“ਸਲਾਮ ਹੈ ਸਮਾਜਸੇਵੀ ਸੰਸਥਾਵਾਂ ਨੂੰ, ਅੱਗੇ ਆ ਕੇ ਕੰਮ ਕਰਨ ਵਾਲੇ ਨੌਜਵਾਨਾਂ ਨੂੰ, ਜਿਨ੍ਹਾਂ ਨੇ ...”
(3 ਸਤੰਬਰ 2025)
ਪਿਛਲੇ ਕੁਝ ਦਿਨਾਂ ਤੋਂ ਹੜ੍ਹਾਂ ਨੇ ਪੰਜਾਬ ਨੂੰ ਚਾਰੇ ਪਾਸਿਓਂ ਘੇਰ ਰੱਖਿਆ ਹੈ। ਪਾਣੀ ਨੇ ਲੋਕਾਂ ਦਾ ਤਰਾਹ ਕੱਢ ਛੱਡਿਆ ਹੈ। ਜੀਵ ਜੰਤੂ ਅਤੇ ਪਸ਼ੂਆਂ ਦਾ ਬੁਰਾ ਹਾਲ ਹੈ। ਪੰਜਾਬ ਦੇ ਅੱਠ ਜ਼ਿਲ੍ਹੇ ਤਾਂ ਇੰਨੇ ਪ੍ਰਭਾਵਿਤ ਹਨ ਕਿ ਪਸ਼ੂ, ਪਰਿੰਦੇ ਤੇ ਇਨਸਾਨੀ ਜ਼ਿੰਦਗੀ ਨੂੰ ਲਾਲੇ ਪੈ ਗਏ ਹਨ। ਪੰਜਾਬ ਦੇ ਤਿੰਨਾਂ ਦਰਿਆਵਾਂ ਦਾ ਪਾਣੀ ਅਚਾਨਕ ਇੰਨਾ ਵਧ ਗਿਆ ਕਿ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ ਲੋਕਾਂ ਨੂੰ। ਰਾਤ ਦੇ ਸਮੇਂ ਅਚਾਨਕ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ ਕਿ ਸ਼ਾਂਤਮਈ ਚਲਦੀ ਜ਼ਿੰਦਗੀ ਵਿੱਚ ਇੱਕਦਮ ਉਫ਼ਾਨ ਆ ਜਾਂਦਾ ਹੈ।
ਬਹੁਤੇ ਲੋਕਾਂ ਨੂੰ ਤਾਂ ਰੋਜ਼ਮੱਰਾ ਦਾ ਚੜ੍ਹਦਾ ਦਿਨ ਦੇਖਣਾ ਵੀ ਨਸੀਬ ਨਹੀਂ ਹੋਇਆ ਕਿ ਸੱਤ ਫੁੱਟ ਦੀ ਸਤਹ ਦਾ ਪਾਣੀ ਚਾਰੇ ਪਾਸੇ ਹਨੇਰਾ ਪਾ ਦਿੰਦਾ ਹੈ। ਕਦੇ ਪਸ਼ੂਆਂ ਵੱਲ, ਕਦੇ ਖੇਤਾਂ ਵੱਲੇ ਤੇ ਕਦੇ ਟੱਬਰ ਵੱਲ ਨੂੰ ਭਾਜੜਾਂ ਪੈ ਜਾਂਦੀਆਂ ਹਨ। ਇਨ੍ਹਾਂ ਭਾਜੜਾਂ ਵਿੱਚੋਂ ਸੰਭਲਦੇ ਸੰਭਲਦੇ ਚਾਰੇ ਪਾਸੇ ਜਲਥਲ ਹੋ ਜਾਂਦਾ ਹੈ। ਰਾਵੀ, ਸਤਲੁਜ, ਬਿਆਸ ਦੇ ਕੰਢੇ ਵਸੇ ਸਾਰੇ ਪਿੰਡ ਨੂੰ ਪਾਣੀ ਨੇ ਆਪਣੀ ਗੋਦ ਵਿੱਚ ਸਮਾ ਲਿਆ ਹੈ। ਬਾਰਿਸ਼ ਰੁਕਣ ਦਾ ਨਾਂ ਨਹੀਂ ਲੈ ਰਹੀ ਤੇ ਡੈਮਾਂ ਵਿੱਚ ਪਾਣੀ ਦੇ ਵਾਧੇ ਕਾਰਨ ਹਾਲੇ ਖ਼ਤਰਾ ਹੋਰ ਵੀ ਡਰਾ ਰਿਹਾ ਹੈ। ਪਾਣੀ ਨਾਲ ਹਜ਼ਾਰਾਂ ਪਸ਼ੂ ਰੁੜ੍ਹ ਗਏ ਹਨ। ਫ਼ਸਲਾਂ ਤਾਂ ਤਬਾਹ ਹੋ ਗਈਆਂ ਹਨ। ਘਰ ਡਿਗ ਗਏ ਹਨ। ਪਾਣੀ ਕਈ ਲੋਕਾਂ ਨੂੰ ਨਾਲ ਹੀ ਵਹਾ ਕੇ ਲੈ ਗਿਆ ਹੈ। ਬਹੁਤੇ ਲੋਕਾਂ ਨੇ ਘਰਾਂ ਦੀਆਂ ਛੱਤਾ ’ਤੇ ਚੜ੍ਹ ਕੇ ਜਾਨ ਬਚਾਈ ਤੇ ਬਹੁਤਿਆਂ ਨੇ ਘਰਾਂ ਤੋਂ ਦੂਰ ਸੁਰੱਖਿਅਤ ਉੱਚੀਆਂ ਥਾਂਵਾਂ ’ਤੇ ਪਹੁੰਚਕੇ ਆਪਣੀ ਜਾਨ ਬਚਾਈ। ਕੁਦਰਤ ਨੇ ਰੱਜ ਕੇ ਲੋਕਾਂ ’ਤੇ ਕਹਿਰ ਢਾਹਿਆ। ਪਾਣੀ ਦਾ ਵਹਾਅ ਇੰਨਾ ਤੇਜ਼ ਅਤੇ ਖ਼ਤਰਨਾਕ ਰੂਪ ਧਾਰ ਚੁੱਕਿਆ ਸੀ ਕਿ ਰਾਵੀ ਦਰਿਆ ਦੇ ਫਲੱਡ ਗੇਟ ਹੀ ਵਹਾ ਕੇ ਲੈ ਗਿਆ।
ਭਾਵੇਂ ਇਸ ਦੁਖਦ ਘੜੀ ਨੇ ਕੁਝ ਸਮੇਂ ਲਈ ਸਭ ਕੁਝ ਰੋਕ ਦਿੱਤਾ ਤੇ ਸੁੱਤੇ ਪਏ ਲੋਕਾਂ ਨੂੰ ਦੱਬ ਲਿਆ, ਜਿਉਂ ਹੀ ਪ੍ਰਭਾਤ ਦਾ ਸਮਾਂ ਹੁੰਦਾ, ਪੰਜਾਬੀਆਂ ਨੂੰ ਸੰਭਲਣ ਦਾ ਸਮਾਂ ਮਿਲਦਾ, ਫਿਰ ਅਰਦਾਸਾਂ, ਹਿੰਮਤ ਅਤੇ ਹੌਸਲੇ ਦਾ ਬੋਲਬਾਲਾ ਸ਼ੁਰੂ ਹੁੰਦਾ। ਭਾਵੇਂ ਮਾਝੇ ਵੱਲ ਗਲ ਗਲ ਪਾਣੀ ਹੀ ਕਿਉਂ ਨਾ ਹੋਵੇ ਭਾਵੇਂ ਰਾਵੀ ਦਰਿਆ ਨੂੰ ਬੰਨ੍ਹ ਹੀ ਕਿਉਂ ਨਾ ਮਾਰਨਾ ਹੋਵੇ, ਮਾਝਾ, ਦੁਆਬਾ ਤੇ ਮਾਲਵਾ ਬੈਲਟ ਇਕਜੁੱਟ ਹੋ ਜਾਂਦੇ ਹਨ। ਲੋਕ ਪਾਣੀ ਵਿੱਚ ਲੰਗਰ ਛਕਦੇ ਹਨ, ਧਰਤੀ ਦੀ ਹਿੱਕ ਤੇ ਟ੍ਰੈਕਟਰ ਚਲਦੇ ਹਨ। ਟਰਾਲੀਆਂ ਵਿੱਚ ਲੰਗਰ, ਪਾਣੀ ਦੀਆਂ ਬੋਤਲਾਂ, ਦੁੱਧ, ਬਿਸਕੁਟ, ਬ੍ਰੈੱਡ ਪਾਣੀ ਵਿੱਚ ਫਸੇ ਲੋਕਾਂ ਨੂੰ ਦਿੱਤੇ ਜਾਂਦੇ, ਨਾਲ ਹੌਸਲਾ ਵੀ ਦਿੱਤਾ ਜਾਂਦਾ, ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਜਾਂਦੀ। ਭਾਵੇਂ ਅਰਦਾਸ ਸਮੇਂ ਮਨ ਹੌਲਾ ਹੋ ਜਾਂਦਾ, ਅੱਖਾਂ ਵਿੱਚ ਅੱਥਰੂ ਆ ਜਾਂਦੇ, ਪਰ ਅਰਦਾਸ ਚੜ੍ਹਦੀ ਕਲਾ ਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਨੂੰ ਹੌਸਲਾ, ਚੜ੍ਹਦੀ ਕਲਾ ਸਬਰ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਸਿੱਖਾਂ ਨੇ ਹਰ ਸਮੇਂ ਗੁਰੂ ਸਾਹਿਬ ਦੇ ਉਪਦੇਸ਼ ’ਤੇ ਫੁੱਲ ਚੜ੍ਹਾਏ ਹਨ ਤੇ ਪੰਜਾਬ ਦੇ ਔਖੇ ਸਮੇਂ ਹਿਮੰਤ ਹੌਸਲੇ ਤੇ ਸਬਰ ਤੋਂ ਕੰਮ ਲਿਆ ਹੈ। ਔਖੀ ਘੜੀ ਵਿੱਚ ਸਾਰਾ ਪੰਜਾਬ ਇੱਕਜੁੱਟ ਹੋ ਕੇ ਇੱਕ ਦੂਜੇ ਦੀ ਮਦਦ ਲਈ ਅੱਗੇ ਆਇਆ ਹੈ। ਜਿੰਨੀਆਂ ਵੀ ਪੰਜਾਬ ਵਿੱਚ ਸੇਵਾ ਸੰਮਤੀਆਂ ਹਨ, ਜਿੰਨੀਆਂ ਵੀ ਸਮਾਜਸੇਵੀ ਸੰਸਥਾਵਾਂ ਹਨ, ਸਭ ਨੇ ਜੀ ਜਾਨ ਨਾਲ ਇੱਕਮੁੱਠ ਇਕੱਠੇ ਹੋ ਕੇ ਆਪਣੇ ਭਰਾਵਾਂ ਦੀ ਮਦਦ ਕਰ ਰਹੇ ਹਨ।
ਲੋਕ ਕਿਸ਼ਤੀਆ ਰਾਹੀਂ ਪਰਿਵਾਰ ਲਈ ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਤੇ ਇਸ ਤੋਂ ਬਿਨਾਂ ਕਿੰਨੇ ਹੀ ਬੇਜ਼ੁਬਾਨ ਜਾਨਵਰ, ਕੁੱਤੇ ਬਿੱਲੀਆਂ ਦਾ ਵੀ ਸਹਾਰਾ ਬਣੇ ਹਨ ਅਤੇ ਸੁਰੱਖਿਅਤ ਥਾਂਵਾਂ ’ਤੇ ਭੇਜ ਰਹੇ ਹਨ। ਸਾਰੀਆਂ ਸੰਸਥਾਵਾਂ ਧਰਮ, ਰਾਜਨੀਤੀ ਅਤੇ ਜਾਤ ਪਾਤ ਤੋਂ ਉੱਪਰ ਉੱਠ ਇਨਸਾਨੀਅਤ ਲਈ ਸੇਵਾ ਕਰ ਰਹੀਆਂ ਹਨ। ਹਜ਼ਾਰਾਂ ਟ੍ਰੈਕਟਰ ਟਰਾਲੀਆਂ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਨ। ਬਹੁਤੇ ਲੋਕ ਦਵਾਈਆਂ ਅਤੇ ਹੋਰ ਲੰਗਰ ਦੇ ਪ੍ਰਬੰਧ ਵਿੱਚ ਜੁਟੇ ਹੋਏ ਹਨ। ਜਿੱਥੇ ਅਜਿਹੇ ਸਿਰੜੀ ਸੁਭਾਅ ਦੇ ਬੇਪ੍ਰਵਾਹ ਲੋਕ ਵਸਦੇ ਹੋਣ, ਇੱਕ ਦੂਜੇ ਦਾ ਔਖੀ ਘੜੀ ਵਿੱਚ ਹੱਥ ਫੜਦੇ ਹੋਣ, ਉੱਥੇ ਕੁਦਰਤ ਭਾਵੇਂ ਬੇਰੁਖ਼ੀ ਹੀ ਸਹੀ ਪਰ ਅਜਿਹੇ ਨਜ਼ਾਰੇ ਨੂੰ ਮਾਣ ਜ਼ਰੂਰ ਰਹੀ ਹੋਵੇਗੀ। ਹੈਰਾਨ ਹੋਵੇਗੀ ਕੁਦਰਤ ਲੋਕਾਂ ਦੀ ਦ੍ਰਿੜ੍ਹਤਾ ਅਤੇ ਇੱਕਜੁੱਟਤਾ ’ਤੇ ਕਿ ਕਿਵੇਂ ਔਖੇ ਸਮੇਂ ਵਿੱਚ ਭਰਾ ਭਰਾਵਾਂ ਲਈ ਉੱਮੜ ਆਏ ਹਨ। ਇਸ ਸਮੇਂ 1100 ਤੋਂ ਵੱਧ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। ਨੁਕਸਾਨੇ ਗਏ ਇਲਾਕਿਆਂ ਦਾ ਮੰਜ਼ਰ ਬਹੁਤ ਭਿਆਨਕ ਹੈ।
ਹਾਲੇ ਤਕ ਸ਼ੁਕਰ ਦੀ ਗੱਲ ਇਹ ਹੈ ਕਿ ਘੱਗਰ ਸ਼ਾਂਤ ਸੁਭਾਅ ਵਗ ਰਿਹਾ ਹੈ। ਭਾਵੇਂ ਘੱਗਰ ਕਿਨਾਰੇ ਵਸਣ ਵਾਲੇ ਲੋਕ ਮੁਸਤੈਦ ਹੋ ਗਏ ਹੋਣ ਪਰ ਪਾਣੀ ਦਾ ਵਹਾਅ ਦੁੱਧ ਦੇ ਉਬਾਲ਼ ਵਰਗਾ ਹੈ। ਕਿਤੇ ਜ਼ਰਾ ਜਿਹੀ ਵੀ ਉੱਚ ਨੀਚ ਹੋ ਗਈ, ਕੁਦਰਤ ਅੱਗੇ ਕੋਈ ਜ਼ੋਰ ਨਹੀਂ ਚੱਲਦਾ। ਜੇਕਰ ਘੱਗਰ ਸ਼ਾਂਤ ਸੁਭਾਅ ਵਗ ਰਿਹਾ ਹੈ ਤਾਂ ਹੀ ਮਾਝੇ ਦੁਆਬੇ ਨੂੰ ਸੰਭਲਣ ਦਾ ਮੌਕਾ ਮਿਲਿਆ ਤੇ ਸੇਵਾ ਸੰਥਥਾਵਾ ਤੇ ਹੋਰ ਕਿਸਾਨ ਵੀਰ ਮਦਦ ਲਈ ਵੀ ਹੜ੍ਹ ਵਾਂਗ ਹੀ ਰਾਹਤ ਸਮੱਗਰੀ ਲੈ ਕੇ ਆਏ ਤੇ ਆਪਣੇ ਭੈਣਾਂ ਭਾਈਆਂ ਅਤੇ ਬੱਚਿਆਂ ਨੂੰ ਹੌਸਲਾ ਦਿੱਤਾ, ਜਿਸਦੀ ਬਹੁਤ ਜ਼ਰੂਰਤ ਸੀ। ਸਰਕਾਰਾਂ ਅਤੇ ਫ਼ੌਜ ਆਪਣੇ ਆਪਣੇ ਤਰੀਕੇ ਨਾਲ ਭਾਵੇਂ ਕੰਮ ਕਰ ਰਹੇ ਹਨ ਪਰ ਸਲਾਮ ਹੈ ਸਮਾਜਸੇਵੀ ਸੰਸਥਾਵਾਂ ਨੂੰ, ਅੱਗੇ ਆ ਕੇ ਕੰਮ ਕਰਨ ਵਾਲੇ ਨੌਜਵਾਨਾਂ ਨੂੰ, ਜਿਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਅਤੇ ਗਰਾਊਂਡ ਰਪੋਟਿੰਗ ਰਾਹੀਂ ਜਿੱਥੇ ਜਿੱਥੇ ਰਾਹਤ ਕਾਰਜਾਂ ਦੀ ਜ਼ਰੂਰਤ ਸੀ, ਉੱਥੇ ਬੁਲਾਇਆ ਤੇ ਮਦਦ ਕੀਤੀ। ਇੱਕ ਚੇਨ ਬਣਾ ਕੇ ਕੰਮ ਕੀਤਾ।
ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਜਲਦੀ ਮੌਸਮ ਸੁਖਾਵਾਂ ਹੋਵੇ ਤੇ ਜ਼ਿੰਦਗੀ ਦੀ ਰੇਲ ਫਿਰ ਲਾਈਨ ’ਤੇ ਆ ਜਾਵੇ। ਜਿਨ੍ਹਾਂ ਲੋਕਾਂ ਨੇ ਮਦਦ ਲਈ ਹੱਥ ਅੱਗੇ ਵਧਾਇਆ ਅਤੇ ਅਣਥੱਕ ਮਿਹਨਤ ਕੀਤੀ, ਉਨ੍ਹਾਂ ਯੋਧਿਆਂ ਨੂੰ ਇਤਿਹਾਸ ਵਿੱਚ ਯਾਦ ਜ਼ਰੂਰ ਕੀਤਾ ਜਾਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (