NarinderSZira7ਚੰਗੀ ਸਿਹਤ ਦਾ ਰਾਜ਼ ਸਰਗਰਮ ਜੀਵਨ ਸ਼ੈਲੀ ਹੈ। ਪਰ ਇਸਦੇ ਨਾਲ ...
(15 ਅਪਰੈਲ 2026)


ਮਨੁੱਖ ਨੂੰ ਜ਼ਿੰਦਗੀ ਅੱਜ ਵਿੱਚ ਜਿਉਣੀ ਚਾਹੀਦੀ ਹੈ
, ਕੱਲ੍ਹ ਨੂੰ ਪਤਾ ਨਹੀਂ ਕੀ ਹੋਵੇ। ਕੱਲ ਤਕ ਤੁਸੀਂ ਰਹੋ ਜਾਂ ਨਾ ਰਹੋ, ਅੱਜ ਤਾਂ ਤੁਹਾਡੇ ਹੱਥ ਵੱਸ ਹੈ। ਇਸ ਨੂੰ ਜੀਵਨ ਦੀ ਅਣਮੁੱਲੀ ਅਮਾਨਤ ਬਣਾਓ। ਜ਼ਿੰਦਗੀ ਦਾ ਹਰ ਪਲ, ਸਕਿੰਟ, ਮਿੰਟ, ਘੰਟੇ, ਦਿਨ ਨਵਾਂ ਹੁੰਦਾ ਹੈ। ਜ਼ਿੰਦਗੀ ਬਹੁਤ ਥੋੜ੍ਹੀ ਹੈ। ਪਰ ਜਿੰਨੀ ਵੀ ਹੈ, ਇਸਦਾ ਇੱਕ-ਇੱਕ ਦਿਨ ਮਨੁੱਖ ਨੂੰ ਹੱਸ ਕੇ ਜਿਊਣਾ ਚਾਹੀਦਾ ਹੈ। ਜ਼ਿੰਦਗੀ ਦਾ ਸਫਰ ਤਾਂ ਹਰ ਕੋਈ ਕੱਟ ਲੈਂਦਾ ਹੈ, ਪਰ ਇਸਨੂੰ ਸੋਹਣੇ ਢੰਗ ਨਾਲ ਜਿਊਣਾ ਕਿਸੇ ਕਿਸੇ ਨੂੰ ਹੀ ਆਉਂਦਾ ਹੈ। ਜ਼ਿੰਦਗੀ ਜ਼ਿੰਦਾਦਿਲੀ ਨਾਲ ਜਿਊਣ ਲਈ ਹੈ, ਨਾ ਕਿ ਡੰਗ ਟਪਾਈ ਕਰਨ ਲਈ। ਮਨੁੱਖ ਨੂੰ ਪਰਮਾਤਮਾ ਵੱਲੋਂ ਮਿਲੀ ਜ਼ਿੰਦਗੀ ਦੇ ਹਰੇਕ ਨਵੇਂ ਦਿਨ ਦਾ ਸ਼ੁਕਰ ਮਨਾਉਣ ਦੇ ਨਾਲ ਉਸ ਦਿਨ ਨੂੰ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਜਿਊਣਾ ਚਾਹੀਦਾ ਹੈ। ਚੰਗਾ ਕਰਨਾ ਚਾਹੀਦਾ ਹੈ, ਚੰਗਾ ਪਹਿਨਣਾ ਚਾਹੀਦਾ ਹੈ, ਕਿਸੇ ਨੂੰ ਮਾੜੇ ਬੋਲ ਨਹੀਂ ਬੋਲਣੇ ਚਾਹੀਦੇ। ਪਰਮਾਤਮਾ ਦੇ ਸਹਾਰੇ ਸਬਰ, ਸੰਤੋਖ ਅਤੇ ਸ਼ੁਕਰਾਨਾ ਕਰਦੇ ਹੋਏ ਛੋਟੇ ਜਿਹੇ ਜੀਵਨ ਦਾ ਅਨੰਦ ਲੈਣਾ ਚਾਹੀਦਾ ਹੈ।

