PiaraSGurneKalan7“ਪਰ ਉਸਦੀ ਚਿੰਤਾ ਹਾਲੇ ਮੁੱਕੀ ਨਹੀਂ ਸੀ। “ਪੁੱਤ, ਕੁੜੀ ਪੜ੍ਹੂ ਕਿਵੇਂ? ਮੇਰੇ ਕੋਲ ਤਾਂ ...”
(25 ਅਗਸਤ 2026)


ਇਹ ਗੱਲ ਕਈ ਸਾਲ ਪਹਿਲਾਂ ਦੀ ਹੈ। ਉਨ੍ਹੀਂ ਦਿਨੀਂ ਚਾਰ-ਚੁਫੇਰੇ ਘੋਰ ਚੁੱਪ ਪਸਰੀ ਹੋਈ ਸੀ
। ਇੰਜ ਲਗਦਾ ਸੀ ਜਿਵੇਂ ਸੜਕਾਂ ਵੀ ਖੜ੍ਹ ਗਈਆਂ ਹੋਣ। ਸੜਕਾਂ ਆਪ ਥੋੜ੍ਹਾ ਤੁਰਦੀਆਂ ਹਨ; ਇਨ੍ਹਾਂ ਉੱਤੇ ਬੱਸਾਂ, ਟਰੱਕ, ਕਾਰਾਂ, ਸਾਈਕਲ ਅਤੇ ਮਨੁੱਖ ਤੁਰਦੇ ਹਨ। ਅੱਜ ਸਭ ਕੁਝ ਠਹਿਰਿਆ ਹੋਇਆ ਸੀ। ਪੰਛੀਆਂ ਦੀ ਚਹਿਚਹਾਟ ਸਾਫ ਸੁਣਾਈ ਦੇ ਰਹੀ ਸੀ। ਅਸਮਾਨ ਦੁੱਧ ਵਾਂਗ ਚਿੱਟਾ ਹੋ ਗਿਆ ਸੀ ਅਤੇ ਹਰ ਪਾਸੇ ਸਾਫ-ਸਾਫ ਦਿਖਾਈ ਦੇ ਰਿਹਾ ਸੀ। ਪੰਛੀ ਦ੍ਰਖਤਾਂ ਦੀਆਂ ਟਾਹਣੀਆਂ ਅਤੇ ਘਰਾਂ ਦੇ ਬਨੇਰਿਆਂ ਉੱਤੇ ਮਟਰਗਸ਼ਤੀ ਕਰ ਰਹੇ ਸਨ। ਦ੍ਰਖਤ ਹਵਾ ਨਾਲ ਝੂਮ ਰਹੇ ਸਨ ਤੇ ਪੱਤੀਆਂ ਇਉਂ ਨੱਚ ਰਹੀਆਂ ਸਨ, ਜਿਵੇਂ ਉਨ੍ਹਾਂ ਨੂੰ ਮਨੁੱਖੀ ਭੀੜ-ਭੜੱਕੇ ਤੋਂ ਮੁਕਤੀ ਮਿਲ ਗਈ ਹੋਵੇ। ਕਰੋਨਾ ਦਾ ਦੌਰ ਸਿਖਰ ਉੱਤੇ ਸੀ। ਮਨੁੱਖੀ ਆਵਾਜਾਈ ਉੱਤੇ ਲਗਭਗ ਪੂਰਨ ਰੋਕ ਸੀ। ਲੋਕ ਆਪਣੇ-ਆਪਣੇ ਘਰਾਂ ਵਿੱਚ ਤਾੜੇ ਹੋਏ ਸਨ। ਸੜਕਾਂ ਉੱਤੇ ਕਦੇ-ਕਦਾਈਂ ਕੋਈ ਮੋਟਰਸਾਈਕਲ ਜਾਂ ਕਾਰ ਦਿਖਾਈ ਦਿੰਦੀ, ਉਹ ਵੀ ਕਿਸੇ ਜ਼ਰੂਰੀ ਸਰਕਾਰੀ ਜਾਂ ਦਫਤਰੀ ਕੰਮ ਵਾਲੇ ਦੀ।

ਇੱਕ ਸੁੰਨਸਾਨ ਸੜਕ ਉੱਤੇ ਮੈਂ ਆਪਣੀ ਕਾਰ ’ਤੇ ਜਾ ਰਿਹਾ ਸੀ। ਅਚਾਨਕ ਕਾਰ ਦੇ ਬਰੇਕ ਲੱਗੇ। ਸ਼ੀਸ਼ੇ ਉੱਤੇ ਠੱਕ-ਠੱਕ ਹੋਈ। ਮੇਰੀ ਸੁਰਤੀ ਟੁੱਟੀ। ਕਾਰ ਦੇ ਬਾਹਰ ਖਾਕੀ ਵਰਦੀ ਪਾਈ ਇੱਕ ਮੁਟਿਆਰ ਖੜ੍ਹੀ ਸੀ।

“ਕਿੱਧਰ ਚੱਲੇ ਹੋ? ਪਾਸ ਦਿਖਾਓ।”

ਮੈਂ ਪਾਸ ਦਿਖਾਉਂਦਿਆਂ ਕਿਹਾ, “ਮੇਰੀ ਪਤਨੀ ਦਫਤਰ ਵਿੱਚ ਨੌਕਰੀ ਕਰਦੀ ਹੈ। ਉਸ ਨੂੰ ਛੱਡਣ ਜਾ ਰਿਹਾ ਹਾਂ।”

ਅਚਾਨਕ ਉਸ ਕੁੜੀ ਦੀਆਂ ਅੱਖਾਂ ਵਿੱਚ ਪਛਾਣ ਕਰਕੇ ਚਮਕ ਆਈ। ਉਹ ਉੱਚੀ ਅਵਾਜ਼ ਵਿੱਚ ਬੋਲੀ, “ਸਰ! ਤੁਸੀਂ?”

ਇਹ ਦੋ ਸ਼ਬਦ ਮੇਰੇ ਕੰਨਾਂ ਵਿੱਚ ਪਏ ਤਾਂ ਮੇਰੀ ਸੁਰਤੀ ਪੰਦਰਾਂ ਸਾਲ ਪਿੱਛੇ, ਆਪਣੇ ਪੁਰਾਣੇ ਸਕੂਲ ਵਿੱਚ ਜਾ ਪਹੁੰਚੀ। ਮੈਂ ਸਟਾਫ ਰੂਮ ਵਿੱਚ ਸੋਫੇ ਉੱਤੇ ਬੈਠਾ ਸੀ। ਇੱਕ ਬਿਰਧ ਮਾਈ, ਜਿਸਦੇ ਹੱਥ ਵਿੱਚ ਬੂਟੀਆਂ ਵਾਲਾ ਝੋਲਾ ਸੀ, ਦਫਤਰ ਵਿੱਚ ਆਈ। ਉਸਦੇ ਚਿਹਰੇ ਉੱਤੇ ਥਕਾਵਟ, ਗਰੀਬੀ ਅਤੇ ਉਮੀਦ ਦੀ ਝਲਕ ਸਾਫ ਦਿਖਾਈ ਦੇ ਰਹੀ ਸੀ। ਉਹ ਬੋਲੀ, “ਭਾਈ! ਮੈਂ ਤੈਨੂੰ ਮਿਲਣਾ।”

“ਦੱਸੋ ਮਾਤਾ ਜੀ।”

ਮਾਤਾ ਨੇ ਆਪਣੀ ਗੱਲ ਸ਼ੁਰੂ ਕੀਤੀ, “ਪੁੱਤ, ਮੇਰੀ ਕੁੜੀ ਨੌਂਵੀਂ ਜਮਾਤ ਵਿੱਚੋਂ ਫੇਲ੍ਹ ਹੋ ਗਈ। ਘਰ ਵਿੱਚ ਬਹੁਤ ਗਰੀਬੀ ਹੈ। ਕੁੜੀ ਦਾ ਪਿਓ ਵੀ ਸਿਰ ਉੱਤੇ ਨਹੀਂ। ਕਿਸੇ ਨੇ ਦੱਸਿਆ ਕਿ ਤੂੰ ਸਾਡਾ ਮਸਲਾ ਹੱਲ ਕਰੇਂਗਾ। ਮੈਂ ਸਿੱਧੀ ਤੇਰੇ ਕੋਲ ਆ ਗਈ, ਪੁੱਤ।”

ਮੈਂ ਹਮਦਰਦੀ ਨਾਲ ਪੁੱਛਿਆ, “ਮਾਤਾ ਜੀ, ਹੁਣ ਤੁਸੀਂ ਕੀ ਕਰਵਾਉਣਾ ਚਾਹੁੰਦੇ ਹੋ?”

