PiaraSGurneKalan7“ਕਿੱਥੇ 3 ਲੱਖ, ਕਿੱਥੇ 4 ਲੱਖ ਅਤੇ ਕਿੱਥੇ 40 ਹਜ਼ਾਰ। ਬਹੁਤ ਥੋੜ੍ਹੀ ਦਵਾਈ ...”
(12 ਅਕਤੂਬਰ 2026)


ਅਸੀਂ ਲੁਧਿਆਣੇ ਕਿਸੇ ਨਾਮੀ ਹਸਪਤਾਲ ਵਿੱਚ ਚਲੇ ਗਏ
। ਇੱਕ ਹਜ਼ਾਰ ਰੁਪਇਆ ਡਾਕਟਰ ਦੀ ਮਰੀਜ਼ ਨੂੰ ਦੇਖਣ ਦੀ ਫੀਸ ਸੀ। ਡਾਕਟਰ ਨੇ ਤੁਰੰਤ ਐੱਮ ਆਰ ਆਈ ਕਰਾਉਣ ਲਈ ਕਹਿ ਦਿੱਤਾ। 6300 ਰੁਪਏ ਭਰ ਕੇ ਐੱਮ ਆਰ ਆਈ ਕਰਾ ਲਈ। ਐੱਮ ਆਰ ਆਈ ਕਰਾਉਣ ਤੋਂ ਬਾਅਦ ਡਾਕਟਰ ਨੇ ਅਪਰੇਸ਼ਨ ਲਈ ਕਹਿ ਦਿੱਤਾ। ਖਰਚ ਸਾਢੇ ਤਿੰਨ ਲੱਖ ਰੁਪਏ ਸੀ। ਕੁਝ ਦਿਨਾਂ ਬਾਅਦ ਅਸੀਂ ਕੱਪੜੇ ਬੰਨ੍ਹੇ; ਮੈਂ ਅਤੇ ਮੇਰੀ ਪਤਨੀ ਅਪਰੇਸ਼ਨ ਕਰਾਉਣ ਲਈ ਉਸ ਹਸਪਤਾਲ ਵਿੱਚ ਚੱਲ ਪਏ। ਰਸਤੇ ਵਿੱਚ ਕਈਆਂ ਦੇ ਫੋਨ ਆਏ ਕਿ ਇੱਕ ਵਾਰ ਡਾਕਟਰ ਰਾਜ ਬਹਾਦਰ ਨੂੰ ਜ਼ਰੂਰ ਦਿਖਾਓ; ਜੇ ਉਹਨੇ ਕਹਿ ਦਿੱਤਾ ਕਿ ਅਪਰੇਸ਼ਨ ਕਰਾ ਲਿਓ, ਜੇ ਉਨ੍ਹਾਂ ਨੇ ਨਾ ਕਹਿ ਦਿੱਤਾ ਤਾਂ ਅਪਰੇਸ਼ਨ ਨਹੀਂ ਹੋਣਾ।

ਡਾਕਟਰ ਰਾਜ ਬਹਾਦਰ ਦਾ ਕੋਈ ਸੰਪਰਕ ਨੰਬਰ ਕਿੰਨਾ ਸਮਾਂ ਨਾ ਲੱਭਾ। ਫਿਰ ਕਿਸੇ ਨੇ ਰਾਇ ਦਿੱਤੀ ਕਿ ਮੋਹਾਲੀ ਦੇ ਇੱਕ ਪ੍ਰਸਿੱਧ ਹਸਪਤਾਲ ਵਿਖੇ ਦਿਖਾਓ। ਜਦੋਂ ਉੱਥੇ ਦਿਖਾਇਆ ਤਾਂ ਉੱਥੇ ਵੀ ਡਾਕਟਰ ਨੇ ਅਪਰੇਸ਼ਨ ਕਰਾਉਣ ਲਈ ਕਿਹਾ ਅਤੇ ਖਰਚ ਚਾਰ ਲੱਖ ਦੱਸਿਆ।