ਮਨੁੱਖ ਨੂੰ ਪਾਠ-ਪੂਜਾ ਦਾ ਆਸਰਾ ਲੈਣਾ ਚਾਹੀਦਾ ਹੈ। ਧਰਮ ਭਾਵੇਂ ਕੋਈ ਵੀ ਹੋਵੇ, ਹਰ ਧਰਮ ਦੇ ਆਪਣੇ ਗ੍ਰੰਥ ਹੁੰਦੇ ਹਨ। ਆਪਣੇ ਧਰਮ ਅਨੁਸਾਰ ਮਹਾਂਪੁਰਖਾਂ ਦੇ ਬਚਨ ਪੜ੍ਹਨੇ, ਸੁਣਨੇ ਅਤੇ ਜੀਵਨ ਵਿੱਚ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਮਨ ਨੂੰ ਲੋੜੀਂਦੀ ਸ਼ਾਂਤੀ ਜ਼ਰੂਰ ਪ੍ਰਾਪਤ ਹੋਵੇਗੀ। ਆਪਣੇ ਮਨ ਦੇ ਅਨੰਦ ਨੂੰ ਹੋਰ ਵਧਾਉਣ ਲਈ ਆਪਣੀ ਕਮਾਈ ਵਿੱਚੋਂ ਦਸਵੰਧ ਜ਼ਰੂਰ ਕੱਢੀਏ ਅਤੇ ਜ਼ਰੂਰਤਮਦਾਂ ਦੀ ਮਦਦ ਜ਼ਰੂਰ ਕਰੀਏ। ਮਨ ਦੇ ਭਾਰ ਨੂੰ ਘਟਾਉਣ ਲਈ ਨਿੰਦਾ-ਚੁਗਲੀ ਤੋਂ ਬਚੀਏ। ਬੇਜ਼ੁਬਾਨ ਪਸ਼ੂਆਂ ਅਤੇ ਪੰਛੀਆਂ ਨੂੰ ਖਾਣ-ਪੀਣ ਪ੍ਰਦਾਨ ਕਰੀਏ। ਕਿਸੇ ਦਾ ਮਾੜਾ ਨਾ ਸੋਚੀਏ। ਸਰਬੱਤ ਦਾ ਭਲਾ ਮੰਗੀਏ। ਸਰਬੱਤ ਦਾ ਭਲਾ ਮੰਗਣ ਨਾਲ ਆਪਣਾ ਭਲਾ ਸਹਿਜ ਸੁਭਾਅ ਹੋ ਜਾਂਦਾ ਹੈ।

ਜ਼ਿੰਦਗੀ ਸੁੱਖ ਦੁੱਖ ਦਾ ਇੱਕ ਮਹਾਂਸੰਗਮ ਹੈ। ਹਰ ਇਨਸਾਨ ਦੀ ਜ਼ਿੰਦਗੀ ਵਿੱਚ ਸੁੱਖ-ਦੁੱਖ ਆਉਂਦੇ ਜਾਂਦੇ ਰਹਿੰਦੇ ਹਨ। ਹਰ ਇਨਸਾਨ ਨੂੰ ਇਨ੍ਹਾਂ ਦੇ ਨਾਲ ਹੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਹੈ। ਦੁਨੀਆਂ ਵਿੱਚ ਕੋਈ ਵੀ ਇਨਸਾਨ ਅਜਿਹਾ ਨਹੀਂ ਹੈ, ਜਿਸਦੀ ਜ਼ਿੰਦਗੀ ਵਿੱਚ ਕਦੇ ਦੁੱਖ ਨਾ ਆਇਆ ਹੋਵੇ। ਜੋ ਇਨਸਾਨ ਮੁਸੀਬਤਾਂ ਦਾ ਦਲੇਰੀ ਨਾਲ ਸਾਹਮਣਾ ਕਰਦਿਆਂ ਜ਼ਿੰਦਗੀ ਗੁਜ਼ਾਰਦੇ ਹਨ, ਉਹ ਜ਼ਿੰਦਗੀ ਵਿੱਚ ਸਫਲ ਹੋ ਜਾਂਦੇ ਹਨ। ਉਹ ਮੁਸੀਬਤ ਨੂੰ ਚੁਣੌਤੀ ਮੰਨਕੇ, ਪਹਿਲਾਂ ਨਾਲੋਂ ਜ਼ਿਆਦਾ ਮਿਹਨਤ ਕਰਨ ਲੱਗ ਪੈਂਦੇ ਹਨ। ਉਹ ਪਰਮਾਤਮਾ ਦੇ ਭਾਣੇ ਨੂੰ ਮੰਨਦਿਆਂ ਉਸਦੀ ਰਜ਼ਾ ਵਿੱਚ ਰਹਿ ਕੇ ਜ਼ਿੰਦਗੀ ਬਸਰ ਕਰਨ ਨੂੰ ਤਰਜੀਹ ਦਿੰਦੇ ਹਨ।

