NarinderSZira7ਬੱਚੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ, ਕੋਈ ਅਣਕਿਆਸਿਆ ਖਤਰਨਾਕ ਕਦਮ...
(17 ਅਗਸਤ 2026)


ਅਜੋਕੇ ਸਮੇਂ ਬੱਚਿਆਂ ਵਿੱਚ ਸੋਸ਼ਲ ਮੀਡੀਆ ਦੀ ਲਤ ਲਗਾਤਾਰ ਵਧ ਰਹੀ ਹੈ। ਇਹ ਇਕੱਲੀ ਭਾਰਤ ਦੀ ਸਮੱਸਿਆ ਹੀ ਨਹੀਂ
, ਸਗੋਂ ਦੁਨੀਆਂ ਭਰ ਵਿੱਚ ਬੱਚਿਆਂ ਨੂੰ ਸੋਸ਼ਲ ਮੀਡੀਆ ਨੇ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਸਾਰੇ ਸੰਸਾਰ ਵਿੱਚ ਪੰਜ ਤੋਂ ਸੌਲਾਂ ਸਾਲ ਦੀ ਉਮਰ ਵਰਗ ਦੇ 60 ਪ੍ਰਤੀਸ਼ਤ ਤੋਂ ਵਧੇਰੇ ਬੱਚਿਆਂ ਨੂੰ ਸਮਾਰਟ ਫੋਨ ਦੀ ਲਤ ਲੱਗ ਚੁੱਕੀ ਹੈ। 11 ਤੋਂ 14 ਸਾਲ ਦੀ ਉਮਰ ਦੇ 91 ਫ਼ੀਸਦੀ ਬੱਚਿਆਂ ਕੋਲ ਫੋਨ ਅਤੇ ਇੰਟਰਨੈੱਟ ਦੀ ਸਹੂਲਤ ਹੈ। ਇਸ ਉਮਰ ਵਰਗ ਦੇ ਬੱਚੇ ਰੋਜ਼ਾਨਾ 4 ਤੋਂ 6 ਘੰਟੇ ਸਮਾਰਟ ਫੋਨ ਦੀ ਵਰਤੋਂ ਕਰਦੇ ਹਨ।

ਭਾਰਤ ਵਿੱਚ 64 ਫ਼ੀਸਦੀ ਬੱਚਿਆਂ ਨੂੰ ਸਮਾਰਟ ਫੋਨ ਦੀ ਲਤ ਲੱਗ ਚੁੱਕੀ ਹੈ। ਇਹ ਬੱਚੇ ਔਸਤਨ ਚਾਰ ਪੰਜ ਘੰਟੇ ਫੋਨ ਤੇ ਰੁੱਝੇ ਰਹਿੰਦੇ ਹਨ। ਬਹੁਤੇ ਮੁਲਕਾਂ ਵਿੱਚ ਇਹ ਫ਼ੀਸਦ ਭਾਰਤ ਨਾਲੋਂ ਕਾਫੀ ਘੱਟ ਹੈ। ਉਪਰੋਕਤ ਵਰਗ ਦੇ ਬੱਚਿਆਂ ਵਿੱਚੋਂ ਵਧੇਰੇ ਬੱਚੇ ਸਮਾਰਟ ਫੋਨ ’ਤੇ ਗੇਮਾਂ ਖੇਡਣ ਨੂੰ ਤਰਜੀਹ ਦਿੰਦੇ ਹਨ। ਇਸ ਨਾਲ ਅਨੇਕ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਪੈਦਾ ਹੋਣ ਦੀ ਸੰਭਾਵਨਾ ਰਹਿੰਦੀ ਹੈ। ਮਾਹਰ ਮੰਨਦੇ ਹਨ ਕਿ ਤੇਰ੍ਹਾਂ ਸਾਲ ਦੀ ਉਮਰ ਤੋਂ ਪਹਿਲਾਂ ਸਮਾਰਟ ਫੋਨ ਦੀ ਵਰਤੋਂ ਵਧੇਰੇ ਨੁਕਸਾਨਦਾਇਕ ਹੈ। ਸਮਾਰਟ ਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਬੱਚੇ ਚਿੰਤਾ, ਡਰ ਅਤੇ ਉਦਾਸੀ ਦਾ ਸ਼ਿਕਾਰ ਹੁੰਦੇ ਹਨ।

ਬੱਚੇ ਜ਼ਿਆਦਾ ਸਮਾਂ ਮੋਬਾਇਲ ਨਾਲ ਬਿਤਾ ਰਹੇ ਹਨ। ਉੱਥੇ ਉਹ ਕੀ ਦੇਖ ਰਹੇ ਹਨ ਤੇ ਉਨ੍ਹਾਂ ਦੇ ਦਿਮਾਗ ਤੇ ਕੀ ਅਸਰ ਪੈ ਰਿਹਾ ਹੈ, ਇਸਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਕਰੀਬ 40 ਫ਼ੀਸਦੀ ਬੱਚੇ ਵੱਖ ਵੱਖ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। 62 ਫ਼ੀਸਦੀ ਬੱਚਿਆਂ ਨੂੰ ਗੂੜ੍ਹੀ ਨੀਂਦ ਲੈਣ ਵਿੱਚ ਦਿੱਕਤ ਆਉਣ ਲਗਦੀ ਹੈ। 40 ਫ਼ੀਸਦੀ ਬੱਚੇ ਅੱਖਾਂ ਦੀਆਂ ਬਿਮਾਰੀਆਂ ਵਿੱਚ ਘਿਰ ਜਾਂਦੇ ਹਨ ਅਤੇ ਇੰਨੇ ਹੀ ਗਰਦਨ ਅਤੇ ਮੋਢਿਆਂ ਦੇ ਦਰਦ ਕਾਰਨ ਪਰੇਸ਼ਾਨ ਰਹਿੰਦੇ ਹਨ। 67 ਫ਼ੀਸਦੀ ਅਧਿਆਪਕਾਂ ਦਾ ਮੰਨਣਾ ਹੈ ਕਿ ਸਮਾਰਟ ਫੋਨ ਦੀ ਵਜਾਹ ਕਰਕੇ ਵਧੇਰੇ ਬੱਚਿਆਂ ਦੀ ਕਲਾਸ ਰੂਮ ਅਤੇ ਇਮਤਿਹਾਨਾਂ ਵਿੱਚ ਕਾਰਗੁਜ਼ਾਰੀ ਪ੍ਰਭਾਵਿਤ ਹੋ ਰਹੀ ਹੈ।

ਭਾਰਤ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ਅੰਨ੍ਹੇਵਾਹ ਹੋ ਰਹੀ ਹੈ। ਇੱਥੋਂ ਤਕ ਕਿ ਬੱਚਿਆਂ ਤੋਂ ਇਲਾਵਾ ਜਵਾਨ ਅਤੇ ਬਜ਼ੁਰਗ ਵੀ ਸੋਸ਼ਲ ਮੀਡੀਆ ਐਪਸ ਦੀ ਵਰਤੋਂ ਧੜੱਲੇ ਨਾਲ ਕਰ ਰਹੇ ਹਨ। ਭਾਰਤ ਵਿੱਚ ਪੰਜ ਸੌ ਮਿਲੀਅਨ ਤੋਂ ਵੱਧ ਸੋਸ਼ਲ ਮੀਡੀਆ ਖਾਤੇ ਹਨ। ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ, ਸਨੈਪਚੈਟ ਤੇ ਸ਼ੇਅਰਚੈਟ ਐਪਸ ਦੀ ਵਰਤੋਂ ਮੰਨੋਰੰਜਨ ਲਈ ਕੀਤੀ ਜਾਂਦੀ ਹੈ। ਬੱਚੇ ਜ਼ਿਆਦਾ ਸਮਾਂ ਮੋਬਾਇਲ ਨਾਲ ਬਿਤਾ ਰਹੇ ਹਨ, ਜਿਸਦਾ ਉਨ੍ਹਾਂ ਦੇ ਮਾਨਸਿਕ ਵਿਕਾਸ ਤੇ ਮਾੜਾ ਪ੍ਰਭਾਵ ਪੈਂਦਾ ਹੈ। ਆਸਟ੍ਰੇਲੀਆ ਦੁਨੀਆ ਦਾ ਪਹਿਲਾ ਮੁਲਕ ਹੈ ਜਿਸਨੇ ਸੋਲਾਂ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਮੁਕੰਮਲ ਪਾਬੰਦੀ ਲਾਈ ਹੈ।

