“ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣਾ ਅਤੇ ਐਂਟੀ ਡਰੱਗ ਟੀਮ ਦਾ ਸਰਗਰਮ ਮੈਂਬਰ ਹੋਣਾ ...”
(19 ਅਕਤੂਬਰ 2026)

ਪਿਛਲੇ ਕੁਝ ਦਿਨਾਂ ਤੋਂ ਇੰਝ ਲੱਗ ਰਿਹਾ ਹੈ ਜਿਵੇਂ ਪੰਜਾਬ ਦੀ ਆਬੋ ਹਵਾ ਨੂੰ ਜਿਵੇਂ ਕੋਈ ਨਜ਼ਰ ਲੱਗ ਗਈ ਹੋਵੇ। ਕੈਂਡਲ ਮਾਰਚ, ਰੋਸ ਮਾਰਚ, ਧਰਨਾ ਪ੍ਰਦਰਸ਼ਨ ਅਤੇ ਨੌਜਵਾਨਾਂ ਦੀਆਂ ਲਾਸ਼ਾਂ ’ਤੇ ਅੱਥਰੂ ਵਹਾਉਣ ਤੋਂ ਬਿਨਾਂ ਹੋਰ ਕੁਝ ਪੰਜਾਬ ਦੇ ਪੱਲੇ ਨਹੀਂ ਪੈ ਰਿਹਾ। ਨੌਜਵਾਨ ਨਸ਼ੇ ਨਾਲ ਮਰ ਰਹੇ ਹਨ। ਜਿਹੜੇ ਨਸ਼ੇ ਤੋਂ ਬਚੇ ਹੋਏ ਹਨ, ਨਸ਼ਿਆਂ ਦੇ ਵਪਾਰੀ ਉਨ੍ਹਾਂ ਦੇ ਪਿੱਛੇ ਪਏ ਹੋਏ ਹਨ। ਇਸ ਤੋਂ ਵੀ ਬੁਰੀ ਖਬਰ ਮਾਨਸਾ ਤੋਂ ਆਈ ਹੈ ਜਿੱਥੇ ਨਸ਼ਿਆਂ ਖਿਲਾਫ ਲੜ ਰਹੇ ਐਂਟੀ ਡਰੱਗ ਐਕਟਿਵਿਸਟ ਪਰਵਿੰਦਰ ਸਿੰਘ ਝੋਟਾ ਦਾ ਦਵਾਈਆਂ ਦੀ ਦੁਕਾਨ ਦੇ ਮਾਲਕ ਨੇ ਗੋਲੀਆਂ ਮਾਰ ਕਤਲ ਕਰ ਦਿੱਤਾ। ਪੰਜਾਬ ਵਿੱਚ ਸ਼ਰੇਆਮ ਵਿਕ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾ ਚੁੱਕਣ ਵਾਲਾ ਝੋਟਾ ਲਗਾਤਾਰ ਸਰਗਰਮ ਸੀ ਤੇ ਹਰ ਤਰੀਕੇ ਨਾਲ ਨਸ਼ਿਆਂ ਦੇ ਖਿਲਾਫ ਅਵਾਜ਼ ਉਠਾ ਰਿਹਾ ਸੀ। ਨਸ਼ਿਆਂ ਦੇ ਕਾਰੋਬਾਰ ਨੂੰ ਪੁਲਿਸ ਪ੍ਰਸ਼ਾਸਨ ਨੇ ਅਣਦੇਖਿਆ ਕੀਤਾ ਅਤੇ ਨਸ਼ੇ ਦੇ ਸ਼ਰੇਆਮ ਵਿਕਣ ਨੂੰ ਖੁੱਲ੍ਹ ਦਿੱਤੀ ਹੋਈ ਸੀ। ਪਰਵਿੰਦਰ ਸਿੰਘ ਦੀ ਨਸ਼ਾ ਵਿਰੋਧੀ ਇੱਕ ਟੀਮ ਬਣੀ ਹੋਈ ਹੈ ਜਿਸਨੇ ਬਹੁਤ ਸਾਰੇ ਨਸ਼ਾ ਤਸਕਰਾਂ ਦੇ ਪਰਦੇ ਉਠਾ ਦਿੱਤੇ ਹਨ। ਨਸ਼ਾ ਵਿਕਰੇਤਾ ਅਤੇ ਪ੍ਰਸ਼ਾਸਨ ਬਹੁਤ ਪਰੇਸ਼ਾਨ ਸਨ। ਇਸਦੇ ਚਲਦਿਆਂ ਨਸ਼ਾ ਤਸਕਰ ਨੇ ਝੋਟੇ ’ਤੇ ਗੋਲੀ ਚਲਾਉਣ ਦਾ ਫੈਸਲਾ ਕੀਤਾ ਤੇ ਮਾਰ ਮੁਕਾਇਆ।
ਮੈਡੀਕਲ ਸਟੋਰ ਦੇ ਮਾਲਿਕ ਨੇ ਝੋਟੇ ’ਤੇ ਗੋਲੀਆਂ ਚਲਾ ਕੇ ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਜ਼ਰੂਰ ਕੀਤੇ ਹਨ ਪਰ ਇਹ ਗੋਲੀ ਚਲਾਉਣ ਨਾਲ ਇੱਕ ਪਰਵਿੰਦਰ ਸਿੰਘ ਨਹੀਂ ਮੁੱਕਿਆ, ਹਜ਼ਾਰਾਂ ਪਰਵਿੰਦਰ ਸਿੰਘਾਂ ਨੂੰ ਕੁਰਬਾਨੀ ਦਾ ਰਾਹ ਦਿਖਾ ਗਿਆ ਹੈ। ਹਰ ਨੌਜਵਾਨ ਤਿਆਰ ਹੈ ਰਵਿੰਦਰ ਸਿੰਘ ਦੇ ਨਕਸ਼ੇ ਕਦਮਾਂ ’ਤੇ ਚੱਲਣ ਲਈ। ਪਰਵਿੰਦਰ ਸਿੰਘ ਦੀ ਰੱਤ ਵਿੱਚੋਂ ਜਨਮੇ ਸੰਘਰਸ਼ ਨੂੰ ਰੋਕਣਾ ਹੁਣ ਕੋਈ ਖਾਲਾ ਜੀ ਦਾ ਵਾੜਾ ਨਹੀਂ। ਅੱਜ ਹਜ਼ਾਰਾਂ ਲੋਕ ਸੜਕਾਂ ’ਤੇ ਹਨ। ਲੋਕਾਂ ਦੇ ਰੋਹ ਤੋਂ ਪਤਾ ਲਗਦਾ ਹੈ ਕਿ ਵਾਕਿਆ ਹੀ ਕੋਈ ਲੋਕਾਂ ਲਈ ਕਤਲ ਹੋਇਆ ਹੈ। ਬਹੁਤ ਸੇਂ ਤੋਂ ਪਰਵਿੰਦਰ ਸਿੰਘ ਝੋਟਾ ਨਸ਼ੇ ਦੇ ਕਾਰੋਬਾਰ ਦੇ ਖਿਲਾਫ ਲੜ ਰਿਹਾ ਸੀ। ਉਹ ਸਿਰਫ ਲੜ ਹੀ ਨਹੀਂ ਸੀ ਰਿਹਾ, ਸਗੋਂ ਪੂਰੀ ਪੱਤਰੀ ਵੀ ਖੋਲ੍ਹ ਰਿਹਾ ਸੀ ਕਿ ਨਸ਼ੇ ਦੇ ਕਾਰੋਬਾਰ ਵਿੱਚ ਕੌਣ ਕੌਣ, ਕੀ ਕੀ ਕਰ ਰਿਹਾ ਹੈ। ਹਰ ਰੋਜ਼ ਕਿਸੇ ਨਾ ਕਿਸੇ ਨਸ਼ੇ ਦੇ ਧੰਦੇ ਦੇ ਕਾਰੋਬਾਰੀ ਦਾ ਪੋਲ ਖੁੱਲ੍ਹ ਰਿਹਾ ਸੀ ਜਿਸ ਤੋਂ ਇਹ ਤਸਕਰ ਬੁਰੀ ਤਰ੍ਹਾਂ ਬੁਖਲਾਏ ਹੋਏ ਸਨ। ਨਸ਼ਾ ਖਰੀਦਣ ਵਾਲੇ ਵੀ ਸ਼ਰੇਆਮ ਦੱਸ ਦਿੰਦੇ ਹਨ ਕਿ ਉਹ ਕਿਸ ਦੁਕਾਨ ਤੋਂ ਨਸ਼ਾ ਲੈ ਕੇ ਆਏ ਹਨ। ਕਈ ਤਾਂ ਸ਼ਰਤ ਲਾਉਂਦੇ ਹਨ ਕਿ ਪੀਜ਼ੇ-ਬਰਗਰ ਦੀ ਡਲਿਵਰੀ ਲੇਟ ਹੋ ਸਕਦੀ ਹੈ ਪਰ ਨਸ਼ੇ ਦੀ ਸਪਲਾਈ ਸਿਰਫ ਦੋ ਮਿੰਟ ਵਿੱਚ ਉਪਲਬਧ ਹੈ। ਪ੍ਰਸ਼ਾਸਨ ਸਿਰਫ ਹਵਾ ਵਿੱਚ ਗੱਲਾਂ ਕਰ ਰਿਹਾ ਹੈ। ਜਿਸ ਸਮੇਂ ਪਰਵਿੰਦਰ ਸਿੰਘ ਨੂੰ ਗੋਲੀ ਲੱਗੀ ਹੈ, ਉਸ ਸਮੇਂ ਦੀ ਵੀਡੀਓ ਵੀ ਵਾਇਰਲ ਹੋਈ ਹੈ ਜਿਸ ਵਿੱਚ ਡੀ ਐੱਸ ਪੀ ਨੂੰ ਫੋਨ ਕਰਨ ਦੀ ਗੱਲ ਕਰ ਰਿਹਾ ਹੈ। ਪ੍ਰਸ਼ਾਸਨ ਸਬੂਤ ਖਤਮ ਕਰਨ ’ਤੇ ਜ਼ੋਰ ਲਾ ਰਿਹਾ ਹੈ। ਪ੍ਰਸ਼ਾਸਨ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਹਨ, ਉਨ੍ਹਾਂ ਨੂੰ ਡਲੀਟ ਕਰਵਾਉਣ ਵਿੱਚ ਰੁੱਝਿਆ ਹੋਇਆ ਹੈ। ਜਿਹੜੇ ਲੋਕ ਝੋਟੇ ਦੇ ਸਮਰਥਨ ਵਿੱਚ ਇਕੱਠੇ ਹੋ ਰਹੇ ਹਨ, ਉਨ੍ਹਾਂ ਦੇ ਫੋਨ ਖੋਹ ਕੇ ਉਨ੍ਹਾਂ ਨੂੰ ਇਕੱਠੇ ਹੋਣ ਤੋਂ ਰੋਕਿਆ ਜਾ ਰਿਹਾ ਹੈ; ਰਸਤੇ ਬੰਦ ਕੀਤੇ ਜਾ ਰਹੇ ਹਨ।
ਪਰਵਿੰਦਰ ਸਿਮਘ ਝੋਟੇ ਦੀ ਸ਼ਹਾਦਤ ਬਹਾਦਰਾਂ ਵਾਲੀ ਸ਼ਹਾਦਤ ਹੈ। ਨਕਾਬਪੋਸ਼ਾਂ ਨੂੰ ਨੰਗੇ ਕਰਨ ਲਈ ਕਿਸੇ ਵੱਡੇ ਸੂਰਮੇ ਦੀ ਲੋੜ ਸੀ। ਖੁੱਲ੍ਹੇਆਮ ਨਸ਼ਾ ਵੇਚਣਾ ਅਤੇ ਅਸਲਾ ਰੱਖਣਾ, ਇਹ ਕਿਸੇ ਆਮ ਆਦਮੀ ਦਾ ਕੰਮ ਨਹੀਂ। ਇਹ ਕੰਮ ਕਿਸੇ ਵੱਡੇ ਸਰਪ੍ਰਸ਼ਤ ਦੀ ਸ਼ਹਿ ਤੋਂ ਬਿਨਾਂ ਹੋ ਹੀ ਸਕਦਾ। ਸੰਭਵ ਹੈ ਹੁਣ ਕਈ ਵੱਡੇ ਮਗਰਮੱਛ ਗੰਦੇ ਨਾਲੇ ਵਿੱਚੋਂ ਬਾਹਰ ਆ ਜਾਣ, ਕਈ ਵੱਡੇ ਨਾਂ ਜੱਗ ਜ਼ਾਹਿਰ ਹੋ ਜਾਣ। ਇਹ ਸੁਣਨ ਵਿੱਚ ਆ ਰਿਹਾ ਹੈ ਕਿ ਮੈਡੀਕਲ ਸਟੋਰ ਦੇ ਮਾਲਿਕ ਨੇ ਗੋਲੀ ਚਲਾਉਣ ਤੋਂ ਪਹਿਲਾਂ ਕਿਸੇ ਨਾਲ ਫੋਨ ’ਤੇ ਗੱਲ ਕੀਤੀ ਤੇ ਫਿਰ ਪਰਵਿੰਦਰ ਸਿੰਘ ’ਤੇ ਗੋਲੀਆਂ ਵਰ੍ਹਾ ਦਿੱਤੀਆਂ। ਪਰਵਿੰਦਰ ਸਿੰਘ ਜ਼ਖਮੀ ਹੋ ਗਿਆ ਅਤੇ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਨਸ਼ੇ ਦੇ ਕਾਰੋਬਾਰ ਨੂੰ ਬੰਦ ਕਰਾਉਣ ਪਈ ਆਪਣੀ ਜਾਨ ਵਾਰ ਗਿਆ।
ਪਰਵਿੰਦਰ ਸਿੰਘ ਦਾ ਝੋਟਾ ਨਾਮ ਆਮ ਲੋਕਾਂ ਦੀ ਬੋਲ ਬਾਣੀ ਵਿੱਚੋਂ ਪਿਆ ਹੈ। ਪਰਵਿੰਦਰ ਪੜ੍ਹਿਆ ਲਿਖਿਆ ਚੋਟੀ ਦਾ ਖਿਡਾਰੀ, ਗੋਲਡ ਮੈਡਲਿਸਟ ਅਤੇ ਤਕੜੇ ਸਰੀਰ ਦਾ ਹੋਣ ਕਰਕੇ ਉਸਦਾ ਨਾਂ ਝੋਟਾ ਪਿਆ। ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣਾ ਅਤੇ ਐਂਟੀ ਡਰੱਗ ਟੀਮ ਦਾ ਸਰਗਰਮ ਮੈਂਬਰ ਹੋਣਾ ਉਸਦੇ ਨਾਂ ਨੂੰ ਹੋਰ ਵੀ ਵੱਡਾ ਕਰ ਦਿੰਦਾ ਹੈ। ਪੰਜਾਬ ਨੂੰ ਪਰਵਿੰਦਰ ਸਿੰਘ ਦੇ ਤੁਰ ਜਾਣ ’ਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਪਰਵਿੰਦਰ ਸਿੰਘ ਝੋਟਾ ਲੋਕਾਂ ਦੇ ਬੱਚਿਆਂ ਲਈ ਨਸ਼ਿਆਂ ਖਿਲਾਫ ਲੜਦਾ ਹੋਇਆ ਆਪਣੇ ਬੱਚਿਆਂ ਨੂੰ ਅਨਾਥ ਕਰ ਗਿਆ। ਪਰਵਿੰਦਰ ਸਿੰਘ ਦੀ ਇਹ ਸ਼ਹਾਦਤ ਅਜਾਈਂ ਨਹੀਂ ਜਾਵੇਗੀ। ਉਸਦੀ ਰੱਤ ਵਿੱਚੋਂ ਜਨਮਿਆ ਨਸ਼ਿਆਂ ਵਿਰੁੱਧ ਇਹ ਸੰਘਰਸ਼ ਜ਼ਰੂਰ ਵੱਡਾ ਬਦਲਾਵ ਲੈ ਕੇ ਆਵੇਗਾ। ਨਸ਼ਿਆਂ ਦੇ ਕਾਰੋਬਾਰ ਖਿਲਾਫ ਪਰਵਿੰਦਰ ਸਿੰਘ ਦੇ ਵਿੱਡੇ ਸੰਘਰਸ਼ ਨੂੰ ਪੰਜਾਬ ਦੇ ਲੋਕ ਜਾਰੀ ਰੱਖਣਗੇ।
ਵਿਛੜੀ ਰੂਹ ਅਤੇ ਪੰਜਾਬ ਦੇ ਲੋਕਾਂ ਲਈ ਅਰਦਾਸ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