ਸਮੱਸਿਆਵਾਂ ਅਤੇ ਮੁਸ਼ਕਿਲਾਂ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹਨ। ਸਮੱਸਿਆਵਾਂ ਹਰ ਇਨਸਾਨ ਦੀਆਂ ਵੱਖ ਵੱਖ ਹੋ ਸਕਦੀਆਂ ਹਨ। ਹਰ ਇਨਸਾਨ ਨੂੰ ਇਨ੍ਹਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ। ਸਮੱਸਿਆਵਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਸਗੋਂ ਇਨ੍ਹਾਂ ਦਾ ਟਾਕਰਾ ਕਰਨਾ ਚਾਹੀਦਾ ਹੈ। ਸਮੱਸਿਆਵਾਂ ਦਾ ਟਾਕਰਾ ਕਰਕੇ ਇਨਸਾਨ ਨੂੰ ਤਜਰਬਾ ਵੀ ਹਾਸਲ ਹੋ ਜਾਂਦਾ ਹੈ। ਜੇ ਇਨਸਾਨ ਸਮੱਸਿਆਵਾਂ ਤੋਂ ਘਬਰਾ ਜਾਵੇ ਤਾਂ ਤਣਾਅ ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਸਮੱਸਿਆਵਾਂ ਦਾ ਸਾਹਮਣਾ ਕਰਨ ਕਰਕੇ ਹੀ ਇਨਸਾਨ ਵਿੱਚ ਹੋਰ ਨਿਖਾਰ ਆਉਂਦਾ ਹੈ। ਸਮੱਸਿਆਵਾਂ ਦਾ ਹੱਲ ਕਰਨ ਵਾਲੇ ਇਨਸਾਨ ਦੇ ਅੰਦਰ ਸ਼ਹਿਣਸ਼ੀਲਤਾ, ਨਿਮਰਤਾ ਆਦਿ ਵਰਗੇ ਗੁਣ ਆ ਜਾਂਦੇ ਹਨ। ਕਾਮਯਾਬੀ ਵੀ ਉਨ੍ਹਾਂ ਲੋਕਾਂ ਦੇ ਕਦਮ ਚੁੰਮਦੀ ਹੈ ਜਿਹੜੇ ਸਮੱਸਿਆਵਾਂ ਨੂੰ ਖੁਸ਼ੀ ਖ਼ੁਸ਼ੀ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਹਨ ਤੇ ਉਨ੍ਹਾਂ ਦੇ ਹੱਲ ਵੀ ਅਸਾਨੀ ਨਾਲ ਲੱਭ ਲੈਂਦੇ ਹਨ।