ਆਸਟ੍ਰੇਲੀਆ ਨੇ ਨਾਬਾਲਗ ਬੱਚਿਆਂ ਦੇ ਸੰਤਾਲੀ ਲੱਖ ਤੋਂ ਵੱਧ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਹਨ। ਹੁਣ ਡੈਨਮਾਰਕ ਵੀ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਖਾਤਿਆਂ ਤੇ ਪਾਬੰਦੀ ਲਾਉਣ ਦੀ ਤਿਆਰੀ ਵਿੱਚ ਹੈ। ਨਾਰਵੇ ਨੇ ਵੀ ਅਜਿਹੀ ਤਿਆਰੀ ਖਿੱਚੀ ਹੈ। ਫਰਾਂਸ ਦੀ ਸੰਸਦ ਵੱਲੋਂ ਵੀ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਖਾਤੇ ਬੰਦ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਸਪੇਨ ਦੀ ਸਰਕਾਰ ਨੇ ਵੀ ਇੱਕ ਖਰੜਾ ਤਿਆਰ ਕੀਤਾ ਹੈ ਜਿਸ ਮੁਤਾਬਿਕ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤਿਆਂ ਦਾ ਧਿਆਨ ਰੱਖਿਆ ਜਾਵੇਗਾ।

ਯੂਕੇ ਨੇ ਵੀ ਸੋਸ਼ਲ ਮੀਡੀਆ ਕੰਪਨੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜੇ ਇੰਟਰਨੈੱਟ ਮੀਡੀਆ ਬੱਚਿਆਂ ਦਾ ਨੁਕਸਾਨ ਕਰਦਾ ਹੈ ਤਾਂ ਉਨ੍ਹਾਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਅਮਰੀਕਾ ਦੇ ਇੱਕ ਸੂਬੇ ਨੇ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤਿਆਂ ’ਤੇ ਪਾਬੰਦੀ ਲਾਈ ਹੈ। ਭਾਰਤ ਸਰਕਾਰ ਨੂੰ ਵੀ ਆਸਟ੍ਰੇਲੀਆ ਤੋਂ ਸੇਧ ਲੈ ਕੇ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਫੌਰੀ ਕਦਮ ਚੁੱਕਣ ਦੀ ਜ਼ਰੂਰਤ ਹੈ। ਅਜੋਕੇ ਸਮੇਂ ਵਿੱਚ ਮੋਬਾਇਲ ਅਤੇ ਸੋਸ਼ਲ ਮੀਡੀਆ ਦੀ ਲੋੜ ਤੋਂ ਵੱਧ ਵਰਤੋਂ ਨੇ ਬੱਚਿਆਂ ਅੰਦਰ ਅਸ਼ਾਂਤੀ ਪੈਦਾ ਕੀਤੀ ਹੈ। ਅਸੀਂ ਦੇਖਦੇ ਹਾਂ ਕਿ ਅੱਜ ਦਾ ਵਿਦਿਆਰਥੀ ਪੜ੍ਹਾਈ ਵੱਲ ਘੱਟ ਅਤੇ ਸੋਸ਼ਲ ਮੀਡੀਆ ਵੱਲ ਵੱਧ ਧਿਆਨ ਦੇ ਰਿਹਾ ਹੈ। ਇਹ ਆਧੁਨਿਕ ਕਿਸਮ ਦਾ ਤਣਾਅ ਹੈ ਜਿਸਨੂੰ ਰੋਕਣਾ ਸਮੇਂ ਦੀ ਮੰਗ ਹੈ। ਇਸਨੂੰ ਸੰਜਮਤਾ ਨਾਲ ਵਰਤ ਕੇ ਹੀ ਮਾਨਸਿਕ ਤੌਰ ’ਤੇ ਸਿਹਤਮੰਦ ਹੋਇਆ ਜਾ ਸਕਦਾ ਹੈ। ਮਾਨਸਿਕ ਸਿਹਤ ਇੱਕ ਵਿਅਕਤੀ ਦੀ ਭਾਵਨਾਤਮਕ, ਮਨੋਵਿਗਿਆਨਕ ਅਤੇ ਸਮਾਜਿਕ ਤੰਦਰੁਸਤੀ ਨੂੰ ਦਰਸਾਉਂਦੀ ਹੈ। ਚੰਗੀ ਮਾਨਸਿਕ ਸਿਹਤ ਤਣਾਅ ਨੂੰ ਸੰਭਾਲਣ, ਫੈਸਲੇ ਲੈਣ ਅਤੇ ਜ਼ਿੰਦਗੀ ਦਾ ਅਨੰਦ ਲੈਣ ਵਿੱਚ ਮਦਦ ਕਰਦੀ ਹੈ। ਇਸ ਉੱਤੇ ਉਚਿਤ ਧਿਆਨ ਦੇ ਕੇ ਵਿਦਿਆਰਥੀਆਂ ਨੂੰ ਮਾਨਸਿਕ ਪੱਖੋਂ ਤੰਦਰੁਸਤ ਬਣਾਇਆ ਜਾ ਸਕਦਾ ਹੈ।

ਖੋਜ ਕਰਤਾਵਾਂ ਨੇ ਪਾਇਆ ਹੈ ਕਿ ਜਦੋਂ ਡਿਜਿਟਲ ਪਹੁੰਚ ਨੌਜਵਾਨਾਂ ਤਕ ਤੁਰੰਤ ਸਮਗਰੀ ਦੀ ਇੱਕ ਵਿਸ਼ਾਲ ਸ਼੍ਰੇਣੀ ਲਿਆਉਂਦੀ ਹੈ ਤਾਂ ਇਹ ਧਿਆਨ ਭਟਕਾਉਣ ਅਤੇ ਘੱਟ ਧਿਆਨ ਦੇਣ ਦੇ ਸਮੇਂ ਨੂੰ ਵੀ ਉਤਸ਼ਾਹਿਤ ਕਰਦੀ ਹੈ। ਅੱਜ ਹਰ ਖਾਲੀ ਸਕਿੰਟ ਡਿਜਿਟਲ ਸ਼ੋਰ ਨਾਲ ਭਰਿਆ ਹੋਇਆ ਹੈ, ਜਿਸ ਕਾਰਨ ਬੱਚੇ ਨੂੰ ਸਿਰਫ ਉਤਸੁਕਤਾ ਕਰਕੇ ਕਿਤਾਬ ਚੁੱਕਣ ਦੀ ਕੋਈ ਥਾਂ ਨਹੀਂ ਮਿਲਦੀ। ਸਮਾਰਟ ਫੋਨ ਦੀ ਵਧ ਰਹੀ ਲੱਤ ਕਾਰਨ ਹੀ ਬੱਚਿਆਂ ਵਿੱਚ ਸਾਹਿਤ ਪੜ੍ਹਨ ਦੀ ਰੁਚੀ ਘਟ ਰਹੀ ਹੈ। ਬਾਲ ਸਾਹਿਤ ਦੀ ਘਾਟ ਦਾ ਅਸਰ ਸਿਰਫ ਬੌਧਿਕ ਵਿਕਾਸ ਤਕ ਹੀ ਸੀਮਿਤ ਨਹੀਂ, ਸਗੋਂ ਇਹ ਬੱਚਿਆਂ ਦੇ ਭਾਵਨਾਤਮਕ ਅਤੇ ਸਮਾਜਿਕ ਵਿਹਾਰ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਬਾਲ ਸਾਹਿਤ ਦੀ ਘਾਟ ਇੱਕ ਸਿੱਖਿਅਕ ਸਮੱਸਿਆ ਨਹੀਂ, ਸਗੋਂ ਸਮਾਜਿਕ ਅਤੇ ਮਾਨਸਿਕ ਸੰਕਟ ਦਾ ਵੀ ਸੰਕੇਤ ਹੈ। ਬੱਚਿਆਂ ਦੇ ਭਵਿੱਖ ਨੂੰ ਚੰਗਾ ਬਣਾਉਣ ਲਈ ਉਨ੍ਹਾਂ ਨੂੰ ਕਿਤਾਬਾਂ ਨਾਲ ਜੋੜਨਾ ਚਾਹੀਦਾ ਹੈ ਕਿਉਂਕਿ ਕਿਤਾਬਾਂ ਬੱਚਿਆਂ ਦੇ ਸੁਪਨਿਆਂ ਅਤੇ ਸੋਚ ਨੂੰ ਪਰਵਾਜ਼ ਦੇਣ ਵਾਲੇ ਖੰਭ ਹੁੰਦੀਆਂ ਹਨ। ਬੱਚਿਆਂ ਨੂੰ ਸਫ਼ਾਈ ਰੱਖਣ, ਖੇਡਾਂ ਵਿੱਚ ਭਾਗ ਲੈਣ, ਪੌਸ਼ਟਿਕ ਭੋਜਨ ਖਾਣ, ਦੂਸਰਿਆਂ ਨਾਲ ਮਿਲਵਰਤਨ ਰੱਖਣ ਆਦਿ ਬਾਰੇ ਉਤਸ਼ਾਹਿਤ ਕਰਦੇ ਰਹਿਣਾ ਚਾਹੀਦਾ ਹੈ। ਜੇ ਅਸੀਂ ਬੱਚਿਆਂ ਨੂੰ ਸਹੀ ਦਿਸ਼ਾ ਅਤੇ ਸਹੀ ਗੱਲਾਂ ਸਿਖਾ ਦੇਈਏ ਤਾਂ ਉਹ ਨਾ ਸਿਰਫ ਚੰਗੇ ਵਿਦਿਆਰਥੀ, ਸਗੋਂ ਚੰਗੇ ਇਨਸਾਨ ਵੀ ਬਣਕੇ ਉੱਭਰਦੇ ਹਨ।

ਬੱਚੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ, ਕੋਈ ਅਣਕਿਆਸਿਆ ਖਤਰਨਾਕ ਕਦਮ ਨਾ ਚੁੱਕਣ ਤੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰਹੇ, ਇਸ ਵਾਸਤੇ ਮਾਂ-ਬਾਪ ਅਤੇ ਅਧਿਆਪਕ ਉਨ੍ਹਾਂ ਨੂੰ ਸਮਾਰਟ ਫੋਨ ਵੱਲੋਂ ਵਰਜ ਕੇ ਸਿਰਜਣਾਤਮਿਕ ਸਰਗਰਮੀਆਂ ਨਾਲ ਜੋੜਨ ਦੀ ਕੋਸ਼ਿਸ਼ ਕਰਨ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (sarokar2015@gmail.com)

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer. Zira, Ferozpur, Punjab, India
Phone: (91 - 98146 - 62260)

More articles from this author