“ਸੱਚ ਇਹ ਹੈ ਕਿ ਭਾਜਪਾ ਅਤੇ ਆਰਐੱਸਐੱਸ ਵੱਲੋਂ ਦੇਸ਼ ਵਿੱਚ ਹਿੰਦੂਤਵਵਾਦੀ ...”
(21 ਜੂਨ 2026)
2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਆਰਐੱਸਐੱਸ ਦੋ ਤਿਹਾਈ ਬਹੁਮਤ ਹਾਸਲ ਕਰ ਲੈਣ ਦੇ ਮਨਸ਼ੇ ਨਾਲ ਚੋਣ ਲੜ ਰਹੀ ਸੀ ਤਾਂ ਜੋ ਦੋ ਤਿਹਾਈ ਬਹੁਮਤ ਪ੍ਰਾਪਤ ਕਰਕੇ ਭਾਰਤੀ ਸੰਵਿਧਾਨ ਨੂੰ ਹਿੰਦੂਤਵਵਾਦੀ ਨੀਤੀਆਂ ਅਨੁਸਾਰ ਬਦਲਿਆ ਜਾ ਸਕੇ, ਸੰਵਿਧਾਨ ਵਿੱਚੋਂ ਸੋਸ਼ਲਿਜ਼ਮ ਅਤੇ ਸੈਕੂਲਰ ਸ਼ਬਦ ਹਟਾਏ ਜਾਣ, ਇੱਕ ਦੇਸ਼ ਇੱਕ ਪਾਰਟੀ, ਭਾਵ ਭਾਰਤ ਇੱਕ ਹਿੰਦੂ ਦੇਸ ਗਰਦਾਨਿਆ ਜਾਵੇ। ਨਾਹਰਾ ਸੀ, ਐਤਕਾਂ ਦੀ ਵਾਰ 400 ਤੋਂ ਪਾਰ। ਪਰ ਉਸ ਸਮੇਂ ਸਾਹਮਣੇ ਆਏ ਚੋਣ ਨਤੀਜਿਆਂ ਨਾਲ ਭਾਰਤੀ ਜਨਤਾ ਪਾਰਟੀ ਅਤੇ ਆਰ ਐੱਸ ਐੱਸ ਇੰਨੀ ਬੁਰੀ ਤਰ੍ਹਾਂ ਝੰਜੋੜੀ ਗਈ ਸੀ ਕਿ ਉਨ੍ਹਾਂ ਨੂੰ ਆਪਣਾ ਰਾਜਨੀਤਿਕ ਏਜੰਡਾ ਲੀਹੋਂ ਲਹਿੰਦਾ ਲੱਗਿਆ। ਇਸ ਆਸ਼ੇ ਦੀ ਪੂਰਤੀ ਲਈ ਕੁਝ ਸਮਾਂ ਪਹਿਲਾਂ ਭਾਜਪਾ ਲੋਕ ਸਭਾ ਵਿੱਚ ਡੀ ਲਿਮਿਟੇਸ਼ਨ (ਅਬਾਦੀ ਦੇ ਵਾਧੇ ਅਨੁਸਾਰ ਲੋਕ ਸਭਾ, ਵਿਧਾਨ ਸਭਾ ਦੀਆਂ ਸੀਟਾਂ ਦਾ ਵਾਧਾ) ਦਾ ਕਾਨੂੰਨ ਬਣਾਉਣ ਦਾ ਮਤਾ ਲੈ ਕੇ ਆਈ ਸੀ ਪਰ ਮਤਾ ਹਾਰ ਗਿਆ। ਹੁਣ ਭਾਜਪਾ ਅਤੇ ਆਰਐੱਸਐੱਸ ਨੇ ਕਰੋ ਜਾਂ ਮਰੋ ਦੀ ਨੀਤੀ ਤਹਿਤ ਹਰ ਹਰਬਾ ਵਰਤ ਕੇ 2029 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਰਾਜਨੀਤਿਕ ਏਜੰਡਾ ਸਰ ਕਰਨ ਦੀ ਯੁੱਧ ਨੀਤੀ ਇਖਤਿਆਰ ਕਰ ਲਈ ਹੈ। ਯੁੱਧ ਨੀਤੀ ਹੈ ਕਿ ਚੋਣਾਂ ਵਿੱਚ ਜਾਣ ਤੋਂ ਬਿਨਾਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਦੋ ਤਿਹਾਈ ਬਹੁਮਤ ਹਾਸਲ ਕੀਤਾ ਜਾਵੇ। ਰਾਜ ਸਭਾ ਵਿੱਚ ਆਰ ਐੱਸ ਐੱਸ/ਭਾਜਪਾ ਲਗਭਗ ਦੋ ਤਿਹਾਈ ਦੇ ਨੇੜੇ ਪਹੁੰਚ ਚੁੱਕੀ ਹੈ ਅਤੇ ਲੋਕ ਸਭਾ ਲਈ, ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਸੰਘੀਆਂ ਨੇ ਦੂਸਰੀਆਂ ਪਾਰਟੀਆਂ ਦੇ ਪਾਰਲੀਮੈਂਟ ਮੈਂਬਰ ਤੋੜਨ ਲਈ ਖੁੱਲ੍ਹੇਆਮ ਫਾਸ਼ਿਸਟ ਹਮਲੇ ਸ਼ੁਰੂ ਕਰ ਦਿੱਤੇ ਹਨ। ਪੱਛਮੀ ਬੰਗਾਲ ਦੀ ਜਿੱਤ ਦੇ ਕੁਝ ਦਿਨਾਂ ਬਾਅਦ ਹੀ ਪਹਿਲਾਂ ਮਮਤਾ ਦੀ ਪਾਰਟੀ ਦੇ ਜਿੱਤੇ 80 ਐੱਮਐੱਲਏ ਵਿੱਚੋਂ ਕਰੀਬ 60 ਐੱਮ ਐੱਲ ਏ ਤੋੜ ਲਏ ਗਏ ਅਤੇ ਅਗਲੇ ਹਮਲੇ ਵਿੱਚ ਉਸਦੇ ਕੁੱਲ 28 ਪਾਰਲੀਮੈਂਟ ਮੈਂਬਰਾਂ ਵਿੱਚੋਂ 20 ਨੂੰ ਤੋੜ ਲਿਆ ਗਿਆ ਹੈ। ਹੁਣ ਸੰਘੀਆਂ ਨੇ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ (ਯੂ ਟੀ ਬੀ) ਦੇ 9 ਮੈਂਬਰ ਪਾਰਲੀਮੈਂਟਾ ਵਿੱਚੋਂ 6 ਨੂੰ ਆਪਣੇ ਪਾਲੇ ਵਿੱਚ ਕਰ ਲਿਆ ਹੈ। ਸੰਘ ਦਾ ਅਗਲਾ ਨਿਸ਼ਾਨਾ ਸਰਦ ਪਵਾਰ ਦੀ ਪਾਰਟੀ ਨੂੰ ਤੋੜਨਾ ਅਤੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਦੇ 37 ਪਾਰਲੀਮੈਂਟ ਮੈਂਬਰਾਂ ’ਤੇ ਹਮਲਾ ਕਰਨਾ ਹੈ। ਇਸ ਤੋਂ ਅੱਗੇ ਤਾਮਿਲਨਾਡੂ ਦੀ ਡੀ ਐੱਮ ਕੇ ਦੇ 22 ਮੈਂਬਰਾਂ ਸਮੇਤ ਸਭ ਛੋਟੇ ਵੱਡੇ ਦਲਾਂ ਦੇ ਮੈਂਬਰਾਂ ਨੂੰ ਤੋੜਨਾ ਸੰਘੀਆਂ ਦੀ ਮੁੱਖ ਰਾਜਨੀਤਿਕ ਮੁਹਿੰਮ ਬਣ ਚੁੱਕੀ ਹੈ। ਇਸ ਕਾਰਜ ਲਈ ਸੰਘੀ ਟੋਲੇ ਨੇ ਸਮੁੱਚੀਆਂ ਸੰਵਿਧਾਨਿਕ ਸੰਸਥਾਵਾਂ ਈ ਡੀ, ਸੀ ਬੀ ਆਈ, ਐੱਨ ਆਈ ਏ, ਇਨਕਮ ਟੈਕਸ ਅਤੇ ਨਿਆਂਪਾਲਿਕਾ ਦੀ ਵਰਤੋਂ ਨੂੰ ਆਪਣੇ ਹਿਤ ਵਿੱਚ ਰੈੱਡ ਅਲਰਟ ’ਤੇ ਲਾ ਰੱਖਿਆ ਹੈ। ਸਾਲ 2014 ਵਿੱਚ ਭ੍ਰਿਸ਼ਟਾਚਾਰ ਖਤਮ ਕਰਕੇ ਦੇਸ਼ ਦੇ ਹਰ ਪਰਿਵਾਰ ਦੇ ਖਾਤੇ ਵਿੱਚ 15-15 ਲੱਖ ਰੁਪਏ ਪਾਉਣ ਦੇ ਵਾਇਦੇ ਕਰਨ ਵਾਲੀ ਭਾਰਤੀ ਜਨਤਾ ਪਾਰਟੀ 2026 ਵਿੱਚ 5 ਕਰੋੜ ਤੋਂ 50 ਕਰੋੜ ਰੁਪਏ ਵਿੱਚ ਐੱਮ ਪੀ ਖਰੀਦ ਕੇ ਭ੍ਰਿਸ਼ਟਾਚਾਰ ਅਤੇ ਇਖਲਾਕਹੀਣਤਾ ਦਾ ਰਿਕਾਰਡ ਬਣਾ ਰਹੀ ਹੈ। ਮੋਦੀ ਦੇ ਨਵੇਂ ਬਣਾਏ ਜਾ ਰਹੇ ਲੋਕਤੰਤਰ ਵਿੱਚ ਐੱਮ ਪੀ ਖਰੀਦਣ ਦੀ ਬੋਲੀ 150 ਕਰੋੜ ਤਕ ਵੀ ਪਹੁੰਚਣ ਦੀ ਚਰਚਾ ਹੈ। ਦਰਅਸਲ ਸੰਘ ਪਰਿਵਾਰ ਸਾਹਮਣੇ ਦੇਸ, ਦੇਸ ਦਾ ਅਕਸ, ਦੇਸ ਦੀ ਆਰਥਿਕਤਾ, ਸਿੱਖਿਆ, ਵਿਕਾਸ ਅਤੇ ਦੇਸ ਦੇ ਲੋਕ ਕੋਈ ਏਜੰਡਾ ਨਹੀਂ ਹਨ, ਕੇਵਲ ਅਤੇ ਕੇਵਲ ਹਿੰਦੂਤਵ ਸੱਤਾ ਸਥਾਪਿਤ ਕਰਨਾ ਹੀ ਉਨ੍ਹਾਂ ਦਾ ਇੱਕੋ ਇੱਕ ਏਜੰਡਾ ਬਣ ਚੁੱਕਾ ਹੈ। ਸੰਘ ਪਰਿਵਾਰ ‘ਹੁਣ ਨਹੀਂ ਤਾਂ ਕਦੇ ਵੀ ਨਹੀ’ ਦੀ ਤਾਕਤ ਨਾਲ ਫਾਸ਼ੀਵਾਦੀ ਵਿਚਾਰਧਾਰਾ ਵਾਲੀ ਸੱਤਾ ਸਥਾਪਿਤ ਕਰਨ ਦੀ ਲੜਾਈ ਲੜ ਰਿਹਾ ਹੈ ਅਤੇ ਉਸਨੇ ਬੀਤੇ ਦਹਾਕੇ ਦੌਰਾਨ ਸੱਤਾ ਦੇ ਅਸਲ ਕੇਦਰਾਂ ’ਤੇ ਇਕਮਾਤਰ ਸਰਦਾਰੀ ਸਥਾਪਤ ਕਰ ਲਈ ਹੈ, ਜੋ ਹਰ ਚੋਣ ਵਿੱਚ ਉਸਦੀ ਜਿੱਤ ਨੂੰ ਯਕੀਨੀ ਬਣਾਉਂਦੀ ਹੈ।
