“ਡੇਰੇ ਵਿੱਚ ਇੱਕ ਥਾਲ਼ੀ ਖੜਕਾਈ ਗਈ। ਉਸ ਥਾਲ਼ੀ ਦੀ ਆਵਾਜ਼ ਸੁਣਦਿਆਂ ਹੀ ...”
(11 ਜੂਨ 2026)
ਬਚਪਨ ਦੀਆਂ ਸਿਮਰਤੀਆਂ ਦਾ ਕੈਨਵਸ ਬਹੁਤ ਵਿਸ਼ਾਲ ਹੁੰਦਾ ਹੈ, ਪਰ ਇਸ ਉੱਤੇ ਸਭ ਤੋਂ ਗੂੜ੍ਹੇ ਅਤੇ ਖੂਬਸੂਰਤ ਰੰਗ ਨਾਨਕੇ ਘਰ ਦੇ ਹੀ ਹੁੰਦੇ ਹਨ। ਇਹ ਗੱਲ 1989-90 ਦੇ ਆਸ-ਪਾਸ ਦੀ ਹੈ, ਜਦੋਂ ਹਰ ਬੱਚੇ ਵਾਂਗ ਮੇਰੇ ਅੰਦਰ ਵੀ ਆਪਣੇ ਨਾਨਕੇ ਘਰ ਦਾ ਇੱਕ ਅਥਾਹ ਅਤੇ ਅਕਹਿ ਚਾਅ ਵਸਿਆ ਹੋਇਆ ਸੀ। ਹਰਿਆਣੇ ਦੀ ਧਰਤੀ ’ਤੇ ਵਸਦਾ ਮੇਰਾ ਨਾਨਕਾ ਪਿੰਡ ‘ਦੇਸੂ ਜੋਧਾ’ ਮੇਰੇ ਲਈ ਮਹਿਜ਼ ਇੱਕ ਪਿੰਡ ਨਹੀਂ, ਸਗੋਂ ਮੇਰੀਆਂ ਬਾਲ-ਭਾਵਨਾਵਾਂ ਦਾ ਉਹ ਸਵਰਗ ਸੀ, ਜਿੱਥੇ ਮੈਂ ਆਪਣੀ ਜ਼ਿੰਦਗੀ ਦੇ ਸਭ ਤੋਂ ਸੁਨਹਿਰੀ ਦਿਨ ਬਿਤਾਏ। ਉਸ ਦੌਰ ਵਿੱਚ ਮੇਰੇ ਨਾਨਕਿਆਂ ਕੋਲ ਇੱਕ ਐਸਕਾਰਟ ਟਰੈਕਟਰ ਹੁੰਦਾ ਸੀ। ਟਰੈਕਟਰ ਦੇ ਉੱਪਰ ਚਿੱਟੇ ਅੱਖਰਾਂ ਵਿੱਚ ਉੱਕਰਿਆ ਮੇਰੇ ਨਾਨਾ ਜੀ ਦਾ ਨਾਂ ‘ਸ੍ਰ ਜੱਗਰ ਸਿੰਘ’ ਮੈਨੂੰ ਬੜਾ ਚੰਗਾ-ਚੰਗਾ ਜਿਹਾ ਲਗਦਾ ਤੇ ਨਾਨਾ ਜੀ ਦੇ ਨਾਂ ਨੂੰ ਪੜ੍ਹਦਿਆਂ ਮੇਰੇ ਬਾਲ ਮਨ ਅੰਦਰ ਇੱਕ ਅਜੀਬ ਜਿਹਾ ਮਾਣ ਭਰ ਜਾਂਦਾ ਸੀ।
