“ਬੇਰੋਜ਼ਗਾਰੀ ਦੇ ਮਾਰਿਆਂ ਨੂੰ ਪੜ੍ਹਾਈ ਦੀ ਬਜਾਏ ਇਸ ਤਰ੍ਹਾਂ ਧਰਮ ਅਧਾਰਤ ਆਸਥਾ ਦੀ ਪਾਲਣਾ ...”
(24 ਜੁਲਾਈ 2025)
ਧਾਰਮਿਕ ਆਸਥਾ ਦੇ ਨਾਂ ’ਤੇ ਚੱਲ ਰਹੀਆਂ ਗੈਰ ਵਿਗਿਆਨਿਕ ਪਰੰਪਰਾਵਾਂ ਨੂੰ ਜਾਰੀ ਰੱਖਣ ਲਈ ਸਰਕਾਰੀ ਸਰਪ੍ਰਸਤੀ ਹੇਠ ਪਣਪ ਰਹੀ ਤਾਲਿਬਾਨਾ ਪਹੁੰਚ, ਜਿੱਥੇ ਲੋਕਾਂ ਦੇ ਧੰਦੇ ਚੌਪਟ ਕਰ ਰਹੀ ਹੈ, ਉੱਥੇ ਮਨੁੱਖਤਾ ਦੇ ਦੋਸ਼ੀਆਂ ਨੂੰ ਹੋਰ ਉਤਸ਼ਾਹਿਤ ਕਰਨ ਵਾਲਾ ਮਾਹੌਲ ਸਿਰਜਣ ਲਈ ਵੀ ਭਾਗੀਦਾਰ ਬਣਦੀ ਹੈ। ਅਜਿਹੀ ਧਾਰਮਿਕ ਆਸਥਾ ਰਾਹੀਂ ਮਨੁੱਖੀ ਸਾਂਝ ਬਰਕਰਾਰ ਰੱਖਣ ਦੀ ਥਾਂ ਇੱਕ ਦੂਜੇ ਖਿਲਾਫ ਨਫ਼ਰਤ ਦੀ ਅੱਗ ਉੱਪਰ ਤੇਲ ਪਾਉਣ ਦਾ ਕੰਮ ਹੋ ਰਿਹਾ ਹੈ। “ਧਰਮ ਤੋੜਦਾ ਨਹੀਂ, ਜੋੜਦਾ ਹੈ।” ਕਹਿਣ ਵਾਲੇ ਦੇਖ ਸਕਦੇ ਹਨ ਕਿ ਕਿਵੇਂ “ਹਿੰਦੂ, ਮੁਸਲਮਾਨ, ਸਿੱਖ, ਇਸਾਈ ਧਰਮਾਂ ਦੇ ਨਾਂ ’ਤੇ ਹੁੰਦੇ ਝਗੜਿਆਂ ਰਾਹੀਂ ਮਨੁੱਖਤਾ ਵਿਰੋਧੀ ਕਾਰਗੁਜ਼ਾਰੀ ਦੀਆਂ ਹੱਦਾਂ ਪਾਰ ਕੀਤੀਆਂ ਜਾ ਰਹੀਆਂ ਹਨ। ਇਸ ਕੜੀ ਵਿੱਚ ਅੱਜ ਕੱਲ੍ਹ ਧਰਮ ਦੇ ਨਾਂ ਹੇਠ ਮੋਢਿਆਂ ਉੱਪਰ ਵਹਿੰਗੀਆਂ ਚੁੱਕ ਹਰਦਵਾਰ ਤੋਂ ਦਿੱਲੀ ਤਕ ਪੈਦਲ ਯਾਤਰਾ ਰਾਹੀਂ ਗੰਗਾ ਜਲ ਲੈ ਕੇ ਆ ਰਹੇ ਕਾਵੜੀਆ ਕਹੇ ਜਾਣ ਵਾਲੇ ‘ਧਰਮੀ’ ਨੌਜਵਾਨ ਲੋਕਾਂ ਵੱਲੋਂ ਕੀਤੇ ਜਾ ਰਹੇ ਕਈ ਤਰ੍ਹਾਂ ਦੇ ਗੈਰ ਮਨੁੱਖੀ ਅੱਤਿਆਚਾਰ ਸਾਹਮਣੇ ਆ ਰਹੇ ਹਨ। ਇਨ੍ਹਾਂ ਵੱਲੋਂ ਇਨਸਾਨੀ ਕਦਰਾਂ ਕੀਮਤਾਂ ਨੂੰ ਬੁਰੀ ਤਰ੍ਹਾਂ ਦਫਨ ਕਰਦਿਆਂ ਕੀਤੀ ਜਾ ਰਹੀ ਹੁੱਲੜ੍ਹਬਾਜ਼ੀ ਰਾਹੀਂ ਮਨੁੱਖੀ ਕੁੱਟ-ਮਾਰ ਸਮੇਤ ਸਕੂਲੀ ਵਾਹਨਾਂ, ਬੱਸਾਂ, ਕਾਰਾਂ, ਮੋਟਰ ਸਾਈਕਲ, ਈ ਰਿਕਸ਼ਾ, ਦੁਕਾਨਾਂ, ਹੋਟਲਾਂ ਆਦਿ ਦੀ ਭਿਆਨਕ ਭੰਨ-ਤੋੜ ਕਰਨ ਦੀਆਂ ਖੂੰਖਾਰ ਘਟਨਾਵਾਂ ਆਮ ਹੀ ਮੀਡੀਆ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ। ਇੱਥੋਂ ਤਕ ਕਿ ਲੜਕੀਆਂ ਦੀ ਕੁੱਟ ਮਾਰ ਕਰਨ ਵਰਗੇ ਅਤਿ ਸ਼ਰਮਨਾਕ ਕਾਰਨਾਮੇ ਕੀਤੇ ਜਾ ਰਹੇ ਹਨ। ਇਹ ਸਭ ਕੁਝ ਕਰਨ ਵਾਲੇ ਆਮ ਘਰਾਂ ਦੇ ਨੌਜਵਾਨ ਹਨ, ਜੋ ਇਸ ਕਾਵੜ ਯਾਤਰਾ ਦੌਰਾਨ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ, ਹੜਦੁੰਗ ਮਚਾਉਂਦੇ ਆਮ ਹੀ ਸੋਸ਼ਲ ਮੀਡੀਆ ਰਾਹੀਂ ਵਿਖਾਈ ਦਿੰਦੇ ਹਨ। ਧਾਰਮਿਕ ਆਸਥਾ ਦੇ ਨਾਂ ’ਤੇ ਸਰਕਾਰੀ ਪ੍ਰਬੰਧਾਂ ਹੇਠ ਇਨ੍ਹਾਂ ਦੇ ਕਾਫ਼ਲਿਆਂ ਉੱਪਰ ਹੈਲੀਕਾਪਟਰ ਦੁਆਰਾ ਕੀਤੀ ਜਾਂਦੀ ਫੁੱਲਾਂ ਦੀ ਵਰਖਾ ਰਾਹੀਂ ਸ਼ੋਹਰਤ ਦੇ ਕੇ ਉਚਿਆਇਆ ਜਾ ਰਿਹਾ ਹੈ। ਪੁਲਿਸ ਕਰਮਚਾਰੀ ਇਨ੍ਹਾਂ ਦੇ ਪੈਰ ਘੁੱਟਦੇ, ਮਾਲਿਸ਼ ਕਰਦੇ, ਪੱਖੀਆਂ ਝੱਲਦੇ ਤਾਂ ਦਿਸਦੇ ਹਨ, ਪਰ ਇਨ੍ਹਾਂ ਦੁਆਰਾ ਕੀਤੀ ਜਾ ਰਹੀ ਅਣ ਮਨੁੱਖੀ ਕਾਰਗੁਜ਼ਾਰੀ ਰੋਕਣ ਲਈ ਕਿਧਰੇ ਵਿਖਾਈ ਨਹੀਂ ਦਿੰਦੇ। ਇਨ੍ਹਾਂ ਦੀ ਇਸ ਪੈਦਲ ਯਾਤਰਾ ਦੇ ਰਸਤੇ ਵਿੱਚ ਪੈਂਦੀਆਂ ਫਲ਼-ਫਰੂਟ ਦੀਆਂ ਦੁਕਾਨਾਂ ਅਤੇ ਹੋਟਲਾਂ ਆਦਿ ਦੇ ਮਾਲਕਾਂ ਨੂੰ ਆਪਣਾ ਨਾਮ ਲਿਖਕੇ ਦੁਕਾਨ ਅੱਗੇ ਲਾਉਣ ਦੇ ਹੁਕਮ ਸਰਕਾਰੀ ਤੌਰ ’ਤੇ ਕੀਤੇ ਜਾ ਰਹੇ ਹਨ ਤਾਂ ਕਿ ਕਾਵੜੀਆਂ ਨੂੰ ਦੁਕਾਨ ਵਾਲੇ ਦੇ ਧਰਮ ਬਾਰੇ ਪਤਾ ਲੱਗ ਸਕੇ। ਭੰਨ-ਤੋੜ ਕਰਨ ਦੀਆਂ ਕਈ ਘਟਨਾਵਾਂ ਵਿੱਚ ਇੱਕ ਹੋਟਲ ਦੀ ਮਾਲਕ ਔਰਤ ਨੂੰ ਮੁਸਲਮਾਨ ਸਮਝਕੇ ਹੋਟਲ ਦੇ ਮੇਜ਼, ਕੁਰਸੀਆਂ, ਸ਼ੀਸ਼ੇ ਆਦਿ ਦੀ ਭੰਨ-ਤੋੜ ਅਤੇ ਕਾਮਿਆਂ ਦੀ ਪਿਟਾਈ ਕਰਨ ਆਦਿ ਦੇ ਸਬੂਤ ਪ੍ਰਤੱਖ ਵੇਖੇ ਜਾ ਸਕਦੇ ਹਨ।
ਇਹ ਵੀ ਇੱਕ ਸਚਾਈ ਹੈ ਕਿ ਇਸ ਕਾਵੜ ਯਾਤਰਾ ਵਿੱਚ ਹਮੇਸ਼ਾ ਆਮ ਗਰੀਬ ਪਰਿਵਾਰਾਂ ਦੇ ਨੌਜਵਾਨ ਅਤੇ ਬੱਚੇ ਤਾਂ ਭਾਗ ਲੈਂਦੇ ਹਨ, ਪਰ ਕਿਸੇ ਵੀ ਉੱਚ ਅਧਿਕਾਰੀ, ਮੰਤਰੀ, ਸਿਆਸਤਦਾਨ ਜਾਂ ਅਮੀਰ ਪਰਿਵਾਰਾਂ ਦਾ ਇੱਕ ਵੀ ਨੌਜਵਾਨ ਇਨ੍ਹਾਂ ਕਾਵੜੀਆਂ ਵਿੱਚ ਸ਼ਾਮਲ ਨਹੀਂ ਹੁੰਦਾ, ਕਿਉਂਕਿ ਉਹਨਾਂ ਦੇ ਬੱਚੇ ਦੇਸ਼ਾਂ-ਵਿਦੇਸ਼ਾਂ ਵਿੱਚ ਉਚੇਰੀ ਪੜ੍ਹਾਈ ਕਰ ਰਹੇ ਹਨ ਜਾਂ ਚੰਗੀ ਜ਼ਿੰਦਗੀ ਮਾਣ ਰਹੇ ਹਨ। ਇਨ੍ਹਾਂ ਵੱਲੋਂ ਆਪਣੇ ਹੀ ਧਰਮ ਦੇ, ਨੀਵੀਂਆਂ ਜਾਤਾਂ ਵਿੱਚ ਗਿਣੇ ਜਾਂਦੇ ਗਰੀਬੀ, ਅਨ੍ਹਪੜ੍ਹਤਾ ਤੇ ਬੇਰੋਜ਼ਗਾਰੀ ਦੇ ਮਾਰਿਆਂ ਨੂੰ ਪੜ੍ਹਾਈ ਦੀ ਬਜਾਏ ਇਸ ਤਰ੍ਹਾਂ ਧਰਮ ਅਧਾਰਤ ਆਸਥਾ ਦੀ ਪਾਲਣਾ ਕਰਨ ਦਾ ਪਾਠ ਪੜ੍ਹਾਕੇ ਗੰਗਾ ਜਲ ਲਿਆਉਣ ਲਈ ਇਸ ਯਾਤਰਾ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਧਰਮ ਦੇ ਨਾਂ ਹੇਠ ਇਨ੍ਹਾਂ ਕਾਵੜੀਆਂ ਵੱਲੋਂ ਇਸ ਯਾਤਰਾ ਦੌਰਾਨ ਕੀਤੀ ਜਾਂਦੀ ਭੰਨ ਤੋੜ ਅਤੇ ਆਮ ਸ਼ਹਿਰੀਆਂ ਦੀ ਕੀਤੀ ਜਾਂਦੀ ਕੁੱਟ ਮਾਰ ਰੋਕਣ ਪੱਖੋਂ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਅਕਸਰ ਹੀ ਮੂਕ ਦਰਸ਼ਕ ਬਣੇ ਹੋਏ ਹਨ। ਕਿੰਨੇ ਹੀ ਬੇਗੁਨਾਹਾਂ ਦੀ ਬੜੀ ਬੇਰਹਿਮੀ ਨਾਲ ਜਾਨ ਲੇਵਾ ਢੰਗ ਨਾਲ ਕੁੱਟ ਮਾਰ ਕਰਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਸਰਕਾਰੀ ਤੌਰ ’ਤੇ ਭਾਵੇਂ 70 ਹਜ਼ਾਰ ਦੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਇਸ ਯਾਤਰਾ ਦੌਰਾਨ ਤਾਇਨਾਤ ਕੀਤੇ ਗਏ ਜਾਣ ਦੀਆਂ ਖਬਰਾਂ ਹਨ, ਪਰ ਕਾਵੜੀਆਂ ਨੂੰ ਨਿਯਮਾਂ ਅਨੁਸਾਰ ਸੜਕ ਦੇ ਵਿਚਕਾਰ ਚੱਲਣ ਤੋਂ ਰੋਕ, ਇੱਕ ਪਾਸੇ ਚੱਲਣ ਲਈ ਪ੍ਰੇਰਿਤ ਕਰਨ ਲਈ ਕੋਈ ਵੀ ਕਰਮਚਾਰੀ ਵਿਖਾਈ ਨਹੀਂ ਦਿੰਦਾ। ਕੀ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਧਰਮ ਅਖਵਾਉਂਦਾ ਹੈ? ਧਰਮ ਹੇਠ ਇਸ ਤਰ੍ਹਾਂ ਦਾ ਹੁੜਦੰਗ ਕਰਨ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ, ਪਰ ਇੱਕ ਸਕੂਲ ਅਧਿਆਪਕ ਜੋ ਬੱਚਿਆਂ ਨੂੰ ਗਿਆਨ ਦਾ ਦੀਵਾ ਜਗਾ ਅਜਿਹੇ ਵਰਤਾਰਿਆਂ ਤੋਂ ਪਾਸੇ ਰਹਿਣ ਦਾ ਆਪਣੀ ਕਵਿਤਾ ਰਾਹੀਂ ਸੰਦੇਸ਼ ਦੇ ਰਿਹਾ ਹੈ, ਉਸ ਖਿਲਾਫ ਪੁਲਿਸ ਕੇਸ ਤੁਰੰਤ ਦਰਜ ਕਰ ਦਿੱਤਾ ਜਾਂਦਾ ਹੈ।
ਇਨ੍ਹਾਂ ਦਿਨਾਂ ਵਿੱਚ ਇਸ ਯਾਤਰਾ ਕਾਰਨ ਟਰੈਫਿਕ ਦੀ ਸਮੱਸਿਆ ਦੇ ਨਿਯਮਾਂ ਦੀ ਪਾਲਣਾ ਕਰਵਾਉਣ ਦੀ ਬਜਾਏ ਸਕੂਲਾਂ ਨੂੰ ਬੰਦ ਕਰ ਦੇਣਾ ਕਿੰਨਾ ਕੁ ਸਹੀ ਹੈ? ਸਰਕਾਰ ਦੀ ਮੁਢਲੀ ਸੰਵਿਧਾਨਿਕ ਜ਼ਿੰਮੇਵਾਰੀ ਹੈ ਕਿ ਉਹ ਹਰ ਨਾਗਰਿਕ ਨੂੰ ਸਿੱਖਿਆ, ਰੋਜ਼ਗਾਰ, ਸਿਹਤ ਸਹੂਲਤਾਂ ਦੇਣ ਆਦਿ ਦਾ ਪ੍ਰਬੰਧ ਕਰੇ, ਪਰ ਉਹ ਇਸ ਨੂੰ ਨਿਭਾਉਣ ਵਿੱਚ ਨਾਕਾਮ ਰਹਿਣ ਕਾਰਨ ਦੇਸ਼ ਦੀ ਨੌਜਵਾਨੀ ਨੂੰ ਧਰਮ ਅਤੇ ਸੰਸਕ੍ਰਿਤੀ ਦੇ ਨਾਂ ਹੇਠ, ਸਮਾਜ ਵਿੱਚ ਮਨੁੱਖੀ ਨਫ਼ਰਤ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਦਾ ਕੰਮ ਕਰਕੇ ਦੇਸ਼ ਨੂੰ ਕਿੱਧਰ ਲੈ ਜਾਣਾ ਚਾਹੁੰਦੀ ਹੈ, ਇਹ ਬਹੁਤ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (