PiaraSGurneKalan7ਜੇ ਉਸ ਦਿਨ ਮੇਰੇ ਮਾਮਾ ਜੀ ਮੈਨੂੰ ਆਪਣੇ ਸਾਈਕਲ ’ਤੇ ਬਿਠਾ ਕੇ ਭਰਤੀ ਲਈ ...
(22 ਅਗਸਤ 2026)


ਇਹ ਸਾਲ 1987 ਦੀ ਗੱਲ ਹੈ, ਇੱਕ ਛੋਟੇ ਜਿਹੇ ਪਿੰਡ ਵਿੱਚ ਭੀਮ ਚੰਦ ਨਾਂ ਦਾ ਇੱਕ ਨੌਜਵਾਨ ਆਪਣੇ ਨਾਨਕੇ ਘਰ ਰਹਿੰਦਾ ਸੀ
ਗਰੀਬੀ ਉਸਦੇ ਪਰਿਵਾਰ ਦੀ ਸਦੀਵੀ ਸਾਥੀ ਸੀਘਰ ਕੱਚੀਆਂ ਇੱਟਾਂ ਦਾ ਬਣਿਆ ਇੱਕ ਹੀ ਕਮਰਾ ਸੀ, ਜਿਸਦੀਆਂ ਕੰਧਾਂ ਵੀ ਜਿਵੇਂ ਤੰਗਹਾਲੀ ਦੀ ਕਹਾਣੀ ਸੁਣਾਉਂਦੀਆਂ ਸਨਕਈ ਵਾਰ ਚੁੱਲ੍ਹੇ ਵਿੱਚ ਭੰਗ ਭੁੱਜਦੀ ਸੀ, ਪਰ ਪਕਾਉਣ ਲਈ ਅੰਨ ਦਾ ਇੱਕ ਦਾਣਾ ਵੀ ਨਹੀਂ ਹੁੰਦਾ ਸੀਮਾਂ-ਬਾਪ ਦਿਹਾੜੀ-ਮਜ਼ਦੂਰੀ ਕਰਕੇ ਕਿਸੇ ਤਰ੍ਹਾਂ ਪਰਿਵਾਰ ਦਾ ਪੇਟ ਪਾਲਦੇ ਸਨ

ਇਨ੍ਹਾਂ ਔਖੀਆਂ ਹਾਲਤਾਂ ਵਿੱਚ ਵੀ ਭੀਮ ਚੰਦ ਨੇ ਹਿੰਮਤ ਨਹੀਂ ਹਾਰੀਦਿਹਾੜੀਆਂ ਕਰਨ ਦੇ ਨਾਲ-ਨਾਲ ਉਸਨੇ ਦਸਵੀਂ ਦੀ ਪ੍ਰੀਖਿਆ ਪਾਸ ਕਰ ਲਈਨਤੀਜਾ ਹੱਥ ਵਿੱਚ ਸੀ, ਪਰ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਸੀਅੱਗੇ ਪੜ੍ਹਨ ਦੀ ਨਾ ਸਮਰੱਥਾ ਸੀ ਅਤੇ ਨਾ ਹੀ ਕੋਈ ਰੁਜ਼ਗਾਰ ਦਾ ਸਾਧਨ ਉਸੇ ਸਮੇਂ ਪਿੰਡ ਵਿੱਚ ਸਾਬਕਾ ਫੌਜੀ ਮੁਖਤਿਆਰ ਸਿੰਘ, ਫੌਜ ਤੋਂ ਸੇਵਾਮੁਕਤ ਹੋ ਕੇ ਇੱਕ ਛੋਟਾ ਜਿਹਾ ਮੈਡੀਕਲ ਕਲੀਨਿਕ ਚਲਾ ਰਹੇ ਸਨਉਹ ਸੁਭਾਅ ਤੋਂ ਬਹੁਤ ਹੀ ਨਿਮਰ ਅਤੇ ਹਰ ਵੇਲੇ ਲੋਕਾਂ ਦੀ ਮਦਦ ਲਈ ਤਿਆਰ ਰਹਿਣ ਵਾਲੇ ਇਨਸਾਨ ਸਨਅਖਬਾਰ ਪੜ੍ਹਨਾ ਉਨ੍ਹਾਂ ਦੀ ਰੋਜ਼ਾਨਾ ਦੀ ਆਦਤ ਸੀ

ਇੱਕ ਦਿਨ ਭੀਮ ਚੰਦ ਕਲੀਨਿਕ ਦੇ ਸਾਹਮਣੇ ਤੋਂ ਲੰਘ ਰਿਹਾ ਸੀਮੁਖਤਿਆਰ ਸਿੰਘ ਨੇ ਪਿਆਰ ਨਾਲ ਅਵਾਜ਼ ਮਾਰੀ, “ਆ ਭੀਮਿਆ, ਕੀ ਹਾਲ ਹੈ?

ਭੀਮ ਚੰਦ ਨੇ ਨਿਮਰਤਾ ਨਾਲ ਜਵਾਬ ਦਿੱਤਾ, “ਮਾਮਾ ਜੀ, (ਨਾਨਕੇ ਘਰ ਰਹਿਣ ਕਰਕੇ ਪਿੰਡ ਦੇ ਬੰਦਿਆਂ ਨੂੰ ਉਹ ਮਾਮਾ ਕਹਿੰਦਾ ਸੀ) ਮੈਂ ਦਸਵੀਂ ਪਾਸ ਕਰ ਲਈ ਹੈਅੱਗੇ ਪੜ੍ਹਨ ਦੀ ਹਾਲਤ ਨਹੀਂਘਰ ਦੀ ਗਰੀਬੀ ਨੇ ਹੱਥ ਬੰਨ੍ਹ ਦਿੱਤੇ ਹਨਜੇ ਕੋਈ ਛੋਟਾ-ਮੋਟਾ ਕੰਮ ਮਿਲ ਜਾਵੇ ਤਾਂ ਪਰਿਵਾਰ ਦਾ ਸਹਾਰਾ ਬਣ ਸਕਾਂ।”

ਉਸ ਵੇਲੇ ਮੁਖਤਿਆਰ ਸਿੰਘ ਦੇ ਹੱਥ ਵਿੱਚ ਪਿਆ ਅਖਬਾਰ ਖੁੱਲ੍ਹਾ ਹੋਇਆ ਸੀਉਸ ਵਿੱਚ ਪੁਲਿਸ ਦੀ ਭਰਤੀ ਦਾ ਇਸ਼ਤਿਹਾਰ ਛਪਿਆ ਹੋਇਆ ਸੀਮੁਖਤਿਆਰ ਸਿੰਘ ਨੇ ਅਖਬਾਰ ਦੀ ਤਹਿ ਲਾਉਂਦਿਆਂ ਭੀਮੇ ਨੂੰ ਕਿਹਾ, “ਪੰਜਾਂ ਦਿਨਾਂ ਬਾਅਦ ਆਪਣੇ ਸਾਰੇ ਸਰਟੀਫਿਕੇਟ ਲੈ ਕੇ ਆ ਜਾਵੀਂ।”

ਨਿਸ਼ਚਿਤ ਦਿਨ ਭੀਮ ਚੰਦ ਸਵੇਰੇ ਹੀ ਕਲੀਨਿਕ ਪਹੁੰਚ ਗਿਆਮੁਖਤਿਆਰ ਸਿੰਘ ਨੇ ਆਪਣਾ ਸਾਈਕਲ ਕੱਢਿਆ ਅਤੇ ਭੀਮ ਚੰਦ ਨੂੰ ਪਿੱਛੇ ਬਿਠਾ ਕੇ ਭਰਤੀ ਵਾਲੇ ਕੇਂਦਰ ਵੱਲ ਚੱਲ ਪਿਆਲਗਭਗ ਚਾਲੀ ਕਿਲੋਮੀਟਰ ਦਾ ਸਫਰ ਸੀਉਹ ਸਮਾਂ ਸਾਦਗੀ ਦਾ ਸੀ; ਸੜਕਾਂ ਘੱਟ ਸਨ, ਸਾਧਨ ਘੱਟ ਸਨ, ਪਰ ਇਨਸਾਨੀਅਤ ਬਹੁਤ ਵੱਡੀ ਸੀਫੌਜੀਆਂ ਦਾ ਹਰ ਥਾਂ ਆਦਰ ਕੀਤਾ ਜਾਂਦਾ ਸੀ

ਮੁਖਤਿਆਰ ਸਿੰਘ ਨੇ ਭਰਤੀ ਕੇਂਦਰ ਪਹੁੰਚ ਕੇ ਭੀਮ ਚੰਦ ਦੇ ਸਰਟੀਫਿਕੇਟ ਚੈੱਕ ਕਰਵਾਏਭੀਮ ਚੰਦ ਨੂੰ ਕੁਝ ਸਵਾਲ ਪੁੱਛੇ ਗਏ ਭੀਮ ਚੰਦ ਦੀ ਸਿਹਤ ਅਤੇ ਯੋਗਤਾ ਦੇਖ ਕੇ ਉਸੇ ਦਿਨ ਉਸਦੀ ਪੁਲਿਸ ਵਿੱਚ ਭਰਤੀ ਹੋ ਗਈ

ਮੁਖਤਿਆਰ ਸਿੰਘ ਦੀਆਂ ਅੱਖਾਂ ਵਿੱਚ ਖੁਸ਼ੀ ਦੀ ਚਮਕ ਆ ਗਈਉਨ੍ਹਾਂ ਨੇ ਨੇੜੇ ਦੀ ਦੁਕਾਨ ਤੋਂ ਲੱਡੂਆਂ ਦਾ ਡੱਬਾ ਖਰੀਦਿਆ ਅਤੇ ਉੱਥੇ ਮੌਜੂਦ ਸਭ ਨਾਲ ਇਹ ਖੁਸ਼ੀ ਸਾਂਝੀ ਕੀਤੀਸ਼ਾਮ ਨੂੰ ਦੋਵੇਂ ਉਸੇ ਸਾਈਕਲ ’ਤੇ ਵਾਪਸ ਪਿੰਡ ਆ ਗਏਉਸ ਦਿਨ ਕਿਸੇ ਨੂੰ ਵੀ ਅਹਿਸਾਸ ਨਹੀਂ ਸੀ ਕਿ ਇਹ ਸਧਾਰਨ ਜਿਹਾ ਸਫਰ ਇੱਕ ਪਰਿਵਾਰ ਦੀ ਕਿਸਮਤ ਬਦਲਣ ਵਾਲਾ ਬਣ ਜਾਵੇਗਾ

ਸਮੇਂ ਦਾ ਪਹੀਆ ਘੁੰਮਦਾ ਰਿਹਾ

ਲਗਭਗ ਚਾਰ ਦਹਾਕਿਆਂ ਦਾ ਸਮਾਂ ਬੀਤ ਗਿਆ

ਅੱਜ ਮੁਖਤਿਆਰ ਸਿੰਘ ਦੀ ਅੰਤਿਮ ਅਰਦਾਸ ਸੀਪਿੰਡ ਦੇ ਗੁਰਦੁਆਰੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹੋਏ ਸਨਉਨ੍ਹਾਂ ਵਿੱਚ ਭੀਮ ਚੰਦ ਵੀ ਮੌਜੂਦ ਸੀਹੁਣ ਉਹ ਪੁਲਿਸ ਵਿੱਚ ਸਬ ਇੰਸਪੈਕਟਰ ਦੀ ਪੋਸਟ ’ਤੇ ਸੀ

ਸਭ ਦੇ ਸਾਹਮਣੇ ਖੜ੍ਹ ਕੇ ਭੀਮ ਚੰਦ ਨੇ ਕੰਬਦੀ ਅਵਾਜ਼ ਵਿੱਚ ਕਿਹਾ, “ਮੈਨੂੰ ਕੱਲ੍ਹ ਸ਼ਾਮ ਪਤਾ ਲੱਗਿਆ ਕਿ ਅੱਜ ਮੇਰੇ ਮਾਮਾ ਜੀ ਦੀ ਅੰਤਿਮ ਅਰਦਾਸ ਹੈਅੱਜ ਮੇਰੀ ਡਿਊਟੀ ਬਹੁਤ ਮਹੱਤਵਪੂਰਨ ਸੀ, ਜਿਸ ਤੋਂ ਛੁੱਟੀ ਮਿਲਣੀ ਲਗਭਗ ਅਸੰਭਵ ਸੀਫਿਰ ਵੀ ਮੈਂ ਆਪਣੇ ਅਫਸਰ ਕੋਲ ਗਿਆ ਅਤੇ ਸਾਰੀ ਗੱਲ ਦੱਸੀ ਕਿ ਅੱਜ ਮੇਰੇ ਗੁਰੂ, ਮੇਰੇ ਮਾਰਗਦਰਸ਼ਕ ਅਤੇ ਮੇਰੇ ਅੰਨਦਾਤਾ ਦੀ ਅੰਤਿਮ ਅਰਦਾਸ ਹੈਮੇਰੇ ਅਫਸਰ ਨੇ ਮੇਰੀ ਗੱਲ ਸੁਣ ਕੇ ਕਿਹਾ, “ਤੈਨੂੰ ਇੱਕ ਪਲ ਵੀ ਇੱਥੇ ਨਹੀਂ ਰੁਕਣਾ ਚਾਹੀਦਾਜਿਸ ਇਨਸਾਨ ਨੇ ਤੇਰੀ ਜ਼ਿੰਦਗੀ ਨੂੰ ਦਿਸ਼ਾ ਦਿੱਤੀ, ਉਸ ਨੂੰ ਅੰਤਿਮ ਸਿਜਦਾ ਕਰਨਾ ਤੇਰਾ ਫਰਜ਼ ਹੈ” ਇਹ ਕਹਿੰਦੇ-ਕਹਿੰਦੇ ਭੀਮ ਚੰਦ ਦਾ ਗੱਚ ਭਰ ਆਇਆਉਸਨੇ ਭਿੱਜੀਆਂ ਅੱਖਾਂ ਨਾਲ ਸਭ ਵੱਲ ਦੇਖਦਿਆਂ ਕਿਹਾ, “ਜਿਸ ਘਰ ਵਿੱਚ ਕਦੇ ਭੰਗ ਭੱਜਦੀ ਸੀ, ਘਰ ਦਾਣੇ ਵੀ ਮੁੱਕ ਜਾਂਦੇ ਸਨ, ਅੱਜ ਉਸੇ ਘਰ ਵਿੱਚ ਰੱਬ ਦੀ ਅਥਾਹ ਮਿਹਰ ਹੈਮੇਰਾ ਵੱਡਾ ਪੁੱਤਰ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਹੈਮੇਰੀ ਧੀ ਨੈਸ਼ਨਲ ਇੰਸਟੀਚਿਊਟ ਆਫ ਟੈਕਨੌਲੋਜੀ ਤੋਂ ਪੀਐੱਚ.ਡੀ. ਕਰਕੇ ਜਪਾਨ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੀ ਹੈਮੇਰਾ ਛੋਟਾ ਪੁੱਤਰ ਕਾਨੂੰਨ ਦੀ ਪੜ੍ਹਾਈ ਕਰਕੇ ਵਕੀਲ ਬਣ ਗਿਆ ਹੈ ...

ਭੀਮ ਚੰਦ ਦੀ ਅਵਾਜ਼ ਕੰਬ ਗਈ, “ਜੇ ਉਸ ਦਿਨ ਮੇਰੇ ਮਾਮਾ ਜੀ ਮੈਨੂੰ ਆਪਣੇ ਸਾਈਕਲ ’ਤੇ ਬਿਠਾ ਕੇ ਭਰਤੀ ਲਈ ਨਾ ਲੈ ਜਾਂਦੇ ਤਾਂ ਸ਼ਾਇਦ ਮੈਂ ਅੱਜ ਵੀ ਗਰੀਬੀ ਨਾਲ ਲੜ ਰਿਹਾ ਹੁੰਦਾਅੱਜ ਮੈਂ ਜੋ ਕੁਝ ਵੀ ਹਾਂ, ਜੋ ਮੇਰਾ ਪਰਿਵਾਰ ਹੈ, ਜੋ ਮੇਰੇ ਬੱਚਿਆਂ ਦੀਆਂ ਕਾਮਯਾਬੀਆਂ ਹਨ, ਇਹ ਸਭ ਮੇਰੇ ਮਾਮਾ ਮੁਖਤਿਆਰ ਸਿੰਘ ਦੀ ਨੇਕੀ ਦਾ ਫਲ ਹਨਉਹ ਮੇਰੇ ਗੁਰੂ ਸਨ, ਮੇਰੇ ਰਾਹ-ਦਿਖਾਉਣ ਵਾਲੇ ਸਨ, ਮੇਰੇ ਅਸਲ ਅੰਨਦਾਤਾ ਸਨ।”

ਇੰਨਾ ਕਹਿ ਕੇ ਭੀਮ ਚੰਦ ਉੱਚੀ-ਉੱਚੀ ਧਾਹਾਂ ਮਾਰ ਕੇ ਰੋਣ ਲੱਗ ਪਿਆਉੱਥੇ ਬੈਠੇ ਹਰ ਵਿਅਕਤੀ ਦੀਆਂ ਅੱਖਾਂ ਨਮ ਸਨ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Piara Singh Gurne Kalan

Piara Singh Gurne Kalan

Gurne Kalan, Mansa, Punjab, India.
WhatsApp: (91 - 99156 - 21188)