ਮੇਰੇ ਛੋਟੇ ਮਾਮੇ ਦਾ ਘਰ, ਜਿੱਥੇ ਮੇਰੇ ਨਾਨਾ-ਨਾਨੀ ਜੀ ਦੀ ਨਿੱਘੀ ਛੋਹ ਵਸਦੀ ਸੀ, ਮੈਨੂੰ ਕਿਸੇ ਜੰਨਤ ਤੋਂ ਘੱਟ ਨਹੀਂ ਸੀ ਜਾਪਦਾ। ਘਰ ਦੀ ਦਹਿਲੀਜ਼ ਪਾਰ ਕਰਦਿਆਂ ਹੀ ਸਾਹਮਣੇ ਇੱਕ ਵਰਾਂਡਾ ਸੀ। ਉਸ ਵਰਾਂਡੇ ਵਿੱਚ ਇੱਕ ਹਰੇ ਰੰਗ ਦੀ ਅਲਮਾਰੀ ਹੁੰਦੀ ਸੀ, ਜਿਸ ਉੱਪਰ ਪੀਰਾਂ, ਫਕੀਰਾਂ ਅਤੇ ਸੰਤਾਂ-ਮਹਾਤਮਾਵਾਂ ਦੀਆਂ ਤਸਵੀਰਾਂ ਸਜੀਆਂ ਹੋਈਆਂ ਹੁੰਦੀਆਂ ਸਨ। ਉਨ੍ਹਾਂ ਤਸਵੀਰਾਂ ਵਾਲੇ ਚਿਹਰਿਆਂ ’ਤੇ ਇੱਕ ਅਜਿਹਾ ਅਨੋਖਾ ਅਤੇ ਇਲਾਹੀ ਨੂਰ ਸੀ, ਜੋ ਮੇਰੇ ਅੰਦਰ ਇੱਕ ਅਜੀਬ ਜਿਹੀ ਰੂਹਾਨੀਅਤ ਭਰ ਦਿੰਦਾ ਸੀ। ਇਸੇ ਵਰਾਂਡੇ ਦੇ ਉੱਪਰ ਪੁਰਾਤਨ ਨਮੂਨੇ ਦਾ ਇੱਕ ਚੁਬਾਰਾ ਹੁੰਦਾ ਸੀ। ਭਾਵੇਂ ਉਹ ਚੁਬਾਰਾ ਪੁਰਾਣਾ ਹੋਣ ਕਾਰਨ ਮੇਰੇ ਬਚਪਨ ਵਿੱਚ ਹੀ ਢਾਹ ਦਿੱਤਾ ਗਿਆ ਸੀ, ਪਰ ਉਸ ਨਾਲ ਮੇਰੀ ਰੂਹ ਦਾ ਮੋਹ ਇੰਨਾ ਡੂੰਘਾ ਸੀ ਕਿ ਉਸ ਵਿੱਚ ਬੈਠ ਕੇ ਮੈਨੂੰ ਜੋ ਸਕੂਨ ਮਿਲਦਾ ਸੀ, ਉਹ ਕਿਸੇ ਹੋਰ ਥਾਂ ਕਦੇ ਨਸੀਬ ਨਹੀਂ ਹੋਇਆ।
ਵਰਾਂਡੇ ਦੇ ਖੱਬੇ ਪਾਸੇ ਇੱਕ ਵੱਡੀ ਸਾਰੀ ਸਬਾਤ ਸੀ। ਸਿਆਲ ਦੀਆਂ ਠੰਢੀਆਂ ਰਾਤਾਂ ਵਿੱਚ, ਉਸ ਹਨੇਰੀ ਸਬਾਤ ਦੇ ਕਿਸੇ ਕੋਨੇ ਵਿੱਚ ਮੇਰੇ ਨਾਨਾ ਜੀ ਲਈ ਬਣਾਈਆਂ ਮੇਥਿਆਂ ਦੀਆਂ ਪਿੰਨੀਆਂ ਰੱਖੀਆਂ ਹੁੰਦੀਆਂ ਸਨ। ਮੇਰੀ ਨਾਨੀ ਜਦੋਂ ਆਪਣੇ ਮੋਹ ਭਿੱਜੇ ਹੱਥਾਂ ਨਾਲ ਮੈਨੂੰ ਉਹ ਪਿੰਨੀਆਂ ਖਵਾਉਂਦੀ ਤਾਂ ਮੈਨੂੰ ਲਗਦਾ ਜਿਵੇਂ ਦੁਨੀਆ ਭਰ ਦਾ ਸਵਾਦ ਅਤੇ ਵਾਤਸਲ ਮੇਰੀ ਝੋਲੀ ਪੈ ਗਿਆ ਹੋਵੇ।
