“ਅਚਾਨਕ ਕਿਸੇ ਦਾ ਚੁੱਪ ਹੋ ਜਾਣਾ ਕੋਈ ਗੰਭੀਰ ਸੰਕੇਤ ਵੀ ਹੋ ਸਕਦਾ ਹੈ। ਉਸਦਾ ਕਾਰਨ ...”
(2 ਮਾਰਚ 2026)
ਚੁੱਪ ਦੇ ਵੱਖ ਵੱਖ ਸਥਿਤੀਆਂ ਵਿੱਚ ਵੱਖਰੇ ਵੱਖਰੇ ਅਰਥ ਹੁੰਦੇ ਹਨ। ਸਿੱਧੇ ਤੌਰ ’ਤੇ ਚੁੱਪ ਦਾ ਭਾਵ ਹੈ ਨਾ ਬੋਲਣਾ। ਪਰ ਜੇਕਰ ਸਥਿਤੀਆਂ ਅਨੁਸਾਰ ਵਾਚੀਏ ਤਾਂ ਚੁੱਪ ਕਈ ਵਾਰ ਬਹੁਤ ਕੁਝ ਬਿਆਨ ਕਰ ਜਾਂਦੀ ਹੈ। “ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ” ਭਾਵ ਜਿੱਥੇ ਲਗਦਾ ਹੈ ਕਿ ਬੋਲਣ ਦਾ ਕੋਈ ਲਾਭ ਨਹੀਂ ਜਾਂ ਬੋਲਣ ਨਾਲ ਕੰਮ ਵਿਗੜ ਸਕਦਾ ਹੈ ਤਾਂ ਉੱਥੇ ਚੁੱਪ ਹੀ ਚੰਗੀ ਹੁੰਦੀ ਹੈ। “ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ॥” ਭਾਵ ਲਿਵ ਲਾ ਕੇ ਸਮਾਧੀ ਵਿੱਚ ਬੈਠ ਕੇ ਚੁੱਪ ਰਹਿਣਾ ਵੀ ਬੜਾ ਮੁਸ਼ਕਿਲ ਹੁੰਦਾ ਹੈ। ਵੈਸੇ ਵੀ ਆਦਤ ਅਨੁਸਾਰ ਬੋਲਣ ਵਾਲੇ ਬੰਦੇ ਲਈ ਜੇਕਰ ਚੁੱਪ ਰਹਿਣਾ ਪੈ ਜਾਵੇ ਤਾਂ ਉਸ ਲਈ ਬੜਾ ਮੁਸ਼ਕਿਲ ਹੋ ਜਾਂਦਾ ਹੈ।
ਜਿਨ੍ਹਾਂ ਬੰਦਿਆਂ ਨੂੰ ਦੂਜਿਆਂ ਦੀ ਨਿੰਦਾ ਚੁਗਲੀ ਕਰਕੇ ਅਨੰਦ ਲੈਣ ਦਾ ਭੁਸ ਪੈ ਜਾਂਦਾ ਹੈ, ਚੁੱਪ ਰਹਿ ਕੇ ਉਹਨਾਂ ਦੇ ਢਿੱਡ ਵਿੱਚ ਗੋਲਾ ਬਣ ਜਾਂਦਾ ਹੈ। ਭਾਵ ਉਹ ਹਮੇਸ਼ਾ ਇਸ ਨੂੰ ਬਾਹਰ ਕੱਢਣ ਲਈ ਚੁੱਪ ਤੋੜਨ ਲਈ ਕਾਹਲੇ ਪੈਂਦੇ ਹਨ। ਜੇ ਕੋਈ ਬੰਦਾ ਆਪਣੀ ਦਲੀਲ ਜਾਂ ਰੋਹਬ ਨਾਲ ਦੂਜੇ ਨੂੰ ਗੱਲ ਨਾ ਆਉਣ ਦੇਵੇ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਉਸਨੇ ਦੂਜੇ ਬੰਦੇ ਦੀ ਬੋਲਤੀ ਬੰਦ ਕਰ ਦਿੱਤੀ ਭਾਵ ਉਸ ਨੂੰ ਜਵਾਬ ਨਹੀਂ ਆਇਆ, ਚੁੱਪ ਕਰਵਾ ਦਿੱਤਾ ਹੈ।
ਪਰ ਕਿਸੇ ਸਮਝਦਾਰ ਬੰਦੇ ਦੀ ਚੁੱਪ ਦਾ ਗ਼ਲਤ ਅੰਦਾਜ਼ਾ ਨਹੀਂ ਲਾ ਲੈਣਾ ਚਾਹੀਦਾ ਕਿ ਉਹ ਕਮਜ਼ੋਰ ਜਾਂ ਡਰਾਕਲ ਹੈ। ਹੋ ਸਕਦਾ ਹੈ ਉਸਦੀ ਚੁੱਪ ਇਹ ਸੰਕੇਤ ਕਰ ਰਹੀ ਹੋਵੇ ਕਿ ‘ਪੜਿ ਅਖਰੁ ਇਹੋ ਬੁਝੀਐ॥ ਮੂਰਖੈ ਨਾਲਿ ਨ ਲੁਝੀਐ॥’ ਸ਼ਾਇਦ ਸਿਆਣਾ ਬੰਦਾ ਦੂਜੇ ਬੰਦੇ ਤੋਂ ਕੰਨੀ ਕਤਰਾ ਰਿਹਾ ਹੋਵੇ, ਤਾਂਹੀਓਂ ਚੁੱਪ ਵੱਟੀ ਹੋਵੇ। ਕਈ ਵੱਡਿਆਂ ਅੱਗੇ ਸਤਿਕਾਰ ਵਜੋਂ ਵੀ ਚੁੱਪ ਰਹਿੰਦੇ ਹਨ, ਜ਼ਰੂਰੀ ਨਹੀਂ ਹਮੇਸ਼ਾ ਉਹਨਾਂ ਦੀ ਦਲੀਲ ਜਾ ਤਾੜਨਾ ਸਹੀ ਹੋਵੇ।
ਕੁਝ ਲੋਕ ਆਪਣੀ ਚੁੱਪ ਵਿੱਚ ਵੀ ਬਹੁਤ ਕੁਝ ਕਹਿ ਜਾਂਦੇ ਹਨ ਕਿਉਂਕਿ ਬੋਲਣ ਤੋਂ ਇਲਾਵਾ ਬੰਦੇ ਦੇ ਸਰੀਰਕ ਹਾਵ-ਭਾਵ ਵੀ ਬਹੁਤ ਕੁਝ ਕਹਿ ਜਾਂਦੇ ਹਨ। ਇੱਥੋਂ ਤਕ ਕਿ ਕਈ ਲੋਕਾਂ ਦੀ ਚੁੱਪ ਦਾ ਡਰ ਇਸ ਤਰ੍ਹਾਂ ਦਾ ਪ੍ਰਭਾਵ ਦਿੰਦੀ ਹੈ ਜਿਵੇਂ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਜਾਂ ਸੰਨਾਟਾ। ਆਪਣੇ ਜਾਣਨ ਵਾਲੇ ਬੰਦਿਆਂ ਜਾਂ ਪਰਿਵਾਰਕ ਮੈਂਬਰਾਂ ਬਾਰੇ ਅਕਸਰ ਅਸੀਂ ਜਾਣਦੇ ਹਾਂ ਕਿ ਕਈ ਵਾਰ ਬੰਦੇ ਦਾ ਗੁੱਸਾ ਚੁੱਪ ਰਾਹੀਂ ਸੰਕੇਤ ਕਰਦਾ ਹੈ। ਪ੍ਰਤੀਕਿਰਿਆ ਨਾ ਦੇ ਕੇ ਬੰਦਾ ਚੁੱਪ ਹੋ ਜਾਂਦਾ ਹੈ ਤਾਂ ਵੀ ਉਸ ਤੋਂ ਡਰ ਲੱਗਣ ਲੱਗ ਪੈਂਦਾ ਹੈ। ਕਈ ਵਾਰ ਇਹ ਚੁੱਪ ਜਵਾਲਾ ਮੁਖੀ ਵਾਂਗ ਫਟ ਵੀ ਜਾਂਦੀ ਹੈ। ਅਕਸਰ ਹੀ ਇੱਕ ਦੂਜੇ ਨਾਲ ਚੁੱਪ ਵੱਟੀ ਹੋਣ ਦਾ ਭਾਵ ਉਹਨਾਂ ਦਾ ਸਿਰੇ ਦਾ ਗਿਲਾ, ਗੁੱਸਾ ਜਾਂ ਵਿਰੋਧ ਵੀ ਹੋ ਸਕਦਾ ਹੈ ਜੋ ਉਦੋਂ ਤਕ ਨਹੀਂ ਘਟਦਾ ਜਦੋਂ ਤਕ ਚੁੱਪ ਨਾ ਟੁੱਟ ਜਾਵੇ ਭਾਵ ਆਪਸੀ ਗੱਲਬਾਤ ਨਾ ਹੋ ਜਾਵੇ। ਅਜਿਹੀ ਸਥਿਤੀ ਵਿੱਚ ਗੱਲਬਾਤ ਕਰ ਲੈਣੀ ਚਾਹੀਦੀ ਹੈ।