ਸੰਘ ਪਰਿਵਾਰ ਦੀ ਇਸ ਵਿਉਂਤਬੰਦ ਰਾਜਨੀਤਿਕ ਖੇਡ ਨੂੰ ਸਮਝਣ ਅਤੇ ਢੁਕਵੇਂ ਪੈਂਤੜੇ ਲੈਣ ਦੀ ਦੇਸ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਅਤੇ ਹੋਰ ਵਿਰੋਧੀ ਦਲ ਕੇਵਲ ਵੋਟ ਰਾਜਨੀਤੀ ਰਾਹੀਂ ਸੰਘ ਪਰਿਵਾਰ ਦਾ ਰਸਤਾ ਰੋਕਣ ਦੀ ਯੁੱਧਨੀਤੀ ਤੋਂ ਅੱਗੇ ਨਹੀਂ ਸੋਚਦੇ ਜਦੋਂ ਕਿ ਬਾਹਰਮੁਖੀ ਹਾਲਤਾਂ ਦਰਸਾਉਂਦੀਆਂ ਹਨ ਕਿ ਭਾਜਪਾ ਨੂੰ ਚੋਣਾਂ ਰਾਹੀਂ ਹਰਾਉਣ ਦਾ ਸਮਾਂ ਲਗਭਗ ਵਿਹਾ ਚੁੱਕਾ ਹੈ। ਬੇਸ਼ਕ ਭਾਜਪਾ ਅਜੇ ਚੋਣ ਬੁਰਕਾ ਉਤਾਰਨ ਵਾਲੀ ਨਹੀਂ ਹੈ ਕਿਉਂਕਿ ਉਹ ਭਾਰਤੀ ਲੋਕਤੰਤਰ ਦੀ ਕਾਤਲ ਵਜੋਂ ਆਪਣੀ ਪਛਾਣ ਅਜੇ ਬਚਾਈ ਰੱਖਣਾ ਚਾਹੁੰਦੀ ਹੈ। ਵਿਰੋਧੀ ਦਲਾਂ ਨੇ ਭਾਜਪਾ ਨੂੰ ਚੋਣ ਦੰਗਲ ਵਿੱਚ ਹਰਾਉਣ ਲਈ ਮਹਾਰਾਸ਼ਟਰ ਤੋਂ ਬਾਅਦ ਬਿਹਾਰ, ਬਿਹਾਰ ਤੋਂ ਬਾਅਦ ਪੱਛਮੀ ਬੰਗਾਲ ਦੀ ਡੈੱਡ ਲਾਈਨ ਖਿੱਚੀ ਸੀ ਅਤੇ ਹੁਣ ਸਮਾਜਵਾਦੀ ਪਾਰਟੀ ਦਾ ਪ੍ਰਧਾਨ ਅਤੇ ਮੁਲਾਇਮ ਸਿੰਘ ਯਾਦਵ ਦਾ ਪੁੱਤਰ ਅਖਿਲੇਸ਼ ਯਾਦਵ ਕਹਿ ਰਿਹਾ ਹੈ ਕਿ ਜੇਕਰ ਭਾਜਪਾ ਆ ਰਹੀਆਂ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵੀ ਜਿੱਤ ਗਈ ਤਾਂ ਭਾਜਪਾ ਕਦੇ ਵੀ ਚੋਣਾਂ ਵਿੱਚ ਹਰਾਈ ਨਹੀਂ ਜਾ ਸਕੇਗੀ। ਪਿਤਾ ਦੀ ਰਾਜਨੀਤਿਕ ਵਿਰਾਸਤ ਦੇ ਵਾਰਿਸ ਬਣੇ ਅਖਿਲੇਸ਼ ਯਾਦਵ ਨੂੰ ਫਾਸ਼ੀਵਾਦ ਕੀ ਹੈ, ਇਸਦੀ ਪ੍ਰੀਭਾਸ਼ਾ ਜਾਣਨ ਲਈ ਆਰ ਐੱਸ ਐੱਸ ਦੇ ਗੁਰੂ ਘੰਟਾਲ ਇਟਲੀ ਦੇ ਫਾਸ਼ਿਸਟ ਮਸੋਲੀਨੀ ਨੂੰ ਪੜ੍ਹਨਾ ਚਾਹੀਦਾ ਹੈ। ਆਰ ਐੱਸ ਐੱਸ ਘੋਸ਼ਿਤ ਤੌਰ ’ਤੇ ਮਸੋਲੀਨੀ ਦੀ ਇੱਕੋ-ਇੱਕ ਮਜ਼ਬੂਤ ਭਾਰਤੀ ਵਾਰਿਸ ਹੈ।
ਆਰਐੱਸਐੱਸ-ਭਾਜਪਾ ਭਾਜਪਾ ਦੀ ਪੱਛਮੀ ਬੰਗਾਲ ਦੀ ਜਿੱਤ ਤੋਂ ਬਾਅਦ ਇੰਡੀਆ ਗੱਠਜੋੜ ਇੱਕ ਵਾਰ ਫਿਰ ਰਵਾਇਤੀ ਤੌਰ ’ਤੇ ਜੁੜਿਆ ਹੈ, ਜਿਸ ਮੀਟਿੰਗ ਵਿੱਚ ਭਾਸ਼ਣਾਂ ਤੋਂ ਅੱਗੇ ਅਗਸਤ ਵਿੱਚ ਹੈਦਰਾਬਾਦ ਜੁੜਨਾ ਤੈਅ ਹੋਇਆ ਹੈ। ਅਸਲ ਵਿੱਚ ਕਮਿਉਨਿਸਟਾਂ ਨੂੰ ਛੱਡ ਕੇ ਇੰਡੀਆ ਗੱਠਜੋੜ ਵੀ ਕੇਵਲ ਚੋਣ ਰਾਜਨੀਤੀ ਦੇ ਦਾਇਰੇ ਤਕ ਸੀਮਿਤ ਹੈ। ਇਸ ਕਾਰਨ ਹੀ ਇੰਡੀਆ ਗੱਠਜੋੜ ਦੀਆਂ ਬਹੁਤੀਆਂ ਧਿਰਾਂ ਆਪਣੀ ਸੱਤਾ ਦੇ ਤਵਾਜ਼ਨ ਨੂੰ ਦੇਖਦਿਆਂ ਇਸਦਾ ਹਿੱਸਾ ਬਣਦੀਆਂ ਜਾਂ ਦੂਰ ਭੱਜਦੀਆਂ ਹਨ। ਇਸਦੀ ਤਾਜ਼ਾ ਉਦਾਹਰਨ ਮਮਤਾ ਬੈਨਰਜੀ ਹੈ, ਜੋ ਨਾ ਤਾਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਇੰਡੀਆ ਗੱਠਜੋੜ ਦਾ ਹਿੱਸਾ ਸੀ ਅਤੇ ਨਾ ਹੀ ਦੋ ਮਹੀਨੇ ਪਹਿਲਾਂ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਸਨੇ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਦੀ ਕੋਈ ਪੁੱਛ ਪ੍ਰਤੀਤ ਕੀਤੀ ਸੀ। ਹੁਣ ਫਾਸ਼ਿਸਟਾਂ ਦੀ ਮਾਰ ਖਾਣ ਤੋਂ ਬਾਅਦ ਮਮਤਾ ਬੈਨਰਜੀ ਇੰਡੀਆ ਗੱਠਜੋੜ ਦੀ ਕਰਤਾ ਧਰਤਾ ਬਣਨ ਦੀ ਦੌੜ ਵਿੱਚ ਹੈ। ਇੰਡੀਆ ਗੱਠਜੋੜ ਦੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਦਾ ਅਮਲ ਵੀ ਮਮਤਾ ਬੈਨਰਜੀ ਵਰਗਾ ਘਮੰਡੀ ਅਤੇ ਮੌਕਾਪ੍ਰਸਤੀ ਭਰਿਆ ਹੈ। ਅਸਲ ਵਿੱਚ ਸਰਮਾਏਦਾਰ ਜਮਾਤਾਂ ਦੀਆਂ ਪਾਰਟੀਆਂ ਦਾ ਮੌਕਾਪ੍ਰਸਤੀ ਦੀ ਰਾਜਨੀਤੀ ਕਰਨਾ ਉਨ੍ਹਾਂ ਦਾ ਜਮਾਤੀ ਖਾਸਾ ਹੈ। ਦੇਸ ਵਿੱਚ ਫਾਸ਼ੀਵਾਦ ਦਾ ਵੱਜ ਰਿਹਾ ਅਲਾਰਮ ਹਰਗਿਜ਼ ਉਨ੍ਹਾਂ ਦੀ ਚਿੰਤਾ ਦਾ ਵਿਸ਼ਾ ਨਹੀਂ ਹੈ। ਸੱਤਾ ਦੀ ਭੁੱਖ ਦੀ ਪੂਰਤੀ ਲਈ ਫਾਸ਼ੀਵਾਦ ਅਤੇ ਲੋਕਤੰਤਰ ਉਨ੍ਹਾਂ ਲਈ ਬਰਾਬਰ ਨਿਜ਼ਾਮ ਹਨ। ਇਹ ਕੁਰਸੀ ਲਈ ਕੋਈ ਵੀ ਦਲ, ਪਾਰਟੀ ਬਦਲ ਸਕਦੇ ਹਨ। ਇਨ੍ਹਾਂ ਲਈ ਸਿਧਾਂਤ, ਵਿਚਾਰਧਾਰਾ, ਅਸੂਲ, ਨਿਯਮ ਕੋਈ ਮਹੱਤਤਾ ਨਹੀਂ ਰੱਖਦੇ ਅਤੇ ਨਾ ਹੀ ਇਨ੍ਹਾਂ ਪਾਰਟੀਆਂ ਦਾ ਸਮੁੱਚਾ ਕਾਡਰ ਕਿਸੇ ਵਿਚਾਰਧਾਰਾ ਨਾਲ ਖੜ੍ਹਾ ਹੈ। ਕੇਵਲ ਵੋਟ ਰਾਜਨੀਤੀ ਦੇ ਸੱਚੇ ਵਿੱਚ ਢਲਿਆ ਹੋਇਆ ਕਾਡਰ ਹੈ ਅਤੇ ਉਨ੍ਹਾਂ ਦੀ ਇੱਕੋ ਇੱਕ ਮੰਜ਼ਿਲ ਸੱਤਾ ਅਤੇ ਪੈਸਾ ਹੀ ਹੈ। ਜਦੋਂ ਕਿ ਆਰਐੱਸਐੱਸ ਦਾ ਸਮੁੱਚਾ ਕਾਡਰ ਹਿੰਦੂਤਵਵਾਦੀ ਵਿਚਾਰਧਾਰਾ ਦੀ ਰਾਜਨੀਤੀ ਅਤੇ ਉਦੇਸ਼ਾਂ ਭਾਵ ਇੱਕ ਸੰਵਿਧਾਨ, ਇੱਕ ਕੌਮ, ਇੱਕ ਚੋਣ, ਇੱਕ ਨਿਸ਼ਾਨ, ਇੱਕ ਭਾਸ਼ਾ ਅਤੇ ਇੱਕ ਧਰਮ ਵਾਲੀ ਹਿੰਦੂਤਵਵਾਦੀ ਸੱਤਾ ਪਰਾਪਤੀ ਦੀ ਦੌੜ ਵਿੱਚ ਵਿਚਾਰਧਾਰਕ ਤੌਰ ’ਤੇ ਗ੍ਰਸਿਆ ਹੋਇਆ ਹੈ।
ਭਾਜਪਾ ਕਾਂਗਰਸ ਮੁਕਤ ਭਾਰਤ ਜਾਂ ਇੱਕ ਦੇਸ਼ ਇੱਕ ਪਾਰਟੀ ਦਾ ਨਾਹਰਾ ਸੰਪੂਰਨ ਬਣਾਉਣ ਲਈ ਨਿਰੰਤਰ ਯਤਨਸ਼ੀਲ ਹੈ। ਆਰਐੱਸਐੱਸ ਨੇ ਬਹੁਜਨ ਸਮਾਜ ਪਾਰਟੀ ਅਤੇ ਉਸਦੀ ਆਗੂ ਮਾਇਆਵਤੀ ਨੂੰ ਗੁੰਮਨਾਮ ਦੁਨੀਆ ਵਿੱਚ ਸੁੱਟ ਦਿੱਤਾ ਹੈ। ਇਸ ਤਰ੍ਹਾਂ ਦੀ ਹਾਲਤ ਹੀ ਭਾਜਪਾ ਨਾਲ ਸਰਕਾਰ ਬਣਾਉਣ ਵਾਲੀ ਮਹਿਬੂਬਾ ਮੁਫਤੀ ਦੀ ਹੋਈ ਹੈ। ਬਿਹਾਰ ਦੇ 20 ਸਾਲ ਤਕ ਰਹੇ ਮੁੱਖ ਮੰਤਰੀ ਨਤੀਸ਼ ਕੁਮਾਰ ਦੀ ਜ਼ਬਾਨ ਨੂੰ ਤਾਲਾ ਲਾ ਦਿੱਤਾ ਗਿਆ ਹੈ। ਲੰਮਾ ਸਮਾਂ ਰਿਹਾ ਉੜੀਸਾ ਦਾ ਮੁੱਖ ਮੰਤਰੀ ਨਵੀਨ ਪਟਨਾਇਕ ਆਪਣੀ ਹੋਣੀ ਬਾਰੇ ਕੁਝ ਨਹੀਂ ਬੋਲਦਾ। ਇਹ ਭਾਜਪਾ ਨਾਲ ਯਾਰੀ ਦਾ ਸਿਟਾ ਹੀ ਹੈ ਕਿ ਅਕਾਲੀ ਦਲ ਲੀਰੋ ਲੀਰ ਹੋ ਗਿਆ ਹੈ। ਇਸਦੇ ਬਾਵਜੂਦ ਸਾਰੇ ਅਕਾਲੀ ਧੜੇ ਭਾਜਪਾ ਨਾਲ ਜੱਫੀਆਂ ਪਾਉਣ ਲਈ ਕਾਹਲੇ ਹਨ। ਮਹਾਰਾਸ਼ਟਰ ਦਾ ਸ਼ਰਦ ਪਵਾਰ ਅਤੇ ਊਧਵ ਠਾਕਰੇ ਰਾਜਨੀਤਿਕ ਤੌਰ ’ਤੇ ਨਿਹੱਥੇ ਕਰ ਦਿੱਤੇ ਗਏ ਹਨ। ਸੱਚ ਇਹ ਹੈ ਕਿ ਭਾਜਪਾ ਅਤੇ ਆਰਐੱਸਐੱਸ ਵੱਲੋਂ ਦੇਸ਼ ਵਿੱਚ ਹਿੰਦੂਤਵਵਾਦੀ ਵਿਚਾਰਧਾਰਾ ਦੀ ਲੜੀ ਜਾ ਰਹੀ ਲੜਾਈ ਦਾ ਮੁਕਾਬਲਾ ਸੱਚੀ ਸੁੱਚੀ ਰਾਸ਼ਟਰਵਾਦੀ ਭਾਵਨਾ ਦੇ ਲੋਕ ਅੰਦੋਲਨ ਨਾਲ ਹੀ ਕੀਤਾ ਜਾ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