ਆਧੁਨਿਕ ਯੁਗ ਵਿੱਚ ਮਨੁੱਖੀ ਜੀਵਨ ਮਸ਼ੀਨ ਵਾਂਗ ਹੋ ਗਿਆ ਹੈ। ਛੋਟੀਆਂ ਛੋਟੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਵੀ ਉਸਨੂੰ ਮਸ਼ੀਨਾਂ ਆਦਿ ਦਾ ਸਹਾਰਾ ਲੈਣਾ ਪੈ ਰਿਹਾ ਹੈ। ਪੈਸਾ ਇਕੱਠਾ ਕਰਨ ਦੀ ਦੌੜ ਵਿੱਚ ਮਨੁੱਖ ਆਪਣੀ ਸੰਭਾਲ ਕਰਨਾ ਵੀ ਭੁੱਲ ਗਿਆ ਹੈ ਜਦੋਂਕਿ ਪਹਿਲਾਂ ਸਿਹਤ ਜ਼ਰੂਰੀ ਹੈ। ਸਵੇਰੇ ਜਲਦੀ ਉੱਠ ਕੇ ਮਨ ਨੂੰ ਕੁਦਰਤ ਅਤੇ ਪਰਮਾਤਮਾ ਨਾਲ ਜੋੜਨ ਵਾਲਾ ਵਿਅਕਤੀ ਮਾਨਸਿਕ ਤੌਰ ’ਤੇ ਸੰਤੁਸ਼ਟ ਅਤੇ ਤੰਦਰੁਸਤ ਰਹਿੰਦਾ ਹੈ ਜਦੋਂਕਿ ਇਸਦੇ ਉਲਟ ਜਿਹੜਾ ਵਿਅਕਤੀ ਸਵੇਰ ਨੂੰ ਲੇਟ ਉੱਠ ਕੇ ਹਫੜਾ-ਦਫੜੀ ਵਿੱਚ ਕੰਮ ਕਾਜ ਨੂੰ ਨਿਕਲਦਾ ਹੈ, ਉਸ ਵਿਅਕਤੀ ਦਾ ਮਨ ਸਾਰਾ ਦਿਨ ਅਸ਼ਾਂਤ ਅਤੇ ਖਿਝਿਆ ਹੋਇਆ ਰਹਿੰਦਾ ਹੈ। ਮਾਨਸਿਕ ਸਿਹਤ ਦਾ ਪ੍ਰਭਾਵ ਸਿੱਧੇ ਜਾਂ ਅਸਿੱਧੇ ਤੌਰ ’ਤੇ ਮਨੁੱਖ ਦੇ ਸਰੀਰ ਉੱਤੇ ਪੈਂਦਾ ਹੈ। ਜਿਸ ਵਿਅਕਤੀ ਦਾ ਮਨ ਖ਼ੁਸ਼ ਰਹਿੰਦਾ ਹੈ, ਉਸਦਾ ਚਿਹਰਾ ਵੀ ਖਿੜਿਆ ਹੀ ਰਹਿੰਦਾ ਹੈ ਤੇ ਇੱਕ ਚੰਗਾ ਸਮਾਜਿਕ ਪ੍ਰਾਣੀ ਹੋਣ ਦੀ ਉਦਾਹਰਨ ਪੇਸ਼ ਕਰਦਾ ਹੈ। ਚੰਗਾ ਸਮਾਜਿਕ ਪ੍ਰਾਣੀ ਸਭ ਵੱਲੋਂ ਸਤਿਕਾਰਿਆ ਜਾਂਦਾ ਹੈ, ਜੋ ਉਸਦਾ ਸਵੈਮਾਣ ਵੀ ਵਧਾਉਂਦਾ ਹੈ।

ਜਾਨ ਹੈ ਤਾਂ ਜਹਾਨ ਹੈ। ਜਾਨ (ਸਿਹਤ) ਠੀਕ ਹੋਣ ਨਾਲ ਹੀ ਸਭ ਕੁਝ ਚੰਗਾ ਲਗਦਾ ਹੈ। ਸਵੇਰੇ ਸਮੇਂ ਸਿਰ ਉੱਠਣਾ, ਕਸਰਤ ਕਰਨੀ, ਨਹਾਉਣਾ, ਖਾਣਾ, ਰਾਤ ਨੂੰ ਸਮੇਂ ਸਿਰ ਸੌਣਾ, ਨਿਯਮਤ ਰੂਪ ਵਿੱਚ ਚੱਲਣ ਲੱਗਣ ਤਾਂ ਇਨਸਾਨ ਕਦੇ ਬਿਮਾਰ ਹੀ ਨਾ ਹੋਵੇ। ਜਦੋਂ ਬਿਮਾਰੀ ਨਹੀਂ ਘੇਰੇਗੀ ਤਾਂ ਸਿਹਤ ਨਹੀਂ ਡਿਗੇਗੀ। ਸਿਹਤ ਠੀਕ ਹੋਵੇਗੀ ਤਾਂ ਲੰਮੀ ਉਮਰ ਯਕੀਨਨ ਹਾਸਲ ਹੋਵੇਗੀ। ਲੰਮੀ ਉਮਰ ਹਾਸਲ ਕਰਨ ਲਈ ਜੀਵਨ ਨਿਯਮਾਂ ਅਨੁਸਾਰ ਜਿਊਣਾ ਜ਼ਰੂਰੀ ਹੁੰਦਾ ਹੈ। ਆਪਣਾ ਹਰ ਕੰਮ ਇਨਸਾਨ ਨੂੰ ਨਿਯਮਿਤ ਰੂਪ ਵਿੱਚ ਕਰਨਾ ਚਾਹੀਦਾ ਹੈ। ਲੰਮੇ ਅਤੇ ਸੁਭਾਵਿਕ ਸਾਹ ਲਈ ਸਾਫ ਹਵਾ, ਸਾਫ ਭੋਜਨ, ਸਾਫ ਕੱਪੜੇ, ਸਾਫ ਸੁਥਰਾ ਸਰੀਰ ਆਦਿ ਰੱਖਣ ਵੱਲ ਵਿਸ਼ੇਸ਼ ਤਵੱਜੋ ਦੇਣੀ ਚਾਹੀਦੀ ਹੈ। ਸਰੀਰ ਦੇ ਅੰਗਾਂ ਦੀ ਲਗਾਤਾਰ ਸਫਾਈ ਕਰਨੀ ਚਾਹੀਦੀ ਹੈ।

ਹਰ ਅੰਗ ਨੂੰ ਆਪਣਾ ਨਿਯਮਬੰਧ ਕੰਮ ਕਰਨ ਦੇਣਾ ਚਾਹੀਦਾ ਹੈ। ਹਰ ਰੋਜ਼ ਸਵੇਰ ਦੀ ਸੈਰ ਕਰਨ ਨਾਲ ਤਰੋਤਾਜ਼ਾ ਹੋਣਾ ਚਾਹੀਦਾ ਹੈ। ਸਵੇਰ ਦੀ ਸੈਰ ਕੁਦਰਤੀ ਦਵਾਈ ਹੈ। ਸੈਰ ਕਰਨ ਨਾਲ ਸਰੀਰ ਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ ਕਿਉਂਕਿ ਤਾਜ਼ੀ ਹਵਾ ਵਿੱਚ ਔਕਸੀਜ਼ਨ ਦੀ ਵੱਧ ਮਾਤਰਾ ਹੁੰਦੀ ਹੈ। ਸੈਰ ਕਰਨ ਨਾਲ ਦਿਮਾਗ਼ ਵਧੇਰੇ ਤਾਜ਼ਾ ਰਹਿੰਦਾ ਹੈ। ਦਿਮਾਗ਼ ਅੰਦਰ ਚੰਗੇ ਵਿਚਾਰ ਆਉਂਦੇ ਹਨ। ਦਿਮਾਗ਼ ਵਿੱਚ ਸਕਾਰਾਤਮਕ ਊਰਜਾ ਜ਼ਿਆਦਾ ਆਉਂਦੀ ਹੈ। ਸਵੇਰ ਦੀ ਸੈਰ ਨਾਲ ਮਨੁੱਖ ਆਪਣੇ ਆਪ ਪ੍ਰਤੀ ਵਧੇਰੇ ਸੁਚੇਤ ਰਹਿੰਦਾ ਹੈ। ਕੁਦਰਤ ਨਾਲ ਜੁੜਿਆ ਮਨੁੱਖ ਕੁਦਰਤੀ ਚੀਜ਼ਾਂ ਵਧੇਰੇ ਖਾਣ ਲਗਦਾ ਹੈ। ਸਵੇਰ ਦੀ ਸੈਰ ਨਾਲ ਵਿਅਕਤੀ ਅੰਦਰ ਚੰਗੀਆਂ ਆਦਤਾਂ ਆਉਂਦੀਆਂ ਹਨ ਤੇ ਹੌਲੀ ਹੌਲੀ ਜ਼ਿੰਦਗੀ ਵਿੱਚ ਸੁਧਾਰ ਆਉਂਦਾ ਹੈ।

ਤਣਾਅ ਮੁਕਤ ਜੀਵਨ ਬਤੀਤ ਕਰਨ ਲਈ ਰੋਜ਼ਾਨਾ 20-25 ਮਿੰਟ ਕਸਰਤ ਕਰਨੀ ਚਾਹੀਦੀ ਹੈ। ਰੋਜ਼ਾਨਾ ਪੈਦਲ ਚੱਲਣਾ ਚਾਹੀਦਾ ਹੈ। ਪੈਦਲ ਚੱਲਣ ਨਾਲ ਸਰੀਰ ਵਿੱਚ ਔਕਸੀਜ਼ਨ ਦੀ ਜ਼ਿਆਦਾ ਮਾਤਰਾ ਮਿਲਦੀ ਹੈ। ਸਰੀਰ ਵਿੱਚ ਖ਼ੁਨ ਸੰਚਾਰ ਵਧਦਾ ਹੈ। ਜਦੋਂ ਅਸੀਂ ਪੈਦਲ ਚਲਦੇ ਹਾਂ ਤਾਂ ਸਾਡੀਆਂ ਲੱਤਾਂ ਦੀਆਂ ਮਾਸਪੇਸ਼ੀਆਂ ਕੰਮ ਕਰਦੀਆਂ ਹਨ ਅਤੇ ਖੂਨ ਦਾ ਸੰਚਾਰ ਵਧਦਾ ਹੈ। ਚੰਗੀ ਸਿਹਤ ਦਾ ਰਾਜ਼ ਸਰਗਰਮ ਜੀਵਨ ਸ਼ੈਲੀ ਹੈ। ਪਰ ਇਸਦੇ ਨਾਲ ਖਾਣ ਪੀਣ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਭੁੱਖ ਤੋਂ ਜ਼ਿਆਦਾ ਭੋਜਨ ਨਹੀਂ ਖਾਣਾ ਚਾਹੀਦਾ। ਸਵਾਦ ਤੋਂ ਬਚਣਾ ਚਾਹੀਦਾ ਹੈ। ਮਸਾਲੇਦਾਰ ਚੀਜਾਂ ਨਹੀਂ ਖਾਣੀਆਂ ਚਾਹੀਦੀਆਂ। ਤਾਕਤ ਅਨੁਸਾਰ ਕੰਮ ਕਰਨਾ ਚਾਹੀਦਾ ਹੈ।

ਪ੍ਰੰਤੂ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅਜੋਕੇ ਸਮੇਂ ਮਨੁੱਖ ਨੇ ਫਾਸਟ ਫੂਡ ਖਾਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਬਿਮਾਰੀਆਂ ਦਾ ਘਰ ਹੈ। ਸਿਹਤਮੰਦ ਜੀਵਨ ਗੁਜ਼ਾਰਨ ਲਈ ਹਰ ਇਨਸਾਨ ਨੂੰ ਖਾਣਾ ਦਵਾਈ ਵਾਂਗ ਖਾਣਾ ਚਾਹੀਦਾ ਹੈ, ਨਹੀਂ ਤਾਂ ਦਵਾਈ ਖਾਣੇ ਵਾਂਗ ਖਾਣੀ ਪਵੇਗੀ। ਅੱਜ ਲੱਖਾਂ ਲੋਕ ਸ਼ੂਗਰ, ਬਲੱਡ ਪ੍ਰੈੱਸ਼ਰ, ਕੈਂਸਰ, ਦਿਮਾਗ਼ੀ ਤੇ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕੋਲ ਸੈਰ, ਯੋਗਾ, ਕਸਰਤ ਕਰਨ ਲਈ ਸਮਾਂ ਨਹੀਂ ਹੈ, ਜਦੋਂਕਿ ਦੂਸਰੇ ਪਾਸੇ ਕੰਪਿਊਟਰ, ਟੈਲੀਵਿਜ਼ਨ ਉੱਤੇ ਕਈ ਕਈ ਘੰਟੇ ਗੁਜ਼ਾਰ ਦਿੰਦੇ ਹਨ। ਲੋਕ ਸੈਰ, ਯੋਗਾ, ਕਸਰਤ ਉਦੋਂ ਸ਼ੁਰੂ ਕਰਦੇ ਹਨ, ਜਦੋਂ ਸਰੀਰ ਇਹ ਕਰਨ ਦੇ ਯੋਗ ਨਹੀਂ ਹੁੰਦਾ।

ਹਰ ਵਿਅਕਤੀ ਨੂੰ ਆਪਣੇ ਖਾਣ-ਪੀਣ ਦੀਆਂ ਆਦਤਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਹਰ ਵਿਅਕਤੀ ਦੀ ਸਿਹਤ ਉੱਪਰ ਉਸਦੀਆਂ ਖਾਣ-ਪੀਣ ਦੀਆਂ ਆਦਤਾਂ ਦਾ ਬਹੁਤ ਅਸਰ ਪੈਂਦਾ ਹੈ। ਜੇ ਮਨੁੱਖ ਭੁੱਖ ਨੂੰ ਅੱਧਾ ਕਰ ਦੇਵੇ, ਦੁੱਗਣਾ ਚੱਲੇ ਅਤੇ ਮਨ ਤੋਂ ਤਿੱਗਣਾ ਹੱਸੇ ਤਾਂ ਉਸਨੂੰ ਡਾਕਟਰ ਕੋਲ ਜਾਣ ਦੀ ਘੱਟ ਲੋੜ ਪਵੇਗੀ ਤੇ ਉਹ ਸਿਹਤਮੰਦ ਜ਼ਿੰਦਗੀ ਜੀਅ ਸਕੇਗਾ। ਇਸ ਤੋਂ ਇਲਾਵਾ ਹਰ ਵਿਅਕਤੀ ਨੂੰ ਆਪਣੇ ਆਪ ਨੂੰ ਰੋਜ਼ਾਨਾ ਦੇ ਕੰਮ ਕਾਜ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਵੀ ਰੁਝਾਈ ਰੱਖਣਾ ਚਾਹੀਦਾ ਹੈ। ਜਿਹੜਾ ਮਨੁੱਖ ਆਪਣੇ ਸਵੇਰ ਤੋਂ ਰਾਤ ਤਕ ਦੇ ਸਮੇਂ ਨੂੰ ਵੱਖ ਵੱਖ ਗਤੀਵਿਧੀਆਂ ਵਿੱਚ ਰੁਝਾਈ ਰੱਖਦਾ ਹੈ, ਉਸਦੇ ਮਨ ਅੰਦਰ ਭਟਕਣਾ ਪੈਦਾ ਨਹੀਂ ਹੁੰਦੀ ਅਤੇ ਉਹ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ।

ਰੂਹਾਨੀਅਤ ਅਤੇ ਗੁਰਬਾਣੀ ਅਨੁਸਾਰ ਉਹੀ ਜੀਵਨ ਸਫਲ ਹੈ, ਜਿਸ ਵਿੱਚ ਕੀਤੇ ਸ਼ੁਭ ਕਰਮਾਂ ਕਾਰਨ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਸਕੇ। ਪੰਜਵੀਂ ਪਾਤਸ਼ਾਹੀ ਜੀ ਦਾ ਸਫਲ ਜੀਵਨ ਬਾਰੇ ਕਥਨ ਹੈ,

ਸਫਲ ਸਫਲ ਭਈ, ਸਫਲ ਜਾਤ੍ਰਾ।
ਆਵਣ ਰਹੇ ਮਿਲੇ ਸਾਧਾ।

ਤੀਸਰੀ ਪਾਤਸ਼ਾਹੀ ਜੀ ਦੀ ਬਾਣੀ ਹੈ,

ਗੁਰਮੁਖਿ ਜਨਮੁ ਸਫਲੁ ਹੈ, ਜਿਸਨੇ ਆਪੇ ਲਏ ਮਿਲਾਇ।
ਨਾਨਕ ਨਦਰੀ ਨਦਰਿ ਕਰੇ ਤਾਂ ਨਾਮ ਧਨੁ ਪਲੈ ਪਾਇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (
This email address is being protected from spambots. You need JavaScript enabled to view it.om)

About the Author

ਨਰਿੰਦਰ ਸਿੰਘ ਜ਼ੀਰਾ

ਨਰਿੰਦਰ ਸਿੰਘ ਜ਼ੀਰਾ

Retired Lecturer. Zira, Ferozpur, Punjab, India
Phone: (91 - 98146 - 62260)

More articles from this author