ਕਰਦਿਆਂ ਕਰਾਉਂਦਿਆਂ ਰਿਜਨਲ ਸਪਾਈਨ ਇੰਜਰੀ ਸੈਂਟਰ ਮੁਹਾਲੀ ਵਿਖੇ ਅਪਾਇੰਟਮੈਂਟ ਮਿਲ ਗਈ। ਅਸੀਂ ਸਵੇਰੇ 6 ਵਜੇ ਉੱਥੇ ਪਹੁੰਚੇ। ਫੀਸ 50 ਰੁਪਏ ਸੀ। ਮੇਰੇ ਨਾਲ ਮੇਰਾ ਮਿੱਤਰ ਸੰਦੀਪ ਸ਼ਰਮਾ ਸੀ ਜਿਸਨੇ ਇਸੇ ਸੈਂਟਰ ਵਿਖੇ ਡਾਕਟਰ ਰਾਜ ਬਹਾਦਰ ਤੋਂ 2013 ਵਿੱਚ ਰੀੜ੍ਹ ਦੀ ਹੱਡੀ ਦਾ ਅਪਰੇਸ਼ਨ ਕਰਵਾਇਆ ਸੀ। ਉੱਥੇ ਬੜੀ ਸ਼ਾਂਤੀ ਸੀ; ਹਸਪਤਾਲ ਵਾਲਾ ਕੋਈ ਮਾਹੌਲ ਨਹੀਂ ਸੀ।ਸਾਡੇ ਤੋਂ ਪਹਿਲਾਂ 12 ਮਰੀਜ਼ ਪਹੁੰਚ ਚੁੱਕੇ ਸਨ। ਪਰਚੀ ਕਾਊਂਟਰ ਦੇ ਸਾਹਮਣੇ ਇੱਕ ਕਤਾਰ ਵਿੱਚ ਕੋਈ ਆਪਣਾ ਪਰਸ ਰੱਖ ਰਿਹਾ ਸੀ ਅਤੇ ਕੋਈ ਲਿਫਾਫਾ। ਅਸੀਂ ਆਪਣੇ 13ਵੇਂ ਅਤੇ 14ਵੇਂ ਨੰਬਰ ’ਤੇ ਲਿਫਾਫਾ ਰੱਖ ਦਿੱਤਾ। 8: 30 ਵਜੇ ਸਾਡੀ ਪਰਚੀ ਕੱਟੀ ਗਈ। ਕੋਈ ਵੀ ਕਾਹਲ ਨਹੀਂ ਕਰ ਰਿਹਾ ਸੀ। ਹਰ ਇੱਕ ਆਪਣੀ ਵਾਰੀ ਮੁਤਾਬਿਕ ਚੱਲ ਰਿਹਾ ਸੀ। ਸਕਰੀਨ ’ਤੇ ਮਰੀਜ਼ ਦਾ ਨਾਮ ਅਤੇ ਟੋਕਨ ਨੰਬਰ ਆ ਰਿਹਾ ਸੀ। ਡਾਕਟਰ ਸਾਹਿਬ ਸਾਢੇ ਨੌਂ ਵਜੇ ਹਸਪਤਾਲ ਪਹੁੰਚ ਗਏ। ਸਪੀਕਰ ਵਿੱਚ ਮਰੀਜ਼ ਦਾ ਨਾਮ ਬੋਲਿਆ ਜਾ ਰਿਹਾ ਸੀ ਅਤੇ ਕਿਹਾ ਜਾ ਰਿਹਾ ਸੀ ਇਹ ਮਰੀਜ਼ 125 ਨੰਬਰ ਕਮਰੇ ਵਿੱਚ ਜਾਵੇ। ਸਾਰਾ ਕੰਮ ਪੂਰੀ ਤਰ੍ਹਾਂ ਪਾਰਦਰਸ਼ੀ। ਇੱਕ 51 ਨੰਬਰ ਮਰੀਜ਼ 15 ਨੰਬਰ ’ਤੇ ਚਲਾ ਗਿਆ। ਉੱਥੋਂ ਦਾ ਸਾਰਾ ਸਟਾਫ ਸੱਦ ਕੇ ਡਾਕਟਰ ਸਾਹਿਬ ਨੇ ਪੂਰੀ ਤਸਦੀਕ ਕੀਤੀ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਲਈ ਸਖਤ ਤਾੜਨਾ ਕੀਤੀ।

ਕਾਊਂਟਰ ’ਤੇ ਇੱਕ ਇਨਸਾਨ ਵਾਰ ਵਾਰ ਬੇਨਤੀ ਕਰ ਰਿਹਾ ਸੀ ਕਿ ਮੈਨੂੰ ਬਹੁਤ ਐਮਰਜੈਂਸੀ ਹੈ, ਮੈਂ ਅੱਜ ਹੀ ਮਰੀਜ਼ ਦਿਖਾਉਣਾ ਹੈ। ਕਾਊਂਟਰ ਵਾਲਿਆਂ ਨੇ ਸਪਸ਼ਟ ਕਰ ਦਿੱਤਾ ਕਿ ਬਿਨਾਂ ਅਪਾਇੰਟਮੈਂਟ ਤੋਂ ਇੱਥੇ ਕਿਸੇ ਨੂੰ ਨਹੀਂ ਦੇਖਿਆ ਜਾਂਦਾ। ਬਿਨਾਂ ਸ਼ੱਕ ਇਹ ਬਹੁਤ ਸੁਖਦ ਅਹਿਸਾਸ ਹੈ। ਮੈਨੂੰ ਉੱਥੇ ਹਰ ਥਾਂ ਸਵੈ ਅਨੁਸ਼ਾਸਨ ਲੱਗਿਆ। ਇਹ ਸੈਂਟਰ ਮੈਨੂੰ ਕਿਸੇ ਸਵਰਗ ਤੋਂ ਘੱਟ ਨਹੀਂ ਲੱਗਿਆ ਅਤੇ ਡਾਕਟਰ ਰਾਜ ਬਹਾਦਰ ਕਿਸੇ ਭਗਵਾਨ ਤੋਂ ਘੱਟ ਨਹੀਂ। ਵਾਰੀ ਆਉਣ ’ਤੇ ਜਦੋਂ ਡਾਕਟਰ ਸਾਹਿਬ ਨੂੰ ਮਿਲੇ ਤਾਂ ਉਨ੍ਹਾਂ ਨੇ ਝੱਟ ਕਹਿ ਦਿੱਤਾ ਕਿ ਅਪਰੇਸ਼ਨ ਦੀ ਜ਼ਰੂਰਤ ਨਹੀਂ; ਕਸਰਤ ਕਰੋ ਅਤੇ ਠੀਕ ਹੋਵੋ। ਮੈਂ ਪੁੱਛ ਲਿਆ ਕਿ ਸਰ ਅਪਰੇਸ਼ਨ ਦੀ ਫੀਸ ਕਿੰਨੀ ਹੈ ਤਾਂ ਉਨ੍ਹਾਂ ਨੇ ਕਿਹਾ 40 ਹਜ਼ਾਰ ਰੁਪਏ। ਕਿੱਥੇ 3 ਲੱਖ, ਕਿੱਥੇ 4 ਲੱਖ ਅਤੇ ਕਿੱਥੇ 40 ਹਜ਼ਾਰ। ਬਹੁਤ ਥੋੜ੍ਹੀ ਦਵਾਈ ਉਨ੍ਹਾਂ ਨੇ ਖਾਣ ਲਈ ਦਿੱਤੀ। ਮੈਂ ਉੱਥੇ ਬਹੁਤ ਸਾਰੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਤਾਂ ਉਹ ਬਹੁਤ ਸੰਤੁਸ਼ਟ ਦਿਖਾਈ ਦਿੱਤੇ। ਉਨ੍ਹਾਂ ਦੁਆਰਾ ਦਿੱਤੀ ਗਈ ਸਲਾਹ ਨੂੰ ਸਭ ਨੇ ਮਾਨਤਾ ਦਿੱਤੀ। ਮਨ ਵਿੱਚ ਕਈ ਸਵਾਲ ਉੱਠੇ ਕਿ ਏਸ਼ੀਆ ਦਾ ਪ੍ਰਸਿੱਧ ਡਾਕਟਰ ਇੰਨੀ ਘੱਟ ਫੀਸ ’ਤੇ ਮਰੀਜ਼ ਕਿਉਂ ਦੇਖ ਰਿਹਾ ਹੈ। ਜੇ ਉਹ ਚਾਹੇ ਤਾਂ ਲੱਖਾਂ ਰੁਪਏ ਹਰ ਰੋਜ਼ ਕਮਾ ਸਕਦਾ ਹੈ। ਉਸਦੀ ਹੁਣ ਅਪਾਇੰਟਮੈਂਟ ਘੱਟੋ ਘੱਟ 40 ਦਿਨਾਂ ਬਾਅਦ ਮਿਲਦੀ ਹੈ।

ਮੈਂ ਘਰ ਆ ਕੇ ਉਨ੍ਹਾਂ ਬਾਰੇ ਫੇਸਬੁੱਕ ’ਤੇ ਪੋਸਟ ਪਾ ਦਿੱਤੀ। ਮੈਨੂੰ ਹਜ਼ਾਰਾਂ ਫੋਨ ਆਏ। ਮੈਂ ਫੇਸਬੁੱਕ ਪੇਜ ’ਤੇ ਉਨ੍ਹਾਂ ਦਾ ਅਪਾਇੰਟਮੈਂਟ ਸਕੈਨਰ ਵੀ ਪਾ ਦਿੱਤਾ ਅਤੇ ਵਟਸਐਪ ਰਾਹੀਂ ਬਹੁਤ ਦੋਸਤਾਂ ਨੂੰ ਇਹ ਸਕੈਨਰ ਭੇਜਿਆ। ਬਹੁਤ ਸਾਰੇ ਦੋਸਤਾਂ ਨੂੰ ਫੋਨ ’ਤੇ ਸਾਰੀ ਗੱਲਬਾਤ ਦੱਸੀ। ਮੈਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਡਾਕਟਰ ਰਾਜ ਬਹਾਦਰ ਦਾ ਸਹਾਇਕ ਹੋਵਾਂ। ਮੈਂ ਪਿਛਲੇ ਮਹੀਨੇ ਦਾ ਬਹੁਤ ਵੱਡਾ ਪੁੰਨ ਖੱਟ ਰਿਹਾ ਹਾਂ। ਕਿੰਨੇ ਹੀ ਫੋਨ ਵਟਸਐਪ ’ਤੇ, ਐੱਸਐੱਮਐੱਸ ਹੁਣ ਵੀ ਰਹੇ ਹਨ। ਸਹੀ ਇਲਾਜ ਕਰਦਾ ਡਾਕਟਰ ਰਾਜ ਬਹਾਦਰ ਤਾਂ ਲੋਕਾਂ ਦਾ ਜੱਸ ਖੱਟ ਹੀ ਰਿਹਾ ਹੈ; ਨਾਲ ਮੈਨੂੰ ਵੀ ਉਨ੍ਹਾਂ ਕਰਕੇ ਬਹੁਤ ਪਿਆਰ ਮਿਲਿਆ ਹੈ। ਇੱਕ ਦਿਨ ਸਵੇਰੇ 8 ਵਜੇ ਫੋਨ ਦੀ ਘੰਟੀ ਵੱਜੀ। ਜਦੋਂ ਮੈਂ ਫੋਨ ਚੁੱਕਿਆ ਤਾਂ ਡਾਕਟਰ ਰਾਜ ਬਹਾਦਰ ਦਾ ਫੋਨ ਸੀ। ਮੈਨੂੰ ਇੰਝ ਲੱਗਿਆ ਜਿਵੇਂ ਮੈਂ ਕਿਸੇ ਰੱਬ ਨਾਲ ਗੱਲ ਕਰ ਰਿਹਾ ਹੋਵਾਂ। ਦੁਨੀਆ ’ਤੇ ਹਰ ਚੰਗੇ ਇਨਸਾਨ ਦਾ ਮੈਂ ਹਮੇਸ਼ਾ ਕਦਰਦਾਨ ਰਿਹਾ ਹਾਂ। ਉਨ੍ਹਾਂ ਮੇਰਾ ਪੋਸਟ ਲਈ ਧੰਨਵਾਦ ਕੀਤਾ। ਪਰ ਮੈਂ ਮਨ ਵਿੱਚ ਸੋਚ ਰਿਹਾ ਸੀ ਕਿ ਮੈਨੂੰ ਤੁਹਾਡਾ ਧੰਨਵਾਦ ਕਰਨਾ ਬਣਦਾ ਕਿ ਮੇਰੀ ਪਤਨੀ ਅਪਰੇਸ਼ਨ ਤੋਂ ਬਚ ਗਈ ਤੇ ਨਾਲ ਹੀ ਕਿੰਨੇ ਪੈਸੇ ਦੀ ਬੱਚਤ ਹੋ ਗਈ। ਇਸਦੇ ਨਾਲ ਹੀ ਹੋਰ ਕਿੰਨੇ ਲੋਕਾਂ ਨੂੰ ਉਸ ਪੋਸਟ ਰਾਹੀਂ ਫਾਇਦਾ ਹੋਇਆ। ਉਨ੍ਹਾਂ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੈਡੀਕਲ ਮਾਫੀਏ ਦੀ ਰਾਜਧਾਨੀ ਪੰਜਾਬ ਵਿੱਚ ਇੱਕ ਡਾਕਟਰ ਆਪਣੀ ਹੋਂਦ ਬਣਾਈ ਬੈਠਾ ਹੈ। ਉਹਦਾ ਸੱਚ ’ਤੇ ਪਹਿਰਾ ਹੈ। ਉਹ ਲਾਲਚ ਤੋਂ ਪੂਰੀ ਤਰ੍ਹਾਂ ਮੁਕਤ ਹੈ। ਉਹ ਅਸਲੀ ਮਾਇਨੇ ਵਿੱਚ ਡਾਕਟਰ ਹੋਣ ਦਾ ਫਰਜ਼ ਨਿਭਾ ਰਿਹਾ ਹੈ। ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਰਿਜਨਲ ਸਪਾਈਨ ਇੰਜਰੀ ਸੈਂਟਰ ਮੋਹਾਲੀ ਉਨ੍ਹਾਂ ਦਾ ਡਰੀਮ ਪ੍ਰੋਜੈਕਟ ਹੈ, ਜਿਸ ਕਰਕੇ ਉਹ ਸਭ ਕੁਝ ਛੱਡ-ਛਡਾ ਕੇ ਇੱਥੇ ਹੀ ਨਿਰਸਵਾਰਥ ਆਪਣੀਆਂ ਸੇਵਾਵਾਂ ਦੇ ਰਹੇ ਹਨ। ਫੋਨ ’ਤੇ ਉਨ੍ਹਾਂ ਨੇ ਇੱਕ ਗੱਲ ਹੋਰ ਦੱਸੀ ਕਿ ਅਕਤੂਬਰ ਤੋਂ ਸਵੇਰੇ ਮਰੀਜ਼ਾਂ ਨੂੰ ਜਲਦੀ ਆਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਟੋਕਨ ਨੰਬਰ ਵੀ ਆਨਲਾਈਨ ਦੀ ਸੁਵਿਧਾ ਰਾਹੀਂ ਮੁਹਈਆ ਕਰਵਾਈ ਜਾਵੇਗੀ ਅਤੇ ਫੋਨ ਕਰਕੇ ਮਰੀਜ਼ ਦੇ ਟੋਕਨ ਨੰਬਰ ਪੁਸ਼ਟੀ ਕੀਤੀ ਜਾਵੇਗੀ।

ਜੀਵਨ ਦੇਣ ਵਾਲਾ ਭਗਵਾਨ ਹੀ ਤਾਂ ਹੁੰਦਾ; ਉਹ ਭਾਵੇਂ ਉੱਪਰਲਾ ਰੱਬ ਹੋਵੇ ਜਾਂ ਧਰਤੀ ਦਾ। ਡਾਕਟਰ ਨੂੰ ਧਰਤੀ ਦਾ ਰੱਬ ਕਿਹਾ ਜਾਂਦਾ। ਮੈਨੂੰ ਇੱਕ ਬੰਦਾ ਦੱਸੇ ਕਿ ਭਲੇ ਵੇਲਿਆਂ ਵਿੱਚ ਇੱਕ ਡਾਕਟਰ ਹੁੰਦਾ ਸੀ। ਜਦੋਂ ਉਹਨੇ ਕਿਤੋਂ ਵੀ ਲੰਘਣਾ ਤਾਂ ਲੋਕ ਸਤਿਕਾਰ ਵਜੋਂ ਇੱਕ ਸਾਈਡ ’ਤੇ ਹੋ ਕੇ ਖੜ੍ਹ ਜਾਂਦੇ, ਉਸਨੂੰ ਝੁਕ ਕੇ ਸਿਜਦਾ ਕਰਦੇ। ਨਹੀਂ ਤਾਂ ਡਾਕਟਰਾਂ ਬਾਰੇ ਅੱਜ ਲੋਕਾਂ ਦੇ ਵਿਚਾਰ ਬਹੁਤੇ ਵਧੀਆ ਨਹੀਂ ਹਨ। ਕੋਈ ਕਹਿੰਦਾ ਇਨ੍ਹਾਂ ਵਿੱਚ ਇਨਸਾਨੀਅਤ ਨਹੀਂ, ਕੋਈ ਕਹਿੰਦਾ ਇਹ ਤਾਂ ਮਰੇ ਦਾ ਮਾਸ ਖਾਂਦੇ ਹਨ ਤੇ ਕੋਈ ਕੁਝ ਹੋਰ। ਪਰ ਅੱਜ ਦੇ ਸਮੇਂ ਵਿੱਚ ਵੀ ਡਾਕਟਰ ਹਨ ਜਿਨ੍ਹਾਂ ਨੂੰ ਸਿਜਦਾ ਕੀਤਾ ਜਾ ਸਕਦਾ, ਜਿਨ੍ਹਾਂ ਵਿੱਚ ਇਨਸਾਨੀਅਤ ਜਿਊਂਦੀ ਹੈ ਅਤੇ ਮਰੀਜ਼ ਦਾ ਸਹੀ ਇਲਾਜ ਕਰਨਾ ਉਨ੍ਹਾਂ ਦਾ ਧਰਮ ਹੈ।

ਮੈਂ ਸੋਚਦਾ ਹਾਂ ਕਿ ਅਜਿਹੇ ਡਾਕਟਰ ਸਮਾਜ ਦੀ ਸਮਾਜਿਕ, ਬੌਧਿਕ ਅਤੇ ਡਾਕਟਰੀ ਜਾਇਦਾਦ ਹੁੰਦੇ ਹਨ। ਇਨ੍ਹਾਂ ਦੀ ਸੰਭਾਲ ਐਰੇ ਗੈਰੇ ਲੋਕ ਨਹੀਂ ਕਰ ਸਕਦੇ। ਸ਼ੱਕ ਸਰਕਾਰਾਂ ’ਤੇ ਕਰਨਾ ਬਣਦਾ ਹੈ ਕਿਉਂਕਿ ਮੈਡੀਕਲ ਮਾਫੀਏ ਨਾਲ ਗੱਠਜੋੜ ਕਰਕੇ ਸਰਕਾਰਾਂ ਚੰਗੇ ਡਾਕਟਰਾਂ ਅਤੇ ਸਰਕਾਰੀ ਹਸਪਤਾਲਾਂ ਦੀ ਕਦਰ ਨਹੀਂ ਕਰਦੀਆਂ। ਅਜਿਹੇ ਸਮਾਜ ਦੇ ਸੇਵਾਦਾਰਾਂ ਨੂੰ ਸਾਨੂੰ ਮੱਥਾ ਟੇਕਣਾ ਚਾਹੀਦਾ ਹੈ। ਇਨ੍ਹਾਂ ਦੀ ਸਹੀ ਸੰਭਾਲ ਅਤੇ ਸਤਿਕਾਰ ਹੀ ਸਹੀ ਮਾਇਨਿਆਂ ਵਿੱਚ ਸਿਹਤ ਕ੍ਰਾਂਤੀ ਹੈ ਕਿਉਂਕਿ ਮਨੁੱਖ ਨੂੰ ਸਹੀ ਅਤੇ ਸਸਤਾ ਇਲਾਜ ਅਜਿਹੇ ਡਾਕਟਰਾਂ ਦੇ ਦਰਾਂ ’ਤੇ ਹੀ ਮਿਲ ਸਕਦਾ ਹੈ। ਮੈਨੂੰ ਡਾਕਟਰ ਰਾਜ ਬਹਾਦਰ ਸਹੀ ਅਤੇ ਸੱਚੇ ਮਾਇਨਿਆਂ ਵਿੱਚ ਧਰਤੀ ਦਾ ਭਗਵਾਨ ਲੱਗਿਆ ਜਿਸ ਨੂੰ ਪੂਜਣ ਨੂੰ ਦਿਲ ਕਰਦਾ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

Piara Singh Gurne Kalan

Piara Singh Gurne Kalan

Gurne Kalan, Mansa, Punjab, India.
WhatsApp: (91 - 99156 - 21188)