾ ਸਿਰਫਿਰਾ ਖਿਆਲ ਪਾਲ ਲੈਂਦੇ ਹਨ। ਫਿਰ ਥੱਲੇ ਡਿਗਣ ਤੋਂ ਡਰਦਿਆਂ ਪੁੱਠੇ ਕਾਰੇ ਸ਼ੁਰੂ ਕਰ ਦਿੰਦੇ ਹਨ। ਉਹ ਕੇਵਲ ਉਨ੍ਹਾਂ ਲੋਕਾਂ ਨੂੰ ਹੀ ਨੇੜੇ ਆਉਣ ਦਿੰਦੇ ਹਨ ਜਿਹੜੇ ਉਨ੍ਹਾਂ ਦੇ ਅੰਦਰ-ਬਾਹਰ ਦੇ ਭੇਦ ਰੱਖਦੇ ਹਨ। ਜਿਸ ਤੰਤਰ ਨੂੰ ਵਰਤ ਕੇ ਇਹ ਤਾਨਾਸ਼ਾਹ ਟੀਸੀਆਂ ’ਤੇ ਪਹੁੰਚਦੇ ਹਨ, ਉਸਦੇ ਦਾਇਰੇ ਪਹਿਲਾਂ ਤੰਗ ਕਰ ਦਿੰਦੇ ਹਨ, ਤੇ ਫਿਰ ਉਸ ’ਤੇ ਫਿਲਟਰ ਲਾ ਦਿੰਦੇ ਹਨ। ਯੋਗ ਵਿਅਕਤੀ ਨੂੰ ਵਰਜਦੇ ਹਨ, ਅਤੇ ਅਟੁੱਟ ਵਿਸ਼ਵਾਸ ਰੱਖਣ ਵਾਲੇ ਅੰਨ੍ਹੇ ਭਗਤਾਂ ਨੂੰ ਨੇੜੇ ਰੱਖਦੇ ਹਨ। ਹੌਲੀ-ਹੌਲੀ ਪੂਰੇ ਤੰਤਰ ’ਤੇ ਕਬਜ਼ਾ ਕਰਨ ਲਈ ਲੋਕਤੰਤਰੀ ਪ੍ਰਣਾਲੀ ਦੀਆਂ ਸੰਸਥਾਵਾਂ ’ਤੇ ਆਪਣੇ ਅੰਨ੍ਹੇ ਭਗਤਾਂ ਨੂੰ ਬਿਠਾ ਦਿੰਦੇ ਹਨ। ਰਾਸ਼ਟਰੀ ਏਕੀਕਰਨ ਦੇ ਨਾਂਅ ’ਤੇ ਆਮ ਅਤੇ ਖਾਸ ਦਾ ਨਜ਼ਰੀਆ ਬਦਲਣ ਲਈ ਪੜ੍ਹਾਈ, ਲਿਖਾਈ ਅਤੇ ਕਾਰਵਾਈ ਖੇਤਰਾਂ ਵਿੱਚ ਆਪਣੀ ਸੋਚ ਅਤੇ ਆਪਣੇ ਕਿਰਦਾਰ ਨੂੰ ਰਚਾਉਂਦੇ ਹਨ। ਪੋਸਟਰਾਂ, ਬੁੱਤਾਂ ਅਤੇ ਇਸ਼ਤਿਹਾਰਬਾਜ਼ੀਆਂ ਉੱਤੇ ਅਥਾਹ ਖਰਚੇ ਕਰਦੇ ਹਨ। ਹਰ ਸਰਕਾਰੀ ਦਫਤਰ ਵਿੱਚ ਆਪਣੀਆਂ ਫੋਟੋਆਂ ਲਗਵਾਉਂਦੇ ਹਨ। ਜੋ ਕੋਈ ਵੀ ਇਸਦੇ ਖਿਲਾਫ ਅਵਾਜ਼ ਚੁੱਕੇ, ਉਸ ਨੂੰ ਤੰਤਰ ਦੇ ਤਾਣੇਬਾਣੇ ਵਿੱਚ ਉਲਝਾ ਕੇ ਬੇਅਸਰ ਕਰ ਦਿੰਦੇ ਹਨ। ਇੱਥੋਂ ਹੀ ਤਾਨਾਸ਼ਾਹੀ ਦੀ ਸ਼ੁਰੂਆਤ ਹੁੰਦੀ ਹੈ।
ਤਾਨਾਸ਼ਾਹ ਆਪਣੀ ਰਾਜਸੀ ਸੱਤਾ ਕਾਇਮ ਰੱਖਣ ਅਤੇ ਸੁਖ-ਸੁਵਿਧਾਵਾਂ ਭੋਗਣ ਲਈ ਟੈਕਸ ਦੇਣ ਵਾਲਿਆਂ ਦੇ ਪੈਸੇ ਦੀ ਅੰਨ੍ਹੀ ਵਰਤੋਂ ਕਰਦੇ ਹਨ। ਆਪਣੀ ਸੁਰੱਖਿਆ ਦੇ ਨਾਮ ’ਤੇ ਕਈ ਕਵਚ ਆਪਣੇ ਦੁਆਲੇ ਬਣਾਈ ਰੱਖਦੇ ਹਨ। ਇਸ ਤਰ੍ਹਾਂ ਇਹ ਲੋਕਾਂ ਤੋਂ ਦੂਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਤੋਂ ਪਾਸਾ ਵੱਟ ਲੈਂਦੇ ਹਨ। ਫਿਰ ਛੇਤੀ ਹੀ ਇਸੇ ਤੰਤਰ ਦੇ ਕੁਝ ਹੋਰ ਸੁਖ ਭੋਗਣ ਵਾਲੇ ਕਦੇ ਵੀ ਸਹੀ ਖਬਰ ਇਨ੍ਹਾਂ ਤਕ ਪਹੁੰਚਣ ਨਹੀਂ ਦਿੰਦੇ। ‘ਸਭ ਚੰਗਾ ਹੈ’ ਦੀ ਹੀ ਤਸਵੀਰ ਵਿਖਾਉਂਦੇ ਰਹਿੰਦੇ ਹਨ। ਇੱਥੋਂ ਸ਼ੁਰੂ ਹੁੰਦੀ ਹੈ ਤਾਨਾਸ਼ਾਹਾਂ ਦੇ ਪਤਨ ਦੀ ਸ਼ੁਰੂਆਤ। ਵਿਦਿਆਰਥੀ ਗਤੀਵਿਧਿਆਂ ਤੇਜ਼ ਹੁੰਦੀਆਂ ਹਨ। ਯੂਨੀਵਰਸਿਟੀਆਂ ਵਿੱਚ ਬੈਠਾ ਅਧਿਆਪਕ ਸਭ ਤੋਂ ਪਹਿਲਾਂ ਗੁੱਸੇ ਵਿੱਚ ਆਉਂਦਾ ਹੈ। ਜਲੂਸ-ਜਲਸੇ ਵਿੱਦਿਅਕ ਅਦਾਰਿਆਂ ਦੇ ਬਾਹਰ ਹੀ ਸ਼ੁਰੂ ਹੁੰਦੇ ਹਨ। ਛੇਤੀ ਹੀ ਸਰਬ-ਵਿਆਪਕ ਹੋ ਜਾਂਦੇ ਹਨ। ਫਿਰ ਤਾਨਾਸ਼ਾਹ ਡਰਦਾ ਹੈ ਅਤੇ ਪੁਲਿਸ ਨੂੰ ਅੱਗੇ ਕਰਦਾ ਹੈ। ਦਮਨਚੱਕਰ ਸ਼ੁਰੂ ਹੋ ਜਾਂਦਾ ਹੈ ਅਤੇ ਤਾਨਾਸ਼ਾਹ ਦੀ ਢਹਿੰਦੀ ਕਲਾ ਦਾ ਆਗਾਜ਼ ਹੁੰਦਾ ਹੈ।
