NavdeepSJhuneer7ਕੁਟਾਪੇ ਤੋਂ ਬਾਅਦ ਭੂਆ ਜੀ ਨੇ ਸਖਤ ਤਾਕੀਦ ਕਰਦਿਆਂ ਕਿਹਾ, “ਸਵੇਰੇ ਤੂੰ ਘਰੋਂ ...
(22 ਮਈ 2026)


ਬਚਪਨ ਦੀਆਂ ਯਾਦਾਂ ਮਨ ਦੇ ਕੋਰੇ ਕਾਗਜ਼ ’ਤੇ ਉੱਕਰੇ ਹੋਏ ਉਨ੍ਹਾਂ ਨਕਸ਼ਾਂ ਵਾਂਗ ਹੁੰਦੀਆਂ ਹਨ
, ਜੋ ਸਮੇਂ ਦੀ ਧੂੜ ਪੈਣ ਨਾਲ ਵੀ ਕਦੇ ਧੁੰਦਲੇ ਨਹੀਂ ਹੁੰਦੇ। ਉਮਰ ਦੇ ਉਸ ਪੜਾਅ ’ਤੇ ਵਾਪਰੀਆਂ ਛੋਟੀਆਂ-ਛੋਟੀਆਂ ਘਟਨਾਵਾਂ ਕਈ ਵਾਰ ਇਨਸਾਨ ਦੇ ਸਮੁੱਚੇ ਜੀਵਨ ਦਾ ਫਲਸਫਾ ਤੈਅ ਕਰ ਦਿੰਦੀਆਂ ਹਨ। ਮੇਰੇ ਬਚਪਨ ਦੀ ਵੀ ਇੱਕ ਅਜਿਹੀ ਹੀ ਯਾਦ ਹੈ, ਜਿਸਨੇ ਮੈਨੂੰ ਜ਼ਿੰਦਗੀ ਦਾ ਸਭ ਤੋਂ ਕੀਮਤੀ ਸਬਕ ਸਿਖਾਇਆ। ਇਹ ਗੱਲ ਉਸ ਵੇਲੇ ਦੀ ਹੈ ਜਦੋਂ ਮੈਂ ਚੌਥੀ ਜਮਾਤ ਦਾ ਵਿਦਿਆਰਥੀ ਸਾਂ। ਉਹ ਮਾਸੂਮੀਅਤ ਅਤੇ ਅੱਲ੍ਹੜਪੁਣੇ ਦਾ ਦੌਰ ਸੀ। ਇੱਕ ਦਿਨ ਸਾਡੇ ਸਕੂਲ ਵਿੱਚ ਸਾਰੇ ਵਿਸ਼ਿਆਂ ਦੀ ਇੱਕ ਸਹਾਇਕ ਪੁਸਤਕ ‘ਸਫਲਤਾ ਦਾ ਸਾਧਨ’ ਵੇਚਣ ਵਾਲੇ ਆਏ। ਕਿਤਾਬ ਦੀ ਕੀਮਤ ਪੰਜ ਰੁਪਏ ਸੀ। ਭੈਣ ਜੀ ਨੇ ਕਿਹਾ ਕਿ ਜਿਨ੍ਹਾਂ ਬੱਚਿਆਂ ਨੇ ਕਿਤਾਬ ਲੈਣੀ ਹੈ, ਉਹ ਕੱਲ੍ਹ ਨੂੰ ਪੰਜ ਰੁਪਏ ਲੈ ਆਉਣ। ਘਰ ਜਾ ਕੇ ਮੈਂ ਬੜੇ ਚਾਅ ਨਾਲ ਉਸ ਕਿਤਾਬ ਲਈ ਪੰਜ ਰੁਪਏ ਦੀ ਮੰਗ ਕੀਤੀ, ਪਰ ਘਰਦਿਆਂ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ, “ਅਸੀਂ ਆਪੇ ਤੈਨੂੰ ਕਿਤਾਬ ਲਿਆ ਦੇਵਾਂਗੇ।” ਬਾਲ ਮਨ ਨੂੰ ਇਹ ਜਵਾਬ ਰਾਸ ਨਾ ਆਇਆ ਤੇ ਮਨ ਵਿੱਚ ਇੱਕ ਅਜੀਬ ਜਿਹੀ ਨਿਰਾਸ਼ਾ ਛਾ ਗਈ।

