“ਇਸ ਜੰਗੀ ਵਰਤਾਰੇ ਦੀ ਰੂਪਰੇਖਾ ਵਿੱਚ ਆ ਰਹੇ ਬਦਲਾਅ ਸਦਕਾ ਮੱਧ-ਪੂਰਬੀ ਏਸ਼ੀਆ ...”
(15 ਮਾਰਚ 2026)
ਪਹਿਲਾਂ ਵੈਨਜ਼ੁਏਲਾ ਤੇ ਹੁਣ ਇਰਾਨ ਅਮਰੀਕਾ ਦੀ ਬੁਰਸ਼ਾਗਰਦੀ ਦਾ ਸ਼ਿਕਾਰ ਹੋ ਕੇ ਟੁੱਟ ਰਿਹਾ ਹੈ। ਵੈਨਜ਼ੁਏਲਾ ਦੇ ਰਾਸ਼ਟਰਪਤੀ ਨੂੰ ਜ਼ਬਰਦਸਤੀ ਯਰਗਮਾਲ ਬਣਾਉਣਾ ਅਤੇ ਹੁਣ ਇਰਾਨ ਦੇ ਨੇਤਾ ਆਇਤਉੱਲਾਹ ਅਲੀ-ਅਲ-ਖੂਮੈਨੀ ਨੂੰ ਕਤਲ ਕਰਨਾ ਬੇਹੱਦ ਸ਼ਰਮਨਾਕ ਕਾਰਾ ਹੈ। ਲਾਹਨਤ ਹੈ ਉਹਨਾਂ ਮੁਲਕਾਂ ’ਤੇ, ਉਹਨਾਂ ਦੇ ਮੋਢੀਆਂ ’ਤੇ, ਜਿਹੜੇ ਤਮਾਸ਼ਬੀਨ ਬਣ, ਗੂੰਗੇ-ਬੋਲੇ ਹੋ ਕੇ ਇਸ ਧੱਕੇਸ਼ਾਹੀ ਨੂੰ ਦੇਖ ਰਹੇ ਹਨ। ਸਨਕੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦਾ ਸਿਆਸੀ ਇਤਿਹਾਸ ਸਿਆਹ ਅੱਖਰਾਂ ਵਿੱਚ ਲਿਖਿਆ ਜਾਵੇਗਾ ਅਤੇ ਇਸਦਾ ਕਹਿਰ ਮੱਧ-ਪੂਰਬੀ ਏਸ਼ੀਆਈ ਮੁਲਕਾਂ ’ਤੇ ਵੀ ਡਿਗੇਗਾ। ਤੇਲ ਅਤੇ ਗੈਸ ਦੇ ਵਪਾਰ ਵਿੱਚ ਲੱਕੜਬੱਗੇ ਬਣ ਕੇ ਇਹ ਮੁਲਕ ਆਪਣੀਆਂ ਹੀ ਬਿਰਾਦਰ ਕੌਮਾਂ ਨੂੰ ਤਬਾਹ ਕਰਨ ਵਿੱਚ ਸ਼ਾਮਲ ਹਨ। ਇਨ੍ਹਾਂ ਨੂੰ ਆਪਣੀਆਂ ਇਹ ਕਰਤੂਤਾਂ ਮਹਿੰਗੀਆਂ ਪੈਣਗੀਆਂ।
ਹਾਲਾਂਕਿ ਸਾਨੂੰ ਇਰਾਨ ਨਾਲ ਕੋਈ ਜ਼ਿਆਦਾ ਹਮਦਰਦੀ ਨਹੀਂ ਹੋਣੀ ਚਾਹੀਦੀ, ਪਰ ਆਲਮੀ ਪੱਧਰ ’ਤੇ ਦਰਜ ਹੋ ਰਹੀਆਂ ਕਤਲੋ-ਗਾਰਤ ਦੀਆਂ ਬੇਹੂਦਗੀਆਂ ਬਹੁਤ ਹੀ ਅਫਸੋਸਨਾਕ ਹਨ। ਆਇਤਉੱਲਾਹ ਅਲੀ ਖੁਮੈਨੀ ਕੋਈ ਅਲੋਕਾਰ ਸ਼ਖਸੀਅਤ ਨਹੀਂ ਸੀ। ਉਹ ਆਪਣੇ ਹੀ ਅਵਾਮ ਦਾ ਗੁਨਹਗਾਰ ਸੀ। ਉਸ ਦੁਆਰਾ ਕੀਤੇ ਗਏ ਪਾਪਾਂ ਦੀ ਸੂਚੀ ਲੰਮੀ ਹੈ। 23 ਸਾਲਾ ਮਹਿਸਾ ਆਮੀਨੀ ਨਾਮ ਦੀ ਔਰਤ ਦੀ ਸ਼ਰਤ-ਅਲ ਅਖਲਾਕ (Moral Police) ਹੱਥੋਂ ਦਰਦਨਾਕ ਮੌਤ ਵਰਗੀਆਂ ਹਜ਼ਾਰਾਂ ਮੌਤਾਂ ਦਾ ਜ਼ਿੰਮੇਵਾਰ ਅਲੀ ਖੁਮੈਨੀ ਸਜ਼ਾ ਦਾ ਹੱਕਦਾਰ ਸੀ, ਪਰ ਉਸਦੇ ਜਮਦੂਤ ਗ਼ਲਤ ਸਨ। ਯਹੂਦੀਆਂ ਦਾ ਯਾਹਵੇ ਵੀ ਨਾਖੁਸ਼ ਹੋਵੇਗਾ। ਸਾਲ 1989 ਤੋਂ ਜ਼ਬਰਦਸਤੀ ਸਿਰਮੌਰ ਨੇਤਾ ਬਣ ਅਲੀ ਖੁਮੈਨੀ ਮੁਲਕ ਲਈ ਨਾਗ਼ਵਾਰ ਜਾਪਿਆ। ਸਾਰਾ ਜੰਤਰ-ਮੰਤਰ ਅਤੇ ਏਕਾਧਿਕਾਰ ਕਰ ਅਵਾਮ ਦੀ ਸੰਘੀ ਨੱਪਦਿਆਂ ਅਲੀ ਖੂਮੈਨੀ ਕਿਸੇ ਦੈਂਤ ਤੋਂ ਘੱਟ ਨਹੀਂ ਸੀ। ਇਹ ਵੀ ਠੀਕ ਹੈ ਕਿ ਇਰਾਨ ਵਿੱਚ ਦੈਂਤਾਂ ਦੀ ਕੋਈ ਕਮੀ ਨਹੀਂ। ਮੁਲਕ ਦੇ ਸਰਕਾਰੀ ਸੰਚਾਲਕ ਸੰਸਥਾਵਾਂ ਨੂੰ ਕਠਪੁਤਲੀ ਬਣਾ, ਅਲੀ ਖੂਮੈਨੀ ਪੂਰੇ ਇਰਾਨ ਨੂੰ ਨੱਚਾ ਰਿਹਾ ਸੀ। 2000 ਪੌਂਡ ਦੇ ਬੰਬਾਂ ਦੀ ਮਾਰ ਹੇਠ ਆ ਕੇ ਇਸਦਾ ਮਰਨਾ, ਡੱਕੇ ਹੋਏ ਗਰੀਬ ਇਰਾਨੀਆਂ ਲਈ ਭਾਵੇਂ ਠੀਕ ਜਾਪੇ ਪਰ ਟਰੰਪ ਦੀ ਬੱਚਗਾਨਾ ਸੋਚ ਨੂੰ ਵੀ ਰੋਕਣਾ ਲਾਜ਼ਮੀ ਹੈ।