ਬੰਗਲਾਦੇਸ਼ ਦੀ ਬੇਗ਼ਮ ਸ਼ੇਖ ਹਸੀਨਾ 2008 ਵਿੱਚ ਗੱਦੀਨਸ਼ੀਨ ਹੋਈ ਸੀ। ਉਸ ਸਮੇਂ ਜਨਤਾ ਦੀ ਇਹ ਜਾਇਜ਼ ਨੇਤਾ ਸੀ। ਹਰ ਆਮ ਅਤੇ ਖਾਸ ਦੀ ਨੁਮਾਇੰਦਗੀ ਕਰਦੀ ਸੀ। ਉਸਨੇ ਛੇਤੀ ਹੀ ਤੰਤਰ ਵਿੱਚ ਬਦਲਾਅ ਕਰਨ ਲਈ ਚੋਣ ਪ੍ਰਕਿਰਿਆ ਨੂੰ ਧੁੰਦਲਾ ਕੀਤਾ ਅਤੇ ਫਿਰ ਵਿਰੋਧੀਆਂ ਨੂੰ ਚੁਣ-ਚੁਣ ਕੇ ਜੇਲ੍ਹਾਂ ਵਿੱਚ ਤੁੰਨਿਆ ਜਾਂ ਫਿਰ ਫਾਹੇ ਲਾਇਆ। ਆਖਰਕਾਰ ਭੀੜ ਦੇ ਹੱਥੋਂ ਡਰ ਕੇ ਸਾਲ 2024 ਵਿੱਚ ਮੁਲਕ ਛੱਡ ਕੇ ਦੌੜਨਾ ਪਿਆ। ਨਿਪਾਲ ਅਤੇ ਸ਼੍ਰੀ ਲੰਕਾ ਵਿੱਚ ਵੀ ਅਜਿਹਾ ਹੀ ਭਾਣਾ ਵਾਪਰਿਆ।
ਕਈ ਵਾਰ ਇੱਕ ਬੇਪਰਵਾਹ ਤਾਨਾਸ਼ਾਹ ਨੂੰ ਦੂਸਰੇ ਮੁਲਕ ਦਾ ਤਾਨਾਸ਼ਾਹ ਚੁੱਕ ਕੇ ਲੈ ਜਾਂਦਾ ਹੈ। ਇੰਝ ਦੀ ਕਹਾਣੀ ਵੈਨੇਜ਼ੁਏਲਾ ਵਿੱਚ ਵਾਪਰੀ। ਤਾਨਾਸ਼ਾਹ ਨਿਕਲਸ ਮਦੂਰੋ ਰਾਤੋ-ਰਾਤ ਚੁੱਕ ਲਿਆ ਗਿਆ। ਅਮਰੀਕਾ ਦੇ ਰਾਜਨੀਤਿਕ ਵਹੀਖਾਤੇ ਵਧੀਆ ਹਨ। ਦੋ ਵਾਰ ਭਾਵ ਅੱਠ ਸਾਲਾਂ ਤੋਂ ਵੱਧ ਗੱਦੀ ਨਸੀਬ ਨਹੀਂ ਹੁੰਦੀ। ਸਾਬਕਾ ਰਾਸ਼ਟਰਪਤੀ ਸਮਾਗਮਾਂ ਵਿੱਚ ਪਿੱਛੇ ਵਾਲੀ ਕਤਾਰਾਂ ਵਿੱਚ ਬੈਠਦੇ ਹਨ। ਇਹ ਇੱਕ ਚੰਗੀ ਲੋਕਤੰਤਰੀ ਸੋਚ ਹੈ। ਇਸ ਲਈ ਜਨਤਾ ਦੀ ਪਕੜ ਸਖਤ ਹੋਣੀ ਲਾਜ਼ਮੀ ਹੈ; ਜਨਤਾ ਦਾ ਪੜ੍ਹਿਆ-ਲਿਖਿਆ ਹੋਣਾ ਜ਼ਰੂਰੀ ਹੈ। ਪਰ ਤਾਨਾਸ਼ਾਹ ਆਪਣੇ ਵਜੂਦ ਲਈ ਆਪਣੀ ਜਨਤਾ ਨੂੰ ਜਾਹਿਲ ਅਤੇ ਲੋੜਵੰਦ ਹਾਲਾਤ ਵਿੱਚ ਰੱਖੇਗਾ ਤਾਂਕਿ ਉਸਦਾ ਰੁਤਬਾ ਬਰਕਰਾਰ ਰਹੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































