“ਮੈਂ ਸੱਤ ਸਾਲ ਅਧਿਆਪਨ ਕਾਰਜ ਕੀਤਾ। ਫਿਰ ਅਧਿਆਪਨ ਛੱਡ ਕੇ ...”
(29 ਮਈ 2026)
ਦਸੰਬਰ, 1977 ਵਿੱਚ ਜੇ ਬੀ ਟੀ ਅਧਿਆਪਕਾਂ ਦਾ ਬੈਕਲਾਗ ਪੂਰਾ ਕਰਨ ਲਈ ਵੱਡੇ ਪੱਧਰ ’ਤੇ ਭਰਤੀ ਕੀਤੀ ਗਈ ਸੀ। ਪੰਜਾਬ ਸਿੱਖਿਆ ਵਿਭਾਗ ਨੇ ਜੇ ਬੀ ਟੀ ਟਰੇਨਿੰਗ ਸੈਸ਼ਨ 1975-77 ਲਈ ਆਮ ਸੈਸ਼ਨ ਦੇ ਨਾਲ ਅਨੁਸੂਚਿਤ ਜਾਤੀ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਸਪੈਸ਼ਲ ਬੈਚ ਨੂੰ ਟਰੇਨਿੰਗ ਦਿੱਤੀ ਸੀ। ਅਗਸਤ 1977 ਵਿੱਚ ਰਿਜ਼ਲਟ ਆਇਆ, ਅਕਤੂਬਰ ਵਿੱਚ ਭਰਤੀ ਲਈ ਅਰਜ਼ੀਆਂ ਮੰਗ ਲਈਆਂ। ਚੁਣੇ ਗਏ ਉਮੀਦਵਾਰਾਂ ਨੂੰ ਜ਼ਿਲ੍ਹਾ ਸਿੱਖਿਆ ਦਫਤਰ ਬੁਲਾਇਆ ਗਿਆ। ਦਫਤਰ ਅੱਗੇ ਨਿਯੁਕਤੀ ਪੱਤਰ ਲੈਣ ਵਾਲਿਆਂ ਦੀ ਭੀੜ ਸੀ। ਪੰਜ-ਪੰਜ ਉਮੀਦਵਾਰਾਂ ਨੂੰ ਅੰਦਰ ਬੁਲਾਇਆ ਜਾਂਦਾ। ਮੇਰੇ ਗਰੁੱਪ ਦੀ ਵਾਰੀ ਆਉਣ ’ਤੇ ਅਸੀਂ ਅੰਦਰ ਦਾਖਲ ਹੋਏ ਤਾਂ ਸਾਨੂੰ ਡੀ ਈ ਓ ਸਾਹਿਬਾ ਦੇ ਸਾਹਮਣੇ ਪਈਆਂ ਕੁਰਸੀਆਂ ’ਤੇ ਬੈਠਣ ਲਈ ਕਿਹਾ ਗਿਆ। ਚਾਰ ਜਣੇ ਤਾਂ ਬੈਠ ਗਏ ਪਰ ਮੈਂ ਖੜ੍ਹਾ ਹੀ ਰਿਹਾ। ਦਰਵਾਜ਼ੇ ਅੰਦਰ ਦਾਖਲ ਹੁੰਦਿਆਂ ਹੀ ਮੇਰਾ ਧਿਆਨ ਸਾਹਮਣੇ ਬੈਠੀ ਡੀ ਈ ਓ ਸਾਹਿਬਾ ਦੇ ਪਿਛਲੇ ਪਾਸੇ ਕੰਧ ਉੱਪਰ ਟੰਗੀਆਂ ਹੋਈਆਂ ਤਿੰਨ ਸੁੰਦਰ ਲਿਖਾਈ ਵਾਲੀਆਂ ਫੱਟੀਆਂ ’ਤੇ ਟਿਕ ਗਿਆ। ਦਫਤਰ ਸੁਪਰਡੈਂਟ ਨੇ ਮੈਨੂੰ ਵੀ ਬੈਠਣ ਲਈ ਕਿਹਾ ਤਾਂ ਡੀ ਈ ਓ ਸਾਹਿਬਾ ਨੇ ਮੈਨੂੰ ਕਿਹਾ, “ਤੁਹਾਡਾ ਧਿਆਨ ਕਿੱਧਰ ਹੈ, ਬੈਠਦੇ ਕਿਉਂ ਨਹੀਂ?”
ਮੈਂ ਕਿਹਾ “ਜੀ, ਤੁਹਾਡੇ ਪਿੱਛੇ ਟੰਗੀਆਂ ਹੋਈਆਂ ਫੱਟੀਆਂ ਦੇਖ ਰਿਹਾ ਹਾਂ।”
ਉਹ ਕਹਿੰਦੇ, “ਇਹ ਛੋਟੇ-ਛੋਟੇ ਬੱਚਿਆਂ ਦੀ ਸੁੰਦਰ ਲਿਖਾਈ ਦੇ ਨਮੂਨੇ ਹਨ। ਇਹ ਤੁਹਾਡੇ ਵਰਗੇ ਨਵੇਂ ਅਧਿਆਪਕਾਂ ਲਈ ਚੈਲਿੰਜ ਹਨ।”
ਮੈਂ ਨਿਮਰ ਹੁੰਦਿਆਂ ਆਖਿਆ, “ਮੈਡਮ, ਇਨ੍ਹਾਂ ਵਿੱਚੋਂ ਇੱਕ ਫੱਟੀ ਮੇਰੀ ਹੈ ਅਤੇ ਬਾਕੀ ਦੋ ਵੀ ਮੇਰੇ ਜਮਾਤੀਆਂ ਦੀਆਂ ਹਨ।” ਇਹ ਕਹਿੰਦਿਆਂ ਮੇਰੀਆਂ ਅੱਖਾਂ ਨਮ ਹੋ ਗਈਆਂ ਜੋ ਡੀ ਈ ਓ ਮੈਡਮ ਨੇ ਦੇਖ ਲਈਆਂ। ਉਹ ਆਪਣੀ ਕੁਰਸੀ ਤੋਂ ਉੱਠ ਕੇ ਆਏ ਅਤੇ ਮੇਰੇ ਮੋਢੇ ’ਤੇ ਹੱਥ ਰੱਖ ਕੇ ਕਹਿੰਦੇ, “ਮੈਂ ਰੋਜ਼ਾਨਾ ਆਪਣੀ ਕੁਰਸੀ ’ਤੇ ਬੈਠਣ ਤੋਂ ਪਹਿਲਾਂ ਇਨ੍ਹਾਂ ਫੱਟੀਆਂ ਨੂੰ ਨਿਹਾਰਦੀ ਹਾਂ। ਅੱਜ ਜਦੋਂ ਇੰਨੀ ਸੁੰਦਰ ਲਿਖਾਈ ਲਿਖਣ ਵਾਲਾ ਅਧਿਆਪਕ ਬਣ ਕੇ ਮੇਰੇ ਸਾਹਮਣੇ ਹੈ ਤਾਂ ਸਿੱਖਿਆ ਮਹਿਕਮੇ ਦੇ ਮਾਣ ਵਿੱਚ ਵਾਧਾ ਹੋਇਆ ਹੈ।”
‘ਪੰਜਾਬ ਪ੍ਰਾਇਮਰੀ ਸਿੱਖਿਆ ਐਕਟ 1960’ ਬਣਨ ਤੋਂ ਬਾਅਦ ਛੇ ਸਾਲ ਦੀ ਉਮਰ ਦੇ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਵਾਉਣਾ ਲਾਜ਼ਮੀ ਹੋ ਗਿਆ ਸੀ। ਅਪਰੈਲ ਵਿੱਚ ਜਮਾਤਾਂ ਸ਼ੁਰੂ ਹੋਣ ਤੋਂ ਲਗਭਗ ਤਿੰਨ-ਚਾਰ ਮਹੀਨੇ ਪਹਿਲਾਂ ਸਕੂਲ ਅਧਿਆਪਕ ਘਰ-ਘਰ ਜਾ ਕੇ ਪੰਜ ਤੋਂ ਛੇ ਸਾਲ ਉਮਰ ਦੇ ਬੱਚਿਆਂ ਨੂੰ ਸੂਚੀ-ਬੱਧ ਕਰਦੇ ਸਨ ਅਤੇ ਅਪਰੈਲ ਵਿੱਚ ਜਮਾਤਾਂ ਸ਼ੁਰੂ ਹੁੰਦੀਆਂ ਸਨ। ਮੈਂ ਪੰਜ ਸਾਲ ਦਾ ਹੋਵਾਂਗਾ ਜਦੋਂ ਮੈਨੂੰ ਛੇ ਸਾਲ ਦੀ ਉਮਰ ਲਿਖ ਕੇ ਪਹਿਲੀ ਜਮਾਤ ਵਿੱਚ ਦਾਖਲ ਕਰ ਲਿਆ ਗਿਆ। ਮੈਨੂੰ ਯਾਦ ਹੈ, ਸੰਨ 1961 ਦੇ ਦਸੰਬਰ ਮਹੀਨੇ ਦੋ ਅਧਿਆਪਕ ਇਨਲਿਸਟਮੈਂਟ ਕਰਨ ਲਈ ਸਾਡੇ ਮੁਹੱਲੇ ਆਏ ਤਾਂ ਮਾਵਾਂ ਆਪਣੇ ਬੱਚਿਆਂ ਨੂੰ ਇਹ ਕਹਿੰਦਿਆਂ ਲੁਕਾਉਂਦੀਆਂ ਫਿਰਨ ਕਿ ਟੀਕੇ ਲਾਉੁਣ ਵਾਲੇ ਆ ਗਏ। ਸਾਡੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਮੇਰੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਦਾਖਲ ਹੋਣ ਵਾਲੇ ਹਨ। ਉਨ੍ਹਾਂ ਜਨਮ ਤਰੀਕ ਪੁੱਛੀ ਤਾਂ ਮੇਰੀ ਮਾਤਾ ਨੂੰ ਯਾਦ ਨਹੀਂ ਸੀ ਪਰ ਦੱਸਿਆ ਕਿ ਪੰਜ ਸਾਲ ਤੋਂ ਜ਼ਿਆਦਾ ਹੈ। ਮੈਂ ਅਤੇ ਮੇਰੀ ਭੈਣ ਜੌੜੇ ਹਾਂ। ਅਧਿਆਪਕ ਮੇਰੀ ਮਾਤਾ ਨੂੰ ਬੱਚੇ ਦਾਖਲ ਕਰਵਾਉਣ ਨੂੰ ਕਹਿ ਹੀ ਰਿਹਾ ਸੀ ਤਾਂ ਮੈਂ ਮਾਂ ਦੀਆਂ ਲੱਤਾਂ ਨੂੰ ਚਿੰਬੜ ਗਿਆ ਅਤੇ ਸਕੂਲ ਜਾਣ ਦੀ ਜ਼ਿਦ ਕਰਨ ਲੱਗਾ। ਅਧਿਆਪਕ ਨੇ ਮੇਰੀ ਉਮਰ ਛੇ ਸਾਲ ਲਿਖ ਕੇ ਮੈਨੂੰ ਸੂਚੀ-ਬੱਧ ਕਰ ਲਿਆ ਅਤੇ ਮੈਂ ਅਪਰੈਲ, 1962 ਤੋਂ ਸਕੂਲ ਜਾਣ ਲੱਗ ਪਿਆ।
ਮੇਰੇ ਪਹਿਲੇ ਅਧਿਆਪਕ ਗਿਆਨੀ ਗੁਰਦੇਵ ਸਿੰਘ ਸਮਰਾ ਸਨ। ਸਦਾ ਚਿੱਟਾ ਜਾਂ ਕਰੀਮ ਕਲਰ ਪਹਿਰਾਵਾ ਪਹਿਨਦੇ ਸਨ। ਪਹਿਲੀ ਜਮਾਤ ਵਿੱਚ ਲਗਭਗ ਚਾਲੀ ਬੱਚੇ ਸਨ। ਉਨ੍ਹਾਂ ਨੇ ਹਰ ਬੱਚੇ ਦਾ ਦਿਮਾਗੀ ਪੱਧਰ ਜਾਂਚ ਕੇ 10-10 ਬੱਚਿਆਂ ਦੀਆਂ ਚਾਰ ਕਤਾਰਾਂ ਬਣਾ ਕੇ ਬਿਠਾਉਣਾ ਸ਼ੁਰੂ ਕਰ ਦਿੱਤਾ। ਤੇਜ਼ੀ ਨਾਲ ਸਿੱਖਣ ਵਾਲੇ ਅੱਗੇ ਅਤੇ ਦਰਜਾ ਵਾਰ ਪਿੱਛੇ ਸੀਟਾਂ ਨਿਸ਼ਚਿਤ ਕੀਤੀਆਂ ਹੋਈਆਂ ਸਨ। ਫੱਟੀਆ ਕਿਵੇਂ ਪੋਚਣੀਆਂ ਹਨ, ਸਿਆਹੀ ਕਿਵੇਂ ਘੋਲਣੀ ਹੈ, ਉਹ ਆਪ ਸਿਖਾਉਂਦੇ। ਰੇਤੀ ਨਾਲ ਤਿੱਖਾ ਕੀਤਾ ਚਾਕੂ ਸਦਾ ਉਨ੍ਹਾਂ ਦੀ ਜੇਬ ਵਿੱਚ ਹੁੰਦਾ। ਕਾਨੇ ਦੀਆਂ ਕਲਮਾਂ ਉਨ੍ਹਾਂ ਆਪ ਘੜ ਕੇ ਦੇਣੀਆਂ। ਕਲਮ ਦੇ ਨੱਕੇ ਨੂੰ ਰੋਜ਼ਾਨਾ ਸਾਫ ਕਰਕੇ ਟੱਕ ਲਾ ਕੇ ਦੇਣਾ, ਸਾਰਿਆਂ ਦੀਆਂ ਫੱਟੀਆ ’ਤੇ ਲਕੀਰਾਂ ਮਾਰ ਕੇ ਦੇਣਾ, ਪੂਰਨੇ ਪਾ ਕੇ ਦੇਣਾ ਅਤੇ ਹੱਥ ਫੜਕੇ ਕਲਮ ਨਾਲ ਅੱਖਰ ਦੀ ਬਣਤਰ ਸਮਝਾਉਣਾ ਉਨ੍ਹਾਂ ਦਾ ਰੁਟੀਨ ਸੀ। ਉਨ੍ਹਾਂ ਨੇ ਸਕੂਲ ਵਿੱਚ ਢੋਲਕੀ ਲਿਆ ਕੇ ਰੱਖੀ ਹੋਈ ਸੀ। ਦੂਸਰੀ ਜਮਾਤ ਤੋਂ ਉਨ੍ਹਾਂ ਵਿਦਿਆਰਥੀਆਂ ਨੂੰ ਦੋ ਲਾਈਨਾਂ ਵਿੱਚ ਆਹਮੋ-ਸਾਹਮਣੇ ਖੜ੍ਹੇ ਕਰਕੇ ਸੁਰ ਵਿੱਚ ਪਹਾੜੇ ਬੁਲਾਉਣੇ ਅਤੇ ਆਪ ਢੋਲਕੀ ਦਾ ਤਾਲ ਦੇਣਾ। ਚੌਥੀ ਜਮਾਤ ਤਕ ਪਹੁੰਚਦੇ ਅਸੀਂ ਵੀਹ ਤਕ ਦੋਹਰੇ ਪਹਾੜੇ ਜ਼ੁਬਾਨੀ ਯਾਦ ਕਰ ਗਏ ਸਾਂ।
ਚੌਥੀ ਜਮਾਤ ਦੇ ਇਮਤਿਹਾਨ ਤੋਂ ਪਹਿਲਾਂ ਮੌਕੇ ਦੇ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਸਕੂਲ ਦੇ ਸਲਾਨਾ ਨਿਰੀਖਣ ਲਈ ਆਏ। ਸਕੂਲ ਦੀ ਸਭ ਤੋਂ ਵੱਡੀ ਜਮਾਤ ਦੇ ਬੱਚਿਆਂ ਨਾਲ ਉਨ੍ਹਾਂ ਵਧੇਰੇ ਸਮਾਂ ਬਿਤਾਇਆ। ਉਨ੍ਹਾਂ ਆਪਣੇ ਸਾਹਮਣੇ ਸਾਨੂੰ ਫੱਟੀਆਂ ਉੱਪਰ ਲਿਖਾਈ ਲਿਖਣ ਲਈ ਕਿਹਾ ਅਤੇ ਸਾਡੇ ਲਿਖਦੇ ਸਮੇਂ ਜਮਾਤ ਵਿੱਚ ਟਹਿਲਦੇ ਰਹੇ। ਫੱਟੀਆਂ ਦੇ ਨਿਰੀਖਣ ਵੇਲੇ ਉਨ੍ਹਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਸੁੰਦਰ ਲਿਖਾਈ ਦੇ ਸੁੰਦਰ ਨਮੂਨੇ ਦੇਖ ਕੇ ਉਨ੍ਹਾਂ ਨੂੰ ਫੈਸਲਾ ਕਰਨਾ ਔਖਾ ਹੋ ਗਿਆ ਕਿ ਕਿਹੜੀ ਲਿਖਾਈ ਸਭ ਤੋਂ ਵਧੀਆ ਹੈ। ਅਖੀਰ ਉਨ੍ਹਾਂ ਤਿੰਨ ਫੱਟੀਆਂ ਚੁਣੀਆਂ, ਜਿਨ੍ਹਾਂ ਨੂੰ “ਸੁੰਦਰ ਲਿਖਾਈ ਦਾ ਨਮੂਨਾ” ਮੰਨ ਕੇ ਆਪਣੇ ਨਾਲ ਲੈ ਗਏ ਅਤੇ ਆਪਣੇ ਦਫਤਰ ਵਿੱਚ ਸਜ਼ਾ ਲਈਆਂ ਜੋ ਸੰਨ 1980 ਤਕ ਜ਼ਿਲ੍ਹਾ ਸਿੱਖਿਆ ਦਫਤਰ ਦੀ ਦੀਵਾਰ ਦਾ ਸ਼ਿੰਗਾਰ ਬਣੀਆਂ ਰਹੀਆਂ। ਇਨ੍ਹਾਂ ਫੱਟੀਆ ਵਿੱਚ ਇੱਕ ਫੱਟੀ ਮੇਰੀ ਸੀ। ਜਾਣ ਤੋਂ ਪਹਿਲਾਂ ਉਹ ਸਾਨੂੰ ਤਿੰਨ ਜਣਿਆਂ ਨੂੰ ਦੋ-ਦੋ ਰੁਪਏ ਇਨਾਮ ਵੀ ਦੇ ਕੇ ਗਏ।
ਮੈਂ ਸੱਤ ਸਾਲ ਅਧਿਆਪਨ ਕਾਰਜ ਕੀਤਾ। ਫਿਰ ਅਧਿਆਪਨ ਛੱਡ ਕੇ ਬੈਂਕ ਦੀਆਂ ਗਿਣਤੀਆਂ ਮਿਣਤੀਆਂ ਵਿੱਚ ਜਾ ਫਸਿਆ। ਜਿੰਨਾ ਚਿਰ ਮੈਂ ਅਧਿਆਪਕ ਦੀ ਨੌਕਰੀ ਕੀਤੀ, ਪੜ੍ਹਾਉਣ ਦੀਆਂ ਨਵੀਂਆਂ ਤਕਨੀਕਾਂ ਦੇ ਨਾਲ-ਨਾਲ ਗਿਆਨੀ ਗੁਰਦੇਵ ਸਿੰਘ ਜੀ ਦੀ ਪੜ੍ਹਾਉਣ ਵਿਧੀ ਦੀ ਵਰਤੋਂ ਵੀ ਕਰਦਾ ਰਿਹਾ। ਰੇਤੀ ਦਾ ਬਣਿਆ ਤਿੱਖਾ ਚਾਕੂ ਸੱਤ ਸਾਲ ਮੈਂ ਵੀ ਆਪਣੀ ਜੇਬ ਵਿੱਚ ਰੱਖਿਆ ਜੋ ਅਜੇ ਤਕ ਮੇਰੇ ਕੋਲ ਸਾਂਭਿਆ ਪਿਆ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