ਮੇਰੇ ਛੋਟੇ ਮਾਮੇ ਦਾ ਪੁੱਤਰ ਲਛਮਣ, ਜਿਸਨੂੰ ਨਾਨਾ ਜੀ ‘ਲਫਣ’ ਆਖਦੇ ਸਨ, ਭਾਵੇਂ ਮੇਰੇ ਤੋਂ ਛੋਟਾ ਸੀ ਪਰ ਮੇਰਾ ਪੱਕਾ ਆੜੀ ਸੀ। ਨਾਨਾ ਜੀ ਆਪਣੇ ਹੱਥੀਂ ਸਾਨੂੰ ਗੁੱਲੀ ਘੜ ਕੇ ਦਿੰਦੇ ਅਤੇ ਅਸੀਂ ਘੰਟਿਆਂ-ਬੱਧੀ ਵਾੜੇ ਵਿੱਚ ਗੁੱਲੀ-ਡੰਡਾ ਖੇਡਦੇ ਰਹਿੰਦੇ। ਸਾਡੀ ਉਸ ਖੇਡ ਵਿੱਚ ਦੁਨੀਆਂ ਭਰ ਦੀ ਬਾਦਸ਼ਾਹਤ ਛੁਪੀ ਹੁੰਦੀ।
ਛੋਟੇ ਮਾਮੇ ਦੇ ਘਰ ਤੋਂ ਵੱਡੇ ਮਾਮੇ ਦੇ ਘਰ ਤਕ ਦਾ ਪੈਂਡਾ ਮੇਰੇ ਲਈ ਕਿਸੇ ਰੋਮਾਂਚਕ ਸਫਰ ਤੋਂ ਘੱਟ ਨਹੀਂ ਸੀ। ਰਸਤੇ ਵਿੱਚ ਪੈਦਲ ਤੁਰਦਿਆਂ ਸਭ ਤੋਂ ਪਹਿਲਾਂ ਦੋ ਛੱਪੜ ਆਉਂਦੇ ਤੇ ਫਿਰ ਲਸੂੜੇ ਦੇ ਰੁੱਖ ਮਿਲਦੇ, ਇੱਕ ਪੁਰਾਣਾ ਖੂਹ ਆਉਂਦਾ ਜਿੱਥੋਂ ਸੁਆਣੀਆਂ ਪਾਣੀ ਭਰਦੀਆਂ। ਉਸ ਖੂਹ ਦੇ ਨਾਲ ਹੀ ਇੱਕ ਡੇਰਾ ਹੁੰਦਾ ਸੀ। ਇਸ ਡੇਰੇ ਨਾਲ ਜੁੜੀ ਇੱਕ ਘਟਨਾ ਨੇ ਮੇਰੇ ਬਾਲ-ਮਨ ਨੂੰ ਕਿਸੇ ਤਲਿਸਮੀ ਦੁਨੀਆ ਦਾ ਹਿੱਸਾ ਬਣਾ ਦਿੱਤਾ ਸੀ। ਇੱਕ ਵਾਰ ਮਾਤਾ ਜੀ ਨੇ ਦੱਸਿਆ ਕਿ ਵੱਡੇ ਮਾਮਾ ਜੀ ਖੇਤਾਂ ਵਿੱਚ ਪਾਣੀ ਲਾ ਰਹੇ ਸਨ ਤਾਂ ਉਨ੍ਹਾਂ ਨੂੰ ‘ਕੀੜਾ’ ਛੋਹ ਗਿਆ। ਮੈਂ ਕੰਬਦੀ ਆਵਾਜ਼ ਵਿੱਚ ਪੁੱਛਿਆ, “ਫਿਰ ਕੀ ਹੋਇਆ?” ਤਾਂ ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਤੁਰੰਤ ਉਸੇ ਡੇਰੇ ਲਿਜਾਇਆ ਗਿਆ। ਡੇਰੇ ਵਿੱਚ ਇੱਕ ਥਾਲ਼ੀ ਖੜਕਾਈ ਗਈ ਅਤੇ ਉਸ ਥਾਲ਼ੀ ਦੀ ਆਵਾਜ਼ ਸੁਣਦਿਆਂ ਹੀ ਪਿੰਡ ਦੇ ਸਾਰੇ ‘ਗਾਰੜੂ’ ਇਕੱਠੇ ਹੋ ਗਏ। ਉਹ ਆਪਣੇ ਮੂੰਹ ਨਾਲ ਜ਼ਹਿਰ ਚੂਸਦੇ ਅਤੇ ਘਿਓ ਦੀਆਂ ਕੁਰਲੀਆਂ ਕਰਦੇ। ਇਸ ਤਰ੍ਹਾਂ ਉਨ੍ਹਾਂ ਨੇ ਸਾਰਾ ਜ਼ਹਿਰ ਮਾਮਾ ਜੀ ਦੇ ਸਰੀਰ ਵਿੱਚੋਂ ਬਾਹਰ ਕੱਢ ਦਿੱਤਾ ਤੇ ਕੁਝ ਹੀ ਸਮੇਂ ਬਾਅਦ ਮਾਮਾ ਜੀ ਬਿਲਕੁਲ ਨੌਂ-ਬਰ-ਨੌਂ ਹੋ ਗਏ।
ਮਾਂ ਦੇ ਮੂੰਹੋਂ ਸੁਣੀ ਇਹ ਘਟਨਾ ਮੈਨੂੰ ਕਿਸੇ ਅਲੌਕਿਕ ਅਤੇ ਜਾਦੂਈ ਦੁਨੀਆ ਦੀ ਬਾਤ ਜਾਪਦੀ ਸੀ। ਅੱਜ ਵੀ ਉਸ ਡੇਰੇ ਵਿੱਚ ਵੱਜਦੀ ਘੰਟੀ ਦੀ ਪਵਿੱਤਰ ਆਵਾਜ਼ ਮੇਰੇ ਕੰਨਾਂ ਵਿੱਚ ਪੈਂਦੀ ਹੈ, ਜਿਵੇਂ ਉਹ ਫਿਜ਼ਾਵਾਂ ਵਿੱਚ ਕਿਤੇ ਗੂੰਜ ਰਹੀ ਹੋਵੇ।
ਨਾਨਕੇ ਪਿੰਡ ਕੋਲੋਂ ਦੀ ਹੀ ਇੱਕ ਨਹਿਰ ਗੁਜ਼ਰਦੀ ਸੀ, ਜਿਸ ਨੂੰ ਅਸੀਂ ‘ਮਸੀਤਾਂ ਵਾਲੀ ਨਹਿਰ’ ਆਖਦੇ ਸਾਂ। ਖੇਡਦੇ-ਖੇਡਦੇ ਮੈਂ ਅਤੇ ਵੱਡੇ ਮਾਮੇ ਦਾ ਮੁੰਡਾ ਭਜਨਾ, ਅਕਸਰ ਇਸ ਨਹਿਰ ’ਤੇ ਪਹੁੰਚ ਜਾਂਦੇ। ਭਜਨਾ ਤਾਂ ਬੇਖੌਫ ਹੋ ਕੇ ਨਹਿਰ ਦੇ ਪਾਣੀਆਂ ਵਿੱਚ ਤਾਰੀਆਂ ਲਾਉਂਦਾ ਪਰ ਮੈਨੂੰ ਪਾਣੀ ਤੋਂ ਡਰ ਲਗਦਾ ਸੀ। ਮੈਂ ਨਹਿਰ ਵਿੱਚ ਵੜਨ ਦੀ ਬਜਾਏ ਘੰਟਿਆਂ-ਬੱਧੀ ਉਸਦੇ ਕਿਨਾਰੇ ਬੈਠਾ ਰਹਿੰਦਾ। ਪਾਣੀ ਦੀਆਂ ਛੱਲ੍ਹਾਂ ਦਾ ਸੰਗੀਤ ਅਤੇ ਉਹ ਸ਼ਾਂਤ ਮਾਹੌਲ ਮੈਨੂੰ ਅਕਹਿ ਸਕੂਨ ਬਖਸ਼ਦਾ। ਮੈਂ ਅਕਸਰ ਭਜਨੇ ਨਾਲ ਉਸਦੇ ਸਕੂਲ ਵੀ ਚਲਿਆ ਜਾਂਦਾ। ਉਹ ਸਕੂਲ ਜਾਂਦਿਆਂ ਗਰਮ-ਗਰਮ ਰੋਟੀਆਂ ਦੇ ਵਿਚਕਾਰ ਗੁੜ ਰੱਖ ਕੇ ਲੈ ਜਾਂਦਾ। ਅੱਧੀ ਛੁੱਟੀ ਵੇਲੇ ਜਦੋਂ ਉਹ ਰੋਟੀ ਖੋਲ੍ਹਦਾ, ਤਾਂ ਗਰਮ ਰੋਟੀ ਕਾਰਨ ਪਿਘਲੇ ਹੋਏ ਗੁੜ ਦੀ ਉਹ ਮਹਿਕ ਅਤੇ ਉਸਦਾ ਲਾਜਵਾਬ ਜ਼ਾਇਕਾ ਬਿਆਨੋਂ ਬਾਹਰ ਹੁੰਦਾ ਸੀ।
ਸਮਾਂ ਆਪਣੀ ਚਾਲੇ ਚਲਦਾ ਰਿਹਾ। ਬਚਪਨ ਦੇ ਉਨ੍ਹਾਂ ਬੇਫਿਕਰੇ ਦਿਨਾਂ ਵਿੱਚ ਹੀ ਮੈਨੂੰ ਪਿੰਡ ਛੱਡ ਕੇ ਆਪਣੀ ਭੂਆ ਦੇ ਪਿੰਡ ਰਹਿਣ ਜਾਣਾ ਪਿਆ। ਬੱਸ, ਉੱਥੋਂ ਹੀ ਮੇਰਾ ਨਾਨਕੇ ਜਾਣ ਦਾ ਸਿਲਸਿਲਾ ਟੁੱਟ ਗਿਆ। ਵੱਡੇ ਮਾਮੇ ਦੇ ਮੁੰਡੇ ਦਾ ਵਿਆਹ ਹੋ ਗਿਆ, ਛੋਟੇ ਮਾਮੇ ਦੇ ਮੁੰਡੇ ਦਾ ਵੀ ਘਰ ਵਸ ਗਿਆ। ਮੈਂ ਨੌਕਰੀ ਲੱਗ ਗਿਆ। ਮੇਰਾ ਆਪਣਾ ਵਿਆਹ ਹੋ ਗਿਆ ਅਤੇ ਜ਼ਿੰਦਗੀ ਦੀ ਜੱਦੋਜਹਿਦ ਵਿੱਚ ਮੇਰਾ ਨਾਨਕੇ ਜਾਣ ਦਾ ਕਦੇ ਸਬੱਬ ਹੀ ਨਾ ਬਣਿਆ।
ਪਰ ਮੇਰੇ ਅੰਦਰ ਦਾ ਬਾਲਕ ਕਦੇ ਉਸ ਪਿੰਡੋਂ ਬਾਹਰ ਨਹੀਂ ਆਇਆ। ਜਾਗਦੀਆਂ ਅੱਖਾਂ ਨੇ ਭਾਵੇਂ ਉਹ ਪਿੰਡ ਨਹੀਂ ਦੇਖਿਆ, ਪਰ ਮੇਰੇ ਸੁਪਨਿਆਂ ਵਿੱਚ ਅਕਸਰ ਮੇਰਾ ਨਾਨਕਾ ਘਰ ਆਉਂਦਾ ਹੈ। ਸੁਪਨਿਆਂ ਵਿੱਚ ਮੈਂ ਆਪਣੇ ਨਾਨਕੇ ਪਿੰਡ ਦੀਆਂ ਉਨ੍ਹਾਂ ਤਲਿਸਮੀ ਗਲੀਆਂ ਵਿੱਚ ਨੱਠ-ਭੱਜ ਰਿਹਾ ਹੁੰਦਾ ਹਾਂ। ਉਹ ਗਲੀਆਂ ਮੈਨੂੰ ‘ਅਲਿਫ ਲੈਲਾ’ ਦੇ ਰਹੱਸਮਈ ਕਿੱਸਿਆਂ ਵਰਗੀਆਂ ਲਗਦੀਆਂ ਹਨ, ਅਤੇ ਮੇਰਾ ਦਿਲ ਕਰਦਾ ਹੈ ਕਿ ਮੈਂ ਬੱਸ ਉਮਰ ਭਰ ਉਨ੍ਹਾਂ ਗਲੀਆਂ ਵਿੱਚ ਹੀ ਘੁੰਮਦਾ ਰਹਾਂ।
ਮੇਰੇ ਮਾਮੇ ਦਾ ਪੁੱਤਰ ਅਕਸਰ ਫ਼ੋਨ ’ਤੇ ਉਲਾਂਭਾ ਦਿੰਦਾ ਹੈ, “ਮਾਸਟਰ, ਤੂੰ ਹੁਣ ਆਪਣੇ ਨਾਨਕੇ ਕਿਉਂ ਨਹੀਂ ਆਉਂਦਾ? ਤੇਰਾ ਦਿਲ ਨਹੀਂ ਕਰਦਾ ਆਪਣੇ ਨਾਨਕੇ ਘਰ ਆਉਣ ਨੂੰ?”
ਮੈਂ ਹਰ ਵਾਰ ਉਸਨੂੰ ਲਾਰਾ ਲਾ ਦਿੰਦਾ ਹਾਂ ਕਿ ਇਸ ਸਾਲ ਪੱਕਾ ਆਵਾਂਗਾ। ਪਰ ਜੇ ਆਪਣੇ ਮਨ ਦਾ ਸੱਚ ਦੱਸਾਂ ਤਾਂ ਮੇਰਾ ਨਾਨਕੇ ਜਾਣ ਨੂੰ ਹੁਣ ਬਿਲਕੁਲ ਵੀ ਦਿਲ ਨਹੀਂ ਕਰਦਾ। ਇਹ ਕੋਈ ਬੇਰੁਖੀ ਨਹੀਂ, ਸਗੋਂ ਇਹ ਮੇਰੇ ਨਾਨਕੇ ਪਿੰਡ ਪ੍ਰਤੀ ਮੇਰੇ ਅੰਤਾਂ ਦੇ ਮੋਹ ਦਾ ਇੱਕ ਵੱਖਰਾ ਰੂਪ ਹੈ। ਮੈਨੂੰ ਪਤਾ ਹੈ ਕਿ ਮੇਰੀਆਂ ਸਿਮਰਤੀਆਂ ਵਿੱਚ ਵਸਿਆ ਮੇਰੇ ਛੋਟੇ ਮਾਮੇ ਦਾ ਉਹ ਪੁਰਾਣਾ, ਪਿਆਰਾ ਜਿਹਾ ਘਰ ਹੁਣ ਇੱਕ ਆਲੀਸ਼ਾਨ ਕੋਠੀ ਵਿੱਚ ਤਬਦੀਲ ਹੋ ਚੁੱਕਾ ਹੈ। ਵਾੜੇ ਦੀ ਉਹ ਮਿੱਟੀ, ਜਿੱਥੇ ਸਾਡਾ ਗੁੱਲੀ-ਡੰਡਾ ਖੜਕਦਾ ਸੀ, ਹੁਣ ਸੀਮਿੰਟ ਦੀਆਂ ਇੱਟਾਂ ਹੇਠ ਦੱਬੀ ਗਈ ਹੈ, ਉੱਥੇ ਇੱਕ ਵੱਖਰੀ ਕੋਠੀ ਉੱਸਰ ਚੁੱਕੀ ਹੈ। ਨਾਨਕੇ ਘਰ ਦੇ ਜਿਸ ਜ਼ੱਰੇ-ਜ਼ੱਰੇ ਨਾਲ ਮੈਨੂੰ ਇਸ਼ਕ ਸੀ, ਉਹ ਹੁਣ ਆਪਣੇ ਉਸ ਸਥੂਲ ਰੂਪ ਵਿੱਚ ਮੌਜੂਦ ਨਹੀਂ ਹੈ।
ਪਰ ਮੇਰੇ ਚੇਤਿਆਂ ਦੇ ਇਤਿਹਾਸ ਵਿੱਚ... ਉਹ ਘਰ, ਉਹ ਪਿੰਡ, ਉਹ ਕੱਚੇ ਰਸਤੇ ਅੱਜ ਵੀ ਹੂ-ਬ-ਹੂ ਉਸੇ ਤਰ੍ਹਾਂ ਜਿਊਂਦੇ ਹਨ, ਜਿਵੇਂ ਬਚਪਨ ਵਿੱਚ ਹੁੰਦੇ ਸਨ। ਮੇਰੇ ਅੰਦਰ ਇੱਕ ਡਰ ਬੈਠਾ ਹੈ ਕਿ ਜੇ ਮੈਂ ਹੁਣ ਨਾਨਕੇ ਗਿਆ ਤਾਂ ਮੈਨੂੰ ਸਭ ਕੁਝ ਬਦਲਿਆ ਹੋਇਆ ਮਿਲੇਗਾ। ਮੇਰੀਆਂ ਯਾਦਾਂ ਵਿੱਚ ਵਸੇ ਮੇਰੇ ਪਿਆਰੇ ਨਾਨਕੇ ਪਿੰਡ ਅਤੇ ਮੇਰੇ ਨਾਨਕੇ ਘਰ ਦਾ ਉਹ ਪਵਿੱਤਰ ਅਕਸ ਧੁੰਦਲਾ ਹੋ ਜਾਵੇਗਾ। ਸ਼ਾਇਦ ਮੇਰੇ ਜ਼ਿਹਨ ਵਿੱਚੋਂ ਮੇਰੇ ਬਚਪਨ ਦੀਆਂ ਉਹ ਅਨਮੋਲ ਯਾਦਾਂ ਕਿਰ ਜਾਣਗੀਆਂ, ਜੋ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਰਮਾਇਆ ਹਨ। ਮੈਂ ਆਪਣੇ ਅੰਦਰ ਵਸਦੇ ਉਸ ਪੁਰਾਣੇ, ਸਾਦੇ ਅਤੇ ਮੋਹ-ਭਿੱਜੇ ਨਾਨਕੇ ਪਿੰਡ ਨੂੰ ਮਰਨ ਨਹੀਂ ਦੇਣਾ ਚਾਹੁੰਦਾ। ਸ਼ਾਇਦ ਇਸੇ ਕਰਕੇ ਮੈਂ ਹੁਣ ਕਦੇ ਆਪਣੇ ਨਾਨਕੇ ਘਰ ਜਾਵਾਂ ਵੀ ਨਾ... ਕਿਉਂਕਿ ਮੇਰਾ ਨਾਨਕਾ ਘਰ ਹੁਣ ਹਰਿਆਣੇ ਦੀ ਧਰਤੀ ’ਤੇ ਨਹੀਂ, ਮੇਰੀ ਰੂਹ ਦੇ ਅੰਦਰ ਵਸਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