ਆਦਤ ਅਨੁਸਾਰ ਵੀ ਕਈ ਬੰਦੇ ਚੁੱਪ ਰਹਿੰਦੇ ਹਨ। ਇਸ ਚੁੱਪ ਨੂੰ ਕਿਸੇ ਤਰ੍ਹਾਂ ਵੀ ਗ਼ਲਤ ਨਹੀਂ ਲਿਆ ਜਾ ਸਕਦਾ। ਪਰ ਹਾਂ, ਜੇਕਰ ਚੁੱਪ ਦਾ ਕਰਨ ਥੋੜ੍ਹੇ ਚਿਰ ਦੀ ਸੋਚ ਹੈ, ਉਸ ਨੂੰ ਵੀ ਸਹਿਜੇ ਲਿਆ ਜਾ ਸਕਦਾ ਹੈ। ਜੇਕਰ ਚੁੱਪ ਆਦਤ ਨਾ ਹੋਵੇ ਪਰ ਲੰਬੀ ਹੋ ਜਾਵੇ ਤਾਂ ਉਸ ਵਿਅਕਤੀ ਨੂੰ ਆਪ ਅਤੇ ਨਜ਼ਦੀਕੀਆਂ ਨੂੰ ਸੋਚਣਾ ਬਣਦਾ ਹੈ।
ਕੁਝ ਵੀ ਹੋਵੇ, ਕਿਸੇ ਦੇ ਚੁੱਪ ਹੋਣ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਤਾਂਹੀਓਂ ਤਾਂ ਇਹ ਗਾਣਾ ਬਹੁਤ ਮਸ਼ਹੂਰ ਹੋਇਆ ਸੀ, “ਚੁੱਪ-ਚਾਪ ਖੜ੍ਹੇ ਹੋ, ਜ਼ਰੂਰ ਕੋਈ ਬਾਤ ਹੈ।” ਹਾਂ, ਅਚਾਨਕ ਕਿਸੇ ਦਾ ਚੁੱਪ ਹੋ ਜਾਣਾ ਕੋਈ ਗੰਭੀਰ ਸੰਕੇਤ ਵੀ ਹੋ ਸਕਦਾ ਹੈ। ਉਸਦਾ ਕਾਰਨ ਮਾਨਸਿਕ ਤਣਾਅ ਵੀ ਹੋ ਸਕਦਾ ਹੈ, ਜੋ ਘਾਤਕ ਸਿੱਧ ਹੋ ਸਕਦਾ ਹੈ। ਇਸ ਲਈ ਅਜਿਹੇ ਕੇਸਾਂ ਵਿੱਚ ਆਪਣੇ ਜਾਣਨ ਵਾਲਿਆਂ, ਪਰਿਵਾਰਿਕ ਮੈਂਬਰਾਂ, ਮਿੱਤਰਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਹ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਇਸ ਸਮੱਸਿਆ ਦੇ ਹੱਲ ਅਤੇ ਮਨੋਵਿਗਿਆਨਕ ਇਲਾਜ ਲਈ ਸਾਨੂੰ ਮਦਦ ਕਰਨੀ ਚਾਹੀਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (