“ਵਕਤ ਦੀਆਂ ਹਵਾਵਾਂ ਹਮੇਸ਼ਾ ਇੱਕਸਾਰ ਨਹੀਂ ਵਗਦੀਆਂ। ਸੱਤਵੀਂ ਜਮਾਤ ਵਿੱਚ ਕੁਝ ...”
(3 ਜੂਨ 2026)
ਬਚਪਨ ਜੀਵਨ ਦੀ ਉਹ ਕਿਤਾਬ ਹੈ ਜਿਸਦੇ ਪੰਨਿਆਂ ’ਤੇ ਲਿਖੀ ਇਬਾਰਤ ਕਦੇ ਧੁੰਦਲੀ ਨਹੀਂ ਪੈਂਦੀ। ਮੇਰੀ ਇਸ ਕਿਤਾਬ ਦੇ ਸਭ ਤੋਂ ਸੁਨਹਿਰੀ ਪੰਨਿਆਂ ’ਤੇ ਮੇਰੇ ਦੋ ਬਚਪਨ ਦੇ ਆੜੀਆਂ ਦੇ ਨਾਮ ਉੱਕਰੇ ਹੋਏ ਹਨ। ਗੁਰਦੀਪ ਸਿੰਘ, ਜਿਸਨੂੰ ਅਸੀਂ ਪਿਆਰ ਨਾਲ ‘ਥਲੀ ਵਾਲਿਆਂ ਦਾ ਗਿੰਦੀ’ ਕਹਿੰਦੇ ਸਾਂ, ਅਤੇ ਅਮਰੀਕ ਸਿੰਘ, ਜਿਸਨੂੰ ‘ਮੱਲੀ ਕਾ ਟਿੱਡਾ’ ਕਹਿ ਕੇ ਬੁਲਾਉਂਦੇ ਸਾਂ। ਛੇਵੀਂ ਜਮਾਤ ਤਕ ਸਾਡੀ ਦੋਸਤੀ ਇੰਨੀ ਗੂੜ੍ਹੀ ਹੋ ਗਈ ਕਿ ਪਿੰਡ ਦੀਆਂ ਗਲੀਆਂ ਵਿੱਚ ਸਾਡਾ ਹੱਸਣਾ, ਖੇਡਣਾ ਤੇ ਬੇਫਿਕਰੀ ਨਾਲ ਨੱਠਦੇ-ਭੱਜਦੇ ਫਿਰਨਾ, ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਸਰਮਾਇਆ ਬਣ ਗਿਆ। ਉਹ ਅਪਣੱਤ ਇੰਨੀ ਖਾਲਸ ਸੀ ਕਿ ਉਸ ਵਿੱਚ ਦੁਨੀਆਦਾਰੀ ਦੀ ਕੋਈ ਮਿਲਾਵਟ ਨਹੀਂ ਸੀ।
ਯਾਦਾਂ ਦੇ ਝਰੋਖੇ ਵਿੱਚੋਂ ਝਾਤੀ ਮਾਰਾਂ ਤਾਂ 1990-91 ਦਾ ਉਹ ਦੌਰ ਅੱਖਾਂ ਸਾਹਮਣੇ ਆ ਜਾਂਦਾ ਹੈ ਜਦੋਂ ਅਸੀਂ ਪੰਜਵੀਂ ਵਿੱਚ ਪੜ੍ਹਦੇ ਸਾਂ। ਉਦੋਂ ਅਖਬਾਰ ਦਾ ਅੱਧਾ ਪੰਨਾ ਫਿਲਮਾਂ ਦੇ ਇਸ਼ਤਿਹਾਰਾਂ ਨਾਲ ਭਰਿਆ ਹੁੰਦਾ ਸੀ, ਜਿਸ ’ਤੇ ਦਰਸਾਇਆ ਹੁੰਦਾ ਸੀ ਕਿ ਕਿਹੜੇ ਸਿਨੇਮੇ ਵਿੱਚ ਕਿਹੜੀ ਫਿਲਮ ਲੱਗੀ ਹੈ। ਸਾਨੂੰ ਫਿਲਮਾਂ ਦੇ ਨਾਮ ਪੜ੍ਹਨ ਅਤੇ ਉਨ੍ਹਾਂ ਬਾਰੇ ਜਾਣਨ ਦਾ ਬੜਾ ਚਾਅ ਹੁੰਦਾ ਸੀ। ਸਾਡੇ ਵਿੱਚੋਂ ਜਿਸਦੇ ਹੱਥ ਵੀ ਉਹ ਪੰਨਾ ਲੱਗ ਜਾਂਦਾ, ਉਹ ਸਕੂਲ ਲੈ ਆਉਂਦਾ ਅਤੇ ਅਸੀਂ ਤਿੰਨੇ ਰਲ ਕੇ ਉਸ ’ਤੇ ਬੜੀ ਗੰਭੀਰ ਚਰਚਾ ਕਰਦੇ। ਉਸ ਵਕਤ ਪਿੰਡਾਂ ਵਿੱਚ ਟੈਲੀਵਿਜ਼ਨ ਟਾਵੇਂ-ਟਾਵੇਂ ਹੀ ਹੁੰਦੇ ਸਨ ਤੇ ਸਾਡੇ ਤਿੰਨਾਂ ਦੇ ਘਰਾਂ ਵਿੱਚੋਂ ਕਿਸੇ ਦੇ ਵੀ ਘਰ ਟੀ.ਵੀ. ਨਹੀਂ ਸੀ। ਗਿੰਦੀ ਨੂੰ ਫਿਲਮਾਂ ਦਾ ਕੁਝ ਜ਼ਿਆਦਾ ਹੀ ਸ਼ੌਕ ਸੀ। ਜੇ ਕਦੇ ਉਸਦਾ ਕਿਤੇ ਟੀ.ਵੀ. ’ਤੇ ਕੋਈ ਫਿਲਮ ਦੇਖਣ ਦਾ ਦਾਅ ਲੱਗ ਜਾਂਦਾ ਤਾਂ ਅਗਲੇ ਦਿਨ ਸਕੂਲ ਆ ਕੇ ਉਹ ਸਾਨੂੰ ਪੂਰੀ ਕਹਾਣੀ ਸੁਣਾਉਂਦਾ। ਇੱਕ ਵਾਰ ਟੀ.ਵੀ. ’ਤੇ ਪੰਜਾਬੀ ਫਿਲਮ ‘ਨਿੰਮੋ’ ਆਈ ਤਾਂ ਗਿੰਦੀ ਨੂੰ ਮਸਾਂ ਚਾਲੀ ਕੁ ਮਿੰਟ ਦਾ ਹਿੱਸਾ ਦੇਖਣ ਨੂੰ ਮਿਲਿਆ। ਅਗਲੇ ਦਿਨ ਆ ਕੇ ਗਿੰਦੀ ਨੇ ਸਾਨੂੰ ਉਹ ਚਾਲੀ ਮਿੰਟ ਦੀ ਕਹਾਣੀ ਇੰਨੇ ਕਮਾਲ ਦੇ ਅੰਦਾਜ਼ ਨਾਲ ਸੁਣਾਈ ਕਿ ਉਹ ਅੱਜ ਵੀ ਮੇਰੇ ਚੇਤਿਆਂ ਵਿੱਚ ਜਿਉਂ ਦੀ ਤਿਉਂ ਸੰਭਾਲੀ ਪਈ ਹੈ। ਉਦੋਂ ਤੋਂ ਲੈ ਕੇ ਹੁਣ ਤਕ ਮੈਂ ਹਜ਼ਾਰਾਂ ਫਿਲਮਾਂ ਦੇਖੀਆਂ ਹੋਣਗੀਆਂ, ਪਰ ਬਚਪਨ ਵਿੱਚ ਗਿੰਦੀ ਤੋਂ ਸੁਣੀ ‘ਨਿੰਮੋ’ ਫਿਲਮ ਦੀ ਕਹਾਣੀ ਮੇਰੇ ਜ਼ਿਹਨ ਵਿੱਚ ਅੱਜ ਵੀ ਤਰੋਤਾਜ਼ਾ ਹੈ।
ਸਾਡੀ ਇਸ ਦੋਸਤੀ ਦੇ ਵਿਹੜੇ ਵਿੱਚ ਗਿੰਦੀ ਦੀ ਦਾਦੀ ਦੀਆਂ ਯਾਦਾਂ ਵੀ ਇੱਕ ਨਿੱਘਾ ਅਹਿਸਾਸ ਹਨ। ਦਾਦੀ ਮੈਨੂੰ ਬਹੁਤ ਪਿਆਰੀ ਲਗਦੀ ਸੀ। ਉਹ ਬਹੁਤ ਹੀ ਸੋਹਣੀ-ਸੁਨੱਖੀ ਤੇ ਗੋਰੀ-ਚਿੱਟੀ ਹੁੰਦੀ ਸੀ। ਉਹਨਾਂ ਦੇ ਬੋਲਣ ਦਾ ਲਹਿਜਾ ਸਾਡੀ ਆਮ ਮਲਵਈ ਜ਼ੁਬਾਨ ਤੋਂ ਬਿਲਕੁਲ ਵੱਖਰਾ ਅਤੇ ਬੇਹੱਦ ਮਿੱਠਾ ਸੀ। ਜਦੋਂ ਕਦੇ ਖੇਡਦਿਆਂ ਗਿੰਦੀ ਨੂੰ ਘਰ ਮੁੜਨ ਵਿੱਚ ਦੇਰ ਹੋ ਜਾਣੀ ਤਾਂ ਦਾਦੀ ਨੇ ਬੜੀ ਫਿਕਰ ਅਤੇ ਮੋਹ ਨਾਲ ਮੈਨੂੰ ਪੁੱਛਣਾ, “ਸਾਡਾ ਗੇਂਦੀ ਨੀ ਆਉਂਦਾ?” ਦਾਦੀ ਦੇ ਮੂੰਹੋਂ ਨਿਕਲੇ ਇਹ ਬੋਲ ਅਤੇ ਉਹਨਾਂ ਦਾ ਅੰਦਾਜ਼ ਮੈਨੂੰ ਇੰਨਾ ਖੂਬਸੂਰਤ ਲਗਦਾ ਸੀ ਕਿ ਉਹ ਆਵਾਜ਼ ਅੱਜ ਵੀ ਮੇਰੇ ਕੰਨਾਂ ਵਿੱਚ ਮਿਸ਼ਰੀ ਘੋਲਦੀ ਹੈ।
ਛੇਵੀਂ ਜਮਾਤ ਵਿੱਚ ਸਾਡਾ ਛੇਵਾਂ ਪੀਰੀਅਡ ਸਮਾਜਿਕ ਸਿੱਖਿਆ ਦਾ ਹੁੰਦਾ ਸੀ, ਜੋ ਸਾਨੂੰ ਗੁਰਚਰਨ ਸਿੰਘ ਡੀ.ਪੀ. ਮਾਸਟਰ ਪੜ੍ਹਾਉਂਦੇ ਸਨ। ਮਾਸਟਰ ਜੀ ਸਾਡੇ ਕੰਨ ਫੜਾ ਕੇ ਡੰਡਾ ਬਹੁਤ ਵਰਾਉਂਦੇ ਹੁੰਦੇ ਸਨ ਤੇ ਉਹਨਾਂ ਦੇ ਡੰਡੇ ਤੋਂ ਸਾਰੇ ਕੰਬਦੇ ਸਨ। ਦੂਜੇ ਪਾਸੇ, ਸਾਡੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਦੇਸੀ ਆਂਡੇ ਖਾਣ ਦੇ ਬੜੇ ਸ਼ੌਕੀਨ ਸਨ। ਟਿੱਡੇ ਦਾ ਘਰ ਪਿੰਡੋਂ ਬਾਹਰ ਖੇਤਾਂ ਵਿੱਚ ਸੀ ਤੇ ਉਹਨਾਂ ਨੇ ਮੁਰਗੀਆਂ ਰੱਖੀਆਂ ਹੋਈਆਂ ਸਨ। ਬੱਸ ਫਿਰ ਕੀ ਸੀ, ਡੀ.ਪੀ. ਮਾਸਟਰ ਦੀ ਕੁੱਟ ਤੋਂ ਬਚਣ ਲਈ ਮੈਂ ਤੇ ਟਿੱਡਾ ਛੇਵੇਂ ਪੀਰੀਅਡ ਵਿੱਚ ਪ੍ਰਿੰਸੀਪਲ ਸਾਹਿਬ ਲਈ ਆਂਡੇ ਲਿਆਉਣ ਦੇ ਬਹਾਨੇ ਸਕੂਲੋਂ ਖਿਸਕ ਜਾਂਦੇ। ਅਸੀਂ ਰੋਹੀਆਂ ਕੱਛਦੇ, ਖੇਤਾਂ ਵਿੱਚ ਅਵਾਰਾ ਘੁੰਮਦੇ ਤੇ ਜਦੋਂ ਛੇਵਾਂ ਪੀਰੀਅਡ ਲੰਘ ਜਾਂਦਾ ਤਾਂ ਮੁੜ ਸਕੂਲ ਆ ਵੜਦੇ। ਉਹ ਬੇਖੌਫ ਪਲ ਸਾਡੀ ਦੋਸਤੀ ਦੀ ਸਭ ਤੋਂ ਮਜ਼ਬੂਤ ਬੁਨਿਆਦ ਸਨ।
ਵਕਤ ਦੀਆਂ ਹਵਾਵਾਂ ਹਮੇਸ਼ਾ ਇੱਕਸਾਰ ਨਹੀਂ ਵਗਦੀਆਂ। ਸੱਤਵੀਂ ਜਮਾਤ ਵਿੱਚ ਕੁਝ ਅਜਿਹੇ ਸਬੱਬ ਬਣੇ ਕਿ ਮੈਨੂੰ ਸਕੂਲ ਛੱਡਣਾ ਪਿਆ। ਇਹ ਮਹਿਜ਼ ਸਕੂਲ ਛੱਡਣਾ ਨਹੀਂ ਸੀ, ਸਗੋਂ ਮੇਰੇ ਬਚਪਨ ਦੇ ਦੋ ਅਹਿਮ ਹਿੱਸਿਆਂ ਦਾ ਮੇਰੇ ਤੋਂ ਵਿਛੜਨਾ ਸੀ। ਲਗਭਗ ਨੌਂ ਸਾਲਾਂ ਦਾ ਇੱਕ ਲੰਮਾ ਅਰਸਾ ਬੀਤ ਗਿਆ। ਜਦੋਂ ਮੈਂ ਪਿੰਡ ਵਾਪਸ ਪਰਤਿਆ ਤਾਂ ਵਕਤ ਨੇ ਆਪਣੇ ਰੰਗ ਦਿਖਾ ਦਿੱਤੇ ਸਨ। ਮੇਰੇ ਉਹ ਦੋਵੇਂ ਆੜੀ ਹੁਣ ਬਚਪਨ ਦੀਆਂ ਦਹਿਲੀਜ਼ਾਂ ਟੱਪ ਕੇ ਜ਼ਿੰਦਗੀ ਦੀ ਦੌੜ ਵਿੱਚ ਸ਼ਾਮਲ ਹੋ ਚੁੱਕੇ ਸਨ। ਉਹ ਪੜ੍ਹਾਈ ਛੱਡ ਚੁੱਕੇ ਸਨ। ਗਿੰਦੀ ਖੇਤੀਬਾੜੀ ਵਿੱਚ ਰੁੱਝ ਗਿਆ ਸੀ ਅਤੇ ਟਿੱਡਾ ਇਲੈਕਟ੍ਰੀਸ਼ੀਅਨ ਬਣ ਗਿਆ ਸੀ। ਅੱਜ ਵੀ ਜਦੋਂ ਕਦੇ ਪਿੰਡ ਦੀਆਂ ਗਲੀਆਂ ਜਾਂ ਰਾਹ-ਖਹਿੜੇ ਸਾਡਾ ਮੇਲ ਹੁੰਦਾ ਹੈ ਤਾਂ ਗੱਲਬਾਤ ਬੱਸ ਇੱਥੋਂ ਸ਼ੁਰੂ ਹੋ ਕੇ ਇੱਥੇ ਹੀ ਮੁੱਕ ਜਾਂਦੀ ਹੈ, “ਕੀ ਹਾਲ ਹੈ ਬਾਈ?” ਤੇ ਅੱਗੋਂ ਇੱਕ ਰਸਮੀ ਜਿਹਾ ਜਵਾਬ ਆਉਂਦਾ ਹੈ, “ਠੀਕ ਹੈ।”
ਇਹ ਮੇਰੇ ਅੰਦਰ ਦੀ ਇੱਕ ਅਜੀਬ ਜਿਹੀ ਕਸ਼ਮਕਸ਼ ਹੈ। ਮੈਂ ਆਪਣੇ ਹੋਰਨਾਂ ਦੋਸਤਾਂ ਨਾਲ ਘੰਟਿਆਂ ਬੱਧੀ ਬੈਠ ਸਕਦਾ ਹਾਂ, ਦੁਨੀਆ ਭਰ ਦੀਆਂ ਗੱਲਾਂ ਕਰ ਸਕਦਾ ਹਾਂ, ਪਰ ਗਿੰਦੀ ਅਤੇ ਟਿੱਡੇ ਨਾਲ ਨਹੀਂ। ਅਸਲ ਵਿੱਚ ਮੈਂ ਖੁਦ ਹੀ ਗਿੰਦੀ ਅਤੇ ਟਿੱਡੇ ਨਾਲ ਬਹੁਤੀਆਂ ਗੱਲਾਂ ਕਰਨਾ ਜਾਂ ਉਹਨਾਂ ਕੋਲ ਬੈਠਣਾ ਨਹੀਂ ਚਾਹੁੰਦਾ। ਪਤਾ ਨਹੀਂ ਕਿਉਂ, ਸ਼ਾਇਦ ਇਹ ਮੈਨੂੰ ਖੁਦ ਵੀ ਨਹੀਂ ਪਤਾ ਕਿ ਮੈਂ ਅਜਿਹਾ ਕਿਉਂ ਕਰ ਰਿਹਾ ਹਾਂ। ਪਰ ਜਦੋਂ ਆਪਣੇ ਅੰਦਰ ਝਾਤੀ ਮਾਰਦਾ ਹਾਂ ਤਾਂ ਮਹਿਸੂਸ ਹੁੰਦਾ ਹੈ ਕਿ ਇਹ ਮੇਰੇ ਅਚੇਤ ਮਨ ਦਾ ਇੱਕ ਡਰ ਹੈ। ਮੈਨੂੰ ਡਰ ਲਗਦਾ ਹੈ ਕਿ ਜੇ ਮੈਂ ਉਹਨਾਂ ਨਾਲ ਬੈਠਾਂਗਾ, ਅੱਜ ਦੀਆਂ ਨਵੀਂਆਂ ਗੱਲਾਂ ਕਰਾਂਗਾ ਤਾਂ ਕਿਤੇ ਇਹ ਨਵੀਂਆਂ ਯਾਦਾਂ ਮੇਰੇ ਅੰਦਰ ਪਈਆਂ ਬਚਪਨ ਦੀਆਂ ਉਹਨਾਂ ਖੂਬਸੂਰਤ ਅਤੇ ਪਾਕ ਯਾਦਾਂ ਦੇ ਅਕਸ ਨੂੰ ਧੁੰਦਲਾ ਨਾ ਕਰ ਦੇਣ। ਕਿਤੇ ਮੇਰੀਆਂ ਨਵੀਂਆਂ ਯਾਦਾਂ ਮੇਰੀਆਂ ਪੁਰਾਣੀਆਂ ਯਾਦਾਂ ਨੂੰ ਮਿਟਾ ਨਾ ਦੇਣ। ਸ਼ਾਇਦ ਮੈਂ ਸਿਰਫ ਉਸੇ ਬਚਪਨ ਦੀ ਦੋਸਤੀ ਨੂੰ ਹੀ ਜਿਊਣਾ ਚਾਹੁੰਦਾ ਹਾਂ। ਮੈਂ ਉਹਨਾਂ ਨੂੰ ਉਸੇ ਮਾਸੂਮ, ਸ਼ਰਾਰਤੀ, ਦਾਦੀ ਦੀਆਂ ਪਿਆਰੀਆਂ ਆਵਾਜ਼ਾਂ ਵਾਲੇ, “ਨਿੰਮੋ’ ਫਿਲਮ ਦੀਆਂ ਕਹਾਣੀਆਂ ਸੁਣਾਉਣ ਵਾਲੇ ਗਿੰਦੀ ਤੇ ਰੋਹੀਆਂ ਕੱਛਣ ਵਾਲੇ ਟਿੱਡੇ ਦੇ ਰੂਪ ਵਿੱਚ ਹੀ ਆਪਣੇ ਅੰਦਰ ਹਮੇਸ਼ਾ ਲਈ ਸਾਂਭ ਕੇ ਰੱਖਣਾ ਚਾਹੁੰਦਾ ਹਾਂ।
ਮੈਂ ਅੱਜ ਤਕ ਕਦੇ ਉਹਨਾਂ ਨੂੰ ਇਹ ਜਤਾ ਨਹੀਂ ਸਕਿਆ ਕਿ ਮੇਰੇ ਦਿਲ ਦੇ ਕਿਸੇ ਖੂੰਜੇ ਵਿੱਚ ਉਹ ਬਚਪਨ ਵਾਲੀ ਦੋਸਤੀ ਅੱਜ ਵੀ ਤਾਜ਼ਾ ਹੈ, ਜੋ ਅਕਸਰ ਮੇਰੇ ਅੰਦਰ ਇੱਕ ਮਿੱਠੀ ਜਿਹੀ ਕੜਵੱਲ ਪੈਦਾ ਕਰਦੀ ਹੈ। ਹਕੀਕਤ ਦੀ ਇਸ ਖਾਮੋਸ਼ੀ ਤੋਂ ਪਾਰ, ਮੇਰੇ ਸੁਪਨਿਆਂ ਦੀ ਦੁਨੀਆਂ ਵਿੱਚ ਅੱਜ ਵੀ ਉਹਨਾਂ ਦਾ ਹੀ ਰਾਜ ਹੈ। ਸੁਪਨਿਆਂ ਵਿੱਚ ‘ਥਲੀ ਵਾਲਿਆਂ ਦਾ ਗਿੰਦੀ’ ਅਤੇ ‘ਮੱਲੀ ਕਾ ਟਿੱਡਾ’ ਫਿਰ ਤੋਂ ਮੇਰੇ ਨਾਲ ਹੁੰਦੇ ਹਨ। ਅਸੀਂ ਮੁੜ ਉਹਨਾਂ ਹੀ ਗਲੀਆਂ ਵਿੱਚ ਭੱਜਦੇ ਹਾਂ, ਇੱਕ ਦੂਜੇ ਨੂੰ ਅਵਾਜ਼ਾਂ ਮਾਰਦੇ ਹਾਂ ਤੇ ਬੇਪਰਵਾਹ ਹੋ ਕੇ ਹੱਸਦੇ ਹਾਂ। ਦੋਸਤੀ ਹਮੇਸ਼ਾ ਰੋਜ਼ ਮਿਲਣ ਜਾਂ ਕੋਲ ਬੈਠ ਕੇ ਗੱਲਾਂ ਕਰਨ ਦਾ ਨਾਮ ਨਹੀਂ ਹੁੰਦੀ, ਕਈ ਵਾਰ ਸਭ ਤੋਂ ਪਵਿੱਤਰ ਰਿਸ਼ਤੇ ਉਹ ਹੁੰਦੇ ਹਨ ਜੋ ਦਿਲ ਦੀਆਂ ਡੂੰਘਾਈਆਂ ਵਿੱਚ ਚੁੱਪ-ਚਾਪ ਧੜਕਦੇ ਰਹਿੰਦੇ ਹਨ। ਮੇਰੀ ਇਹ ਦੂਰੀ ਉਹਨਾਂ ਨੂੰ ਗੁਆਉਣ ਦਾ ਨਹੀਂ, ਸਗੋਂ ਆਪਣੇ ਬਚਪਨ ਵਾਲੇ ਗਿੰਦੀ ਅਤੇ ਟਿੱਡੇ ਨੂੰ ਹਮੇਸ਼ਾ ਲਈ ਸਾਂਭ ਕੇ ਰੱਖਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

















































































































