JaswantZirakh7ਜਦੋਂ ਮਨੁੱਖ ਕਿਸਮਤ ਵਿੱਚ ਲਿਖਿਆ ਵਰਗੇ ਰੂੜ੍ਹੀਵਾਦੀ ਵਿਚਾਰ ਮੰਨਣਾ ਛੱਡਕੇ ...
(29 ਜੁਲਾਈ 2026)


ਸਾਡੇ ਸਮਾਜ ਵਿੱਚ ਆਮ ਮਾਨਤਾ ਹੈ ਕਿ ਮਨੁੱਖ ਮੌਤ ਉਪਰੰਤ ਕਿਸੇ ਹੋਰ ਜੀਵ ਦੀ ਜੂਨੀ ਵਿੱਚ ਅਗਲਾ ਜਨਮ ਲੈਂਦਾ ਹੈ
ਇਹ ਵੀ ਮੰਨਿਆ ਜਾਂਦਾ ਹੈ 84 ਲੱਖ ਜੂਨਾਂ ਭੋਗਣ ਉਪਰੰਤ ਜੀਵ ਨੂੰ ਮਨੁੱਖਾ ਜੂਨ ਪ੍ਰਾਪਤ ਹੁੰਦੀ ਹੈ ਜੋ ਉਸ ਨੂੰ ਰੱਬ ਨੂੰ ਮਿਲਣ, ਸਵਰਗ ਅਤੇ ਜਮਣ-ਮਰਨ ਤੋਂ ਮੁਕਤੀ ਦੀ ਪ੍ਰਾਪਤੀ ਕਰਨ ਲਈ ਮਿਲਦੀ ਹੈਇੱਕ ਪਾਸੇ ਸਾਰੇ ਧਰਮ ਮਾੜੇ ਮੋਟੇ ਫਰਕ ਨਾਲ ਇਨ੍ਹਾਂ ਮਾਨਤਾਵਾਂ ਨੂੰ ਹਰ ਰੋਜ਼ ਆਪਣੇ ਧਰਮ ਅਸਥਾਨਾਂ ਵਿੱਚ ਵੱਡੀ ਪੱਧਰ ’ਤੇ ਪ੍ਰਚਾਰਕੇ, ਮਨੁੱਖ ਨੂੰ ਇਸ ਮਾਰਗ ਉੱਪਰ ਚੱਲਣ ਦੇ ਉਪਦੇਸ਼ ਦਿੰਦਿਆਂ ਨੂੰ ਆਪਾਂ ਸਭ ਦੇਖਦੇ ਹਾਂ; ਦੂਜੇ ਪਾਸੇ ਇਨ੍ਹਾਂ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਮਨੁੱਖ ਆਇਆ ਵੀ ਰੱਬ ਕੋਲੋਂ ਹੈ ਅਤੇ ਅੰਤ ਵੇਲੇ ਜਾਣਾ ਵੀ ਉਸੇ ਕੋਲ ਹੈਇਹ ਸੁਣ ਕੇ ਸਵਾਲ ਪੈਦਾ ਹੁੰਦਾ ਹੈ ਕਿ ਜੇ ਮਨੁੱਖ ਆਇਆ ਵੀ ਉਸੇ ਕੋਲੋਂ ਹੈ ਅਤੇ ਜਾਣਾ ਵੀ ਉਸੇ ਕੋਲ ਹੈ ਤਾਂ ਉਸ ਨੂੰ ਇੱਥੇ ਲੱਭਣ ਦੇ ਪ੍ਰਵਚਨ ਕਿਉਂ ਕੀਤੇ ਜਾਂਦੇ ਹਨ? ਪਰ ਮਨੁੱਖ ਇਨ੍ਹਾਂ ਨੂੰ ਸੁਣਕੇ ‘ਅਣ ਦੇਖੇ ਰੱਬ’ ਨੂੰ ਮਿਲਣ ਲਈ ਦਿੱਤੇ ਉਪਦੇਸ਼ਾਂ ਅਨੁਸਾਰ ਕੋਸ਼ਿਸ਼ ਕਰਦਾ ਰਹਿੰਦਾ ਹੈ, ਪਰ ਉਸਦੀ ਇੱਛਾ ਨੂੰ ਕਦੇ ਵੀ ਬੂਰ ਨਹੀਂ ਪਿਆ ਇਸਦੇ ਬਾਵਜੂਦ ਵੀ ਉਹ ਸਾਰੀ ਉਮਰ ਇਸ ਇੱਛਾ ਨੂੰ ਬਰਕਰਾਰ ਰੱਖਦਾ ਹੈ ਅਤੇ ਅੰਤ ਬਿਨਾਂ ਕਿਸੇ ਪ੍ਰਾਪਤੀ ਤੋਂ ਇਸ ਦੁਨੀਆਂ ਨੂੰ ਸਦੀਵੀ ਅਲਵਿਦਾ ਆਖ ਜਾਂਦਾ ਹੈਫਿਰ ਅੰਤਿਮ ਰਸਮਾਂ ਨਿਭਾਉਣ ਲਈ ਵੀ ਉਹੀ ਉਪਦੇਸ਼ ਦੇਣ ਵਾਲੇ ਆ ਪਹੁੰਚਦੇ ਹਨ ਅਤੇ ‘ਵਿੱਛੜੀ ਰੂਹ’ ਨੂੰ ਉਸ ਰੱਬ ਦੇ ਚਰਨਾਂ ਵਿੱਚ ਨਿਵਾਸ ਦੇਣ ਲਈ ਬੇਨਤੀਆਂ ਕਰਦੇ ਹਨ, ਜਿਹੜੇ ਉਸਦੇ ਜਿਊਂਦੇ ਸਮੇਂ ਰੱਬ ਨਾਲ ਮਿਲਣ ਦੇ ਢੰਗ ਦੱਸਦੇ ਰਹੇ ਸਨਪਰਿਵਾਰਿਕ ਮੈਂਬਰ, ਸਕੇ ਸੰਬੰਧੀ, ਮਿੱਤਰ ਅਜਿਹੀਆਂ ਰਸਮਾਂ ਦੀ ਪੂਰਤੀ ਉਪਰੰਤ ਆਪਣੀ ਜ਼ਿੰਦਗੀ ਅੱਗੇ ਤੋਰਨ ਅਤੇ ਅਗਲੇ ਜਨਮ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਇੱਛਾਵਾਂ ਦੀ ਪੂਰਤੀ ਲਈ ਜੁਟ ਜਾਂਦਾ ਹੈ, ਜਿਨ੍ਹਾਂ ਨੂੰ ਪੂਰਾ ਕਰਨ ਦੇ ਯਤਨ ਕਰਦਾ ਹੋਇਆ ਉਹਨਾਂ ਦਾ ਸੰਗੀ ਸਾਥੀ ਇਸ ਦੁਨੀਆਂ ਵਿੱਚੋਂ ਰੁਖਸਤ ਹੋਇਆਉਪਰੋਕਤ ‘ਮਹਾਂਪੁਰਖਾਂ’ ਦੀ ਸਿੱਖਿਆ ਅਨੁਸਾਰ ਕਿ ਕਿਸਮਤ ਵਿੱਚ ਇਵੇਂ ਹੀ ਲਿਖਿਆ ਹੋਇਆ ਸੀ ਮੰਨ ਕੇ, ਕੁਝ ਹੋਰ ਵਿਚਾਰਨ ਦੀ ਲੋੜ ਹੀ ਖਤਮ ਹੋ ਜਾਂਦੀ ਹੈ, ਜੋ ਮਨੁੱਖ ਨੂੰ ਅੱਗੇ ਸੋਚਣ ਦਾ ਰਸਤਾ ਬੰਦ ਕਰਨ ਲਈ ਕਾਫੀ ਹੈਇਸ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਵਿੱਚ ਇਹ ਵਰਤਾਰਾ ਸਦੀਆਂ ਤੋਂ ਇਸੇ ਤਰ੍ਹਾਂ ਚਲਦਾ ਆ ਰਿਹਾ ਹੈ

ਲੋਕਾਂ ਵਿੱਚ ਉਪਰੋਕਤ ਵਿਸ਼ਵਾਸ ਬਣਾਈ ਰੱਖਣ ਲਈ ਜਿੱਥੇ ਤਰ੍ਹਾਂ ਤਰ੍ਹਾਂ ਦੇ ਧਰਮ ਅਸਥਾਨਾਂ ਅਤੇ ਡੇਰਿਆਂ ਦੇ ‘ਮਹਾਂਪੁਰਖਾਂ’ ਵੱਲੋਂ ਮਨੁੱਖ ਨੂੰ ਦੁੱਖਾਂ ਕਲੇਸ਼ਾਂ ਵਾਲੀ ਜ਼ਿੰਦਗੀ ਤੋਂ ਮੁਕਤੀ ਦੇ ਜੋੜ-ਤੋੜ ਦੱਸਕੇ ਭਰਮਾਉਣ ਵਿੱਚ ਕਸਰ ਨਹੀਂ ਛੱਡੀ ਜਾਂਦੀ, ਉੱਥੇ ਸਰਕਾਰਾਂ ਵੀ ਇਸ ਕੰਮ ਨੂੰ ਚਲਦਾ ਰੱਖਣ ਲਈ ਬਰਾਬਰ ਦੀਆਂ ਭਾਈਵਾਲ ਹਨਸਰਕਾਰਾਂ ਲੋਕਾਂ ਨੂੰ ਧਰਮ ਅਸਥਾਨਾਂ ਦੀਆਂ ਮੁਫਤ ਯਾਤਰਾਵਾਂ ਕਰਵਾਉਣ ਲਈ ਵਿਸ਼ੇਸ਼ ਬੱਸਾਂ, ਗੱਡੀਆਂ ਦੇ ਪ੍ਰਬੰਧ ਕਰਕੇ ਲੋਕਾਂ ਦੇ ਰੂੜ੍ਹੀਵਾਦੀ ਵਿਸ਼ਵਾਸਾਂ ਨੂੰ ਹੋਰ ਪੱਕਾ ਕਰਨ ਦਾ ਕੋਈ ਵੀ ਮੌਕਾ ਨਹੀਂ ਖੁੰਝਾਉਂਦੀਆਂਨਵੇਂ ਧਰਮ ਅਸਥਾਨ ਉਸਾਰਨ, ਉਹਨਾਂ ਦੇ ਉਦਘਾਟਨਾਂ ਅਤੇ ਹੋਰ ਸਹੂਲਤਾਂ ਦੇਣ ਲਈ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਮੰਤਰੀ ਸਾਰੇ ਹੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਦਿਆਂ ਉਹਨਾਂ ਨੂੰ ਆਪਣੀ ਰਾਜ ਸੱਤਾ ਬਰਕਰਾਰ ਰੱਖਣ ਲਈ ਵਰਤ ਰਹੇ ਹਨਇਸ ਤਰ੍ਹਾਂ ਉਹ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਨੂੰ ਅਣਗੌਲਿਆ ਕਰਨ ਦੇ ਰਾਹ ਤੋਰ ਕੇ ਆਪਣੀਆਂ ਨਿਕਾਮੀਆਂ ਛੁਪਾਉਣ ਵਿੱਚ ਵੀ ਸਫਲ ਹੋ ਰਹੇ ਹਨ

ਭਾਵੇਂ ਸੰਵਿਧਾਨਿਕ ਤੌਰ ’ਤੇ ਕੋਈ ਵੀ ਸਰਕਾਰ ਕਿਸੇ ਧਾਰਮਿਕ ਕੰਮ ਲਈ ਖਰਚ ਨਹੀਂ ਕਰ ਸਕਦੀ ਪਰ ਸਾਡੇ ਮੁਲਕ ਵਿੱਚ ਇਹ ਸਭ ਆਮ ਚੱਲ ਰਿਹਾ ਹੈਸਰਕਾਰ ਅਤੇ ਹਰ ਮਨੁੱਖ ਦੀ ਵਿਗਿਆਨਿਕ ਵਿਚਾਰਾਂ ਨੂੰ ਪਰਫੁੱਲਤ ਕਰਨ ਦੀ ਸੰਵਿਧਾਨਿਕ ਜ਼ਿੰਮੇਵਾਰੀ ਹੈ, ਪਰ ਇਸਦੀ ਕੋਈ ਵੀ ਪ੍ਰਵਾਹ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਸੰਵਿਧਾਨ ਦੀ ਪਾਲਣਾ ਕਰਵਾਉਣ ਲਈ ਕਿਸੇ ਅਦਾਲਤ ਵੱਲੋਂ ਕੋਈ ਯਤਨ ਕੀਤਾ ਜਾ ਰਿਹਾ ਹੈਸਰਕਾਰੀ ਤੌਰ ’ਤੇ ਜਿਹੜੇ ਧਰਮ ਅਸਥਾਨਾਂ ਦੀ ਯਾਤਰਾ ਲੋਕਾਂ ਨੂੰ ਕਰਵਾਈ ਜਾਂਦੀ ਹੈ, ਉਹਨਾਂ ਸਥਾਨਾਂ ਵਿੱਚ ਮਨੁੱਖਤਾ ਵਿਰੋਧੀ ਅਤੇ ਗੈਰ ਇਖਲਾਕੀ ਕਰਮਕਾਂਡ ਅਕਸਰ ਹੀ ਵਾਪਰਦੇ ਰਹਿੰਦੇ ਹਨ, ਉਹਨਾਂ ਨੂੰ ਕਦੇ ਵੀ ਕਿਸੇ ਰੱਬ ਨੇ ਨਹੀਂ ਰੋਕਿਆਉਸਨੂੰ ਰੋਕਣ ਲਈ ਹਮੇਸ਼ਾ ਮਨੁੱਖ ਨੂੰ ਹੀ ਅੱਗੇ ਆਉਣਾ ਪੈਂਦਾ ਹੈ ਇਨ੍ਹਾਂ ਧਰਮ ਅਸਥਾਨਾਂ ਵਿੱਚ ਲੋਕਾਂ ਦੀ ਧਾਰਮਿਕ ਆਸਥਾ ਬਣਾ ਕੇ ਰੱਖਣ ਅਤੇ ਉਹਨਾਂ ਨੂੰ ਅਗਲੇ ਜਨਮ ਵਿੱਚ ਅਮੀਰੀ ਮਿਲਣ ਅਤੇ ਮੌਜੂਦਾ ਸਮੇਂ ਪਰਿਵਾਰਕ ਸੁੱਖ ਸ਼ਾਂਤੀ ਰਹਿਣ ਦੇ ਅੰਧਵਿਸ਼ਵਾਸੀ ਭਰੋਸੇ ਕਾਰਨ, ਉਹਨਾਂ ਦੀ ਦਾਨ ਪੁੰਨ ਕਰਨ ਦੀ ਭਾਵਨਾ ਨੂੰ ਮਾਇਆ ਇਕੱਠੀ ਕਰਨ ਦੇ ਸਾਧਨ ਵਜੋਂ ਵਰਤਿਆ ਜਾ ਰਿਹਾ ਹੈਇਸੇ ਮਾਇਆ ਉੱਪਰ ਕਬਜ਼ਾ ਬਣਾ ਕੇ ਰੱਖਣ ਲਈ ਕਿੰਨੇ ਹੀ ਧਰਮ ਅਸਥਾਨਾਂ ਵਿੱਚ ਹੁੰਦੇ ਲੜਾਈ ਝਗੜਿਆਂ ਤੋਂ ਕੋਈ ਵੀ ਅਣਜਾਣ ਨਹੀਂਕਰੋੜਾਂ ਹੀ ਰੁਪਏ ਦੀ ਚੋਰੀ ਅਤੇ ਹੋ ਰਹੇ ਘਪਲਿਆਂ ਸਮੇਤ ਕਈ ਕੀਮਤੀ ਵਸਤਾਂ ਦੇ ਖੁਰਦ ਬੁਰਦ ਹੋਣ ਦੇ ਮਾਮਲੇ ਅਕਸਰ ਹੀ ਅਜਿਹੇ ਧਰਮ ਅਸਥਾਨਾਂ ਦੀ ਚਰਚਾ ਦਾ ਵਿਸ਼ਾ ਬਣਦੇ ਆ ਰਹੇ ਹਨਹੁਣ ਤਾਂ ਵਿਗਿਆਨ ਦੀ ਦੇਣ ਸੀ ਸੀ ਟੀ ਵੀ ਕੈਮਰੇ ਵੀ ਹਰ ਧਰਮ ਅਸਥਾਨ ਵਿੱਚ ਲੱਗ ਚੁੱਕੇ ਹਨ ਜੋ ਉਸਦੀ ਰੱਖਿਆ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ

ਇਹ ਸਭ ਦੇਖਣ ਸੁਣਨ ਦੇ ਬਾਵਜੂਦ ਵੀ ਲੋਕਾਂ ਦਾ ਵਿਸ਼ਵਾਸ ਆਪਣੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਕੀਤੇ ਜਾਂਦੇ ਖੁਦ ਦੇ ਉਪਰਾਲਿਆਂ ਅਤੇ ਜਥੇਬੰਦ ਹੋ ਕੇ ਕੀਤੇ ਸੰਘਰਸ਼ਾਂ ਦੀਆਂ ਪ੍ਰਾਪਤੀਆਂ ਤੋਂ ਸਿੱਖਣ ਦੀ ਬਜਾਏ ਰੂੜ੍ਹੀਵਾਦੀ ਵਿਚਾਰਾਂ ਦੀ ਘੁੰਮਣਘੇਰੀ ਵਿੱਚੋਂ ਬਾਹਰ ਆਉਣ ਤੋਂ ਝਿਜਕਦਾ ਹੈਉਸਨੂੰ ਡਰ ਹੈ ਕਿ ਜੇ ਆਪਣੇ ਧਰਮ ਨੂੰ ਮੰਨਣਾ ਛੱਡ ਦਿੱਤਾ ਤਾਂ ਪਤਾ ਨਹੀਂ ਕਿਹੜੀ ਆਫਤ ਘੇਰ ਲਵੇਗੀ? ਪਰ ਉਹ ਇਹ ਨਹੀਂ ਜਾਣਦਾ ਕਿ ਕਿਸਮਤਵਾਦੀ ਵਿਚਾਰਾਂ ਦਾ ਤਿਆਗ ਕਰਕੇ ਹਰ ਆਫਤ ਦਾ ਮੁਕਾਬਲਾ ਕਰਦਿਆਂ ਅੱਗੇ ਵਧਣਾ ਹੀ ਮਨੁੱਖ ਦਾ ਅਸਲ ਧਰਮ ਹੈਸਿਰਫ ਧਰਮ ਅਸਥਾਨਾਂ ਦੀ ਯਾਤਰਾ ਕਰਨਾ, ਮੱਥਾ ਟੇਕ ਲੈਣਾ, ਪਾਠ ਪੂਜਾ ਕਰ ਲੈਣਾ, ਹਰ ਚੰਗੀ ਮਾੜੀ ਘਟਨਾ ਨੂੰ ਕਿਸਮਤ ਵਿੱਚ ਲਿਖੀ ਸਮਝਣਾ ਕੋਈ ਧਰਮ ਨਹੀਂ, ਸਗੋਂ ਸਮਾਜ ਵਿੱਚ ਚੱਲ ਰਹੇ ਗਲਤ ਵਰਤਾਰਿਆਂ, ਮਜ਼ਲੂਮਾਂ ਨਾਲ ਹੋ ਰਹੇ ਜ਼ੁਲਮਾਂ, ਔਰਤਾਂ ’ਤੇ ਹੋ ਰਹੇ ਅੱਤਿਆਚਾਰਾਂ ਲਈ ਜ਼ਿੰਮੇਵਾਰਾਂ ਖਿਲਾਫ ਅਵਾਜ਼ ਉਠਾਉਂਦਿਆਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਵੱਲ ਅੱਗੇ ਵਧਣਾ ਹੀ ਇੱਕ ਸੱਚਾ ਧਰਮ ਹੈ

ਕੁਝ ਸਾਲ ਪਹਿਲਾਂ ਜੇਕਰ ਸਰਕਾਰ ਵੱਲੋਂ ਖੇਤੀ ਸੰਬੰਧੀ ਬਣਾਏ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨੀ ਮੋਰਚਾ ਲਾਉਣ ਦੀ ਬਜਾਏ ਇਹ ਮੰਨ ਲਿਆ ਜਾਂਦਾ ਕਿ ਇਹ ਕਿਸਮਤ ਵਿੱਚ ਹੀ ਲਿਖਿਆ ਸੀ, ਤਾਂ ਕੀ ਉਹ ਵਾਪਸ ਹੋ ਜਾਂਦੇ? ਜੇ ਨੀਟ ਦਾ ਪੇਪਰ ਲੀਕ ਹੋਣ ਕਰਕੇ ਸਰਕਾਰ ਦੀ ਨਲਾਇਕੀ ਨੂੰ ਨਜ਼ਰ ਅੰਦਾਜ਼ ਕਰਕੇ ਕਿਸਮਤ ਵਿੱਚ ਲਿਖਿਆ ਮੰਨ ਲਿਆ ਜਾਂਦਾ, ਤਾਂ ਕੀ ਕੇਂਦਰੀ ਵਿੱਦਿਆ ਮੰਤਰੀ ਦਾ ਅਸਤੀਫਾ ਹੋ ਸਕਦਾ ਸੀ? ਜੇ ਬਰਨਾਲਾ ਵਿੱਚ ਸਫਾਈ ਮਜ਼ਦੂਰ ਮਰਦਾਂ ਅਤੇ ਔਰਤਾਂ ਉੱਪਰ ਜ਼ੁਲਮ ਢਾਹੁਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਲੋਕ ਰੋਹ ਖੜ੍ਹਾ ਨਾ ਹੁੰਦਾ ਤਾਂ ਕੀ ਉਹਨਾਂ ਦੀ ਬਰਖਾਸਤੀ ਹੋ ਸਕਦੀ ਸੀ? ਅਜਿਹੇ ਅਨੇਕਾਂ ਹੀ ਸਵਾਲ ਸਾਡੇ ਸਾਹਮਣੇ ਹਨ ਜਿਨ੍ਹਾਂ ਦਾ ਜਵਾਬ ਲੱਭਣ ਲੱਗਿਆਂ ਸਪਸ਼ਟ ਹੋ ਜਾਂਦਾ ਹੈ ਕਿ ਕਿਸੇ ਵੀ ਮਨੁੱਖ ਦੀ ਕਿਸਮਤ ਕੋਈ ਹੋਰ ਨਹੀਂ ਸਗੋਂ ਸਾਡੇ ਦੇਸ਼ ਦਾ ਰਾਜ ਪ੍ਰਬੰਧ ਚਲਾਉਣ ਦੇ ਜ਼ਿੰਮੇਵਾਰ ਲਿਖਦੇ ਹਨ

ਲੋਕਾਂ ਨੂੰ ਕਿਸਮਤ ਦਾ ਪਾਠ ਪੜ੍ਹਾਕੇ ‘ਮਹਾਰਾਜ’ ਅਖਵਾਉਣ ਵਾਲੇ ਕਿੰਨੇ ਹੀ ਬਾਬੇ ਬਲਾਤਕਾਰੀ ਕੇਸਾਂ ਵਿੱਚ ਉਮਰ ਕੈਦ ਵਰਗੀਆਂ ਸਜ਼ਾਵਾਂ ਭੁਗਤ ਰਹੇ ਹਨਭਾਵੇਂ ਸਰਕਾਰਾਂ ਦੀ ਉਹਨਾਂ ਉੱਪਰ ਛਤਰ ਛਾਇਆ ਹੋਣ ਕਰਕੇ ਆਪਣੀ ਲੋੜ ਅਨੁਸਾਰ ਉਹਨਾਂ ਨੂੰ ਬਾਹਰ ਲਿਆਂਦਾ ਜਾਂਦਾ ਹੈ, ਪਰ ਕੋਈ ਦੈਵੀ ਤਾਕਤ ਉਹਨਾਂ ਨੂੰ ਜੇਲ੍ਹ ਜਾਣ ਤੋਂ ਰੋਕਣ ਲਈ ਸਹਾਈ ਨਹੀਂ ਹੋ ਸਕੀਇਸੇ ਤਰ੍ਹਾਂ ਬਿਲਕਿਸ ਬਾਨੋ ਬਲਾਤਕਾਰੀ ਕੇਸ ਵਿੱਚ 11 ਦਰਿੰਦੇ, ਜੋ ਕਿਸਮਤਵਾਦ ਦੇ ਪੁਜਾਰੀ ਸਨ, ਨੂੰ ਹੋਈ ਜੇਲ੍ਹ ਦੀ ਸਜ਼ਾ ਮੁਆਫੀ ਸਰਕਾਰੀ ਸ਼ਹਿ ਹੇਠ ਚੰਗੇ ਸੰਸਕਾਰੀ ਐਲਾਨਕੇ ਕੀਤੀ ਗਈ, ਪਰ ਲੋਕ ਵਿਰੋਧ ਉਹਨਾਂ ਨੂੰ ਮੁੜ ਜੇਲ੍ਹ ਭੇਜਣ ਵਿੱਚ ਸਫਲ ਹੋਇਆਅਜਿਹੇ ਅਣਗਿਣਤ ਵਰਤਾਰੇ ਹਨ ਜਿਨ੍ਹਾਂ ਰਾਹੀਂ ਸਪਸ਼ਟ ਹੁੰਦਾ ਹੈ ਕਿ ਲੋਕ ਤਾਕਤ ਹੀ ਅਸਲ ਰੱਬ ਹੈ, ਜਿਸਦੀ ਪ੍ਰਾਪਤੀ ਲਈ ਹਰ ਮਨੁੱਖ ਨੂੰ ਅੱਗੇ ਆਉਣ ਦੀ ਲੋੜ ਹੈਜੇਕਰ ਅੱਜ ਦੇਸ਼ ਦੀ ਨੌਜਵਾਨੀ ਵੱਡੀ ਗਿਣਤੀ ਵਿੱਚ ਪੜ੍ਹ ਲਿਖਕੇ ਵੀ ਬੇਰੋਜ਼ਗਾਰ ਹੈ ਤਾਂ ਇਹ ਇਸ ਕਰਕੇ ਨਹੀਂ ਕਿ ਉਹਨਾਂ ਦੀ ਕਿਸਮਤ ਵਿੱਚ ਬੇਰੁਜ਼ਗਾਰੀ ਲਿਖੀ ਹੋਈ ਹੈ, ਇਸ ਬੇਰੁਜ਼ਗਾਰੀ ਲਈ ਸਾਡੇ ਦੇਸ਼ ਦਾ ਰਾਜ ਪ੍ਰਬੰਧ ਜ਼ਿੰਮੇਵਾਰ ਹੈ, ਜਿਸਨੇ ਦੇਸ਼ ਦੇ ਰੁਜ਼ਗਾਰ ਪੈਦਾ ਕਰਨ ਵਾਲੇ ਅਦਾਰਿਆਂ ਨੂੰ ਨਿੱਜੀ ਹੱਥਾਂ (ਕਾਰਪੋਰੇਟਾਂ) ਵਿੱਚ ਵੇਚ ਦਿੱਤਾ ਹੈ, ਜਿਨ੍ਹਾਂ ਦਾ ਮੁੱਖ ਮੰਤਵ ਲੋਕ ਭਲਾਈ ਦੀ ਬਜਾਏ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੈਅਜਿਹੇ ਰਾਜ ਪ੍ਰਬੰਧ ਨੂੰ ਬਦਲਣ ਲਈ ਲੋਕਾਂ ਦੀ ਜਥੇਬੰਦਕ ਤਾਕਤ ਹੀ ਸਮਰੱਥ ਹੈ, ਜਿਸ ਬਾਰੇ ਸਮਝਣਾ ਅਤੇ ਸਮਝਾਉਣਾ ਹਰ ਲੋਕ ਹਿਤੈਸ਼ੀ ਮਨੁੱਖ ਦਾ ਇਨਸਾਨੀ ਧਰਮ ਹੈ

ਇਸ ਤਰ੍ਹਾਂ ਜਦੋਂ ਮਨੁੱਖ ਕਿਸਮਤ ਵਿੱਚ ਲਿਖਿਆ ਵਰਗੇ ਰੂੜ੍ਹੀਵਾਦੀ ਵਿਚਾਰ ਮੰਨਣਾ ਛੱਡਕੇ, ਗਲਤ ਰਾਜ ਪ੍ਰਬੰਧ ਨੂੰ ਆਪਣੀ ਮਾੜੀ ਜ਼ਿੰਦਗੀ ਲਈ ਦੋਸ਼ੀ ਸਮਝਕੇ, ਵਿਗਿਆਨਿਕ ਸਮਝ ਰਾਹੀਂ ਉਸ ਨੂੰ ਬਦਲਣ ਦੇ ਰਾਹ ਪੈ ਗਿਆ, ਤਾਂ ਇਹ ਉਸਦੇ ਜਿਊਂਦਿਆਂ ਹੀ ਅਗਲਾ ਜਨਮ ਹੋਵੇਗਾਅਸਲ ਵਿੱਚ ਇਹੋ ਅਗਲਾ ਜਨਮ ਹੈ, ਜਿਸ ਨੂੰ ਮਰਨ ਤੋਂ ਬਾਅਦ ਮਿਲਣ ਦਾ ਝੂਠਾ ਦਾਅਵਾ ਕੀਤਾ ਜਾਂਦਾ ਹੈਇਹੋ ਰਸਤਾ ਮਨੁੱਖ ਦੇ ਇਸੇ ਜਨਮ ਵਿੱਚ ਪ੍ਰਾਪਤ ਹੋਣ ਵਾਲੇ ਅਸਲ ਸਵਰਗ ਅਤੇ ਹੋਰ ਦੁਨਿਆਵੀ ਸਮੱਸਿਆਵਾਂ ਦਾ ਨਿਪਟਾਰਾ ਕਰਨ ਵੱਲ ਜਾਂਦਾ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਜਸਵੰਤ ਜ਼ੀਰਖ

ਜਸਵੰਤ ਜ਼ੀਰਖ

Phone: (91 - 98151 - 69825)
Email: (jaswantzirakh@gmail.com)

More articles from this author