BalbirSDholDr7“ਰੰਗੇ ਹੱਥੀਂ ਫੜੇ ਜਾਣ ਕਾਰਨ ਉਕਤ ਹੋਈਆਂ ਭਰਤੀਆਂ ਰੱਦ ਕਰ ਦਿੱਤੀਆਂ ਗਈਆਂ ...”
(28 ਅਕਤੂਬਰ 2026)

 

ਬੀ.ਐੱਸਸੀ. ਉਪਰੰਤ ਬੀ.ਐੱਡ ਦੀ ਡਿਗਰੀ ਕਰਨ ਉਪਰੰਤ ਮੈਨੂੰ ਰੁਜ਼ਗਾਰ ਹਾਸਲ ਕਰਨ ਦੀ ਕਾਹਲ ਸੀ। ਉਸ ਸਮੇਂ ਬੀ.ਐੱਸਸੀ. (ਨਾਨ-ਮੈਡੀਕਲ) ਬੀ.ਐੱਡ. ਨੂੰ ਤੁਰੰਤ ਨੌਕਰੀ ਮਿਲ ਜਾਂਦੀ ਸੀ। ਮੈਂ ਅਧਿਆਪਕ ਲੱਗ ਗਿਆ। ਪ੍ਰੰਤੂ ਦਿਲ ਵਿੱਚ ਹੋਰ ਪੜ੍ਹਾਈ ਕਰਨ ਦਾ ਸ਼ੌਕ ਅਤੇ ਜਨੂੰਨ ਸੀ; ਮੈਂ ਦਿਨੇ ਡਿਊਟੀ ਅਤੇ ਪੰਜਾਬ ਯੂਨੀਵਰਸਿਟੀ ਵਿਖੇ ਸ਼ਾਮ ਦੀਆਂ ਕਲਾਸਾਂ ਸ਼ੁਰੂ ਕਰ ਲਈਆਂ। ਐੱਮ.ਐੱਸ.ਸੀ. ਗਣਿਤ, ਐੱਮ.ਏ. ਇਕਨਾਮਿਕਸ ਅਤੇ ਐੱਮ.ਐੱਡ. ਕਰ ਲਈ। ਪ੍ਰਮਾਤਮਾ ਦਾ ਸ਼ੁਕਰ ਇਹ ਸੀ ਕਿ ਸਾਥੀ ਅਜਿਹੇ ਮਿਲੇ, ਜਿਹੜੇ ਮੈਨੂੰ ਪੀ.ਸੀ.ਐੱਸ ਦੀ ਤਿਆਰੀ ਕਰਨ ਦੀ ਨਸੀਹਤ ਦੇਣ ਲੱਗੇ।

ਮੈਂ ਲੈਕਚਰਾਰ ਪ੍ਰਮੋਟ ਹੋ ਕੇ ਸਟੇਟ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਸੈਕਟਰ 17 ਵਿਖੇ ਗਣਿਤ ਲੈਕਚਰਾਰ (ਵਿਸ਼ਾ ਮਾਹਿਰ ਗਣਿਤ) ਨਿਯੁਕਤ ਹੋ ਗਿਆ। ਇਹ ਪੰਜਾਬ ਸਰਕਾਰ ਦਾ ਅਦਾਰਾ ਸੀ ਜਿਸਦਾ ਉਦੇਸ਼ ਸੂਬੇ ਵਿੱਚ ਸਾਇੰਸ ਅਤੇ ਗਣਿਤ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਸੀ। ਸਾਡਾ ਕੰਮ ਅਧਿਆਪਕਾਂ ਨੂੰ ਸੈਮੀਨਾਰਾਂ ਵਿੱਚ ਪੜ੍ਹਾਉਣਾ ਅਤੇ ਸਾਇੰਸ ਪ੍ਰਦਰਸ਼ਨੀਆਂ ਆਯੋਜਿਤ ਕਰਨਾ ਸੀ। ਪੜ੍ਹਨ ਪੜ੍ਹਾਉਣ ਅਤੇ ਅਧਿਆਪਕਾਂ ਨਾਲ ਵਿਚਾਰ ਵਟਾਂਦਰੇ ਦੇ ਇਸ ਸਿਲਸਿਲੇ ਵਿੱਚੋਂ ਮੇਰੇ ਲਈ ਗਣਿਤ ਦੀਆਂ ਪਾਠ ਪੁਸਤਕਾਂ ਲਿਖਣ ਦਾ ਸਬੱਬ ਵੀ ਬਣ ਗਿਆ। ਨਾਲ ਹੀ ਪੀ.ਸੀ.ਐੱਸ ਦੀ ਤਿਆਰੀ ਲਈ ਵੀ ਸਮਾਂ ਮਿਲਣ ਲੱਗ ਪਿਆ। ਉਦੋਂ ਹਰ ਸਾਲ ਜਾਂ ਦੋ ਸਾਲ ਬਾਅਦ ਨਹੀਂ, ਪ੍ਰੰਤੂ ਕਈ ਕਈ ਸਾਲਾਂ ਬਾਅਦ ਪੀ.ਸੀ.ਐੱਸ ਦੀਆਂ ਪੋਸਟਾਂ ਨਿਕਲਦੀਆਂ ਸਨ; ਜਿਵੇਂ 1986 ਤੋਂ ਬਾਅਦ 1992 ਵਿੱਚ। ਕਦੇ ਪੇਪਰ ਪਾਸ ਹੋ ਜਾਣੇ, ਇੰਟਰਵਿਊ ਵਿੱਚ ਰਹਿ ਜਾਣਾ। 1996 ਵਿੱਚ ਫਿਰ ਤੋਂ ਅਸਾਮੀਆਂ ਨਿਕਲੀਆਂ ਤਾਂ ਮੈਂ ਵੀ ਅਪਲਾਈ ਕਰ ਦਿੱਤਾ। ਮੇਰੇ ਇੱਕ ਮਿੱਤਰ ਨੇ ਗਰੁੱਪ ਸੀ ਦੀਆਂ ਪੋਸਟਾਂ ਬਾਰੇ ਵੀ ਦੱਸਿਆ। ਮੈਂ ਉੱਥੇ ਵੀ ਅਪਲਾਈ ਕਰ ਦਿੱਤਾ।

ਇਸ ਵਾਰ ਇੰਟਰਵਿਊ ਤੋਂ ਪਹਿਲਾਂ ਮੇਰੇ ਭਰਾਵਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਕਿ ਮੈਂ ਸਿਰਫ ਆਪਣੀ ਸਮਝ ਅਤੇ ਯੋਗਤਾ ਦੇ ਸਿਰ ’ਤੇ ਹੀ ਨਾ ਰਹਾਂ। ਉਨ੍ਹਾਂ ਨੇ ਆਪਣੇ ਪੱਧਰ ’ਤੇ ਮੇਰੀ ਸਿਲੈਕਸ਼ਨ ਲਈ ਪੈਸੇ ਦੇਣ ਦੀ ਪੇਸ਼ਕਸ਼ ਕੀਤੀ। ਇਸ ਗੱਲ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ। ਖੁਸ਼ੀ ਭਰਾਵਾਂ ਦੇ ਫਿਕਰ ਅਤੇ ਪਿਆਰ ਦੀ ਸੀ ਪਰ ਦੁੱਖ ਇਸ ਗੱਲ ਦਾ ਸੀ ਕਿ ਇੰਨੀਆਂ ਪੜ੍ਹਾਈਆਂ ਕਰਕੇ ਫਿਰ ਰਿਸ਼ਵਤ ਦੇਣ ਦੀ ਲੋੜ ਕਿਉਂ ਪਵੇ। ਮੈਂ ਮਨ੍ਹਾਂ ਕਰ ਦਿੱਤਾ। ਸ਼ਾਇਦ ਵੱਡੇ ਭਰਾ ਮਨਜੀਤ ਸਿੰਘ ਜੀ ਨੇ ਗੱਲਬਾਤ ਵੀ ਕਰ ਲਈ ਸੀ। ਮੈਂ ਉਨ੍ਹਾਂ ਨੂੰ ਸਪਸ਼ਟ ਕਹਿ ਦਿੱਤਾ ਕਿ ਪੈਸੇ ਦੇ ਕੇ ਸਿਲੈਕਟ ਹੋ ਕੇ ਮੇਰੇ ਤੋਂ ਪੈਸੇ ਇਕੱਠੇ ਨਹੀਂ ਕੀਤੇ ਜਾਣੇ। ਉਨ੍ਹਾਂ ਦਾ ਜਵਾਬ ਸੀ, “ਸਾਡੀ ਵਾਪਸ ਲੈਣ ਦੀ ਇੱਛਾ ਨਹੀਂ, ਬੱਸ ਸਾਨੂੰ ਤਾਂ ਇਹੀ ਚਾਅ ਹੈ ਕਿ ਅਸੀਂ ਮਾਣ ਨਾਲ ਕਹੀਏ ਕਿ ਸਾਡਾ ਭਰਾ ਪੀ.ਸੀ.ਐੱਸ ਅਫਸਰ ਹੈ।”