ਇਰਾਨ ਖੇਤਰਫਲ ਪੱਖੋਂ ਭਾਰਤ ਦਾ ਠੀਕ ਪੰਜਾਹ ਫੀਸਦੀ ਹੈ। ਇਸਦੀ ਵਸੋਂ ਨੌਂ ਕਰੋੜ ਤੋਂ ਵੱਧ ਹੈ। ਸ਼ੀਆ ਮੁਸਲਮਾਨ ਜੋ ਕਿ ਜਨਾਬ ਅਲੀ ਇਬਨ ਅਲੀ ਤਾਲਿਬ ਦੀ ਇਮਾਮਬੰਦੀ ਤੇ ਖ਼ਲੀਫ਼ਾਈ ਹੋਂਦ ਵਿੱਚ ਵਿਸ਼ਵਾਸ ਰੱਖਦੇ ਹਨ, ਕੁੱਲ ਮੁਸਲਮਾਨ ਅਬਾਦੀ ਦਾ ਪੰਦਰਾਂ ਤੋਂ ਅਠਾਰਾਂ ਫੀਸਦੀ ਹਨ। ਇਰਾਕ ਵਿੱਚ ਅਲ-ਨਜਫ ਵਿਖੇ ਇਮਾਮ ਅਲੀ ਪਨਾਹਗਾਹ ਨੂੰ ਸ਼ੀਆ ਮੁਸਲਮਾਨਾਂ ਲਈ ਮਜ਼ਹਬ ਅਤੇ ਸਿਆਸਤ ਦਾ ਕੇਂਦਰ ਮੰਨਿਆ ਜਾਂਦਾ ਹੈ।
ਇਰਾਨ ਦਾ ਅਰਥਚਾਰਾ ਭਾਰਤ ਦੇ ਅਰਥਚਾਰੇ ਦਾ 12ਵਾਂ ਹਿੱਸਾ ਹੈ। ਸਾਲ 1979 ਤੋਂ ਇਸਦੀ ਕੁੰਡਲੀ ਵਿੱਚ ਅਮਰੀਕਾ ਰਾਹੂ ਬਣਕੇ ਸੱਤਵੇਂ ਘਰ ਵਿੱਚ ਬੈਠ ਇਸਦੇ ਬਾਕੀ ਦੇਸ਼ਾਂ ਨਾਲ ਸਬੰਧਾਂ ’ਤੇ ਗ੍ਰਹਿਣ ਲਾ ਰਿਹਾ ਹੈ ਅਤੇ ਹੁਣ ਟਰੰਪ ਦਸਵੇਂ ਘਰ ਵਿੱਚ ਬੈਠ ਕਾਰੋਬਾਰੀ ਢਾਂਚੇ ਨੂੰ ਤੋੜਨ ਵਿੱਚ ਮਸਰੂਫ ਹੈ। ਅਲੀ ਖੂਮੈਨੀ ਮਰੇ ਜਾਂ ਕੋਈ ਹੋਰ ਮੋਜਤਬਾ ਉੱਤਰ ਕੇ ਆਵੇ, ਪਰ ਪੱਛਮੀ ਮੁਲਕਾਂ ਨਾਲ ਵੈਰ ਦਾ ਕਾਰਨ ਤੇਲ ਅਤੇ ਗੈਸ ਦਾ ਵਪਾਰ ਹੀ ਹੈ।
ਕੋਈ ਵੀ ਮੁਲਕ ਜਦੋਂ ਅਮਰੀਕਾ ਅਤੇ ਹੋਰ ਪੱਛਮੀ ਧਾੜਵੀਆਂ ਅੱਗੇ ਗੋਡੇ ਨਹੀਂ ਟੇਕਦਾ ਅਤੇ ਸੋਮਿਆਂ ਦੀ ਲੁੱਟ-ਖਸੁੱਟ ਨਹੀਂ ਪ੍ਰਵਾਨਦਾ ਤਾਂ ਉਸ ਨੂੰ ਆਲਮੀ ਪੱਧਰ ’ਤੇ ਖੂੰਜੇ ਲਾ ਕੇ ਸ਼ਿਕਾਰਗਾਹ ਬਣਾ ਮਨਮਰਜ਼ੀਆਂ ਕੀਤੀਆਂ ਜਾਂਦੀਆਂ ਹਨ। ਅਲੀ ਖੂਮੈਨੀ ਤੋਂ ਪਹਿਲਾਂ ਰੂਹਅਲਹਾ ਖੂਮੈਨੀ ਸਿਰਕੱਢ ਨੇਤਾ ਸੀ, ਜਿਸਨੇ ਅਮਰੀਕੀ ਪਿੱਠੂ ਰੇਜ਼ਾ ਪਹਿਲਵੀ ਦੀ ਬੇਇੱਜ਼ਤੀ ਕਰਕੇ ਮੁਲਕ ਤੋਂ ਭਜਾ ਕੇ ਇਸਲਾਮਿਕ ਕ੍ਰਾਂਤੀ ਸਦਕਾ ਸੱਤਾ ’ਤੇ ਕਬਜ਼ਾ ਕੀਤਾ। ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ ਦੀ ਸਥਾਪਨਾ ਰੂਹਅੱਲਹਾ ਖੂਮੈਨੀ ਦੀ ਹੀ ਦੇਣ ਹੈ। ਖਾਮੇਨਾਈ ਤਬਕਾ ਕੇਵਲ ਮਾਤਰ ਖ਼ੁਦਾ-ਪਰਵਰਦਿਗ਼ਾਰ ਨੂੰ ਜਵਾਬਦੇਹ ਹੈ, ਇਹ ਇੱਕ ਵੱਡੀ ਸੋਚ ਸੀ। ਇਹ ਸੋਚ ਅਲੀ ਖੂਮੈਨੀ ਅਤੇ ਸ਼ੀਆ ਮੁਸਲਮਾਨਾਂ ਨੂੰ ਇਕਪਾਸੜ ਬਣਾਉਂਦੀ ਹੈ। ਅਮਰੀਕਾ-ਇਜ਼ਰਾਈਲ ਦਾ ਹਮਲਾ ਵਜੂਦੀ ਲੜਾਈ ਵਿੱਚ ਤਬਦੀਲ ਹੋ ਗਿਆ ਹੈ ਅਤੇ ਬਿਨਾਂ ਆਪਸੀ ਗੱਲਬਾਤ ਤੋਂ ਨੇਪਰੇ ਨਹੀਂ ਚੜ੍ਹ ਸਕਦਾ। ਇਸ ਸਮੇਂ ਆਲਮੀ ਪੱਧਰ ’ਤੇ ਕਈ ਦਰਵਾਜ਼ੇ ਖੁੱਲ੍ਹੇ ਹਨ। ਰੂਸ ਅਜੇ ਯੁਕਰੇਨ ਨੂੰ ਸਾਹ ਨਹੀਂ ਲੈਣ ਦੇ ਰਿਹਾ। ਇਜ਼ਰਾਈਲ ਵੀ ਵਜੂਦੀ ਲੜਾਈ ਵਿੱਚ ਅਮਰੀਕੀ ਝੰਡਾ ਅਤੇ ਏਜੰਡਾ ਚੁੱਕ ਕੇ ਪੂਰੇ ਮੱਧ-ਪੂਰਬੀ ਏਸ਼ੀਆ ਨਾਲ ਖਹਿਬੜ ਰਿਹਾ ਹੈ। ਇਜ਼ਰਾਈਲ ਦਾ ਫਾਰਮੂਲਾ ‘ਲੜਾਂਗੇ ਤਾਂ ਜੀਵਾਂਗੇ’ ਸ਼ਾਇਦ ਆਲਮੀ ਪੱਧਰ ’ਤੇ ਸਹਿਮਤੀ ਨਾਲ ਬਦਲਣ ਦੀ ਲੋੜ ਹੈ।
ਮੱਧ ਏਸ਼ੀਆਈ ਮੁਲਕਾਂ ਨੂੰ ਇਜ਼ਰਾਈਲ ਦੀ ਪ੍ਰਭੂਸੱਤਾ ਨੂੰ ਪ੍ਰਵਾਨਗੀ ਦੇਣੀ ਜ਼ਰੂਰੀ ਹੈ ਅਤੇ ਕਰੋੜ ਤੋਂ ਵੱਧ ਯਹੂਦੀਆਂ ਲਈ ਟ੍ਰਾਂਸ-ਜੌਰਡਨ ਇਲਾਕਾ ਜਾਇਜ਼ ਐਲਾਨਿਆ ਜਾਵੇ, ਇਸ ਲਈ ਵੱਡਾ ਜਿਗਰਾ ਰੱਖਣਾ ਜ਼ਰੂਰੀ ਹੈ। ਮੀਸਣੇ ਅਰਬ ਮੁਲਕਾਂ ਦੀ ਕਮੀ ਨਹੀਂ ਹੈ। ਬਹਿਰੀਨ, ਕਤਰ, ਸਾਊਦੀ ਅਰਬ, ਤੁਰਕੀ ਅਤੇ ਮਿਸਰ ਇਨ੍ਹਾਂ ਵਿੱਚ ਪ੍ਰਮੁੱਖ ਹਨ। ਇਨ੍ਹਾਂ ਦੇ ਚਾਲ-ਚੱਲਣ ਠੀਕ ਹੋ ਜਾਣ ਤਾਂ ਮੱਧ-ਪੂਰਬੀ ਏਸ਼ੀਆਈ ਮੁਲਕਾਂ ਵਿਚਲੇ ਰੇਗਿਸਤਾਨ ਵੀ ਹਰੇ ਹੋ ਜਾਣਗੇ।
ਇਰਾਨ ਦੇ ਮੁੱਦੇ ਨੇ ਫਲਸਤੀਨ ਵਿੱਚ ਹੋ ਰਹੀ ਮਾਰ-ਕਾਟ ਤੋਂ ਧਿਆਨ ਲਾਂਭੇ ਕਰ ਦਿੱਤਾ ਹੈ। ਅੰਦਰਖਾਤੇ ਦਮਨਕਾਰੀ ਨੀਤੀਆਂ ਨਾਲ ਗ਼ਾਜ਼ਾ ਪੱਟੀ ਨੂੰ ਮੰਗਤਿਆਂ ਦੀ ਪੱਟੀ ਬਣਾਉਣ ਨਾਲ ਸ਼ਾਇਦ ਕਈਆਂ ਨੂੰ ਖੁਸ਼ੀ ਮਿਲ ਰਹੀ ਹੋਵੇ। ਵੈਨਜ਼ੁਏਲਾ ਵਿੱਚ ਅਜੇ ਅਰਾਜਕਤਾ ਘਟੀ ਨਹੀਂ। ਕਿਸੇ ਦੇਸ਼ ਦਾ ਰਾਸ਼ਟਰਪਤੀ ਚੁੱਕਣ ਨਾਲ ਅਮਨ-ਚੈਨ ਬਹਾਲ ਨਹੀਂ ਹੁੰਦਾ। ਗ੍ਰੀਨਲੈਂਡ ਦੇ ਮੁੱਦੇ ’ਤੇ ਡੈਨਮਾਰਕ ਨੂੰ ਝੁਕਦਿਆਂ ਅਤੇ ਅਮਰੀਕੀ ਕੰਪਨੀਆਂ ਨੂੰ ਅੰਦਰ ਵੜਦਿਆਂ ਦੇਖ ਮਨ ਮਸੋਸਦਾ ਤਾਂ ਹੈ, ਪਰ ਇਹ ਸਚਾਈ ਵੀ ਹੈ ਕਿ ‘ਤਕੜੇ ਦਾ ਸੱਤੀ ਵੀਹੀਂ ਸੌ ਹੁੰਦਾ ਹੈ।’
ਭਾਰਤ ਕੋਲ ਵੀ ਹਮਦਰਦੀ ਵਿਖਾਉਣ ਲਈ ਸਿਰਫ ਬਿਆਨਬਾਜ਼ੀਆਂ ਹੀ ਰਹਿ ਜਾਂਦੀਆਂ ਹਨ ਅਤੇ ਉਹਨਾਂ ਵਿੱਚ ਵੀ ਕੰਜੂਸੀ ਹੀ ਨਜ਼ਰ ਆਉਂਦੀ ਹੈ। ਮਜਬੂਰੀਆਂ ਵਾਹਵਾ ਹਨ। ਵਿਦੇਸ਼ ਨੀਤੀ ਵੀ ਕੀ ਕਰੇ ਜੇ ਮੁਲਕ ਨੂੰ 145 ਕਰੋੜ ਲੋਕਾਂ ਦੇ ਢਿੱਡਾਂ ਦੀ ਪੀੜ ਹੋਵੇ! ਖੁੱਲ੍ਹ ਕੇ ਕਹਿ ਨਹੀਂ ਸਕਦਾ ਕਿ “ਓਏ ਟਰੰਪ! ਤੂੰ ਕਮਬਖ਼ਤ ਨੰਬਰ ਇੱਕ ਹੈਂ।” “ਓਏ ਨੇਤਨਯਾਹੂ, ਤੂੰ 12ਵੀਂ ਸ਼ਤਾਬਦੀ ਦੀਆਂ ਪਵਿੱਤਰ ਜੰਗਾਂ ਦੇ ਅੰਜਾਮ ਨੂੰ ਨਾ ਭੁਲਾ।” ਸਮਾਂ ਸਭ ਦਾ ਆਉਂਦਾ ਹੈ ਤੇ ਦਿਨ ਸਭ ਦੇ ਫਿਰਦੇ ਹਨ, ਡਾਂਗ-ਗੰਡਾਸੀ ਤੇਰੇ ਸਿਰ ’ਤੇ ਵੀ ਫਿਰੇਗੀ।
ਮੋਜਤਬਾ ਸਯੀਅਦ ਅਲ ਖੂਮੈਨੀ ਦੀ ਤਖ਼ਤਪੋਸ਼ੀ ਇਰਾਨ ਦੀ ਪ੍ਰਭੂਸੱਤਾ ਤਾਂ ਬਰਕਰਾਰ ਰੱਖਦੀ ਹੈ, ਪਰ ਲੋਕਾਂ ਨੂੰ ਤਾਂ ਸੁਖ ਦਾ ਸਾਹ ਤਦੋਂ ਹੀ ਆਵੇਗਾ ਜਦੋਂ ਸਾਲ 1979 ਤੋਂ ਮਿਥਿਆ ਖੂਮੈਨੀਵਾਦ ਦਾ ਪ੍ਰਸ਼ਾਸਨਿਕ ਢਾਂਚਾ ਬਦਲੇਗਾ। ਅਲੀ ਖੂਮੈਨੀ ਦੀ ਵਫ਼ਾਤ ਮਗਰੋਂ ਮੋਜਤਬਾ ਦੇ ਆਉਣ ਨਾਲ ਨਾ ਤਾਂ ਪੱਛਮੀ ਤਾਕਤਾਂ ਦੀ ਕਬਜ਼ ਖੁੱਲ੍ਹਣੀ ਹੈ ਅਤੇ ਨਾ ਹੀ ਮੁਲਕ ਵਿੱਚ ਜਮਹੂਰੀਅਤ ਬਹਾਲ ਹੋਣੀ ਹੈ। ਨੈਤਿਕ ਪੁਲਿਸਵਾਦ ਅਤੇ ਧਰਮ ਦੀ ਜੈ-ਜੈਕਾਰ ਕਰਨ ਵਾਲੇ ਅੰਨ੍ਹੇ ਭਗਤਾਂ ਦੀ ਇਰਾਨ ਵਿੱਚ ਵੀ ਕੋਈ ਕਮੀ ਨਹੀਂ ਹੈ। ਇਨਸਾਨੀਅਤ ਨਾਲੋਂ ਕੱਟੜਵਾਦ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ। ਇਸ ਨਾਲ ਧਰਮ ਇੱਕ ਧੰਦੇ ਦਾ ਰੂਪ ਧਾਰ ਕੇ ਕੁਝ ਕੁ ਬਾਸ਼ਿੰਦਿਆਂ ਦੀ ਵਿਰਾਸਤ ਬਣ ਕੇ ਰਹਿ ਗਿਆ ਹੈ।
ਭੂ-ਰਾਜਨੀਤਿਕ ਪੱਖ ਤੋਂ ਦੇਖਿਆ ਜਾਵੇ ਤਾਂ ਤਿੰਨ ਕੁ ਸਥਿਤੀਆਂ ਵਿੱਚ ਫੇਰਬਦਲ ਜ਼ਰੂਰੀ ਹੈ। ਪਹਿਲਾ ਇਹ ਕਿ ਪੱਛਮੀ ਮੁਲਕਾਂ ਦੇ ਸਿਆਸੀ ਦਲ ਅਤੇ ਨੇਤਾਵਾਂ ਦੀ ਮੱਧ-ਪੂਰਬੀ ਏਸ਼ੀਆ ਦੇ ਤੇਲ ਅਤੇ ਗੈਸ ਦੇ ਵਪਾਰ ਵਿੱਚ ਹਿੱਸਾ-ਪੱਤੀ ਬੇਪਨਾਹ ਹੈ ਅਤੇ ਤਿਜਾਰਤੀ ਦਿਲਚਸਪੀਆਂ ਨੂੰ ਬਰਕਰਾਰ ਰੱਖਣ ਲਈ ਇਰਾਨ ਦੀਆਂ ਮਨਮਰਜ਼ੀਆਂ ’ਤੇ ਕਾਬੂ ਪਾਉਣਾ ਜ਼ਰੂਰੀ ਹੈ।
ਦੂਜਾ ਇਹ ਕਿ ਇਰਾਨ ਨੂੰ ਮੇਮਣਾ ਬਣਾਉਣ ਅਤੇ ਉਸਦੀ ਵੇਨੇਜ਼ੂਏਲਾ ਵਾਂਗ ਖਣਿਜਾਂ ਦੀ ਲੁੱਟ-ਖਸੁੱਟ ਨੂੰ ਵਾਜਿਬ ਠਹਿਰਾਉਣ ਲਈ ਜਮਹੂਰੀਅਤ ਦੇ ਨਾਮ ’ਤੇ ਮੁਲਕ ਦਾ ਰਿਆਸਤੀ ਅਤੇ ਸਿਆਸੀ ਮਾਡਲ ਹੁਣ ਮੁਹੰਮਦ ਰੇਜ਼ਾ ਪਹਲਵੀ ਦੀ 1967-1979 ਵਾਲੀ ਹਕੂਮਤ ਵਰਗਾ ਕਰਨਾ ਹੈ। ਸਾਲ 1929 ਤੋਂ 1979 ਤਕ ਅਮਰੀਕਾ ਦੀ ਪਹੁੰਚ ਇਰਾਨ ਦੇ ਤੇਲ ਦੇ ਹਰ ਖੂਹ ਤਕ ਸੀ ਜੋ ਕਿ ਹੁਣ ਮੁੜ ਆਰੰਭਣੀ ਹੈ।
ਇਸ ਲਈ ਕੋਈ ਮਾਰੀਆ ਕੋਰੀਨਾ ਮਕਾਤੋ ਵਰਗੇ ਨੂੰ ਨੋਬਲ ਪੁਰਸਕਾਰ ਨਵਾਜ ਕੇ ਗੱਦੀ (ਵੈਨਜ਼ੂਏਲਾ) ’ਤੇ ਬਿਠਾ ਪੱਛਮ ਦੇ ਚੌਧਰੀਆਂ ਤੋਂ ਹੁੱਕਾ ਗੁੜਗੁੜਾਉਣਾ ਹੈ। ਇਰਾਨ ਦੀ ਨਰਗਿਸ ਮੁਹੰਮਦੀ, ਜਿਸਨੇ ਸਾਲ 2023 ਦਾ ਨੋਬਲ ਇਨਾਮ ਜਿੱਤਿਆ ਸੀ, ਅਜੇ ਇੱਕ ਵਾਜਬ ਲੀਡਰ ਸਾਬਤ ਨਹੀਂ ਹੋਵੇਗੀ। ਇਹ ਮੁਹਤਰਮਾ ਮਜਲਿਸ-ਏ-ਰਹਿਬਰੀ ਨੂੰ ਪਸੰਦ ਨਹੀਂ ਆਉਣੀ। ਹਸਨ ਰੂਹਾਨੀ ਵਰਗਾ ਨੇਤਾ ਹੀ ਸ਼੍ਰੋਮਣੀ ਆਗੂ ਹੋਣਾ ਚਾਹੀਦਾ ਹੈ ਅਤੇ ਮੋਜਤਬਾ ਖੂਮੈਨੀ ਨਹੀਂ।
ਤੀਜਾ ਇਹ ਕਿ ਅਮਰੀਕਾ ਵਿੱਚ ਰਿਪਬਲਿਕਨ ਰਾਜਨੀਤਿਕ ਦਲ ਅਤੇ ਇੰਗਲੈਂਡ ਵਿੱਚ ਰੂੜ੍ਹੀਵਾਦੀ ਸੋਚ ਵਾਲੇ ਦਲ ਦੇ ਲੀਡਰ ਜਦੋਂ ਵੀ ਸੱਤਾ ਵਿੱਚ ਆਉਂਦੇ ਹਨ ਤਾਂ ਲੜਾਈ, ਆਲਮੀ ਝਗੜੇ, ਕੁੱਟਮਾਰ, ਸਾਜ਼ਿਸ਼ਾਂ ਅਤੇ ਰਾਜਸੀ ਕਤਲੇਆਮ ਆਪਣੀ ਚਰਮ ਸੀਮਾ ’ਤੇ ਪਹੁੰਚ ਜਾਂਦੇ ਹਨ। ਇਹ ਵੀ ਇੱਕ ਕੌੜਾ ਸੱਚ ਹੈ ਕਿ 21ਵੀਂ ਸਦੀ ਵਿੱਚ ਕੋਈ ਵੀ ਜੰਗ ਚਾਹੇ ਅਮਰੀਕਾ ਲੜੇ ਜਾਂ ਰੂਸ, ਨਤੀਜੇ ਲਟਕਵੇਂ ਹੀ ਹੋਣਗੇ। ਸੰਪੂਰਨ ਹਾਰ ਜਾਂ ਜਿੱਤ ਕਿਸੇ ਧਿਰ ਨੂੰ ਵੀ ਨਹੀਂ ਮਿਲੇਗੀ। ਮੌਜੂਦਾ ਚੱਲ ਰਹੀ ਜੰਗ ਵਿੱਚ ਇਰਾਨ-ਅਮਰੀਕਾ ਦੇ ਵੱਡੇ ਸੱਚ ਸਾਹਮਣੇ ਆਏ ਹਨ। ਇਜ਼ਰਾਈਲ ਦੀ ਸਰਬ ਲੋਹ ਢਾਲ ਹੁਣ ਢਹਿ-ਫੇਰੀ ਹੋ ਚੁੱਕੀ ਹੈ। ਸ਼ਰੇਆਮ ਇਰਾਨੀ ਮਿਜ਼ਾਈਲਾਂ ਅਤੇ ਡ੍ਰੋਨਾਂ ਦੀ ਫੌਜ ਦਾ ਕਹਿਰ ਮਚਣਾ ਸ਼ੁਰੂ ਹੋ ਗਿਆ ਹੈ। ਲੰਮੀ ਹੋ ਰਹੀ ਜੰਗ ਅਮਰੀਕਾ ਅਤੇ ਇਜ਼ਰਾਈਲ ਲਈ ਮਹਿੰਗੀ ਅਤੇ ਮਾਰੂ ਪ੍ਰਤੀਤ ਹੋ ਰਹੀ ਹੈ।
ਇਸ ਜੰਗੀ ਵਰਤਾਰੇ ਦੀ ਰੂਪਰੇਖਾ ਵਿੱਚ ਆ ਰਹੇ ਬਦਲਾਅ ਸਦਕਾ ਮੱਧ-ਪੂਰਬੀ ਏਸ਼ੀਆ ਵਿੱਚ ਨਵੇਂ ਕਿਰਦਾਰ ਅਤੇ ਸਥਿਤੀਆਂ ਉੱਘੜ ਕੇ ਸਾਹਮਣੇ ਆ ਰਹੀਆਂ ਹਨ। ਹਿੰਦੋਸਤਾਨ ਵੀ ਸ਼੍ਰੀ ਲੰਕਾ ਵਾਂਗ ਡੁੱਬਦਿਆਂ ਲਈ ਬੇਬਾਕ ਬੋਲੇ ਅਤੇ ਇਨਸਾਨੀਅਤ ਲਈ ਕੋਈ ਨਵਾਂ ਰਸਤਾ ਖੋਲ੍ਹੇ, ਦੀ ਆਸ ਬਰਕਰਾਰ ਰੱਖਣੀ ਚਾਹੀਦੀ ਹੈ।
* * *
(ਭੂ-ਰਾਜਨੀਤਿਕ, ਅੰਦਰੂਨੀ ਸੁਰੱਖਿਆ ਅਤੇ ਕੌਮਾਂਤਰੀ ਸਬੰਧਾਂ ਬਾਰੇ ਵਿਸ਼ਲੇਸ਼ਕ)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