“ਪੁੱਤ, ਕੁੜੀ ਨੂੰ ਪੜ੍ਹਾਉਣਾ ਹੈ। ਉਹਦੀ ਪੜ੍ਹਾਈ ਨਾ ਰੁਕੇ।”

ਮੈਂ ਸਮਝਾਇਆ, “ਮਾਤਾ ਜੀ, ਰੈਗੂਲਰ ਤੌਰ ’ਤੇ ਹੁਣ ਉਹ ਦਸਵੀਂ ਨਹੀਂ ਕਰ ਸਕਦੀ। ਹਾਂ, ਓਪਨ ਸਕੂਲ ਰਾਹੀਂ ਦਸਵੀਂ ਕਰ ਸਕਦੀ ਹੈ। ਉਸ ਤੋਂ ਬਾਅਦ ਇਸੇ ਸਕੂਲ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਵੀ ਕਰ ਸਕਦੀ ਹੈ। ਪਰ ਇਸਦੀ ਫੀਸ ਲਗਭਗ ਪੈਂਤੀ ਸੌ ਰੁਪਏ ਹੈ।”

ਮਾਤਾ ਕੁਝ ਪਲ ਚੁੱਪ ਰਹੀ। ਫਿਰ ਆਪਣੇ ਝੋਲੇ ਵਿੱਚ ਹੱਥ ਪਾ ਕੇ ਬੋਲੀ, “ਪੁੱਤ, ਮੇਰੇ ਕੋਲ ਤਾਂ ਸੱਤ ਸੌ ਰੁਪਏ ਹੀ ਨੇ।”

ਮੈਂ ਕੁਝ ਪਲ ਸੋਚਿਆ। ਮੈਨੂੰ ਮਹਿਸੂਸ ਹੋਇਆ ਕਿ ਇਹ ਸਿਰਫ ਇੱਕ ਬੱਚੀ ਦਾ ਦਾਖਲਾ ਨਹੀਂ, ਸਗੋਂ ਇੱਕ ਘਰ ਦੇ ਭਵਿੱਖ ਨੂੰ ਬਚਾਉਣ ਦਾ ਮੌਕਾ ਹੈ। ਮੈਂ ਮਨ ਹੀ ਮਨ ਸੋਚਿਆ, ਇਹੀ ਤਾਂ ਦਸਵੰਧ ਕੱਢਣ ਦਾ ਅਸਲੀ ਸਮਾਂ ਹੈ। ਮੈਂ ਕੁੜੀ ਦੇ ਸਾਰੇ ਸਰਟੀਫਿਕੇਟ ਲਏ ਅਤੇ ਮਾਤਾ ਨੂੰ ਆਖਿਆ, “ਮਾਤਾ ਜੀ, ਬੇਟੀ ਦਾ ਦਾਖਲਾ ਹੋ ਗਿਆ ਸਮਝੋ।”

ਮਾਤਾ ਦੀਆਂ ਅੱਖਾਂ ਵਿੱਚ ਉਮੀਦ ਦੀ ਚਮਕਾ ਆ ਗਈ। ਪਰ ਉਸਦੀ ਚਿੰਤਾ ਹਾਲੇ ਮੁੱਕੀ ਨਹੀਂ ਸੀ। “ਪੁੱਤ, ਕੁੜੀ ਪੜ੍ਹੂ ਕਿਵੇਂ? ਮੇਰੇ ਕੋਲ ਤਾਂ ਇਸ ਨੂੰ ਟਿਊਸ਼ਨ ’ਤੇ ਪੜ੍ਹਾਉਣ ਦੀ ਵੀ ਗੁੰਜਾਇਸ਼ ਨਹੀਂ।”

ਮੈਂ ਮੁਸਕਰਾ ਕੇ ਕਿਹਾ, “ਮਾਤਾ ਜੀ, ਇਸਦੀ ਚਿੰਤਾ ਨਾ ਕਰੋ। ਇਹ ਦਸਵੀਂ ਜਮਾਤ ਵਿੱਚ ਰੈਗੂਲਰ ਵਿਦਿਆਰਥੀਆਂ ਨਾਲ ਬੈਠ ਕੇ ਪੜ੍ਹ ਸਕਦੀ ਹੈ। ਜਿੰਨੀ ਮੇਰੇ ਕੋਲੋਂ ਮਦਦ ਹੋ ਸਕੀ, ਮੈਂ ਕਰਾਂਗਾ।”

ਮਾਤਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਉਸਨੇ ਦੋਵੇਂ ਹੱਥ ਜੋੜ ਕੇ ਕਿਹਾ, “ਪੁੱਤ ਜਿਊਂਦਾ ਰਹਿ। ਰੱਬ ਤੈਨੂੰ ਬਹੁਤਾ ਦੇਵੇ। ਤੂੰ ਪਿਓ-ਬਾਹਰੀ ਨੂੰ ਸਹਾਰਾ ਦੇ ਕੇ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ ਹੈ।”

ਉਹ ਅਸੀਸਾਂ ਦਿੰਦਿਆਂ ਚਲੀ ਗਈ। ਸਮਾਂ ਆਪਣੀ ਚਾਲ ਚਲਦਾ ਗਿਆ।

ਉਹ ਕੁੜੀ ਦਸਵੀਂ ਓਪਨ ਰਾਹੀਂ ਪਾਸ ਕਰ ਗਈ। ਫਿਰ ਉਸੇ ਸਕੂਲ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਵੀ ਪਾਸ ਕਰ ਗਈ। ਮੇਰੀ ਬਦਲੀ ਨਾਲ ਦੇ ਸਕੂਲ ਵਿੱਚ ਹੋ ਗਈ ਅਤੇ ਜ਼ਿੰਦਗੀ ਆਪਣੀ ਰਫਤਾਰ ਨਾਲ ਅੱਗੇ ਵਧਦੀ ਗਈ। ਅੱਜ ਪੰਦਰਾਂ ਸਾਲ ਬਾਅਦ ਉਹੀ ਕੁੜੀ ਪੁਲਿਸ ਦੀ ਵਰਦੀ ਪਾਈ ਮੇਰੀ ਕਾਰ ਦੇ ਸ਼ੀਸ਼ੇ ਕੋਲ ਖੜ੍ਹੀ ਸੀ।

ਮੇਰੀਆਂ ਅੱਖਾਂ ਸਾਹਮਣੇ ਉਹ ਬਿਰਧ ਮਾਤਾ ਆ ਖੜ੍ਹੀ ਹੋਈ। ਉਸਦੇ ਹੱਥ ਵਿੱਚ ਬੂਟੀਆਂ ਵਾਲਾ ਝੋਲਾ, ਚਿਹਰੇ ਉੱਤੇ ਲਾਚਾਰੀ, ਬੋਲਾਂ ਵਿੱਚ ਮਿੰਨਤਾਂ ਤੇ ਤਰਲੇ ਅਤੇ ਫਿਰ ਅਸੀਸਾਂ ਦਾ ਅਥਾਹ ਭੰਡਾਰ।

ਅੱਜ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਨੇਕ ਕੰਮ ਕਦੇ ਵਿਅਰਥ ਨਹੀਂ ਜਾਂਦਾ। ਮੈਂ ਜੋ ਦਸਵੰਧ ਕੱਢਿਆ ਸੀ, ਉਹ ਸਹੀ ਥਾਂ ਉੱਤੇ ਲੱਗ ਚੁੱਕਾ ਸੀ। ਮੈਂ ਕਿਸੇ ਨੂੰ ਸਿਰਫ ਪੈਸੇ ਨਹੀਂ ਦਿੱਤੇ ਸਨ, ਮੈਂ ਉਸਦੇ ਸੁਪਨਿਆਂ ਨੂੰ ਰਾਹ ਦਿੱਤਾ ਸੀ ਅਤੇ ਉਸਦੇ ਚੰਗੇ ਭਵਿੱਖ ਲਈ ਇੱਕ ਦਰਵਾਜ਼ਾ ਖੋਲ੍ਹਿਆ ਸੀ।

ਮੈਂ ਪੁਲਿਸ ਦੀ ਵਰਦੀ ਵਿੱਚ ਖੜ੍ਹੀ ਕੁੜੀ ਵੱਲ ਦੇਖਦਾ ਰਿਹਾ। ਮੇਰੇ ਚਿਹਰੇ ਉੱਤੇ ਮਾਣ ਦੀ ਹਲਕੀ ਮੁਸਕਾਨ ਆ ਗਈ। ਦਿਲ ਵਿੱਚ ਇੱਕ ਅਜੀਬ ਜਿਹਾ ਸਕੂਨ ਉੱਤਰ ਆਇਆ। ਮੈਂ ਮਹਿਸੂਸ ਕੀਤਾ ਕਿ “ਨੇਕੀ ਦਾ ਕੀਤਾ ਦਸਵੰਧ ਕਦੇ ਖਤਮ ਨਹੀਂ ਹੁੰਦਾ। ਇਹ ਕਿਸੇ ਨਾ ਕਿਸੇ ਰੂਪ ਵਿੱਚ ਮੁੜ ਕੇ ਅਸੀਸ ਬਣ ਜਾਂਦਾ ਹੈ।”

ਅਸਲੀ ਦਸਵੰਧ ਕੱਢਣ ਕਰਕੇ ਸਕੂਨ ਦਾ ਬੁੱਲਾ ਮੇਰੇ ਮਨ ਦੀ ਤਹਿ ਦੇ ਨਾਲ-ਨਾਲ ਦੀ ਖਹਿਕੇ ਲੰਘ ਰਿਹਾ ਸੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

Piara Singh Gurne Kalan

Piara Singh Gurne Kalan

Gurne Kalan, Mansa, Punjab, India.
WhatsApp: (91 - 99156 - 21188)