ਉਸ ਵੇਲੇ ਉਸ ਰਕਮ ਨਾਲ ਮੋਹਾਲੀ ਵਿਖੇ ਤਿੰਨ ਮੰਜ਼ਲੀ ਨਵੀਂ ਕੋਠੀ ਮਿਲ ਜਾਂਦੀ ਸੀ। ਮੈਂ ਹਲਕੇ ਅੰਦਾਜ਼ ਵਿੱਚ ਉਨ੍ਹਾਂ ਨੂੰ ਕਿਹਾ, “ਜੇ ਮੇਰੇ ’ਤੇ ਅਹਿਸਾਨ ਕਰਨਾ ਹੈ ਤਾਂ ਮੈਨੂੰ ਕੋਈ ਕੋਠੀ ਦਿਵਾ ਦਿਓ, ਮੈਂ ਪੈਸੇ ਵੀ ਮੋੜ ਦਿਆਂਗਾ।”

ਇਸ ਮੀਟਿੰਗ ਉਪਰੰਤ ਮੈਂ ਆਪਣੀ ਰਿਹਾਇਸ਼ ਸੈਕਟਰ 19 ਵਿਖੇ ਚਲਾ ਗਿਆ।

ਘਰ ਜਾ ਕੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ, ਇਹ ਸੋਚਦਿਆਂ ਕਿ ਮੇਰੇ ਭਰਾ ਮੇਰੀ ਖਾਤਰ ਕੋਈ ਗਲਤ ਫੈਸਲਾ ਨਾ ਲੈ ਲੈਣ। ਤੜਕਸਾਰ ਉੱਠ ਕੇ ਮੈਂ ਫਿਰ ਭਰਾ ਦੀ ਕੋਠੀ ਸੈਕਟਰ 20 ਵਿਖੇ ਪਹੁੰਚ ਗਿਆ। ਭਰਜਾਈ ਸ਼ਮਸ਼ੇਰ ਕੌਰ ਪ੍ਰਮਾਤਮਾ ਦੀ ਭਗਤ ਹੈ। ਉਹ ਚਾਰ ਵਜੇ ਉੱਠ ਕੇ ਪਾਠ ਪੂਜਾ ਕਰਦੇ ਹਨ। ਮੈਂ ਘੰਟੀ ਨਹੀਂ ਵਜਾਈ, ਹੌਲੀ ਜਿਹੇ ਦਰਵਾਜ਼ਾ ਖੜਕਾਇਆ ਕਿ ਭਰਾ ਨਾ ਉੱਠ ਜਾਣ। ਭਰਜਾਈ ਮੈਨੂੰ ਦੇਖ ਕੇ ਘਬਰਾ ਗਈ ਕਿਉਂਕਿ ਇੰਨੇ ਸਵਖਤੇ ਕਿਸੇ ਦਾ ਘਰ ਆਉਣਾ ਕੋਈ ਸਧਾਰਨ ਗੱਲ ਨਹੀਂ ਹੁੰਦੀ। ਮੈਂ ਪੁੱਛਿਆ ਕਿ ਮੇਰੇ ਜਾਣ ਤੋਂ ਬਾਅਦ ਭਰਾਵਾਂ ਨੇ ਕੀ ਫੈਸਲਾ ਕੀਤਾ? ਉਨ੍ਹਾਂ ਸਹਿਜ ਹੀ ਕਹਿ ਦਿੱਤਾ ਕਿ ਛੱਜਾ ਸਿੰਘ (ਭਰਾ) ਪਿੰਡ ਚਲੇ ਗਏ ਸੀ ਪਰ ਇਹੀ ਕਹਿ ਰਹੇ ਸੀ ਕਿ ਚਲੋ ਉਸਦੀ (ਮੇਰੀ) ਮਰਜ਼ੀ। ਮੇਰੀ ਤਸੱਲੀ ਹੋ ਗਈ ਅਤੇ ਮੈਂ ਸੁਖ ਦਾ ਸਾਹ ਲਿਆ।

ਇੰਟਰਵਿਊ ਹੋਈਆਂ, ਮੇਰੀ ਸਿਲੈਕਸ਼ਨ ਨਾ ਹੋਈ। ਭਰਾਵਾਂ ਵੱਲੋਂ ਗਿਲਾ ਵੀ ਕੀਤਾ ਗਿਆ ਕਿ ਮੈਂ ਉਨ੍ਹਾਂ ਦੀ ਗੱਲ ਨਹੀਂ ਮੰਨੀ। ਪਰ ਮੈਨੂੰ ਕੋਈ ਪਛਤਾਵਾ ਨਹੀਂ ਸੀ ਕਿਉਂਕਿ ਮੈਂ ਬੇਰੁਜ਼ਗਾਰ ਤਾਂ ਹੈ ਨਹੀਂ ਸੀ, ਚੰਗੀ ਪੋਜੀਸ਼ਨ ’ਤੇ ਸੀ ਅਤੇ ਗਲਤ ਰਸਤੇ ਤੋਂ ਬਚ ਗਿਆ ਸੀ।

ਸਮਾਂ ਆਪਣੀ ਚਾਲ ਚਲਦਾ ਰਿਹਾ। ਪੀ.ਪੀ.ਐੱਸ.ਸੀ ਦੇ ਚੇਅਰਮੈਨ ਉੱਤੇ ਰਿਸ਼ਵਤਖੋਰੀ ਦੇ ਦੋਸ਼ ਲੱਗ ਗਏ। ਰੰਗੇ ਹੱਥੀਂ ਫੜੇ ਜਾਣ ਕਾਰਨ ਉਕਤ ਹੋਈਆਂ ਭਰਤੀਆਂ ਰੱਦ ਕਰ ਦਿੱਤੀਆਂ ਗਈਆਂ। ਇੱਥੋਂ ਤਕ ਕਿ ਗਲਤ ਤਰੀਕੇ ਭਰਤੀ ਹੋ ਕੇ ਆਏ ਪੀ.ਸੀ.ਐੱਸ. ਅਫਸਰਾਂ ਉੱਤੇ ਵੀ ਕੇਸ ਬਣ ਗਏ। ਮੈਂ ਰੱਬ ਦਾ ਸ਼ੁਕਰ ਕੀਤਾ ਅਤੇ ਭਰਾਵਾਂ ਨੇ ਵੀ, ਜੋ ਸੋਚੀ ਬੈਠੇ ਸਨ ਕਿ ਪੈਸੇ ਦੇ ਕੇ ਭਰਾ ਨੂੰ ਪੀ.ਸੀ.ਐੱਸ. ਬਣਾ ਦੇਈਏ। ਮੈਂ ਆਖਰੀ ਇੱਕ ਹੋਰ ਮੌਕੇ ਲਈ, ਅਪਲਾਈ ਕਰ ਦਿੱਤਾ।

ਸਮੇਂ ਨੇ ਇੱਕ ਜ਼ਬਰਦਸਤ ਮੋੜ ਲਿਆ। ਇਹ ਤੈਅ ਹੋ ਗਿਆ ਕਿ ਮੁੜ ਤੋਂ ਇੰਟਰਵਿਊ ਲਈਆਂ ਜਾਣ। ਇਸ ਤਰ੍ਹਾਂ ਮੇਰੀਆਂ ਵੱਖ-ਵੱਖ ਗਰੁੱਪ/ਬੈਚ ਦੀਆਂ ਤਿੰਨ ਇੰਟਰਵਿਊ ਆ ਗਈਆਂ। ਪ੍ਰੰਤੂ ਮੇਰੀ ਇੱਕ ਹੀ ਇੰਟਰਵਿਊ ਲੈ ਕੇ ਉਹ ਅੰਕ ਤਿੰਨਾਂ ਵਿੱਚ ਫਿੱਟ ਕਰ ਦਿੱਤੇ ਜਾਣੇ ਸਨ।

ਇਹ ਇੰਟਰਵਿਊ ਵੱਖਰੇ ਅੰਦਾਜ਼ ਵਿੱਚ ਹੋਈਆਂ। ਹਰੇਕ ਉਮੀਦਵਾਰ ਦਾ ਮੁਲਾਂਕਣ ਦਸ ਮੈਂਬਰਾਂ ਵੱਲੋਂ ਕੀਤਾ ਜਾਂਦਾ ਸੀ। 5-5 ਮੈਂਬਰਾਂ ਦੇ ਦੋ ਗਰੁੱਪ ਸਨ। ਮੌਕੇ ’ਤੇ ਹੀ ਮੇਜ਼ ਉੱਤੇ ਪਏ ਬਰਤਨ ਵਿੱਚ ਪਈਆਂ ਪਰਚੀਆਂ ਵਿੱਚੋਂ ਇੱਕ ਚੁੱਕੀ ਜਾਂਦੀ ਸੀ। ਉਸ ਉੱਤੇ ਲਿਖੇ ਮਜਮੂਨ ਉੱਤੇ ਲੇਖ ਲਿਖਣਾ ਸੀ। ਇਸ ਲੇਖ ਦੇ ਇੱਕ ਗਰੁੱਪ ਮੈਂਬਰਾਂ ਵੱਲੋਂ ਅੰਕ ਲਾਏ ਜਾਂਦੇ ਸਨ। ਇਸਦੇ 15 ਅੰਕ ਸਨ। ਦੂਜੇ ਗਰੁੱਪ ਦੇ ਪੰਜ ਮੈਂਬਰਾਂ ਵੱਲੋਂ ਸਵਾਲ ਪੁੱਛੇ ਜਾਂਦੇ ਸਨ। ਇਹ ਇੰਟਰਵਿਊ ਵੀ ਹਰੇਕ ਉਮੀਦਵਾਰ ਦੀ ਲਗਭਗ 35-40 ਮਿੰਟ ਦੀ ਸੀ। ਇਸਦੇ ਵੀ 15 ਅੰਕ ਸਨ। ਇਸ ਤਰ੍ਹਾਂ 10 ਮੈਂਬਰਾਂ ਵੱਲੋਂ 30 ਅੰਕਾਂ ਵਿੱਚੋਂ ਅੰਕ ਦਿੱਤੇ ਜਾਂਦੇ ਸਨ। ਇਹ ਤਰੀਕਾ ਸਾਨੂੰ ਬਹੁਤ ਚੰਗਾ ਲੱਗਾ ਅਤੇ ਆਸ ਬੱਝ ਗਈ ਕਿ ਸਹੀ ਚੋਣ ਹੋਵੇਗੀ। ਮੇਰੀ ਵੀ ਇੰਟਰਵਿਊ ਹੋ ਗਈ। ਮੇਰੀ ਸੰਸਥਾ ਦੇ ਬਾਕੀ ਵਿਸ਼ਾ ਮਾਹਿਰ ਜਦੋਂ ਇੰਟਰਵਿਊ ਬਾਰੇ ਪੁੱਛਦੇ ਸਨ; ਮੈਂ ਕਹਿੰਦਾ ਸੀ ਸਿਲੈਕਸ਼ਨ ਹੋਵੇ ਨਾ ਹੋਵੇ, ਪਰ ਇੰਟਰਵਿਊ ਦਾ ਤਰੀਕਾ ਵਧੀਆ ਲੱਗਾ।

ਇਸ ਇਮਤਿਹਾਨ ਦੀ ਜੋ ਹੋਰ ਖਾਸ ਗੱਲ ਸੀ, ਉਹ ਇਹ ਸੀ ਕਿ ਜਿਸ ਆਖਰੀ ਦਿਨ ਪੰਜ ਵਜੇ ਦੇ ਕਰੀਬ ਸ਼ਾਮ ਤਕ ਇੰਟਰਵਿਊ ਚੱਲੀ, ਉਸੇ ਦਿਨ ਚੋਣ ਕਮੇਟੀ ਦੇ ਮੈਂਬਰ ਰਾਤ ਦੇਰ ਤਕ ਰਿਜ਼ਲਟ ਕੱਢ ਕੇ, ਨੋਟਿਸ ਬੋਰਡ ’ਤੇ ਚਿਪਕਾ ਕੇ, ਆਪਣੇ ਘਰੋ ਘਰੀ ਗਏ।

ਸਵੇਰੇ ਕਿਸੇ ਵੱਲੋਂ ਮੈਨੂੰ ਦੱਸਿਆ ਗਿਆ ਕਿ ਰਿਜ਼ਲਟ ਆ ਚੁੱਕਾ ਹੈ। ਉਦੋਂ ਅੱਜ ਵਾਂਗ ਮੋਬਾਇਲ ਨਹੀਂ ਸਨ ਕਿ ਸਾਨੂੰ ਘਰੋ ਘਰੀ ਸੁਨੇਹੇ ਪਹੁੰਚ ਜਾਂਦੇ। ਮੈਂ ਆਪਣੇ ਇੱਕ ਅਫਸਰ ਗਰਗ ਸਾਹਿਬ, ਜੋ ਪੀ.ਪੀ.ਐੱਸ.ਸੀ ਦਫਤਰ ਪਟਿਆਲਾ ਦੇ ਨੇੜੇ ਰਹਿੰਦੇ ਸਨ, ਨੂੰ ਰਿਜ਼ਲਟ ਦੇਖ ਕੇ ਦੱਸਣ ਲਈ ਲੈਂਡ ਲਾਈਨ ਫੋਨ ਕੀਤਾ। ਉਨ੍ਹਾਂ ਦਾ ਕਾਫੀ ਚਿਰ ਫੋਨ ਨਾ ਆਇਆ। ਮੇਰੀ ਧੜਕਣ ਤੇਜ਼ ਹੋਈ ਜਾ ਰਹੀ ਸੀ ਕਿਉਂਕਿ ਇਹ ਆਖਰੀ ਮੌਕਾ ਸੀ।

ਕੁਝ ਸਮੇਂ ਬਾਅਦ ਗਰਗ ਸਾਹਿਬ ਦਾ ਫੋਨ ਆਇਆ। ਮੁਬਾਰਕਾਂ ਦੇ ਕੇ ਕਹਿਣ ਲੱਗੇ ਕਿ ਮੇਰੀ ਸਿਲੈਕਸ਼ਨ ਹੋ ਗਈ ਹੈ ਅਤੇ ਲਿਸਟ ਵਿੱਚ ਦੂਜਾ ਨੰਬਰ ਹੈ। ਮੈਂ ਪ੍ਰਮਾਤਮਾ ਦਾ ਸ਼ੁਕਰ ਕੀਤਾ, ਸ਼ੁਕਰ ਇਸ ਗੱਲ ਦਾ ਵੀ ਕੀਤਾ ਕਿ ਭਾਵੇਂ ਲੰਬਾ ਇੰਤਜ਼ਾਰ ਕਰਨਾ ਪਿਆ ਪਰ ਗਲਤ ਤਰੀਕਿਆਂ ਤੋਂ ਵੀ ਬਚਿਆ ਰਹਿ ਗਿਆ।

ਸਕੂਨ ਮਿਲਿਆ, “ਦੇਰ ਆਏ ਪਰ ਦਰੁਸਤ ਆਏ।”

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਡਾ. ਬਲਬੀਰ ਸਿੰਘ ਢੋਲ

ਡਾ. ਬਲਬੀਰ ਸਿੰਘ ਢੋਲ

PCS Retird.
Whatsapp: (91 - 94171 - 53819)
Email: (dholbalbir@gmail.com)