ਅਗਲੇ ਦਿਨ ਜਦੋਂ ਮੈਂ ਸਕੂਲ ਪਹੁੰਚਿਆ ਤਾਂ ਮੇਰੇ ਚਿਹਰੇ ’ਤੇ ਉਦਾਸੀ ਸਾਫ ਝਲਕ ਰਹੀ ਸੀ। ਮੇਰੇ ਇੱਕ ਜਮਾਤੀ ਦੋਸਤ ਨੇ ਮੇਰੀ ਇਸ ਮਾਯੂਸੀ ਦਾ ਕਾਰਨ ਪੁੱਛਿਆ। ਉਸ ਪਲ ਪਤਾ ਨਹੀਂ ਕਿਹੜੀ ਅਚੇਤਨ ਭਾਵਨਾ ਵੱਸ ਮੇਰੇ ਮੂੰਹੋਂ ਅਚਾਨਕ ਬਿਨਾਂ ਸੋਚੇ-ਸਮਝੇ ਨਿਕਲ ਗਿਆ, “ਮੈਂ ਕਿਤਾਬ ਲਈ ਘਰੋਂ ਪੰਜ ਰੁਪਏ ਲੈ ਕੇ ਆਇਆ ਸਾਂ, ਪਰ ਰਾਹ ਵਿੱਚ ਕਿਤੇ ਡਿਗ ਪਏ।” ਮੇਰਾ ਇਹ ਝੂਠ ਬੋਲਣ ਦਾ ਕੋਈ ਇਰਾਦਾ ਨਹੀਂ ਸੀ, ਸ਼ਾਇਦ ਆਪਣੀ ਨੂੰ ਨਿਰਾਸ਼ਾ ਨੂੰ ਲੁਕਾਉਣ ਲਈ ਜਾਂ ਦੋਸਤ ਦੀ ਹਮਦਰਦੀ ਬਟੋਰਨ ਲਈ ਮੈਂ ਕਹਿ ਦਿੱਤਾ। ਸਿਆਣੇ ਕਹਿੰਦੇ ਹਨ ਕਿ ਇੱਕ ਝੂਠ ਨੂੰ ਛੁਪਾਉਣ ਲਈ ਸੈਂਕੜੇ ਹੋਰ ਝੂਠ ਬੋਲਣੇ ਪੈਂਦੇ ਹਨ। ਮੇਰੇ ਨਾਲ ਵੀ ਇੰਨ-ਬਿੰਨ ਇਹੀ ਵਾਪਰਿਆ। ਕੁਝ ਸਮੇਂ ਬਾਅਦ ਉਸ ਦੋਸਤ ਨੇ ‘ਦਯਾ ਭੈਣ ਜੀ’ ਨੂੰ ਜਾ ਦੱਸਿਆ ਕਿ ਮੇਰੇ ਕਿਤਾਬ ਵਾਲੇ ਪੰਜ ਰੁਪਏ ਕਿਤੇ ਗੁਆਚ ਗਏ ਹਨ ਅਤੇ ਮੈਂ ਉਦਾਸ ਬੈਠਾ ਹਾਂ। ਭੈਣ ਜੀ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਪਿਆਰ ਨਾਲ ਪੁੱਛਿਆ ਕਿ ਪੈਸੇ ਕਿੱਥੇ ਰੱਖੇ ਸਨ ਤੇ ਕਿਵੇਂ ਗੁਆਚੇ? ਮੈਂ ਆਪਣੇ ਹੀ ਬੁਣੇ ਹੋਏ ਝੂਠ ਦੇ ਜਾਲ਼ ਵਿੱਚ ਬੁਰੀ ਤਰ੍ਹਾਂ ਫਸ ਗਿਆ। ਚਾਹ ਕੇ ਵੀ ਮੈਂ ਸੱਚ ਨਾ ਬੋਲ ਸਕਿਆ ਤੇ ਇੱਕ ਹੋਰ ਕਹਾਣੀ ਘੜਦਿਆਂ ਕਿਹਾ ਦਿੱਤਾ ਕਿ ਮੈਂ ਪੈਸੇ ਸਵੈਟਰ ਦੇ ਉੱਪਰ ਵੱਲ ਮੋੜੇ ਹੋਏ ਬਾਰਡਰ ਵਿੱਚ ਪਾਏ ਹੋਏ ਸਨ। ਸਕੂਲ ਦੇ ਨੇੜੇ ਹੀ ਜਿੱਥੇ ਕੁਝ ਘਰਾਂ ਦਾ ਪਾਣੀ ਬਾਹਰ ਇੱਕ ਖੁੱਲ੍ਹੇ ਟੋਏ ਵਿੱਚ ਇਕੱਠਾ ਹੁੰਦਾ ਹੈ, ਜਦੋਂ ਮੈਂ ਉਸ ਟੋਏ ਤੋਂ ਛਾਲ ਮਾਰ ਕੇ ਲੰਘਣ ਲੱਗਿਆ ਤਾਂ ਮੇਰੇ ਉਹ ਪੰਜ ਰੁਪਏ ਉਸ ਪਾਣੀ ਵਿੱਚ ਡਿਗ ਪਏ।

ਮੇਰੀ ਗੱਲ ਸੁਣ ਕੇ ਭੈਣ ਜੀ ਨੇ ਉਸੇ ਮੁੰਡੇ ਨੂੰ ਮੇਰੇ ਨਾਲ ਗੁਆਚੇ ਪੈਸੇ ਲੱਭਣ ਲਈ ਭੇਜਿਆ ਕਿ ਜਾਓ, ਕੋਸ਼ਿਸ਼ ਕਰੋ, ਸ਼ਾਇਦ ਪੈਸੇ ਲੱਭ ਜਾਣ। ਅਸੀਂ ਦੋਵੇਂ ਉਸ ਗੰਦੇ ਪਾਣੀ ਵਿੱਚ ਪੰਜ ਰੁਪਏ ਲੱਭਣ ਚਲੇ ਗਏ। ਕਾਫੀ ਦੇਰ ਪਾਣੀ ਵਿੱਚ ਹੱਥ ਮਾਰਦੇ ਰਹੇ ਪਰ ਪੈਸੇ ਤਾਂ ਹੀ ਲੱਭਦੇ ਜੇ ਗੁਆਚੇ ਹੁੰਦੇ! ਜਦੋਂ ਅਸੀਂ ਖਾਲੀ ਹੱਥ ਅਤੇ ਨਿਰਾਸ ਪਰਤੇ ਤਾਂ ਮੇਰੇ ਦੋਸਤ ਨੇ ਭੈਣ ਜੀ ਨੂੰ ਦੱਸਿਆ ਕਿ ਪੈਸੇ ਨਹੀਂ ਲੱਭੇ। ਉਸ ਵੇਲੇ ਮੇਰਾ ਚਿਹਰਾ ਕੁਦਰਤੀ ਤੌਰ ’ਤੇ ਉੱਤਰਿਆ ਹੋਇਆ ਸੀ। ਪਰ ਇਹ ਉਦਾਸੀ ਪੈਸੇ ਗੁਆਚਣ ਦੀ ਨਹੀਂ, ਸਗੋਂ ਆਪਣੀ ਅੰਤਰਆਤਮਾ ਵਿੱਚ ਪੈਦਾ ਹੋ ਰਹੀ ਗਲਾਨੀ ਦੀ ਸੀ ਕਿ ਮੈਂ ਐਡਾ ਵੱਡਾ ਝੂਠ ਕਿਉਂ ਬੋਲ ਰਿਹਾ ਹਾਂ?

ਮੇਰੀ ਮਾਯੂਸੀ ਦੇਖ ਕੇ ਭੈਣ ਜੀ ਦਾ ਕੋਮਲ ਹਿਰਦਾ ਪਸੀਜ ਗਿਆ। ਉਨ੍ਹਾਂ ਨੇ ਮੈਨੂੰ ਬੜੇ ਮੋਹ ਨਾਲ ਆਪਣੀ ਬੁੱਕਲ ਵਿੱਚ ਲੈ ਲਿਆ ਤੇ ਪਿਆਰ ਭਰੇ ਲਹਿਜੇ ਵਿੱਚ ਕਿਹਾ, “ਬੇਟੇ ਤੂੰ ਚਿੰਤਾ ਨਾ ਕਰ, ਕਿਤਾਬਾਂ ਵਾਲਿਆਂ ਨੇ ਇੱਕ ਕਾਪੀ ਮੈਨੂੰ ਵੀ ਦਿੱਤੀ ਹੈ, ਮੈਂ ਤੈਨੂੰ ਆਪਣੇ ਵਾਲੀ ਕਿਤਾਬ ਦੇ ਦਿੰਦੀ ਹਾਂ।” ਇਹ ਕਹਿ ਕੇ ਭੈਣ ਜੀ ਨੇ ਆਪਣੇ ਵਾਲੀ ‘ਸਫਲਤਾ ਦਾ ਸਾਧਨ’ ਮੇਰੇ ਹੱਥ ਵਿੱਚ ਫੜਾ ਦਿੱਤੀ। ਉਨ੍ਹਾਂ ਦੀ ਇਸ ਨੇਕੀ ਨੇ ਮੈਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ।

ਪਰ ਕਹਾਣੀ ਦਾ ਅੰਤ ਇੱਥੇ ਨਹੀਂ ਸੀ ਹੋਣਾ। ਸਾਡੇ ਗੁਆਂਢੀਆਂ ਦਾ ਲੜਕਾ ‘ਅੰਬਰਤੀ’, ਜੋ ਮੇਰੇ ਨਾਲ ਹੀ ਪੜ੍ਹਦਾ ਸੀ, ਇਸ ਸਾਰੀ ਘਟਨਾ ਦਾ ਚਸ਼ਮਦੀਦ ਗਵਾਹ ਸੀ। ਛੁੱਟੀ ਹੋਣ ’ਤੇ ਉਹ ਮੇਰੇ ਤੋਂ ਪਹਿਲਾਂ ਹੀ ਮੇਰੇ ਘਰ ਪਹੁੰਚ ਗਿਆ ਤੇ ਮੇਰੀ ਮਾਂ ਨੂੰ ਉਸਨੇ ਆਖਿਆ, “ਤਾਈ! ਤੁਹਾਡੇ ਮੁੰਡੇ ਦੇ ਕਿਤਾਬ ਵਾਲੇ ਪੈਸੇ ਰਾਹ ਵਿੱਚ ਡਿਗ ਪਏ, ਭੈਣ ਜੀ ਨੇ ਉਹਨੂੰ ਆਪਣੀ ਕਿਤਾਬ ਦੇ ਦਿੱਤੀ ਹੈ।”

ਘਰਦਿਆਂ ਨੂੰ ਇਹ ਸਮਝਣ ਵਿੱਚ ਭੋਰਾ ਵੀ ਦੇਰ ਨਾ ਲੱਗੀ ਕਿ ਜਦੋਂ ਉਨ੍ਹਾਂ ਮੈਨੂੰ ਪੈਸੇ ਦਿੱਤੇ ਹੀ ਨਹੀਂ ਸਨ ਤਾਂ ਪੈਸੇ ਗੁਆਚਣ ਦਾ ਕੀ ਮਤਲਬ? ਯਕੀਨਨ ਮੈਂ ਭੈਣ ਜੀ ਕੋਲ ਕੋਈ ਝੂਠ ਹੀ ਬੋਲਿਆ ਹੋਵੇਗਾ।

ਜਿਉਂ ਹੀ ਮੈਂ ਘਰ ਦੀ ਦਹਿਲੀਜ਼ ਪਾਰ ਕੀਤੀ, ਮੇਰੀ ਭੂਆ ਜੀ ਨੇ ਮੈਨੂੰ ਆਉਂਦਿਆਂ ਬੱਕਰੇ ਵਾਂਗ ਢਾਹ ਲਿਆ। ਉਸ ਦਿਨ ਮੇਰੀ ਜੋ ਭੁਗਤ ਸਵਾਰੀ ਗਈ, ਰਹੇ ਰੱਬ ਦਾ ਨਾਂ! ਕੁਟਾਪੇ ਤੋਂ ਬਾਅਦ ਭੂਆ ਜੀ ਨੇ ਸਖਤ ਤਾਕੀਦ ਕਰਦਿਆਂ ਕਿਹਾ, “ਸਵੇਰੇ ਤੂੰ ਘਰੋਂ ਪੰਜ ਰੁਪਈਏ ਲੈ ਕੇ ਜਾਣੇ ਨੇ, ਭੈਣ ਜੀ ਨੂੰ ਦੇ ਕੇ ਆਉਣੇ ਨੇ, ਤੇ ਨਾਲੇ ਆਪਣੇ ਝੂਠ ਦੀ ਮਾਫੀ ਮੰਗ ਕੇ ਆਉਣੀ ਹੈ ਕਿ ਮੈਂ ਤੁਹਾਡੇ ਕੋਲ ਝੂਠ ਬੋਲਿਆ ਸੀ। ਮੈਂ ਘਰੋਂ ਹੀ ਪੈਸੇ ਨਹੀਂ ਸੀ ਲਿਆਂਦੇ ਸੀ।”

ਸਮੇਂ ਦੀ ਧੁੰਦ ਵਿੱਚ ਅੱਜ ਇਹ ਤਾਂ ਯਾਦ ਨਹੀਂ ਕਿ ਅਗਲੇ ਦਿਨ ਉਸ ਕਿਤਾਬ ਦੇ ਪੰਜ ਰੁਪਏ ਭੈਣ ਜੀ ਨੂੰ ਮੈਂ ਖੁਦ ਦਿੱਤੇ ਸਨ ਜਾਂ ਘਰਦਿਆਂ ਵਿੱਚੋਂ ਕਿਸੇ ਨੇ, ਪਰ ਉਸ ਘਟਨਾ, ਉਸ ਮਾਰ ਅਤੇ ਉਸ ਡੂੰਘੀ ਆਤਮ ਗਿਲਾਨੀ ਨੇ ਮੇਰੇ ਮਨ ’ਤੇ ਜੋ ਉੱਕਰਿਆ, ਉਹ ਮੈਨੂੰ ਉਮਰ ਭਰ ਲਈ ਯਾਦ ਰਹਿ ਗਿਆ। ਉਸ ਦਿਨ ਮੈਂ ਆਪਣੀ ਆਤਮਾ ਨਾਲ ਇੱਕ ਅਹਿਦ ਕੀਤਾ, ਇੱਕ ਪੱਕੀ ਸਹੁੰ ਖਾਧੀ ਕਿ ਮੈਂ ਅੱਜ ਤੋਂ ਬਾਅਦ ਕਦੇ ਝੂਠ ਦਾ ਸਹਾਰਾ ਨਹੀਂ ਲਵਾਂਗਾ।

ਉਹ ਦਿਨ ਤੇ ਅੱਜ ਦਾ ਦਿਨ... ਮੈਂ ਛੇਤੀ ਕੀਤਿਆਂ ਸੁਚੇਤ ਰੂਪ ਵਿੱਚ ਕਦੇ ਝੂਠ ਨੂੰ ਆਪਣੀ ਜ਼ੁਬਾਨ ’ਤੇ ਨਹੀਂ ਆਉਣ ਦਿੱਤਾ। ਅੱਜ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ, ਤਾਂ ਮਹਿਸੂਸ ਹੁੰਦਾ ਹੈ ਕਿ ਬਚਪਨ ਵਿੱਚ ਬੋਲਿਆ ਗਿਆ ਉਹ ਪੰਜ ਰੁਪਏ ਦਾ ਝੂਠ ਅਤੇ ਮੇਰੀ ਭੂਆ ਦੀ ਕੁੱਟ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਅਤੇ ਸੱਚਾ ਸਬਕ ਸੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਨਵਦੀਪ ਸਿੰਘ ਝੁਨੀਰ

ਨਵਦੀਪ ਸਿੰਘ ਝੁਨੀਰ

Punjabi Teacher (G S S Jhanduke, Mansa, Punjab, India.)
WhatsApp: (91 - 98769 - 68193)
Email: (nav.jhunir@gmail.com)