TarsemSJandiala7ਮੈਨੇਜਰ ਦੇ ਹੱਥ ਖੜ੍ਹੇ ਕਰਵਾ ਕੇ ਉਨ੍ਹਾਂ ਨੇ ਚਾਬੀਆਂ ਲੈ ਲਈਆਂ ਪਰ ਕੈਸ਼ੀਅਰ ਨੂੰ ...
(11 ਮਾਰਚ 2026)


ਸੋਨੀ ਸਾਹਿਬ ਨੇ ਬੈਂਕ ਦੇ ਸ਼ਾਖਾ ਪ੍ਰਬੰਧਕ ਨੂੰ ਹੁਕਮ ਕੀਤਾ, “ਇੱਕ ਸੌ ਪੇਪਰ-ਵੇਟ ਖਰੀਦ ਲਵੋ। ਹਰ ਕਰਮਚਾਰੀ ਦੇ ਦਰਾਜ ਵਿੱਚ
10-10 ਹੋਣੇ ਚਾਹੀਦੇ ਹਨ। ਜਦੋਂ ਲੋੜ ਪਵੇ, ਹਰ ਕਰਮਚਾਰੀ ਆਪਣੇ ਬਚਾ ਲਈ ਲੁਟੇਰਿਆਂ ’ਤੇ ਪੇਪਰ-ਵੇਟਾਂ ਦਾ ਮੀਂਹ ਵਰ੍ਹਾ ਦੇਵੇ।” ਬੈਂਕ ਵਿੱਚ ਲੁੱਟ ਦੀ ਵਾਰਦਾਤ ਤੋਂ ਬਚਾ ਹੋ ਜਾਣ ਤੋਂ ਬਾਅਦ ਖੌਫਜ਼ਦਾ ਬੈਂਕ-ਮੁਲਾਜ਼ਮਾਂ ਨੂੰ ਹੌਸਲਾ ਦੇਣ ਆਏ ਖੇਤਰੀ ਪ੍ਰਬੰਧਕ ਦੀਨ ਮੁਹੰਮਦ ਸੋਨੀ ਸਵੈਰੱਖਿਆ ਦਾ ਇੱਕ ‘ਨੁਸਖਾ’ ਦੱਸ ਗਏ।

ਹਿੱਕ ’ਤੇ ਲੋਡਡ ਹਥਿਆਰ ਰੱਖਿਆ ਹੋਵੇ, ਕੋਈ ਦਰਾਜ ਵਿੱਚੋਂ ਪੇਪਰ-ਵੇਟ ਕੱਢਣ ਦੀ ਹਿਮਾਕਤ ਕਿਵੇਂ ਕਰ ਸਕਦਾ ਹੈ? ਮੈਨੇਜਰ ਤੋਂ ਲੈ ਕੇ ਸੇਵਾਦਾਰ ਤਕ ਸਭ ਨੂੰ ਲੱਗਾ, ਸੋਨੀ ਸਾਹਿਬ ਉਨ੍ਹਾਂ ਦਾ ਮੌਜੂ ਬਣਾ ਗਏ ਹਨ।

ਇਹ ਗੱਲ ਸੰਨ 1988 ਦੀ ਹੈ। ਉਦੋਂ ਪੇਂਡੂ ਖੇਤਰ ਦੀਆਂ ਬੈਂਕ ਬਰਾਂਚਾਂ ਸਨਿੱਚਰਵਾਰ ਨੂੰ ਦੁਪਹਿਰ ਦੋ ਵਜੇ ਬੰਦ ਹੋ ਜਾਂਦੀਆਂ ਸਨ। ਖਾੜਕੂਵਾਦ ਦੇ ਨਾਂ ’ਤੇ ਪੇਸ਼ਾਵਰ ਲੁਟੇਰੇ ਦਿਨ ਦਿਹਾੜੇ ਬੈਂਕ ਕਰਮਚਾਰੀਆਂ ਨੂੰ ਜਾਨੀ ਨੁਕਸਾਨ ਪਹੁੰਚਾਕੇ ਅਤੇ ਕਦੇ ਬਿਨਾਂ ਜਾਨੀ ਨੁਕਸਾਨ ਪਹੁੰਚਾਏ ਵੀ ਕੈਸ਼ ਲੁੱਟਣ ਵਿੱਚ ਕਾਮਯਾਬ ਹੋ ਜਾਂਦੇ ਸਨ। ਹਰ ਰੋਜ਼ ਅਖਬਾਰਾਂ ਵਿੱਚ ਅਜਿਹੀਆਂ ਘਟਨਾਵਾਂ ਵਾਲੀਆਂ ਸੁਰਖੀਆਂ ਦੀ ਬਹੁਤਾਤ ਹੁੰਦੀ। ਹਰ ਪਾਸੇ ਦਹਿਸ਼ਤ ਦਾ ਮਾਹੌਲ ਸੀ। ਅਜਿਹੇ ਮਾਹੌਲ ਵਿੱਚ ਬੈਂਕਾਂ ਨੇ ਵੱਡੀ ਗਿਣਤੀ ਵਿੱਚ ਸਾਬਕਾ ਫੌਜੀਆਂ ਨੂੰ ਸੁਰੱਖਿਆ ਕਰਮੀਆਂ ਵਜੋਂ ਭਰਤੀ ਕੀਤਾ ਸੀ। ਹਰ ਬੈਂਕ ਬਰਾਂਚ ਵਿੱਚ ਘੱਟੋ-ਘੱਟ ਦੋ ਸੁਰੱਖਿਆ-ਕਰਮਚਾਰੀ ਤਾਇਨਾਤ ਕੀਤੇ ਸਨ। ਉਨ੍ਹਾਂ ਨੂੰ ਦੂਰ ਤਕ ਮਾਰ ਕਰਨ ਵਾਲੀਆਂ ਦੁਨਾਲੀਆਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਤੋਂ ਲੁਟੇਰੇ ਡਰਦੇ ਸਨ। ਇਸ ਲਈ ਵਾਰਦਾਤ ਕਰਨ ਤੋਂ ਪਹਿਲਾਂ ਉਹ ਕਿਸੇ ਬਹਾਨੇ ਬੈਂਕ ਦੀ ਹਰ ਗਤੀਵਿਧੀ ਦੀ ਟੋਹ ਲਾਉਂਦੇ ਸਨ ਅਤੇ ਮੌਕਾ ਦੇਖ ਕੇ ਸੁਰੱਖਿਆ ਗਾਰਡ ਨੂੰ ਨਿਹੱਥਾ ਕਰਕੇ ਵਾਰਦਾਤ ਕਰਦੇ ਸਨ।

ਸਨਿੱਚਰਵਾਰ ਦਾ ਦਿਨ ਸੀ। ਉਸ ਦਿਨ ਇੱਕ ਸੁਰੱਖਿਆ ਗਾਰਡ ਛੁੱਟੀ ’ਤੇ ਸੀ। ਡਿਊਟੀ ਵਾਲੇ ਗਾਰਡ ਨੇ ਕੈਸ਼ ਬੰਦ ਕਰਵਾ ਕੇ ਆਪਣੀ ਬੰਦੂਕ ਵੀ ਸੇਫ ਵਿੱਚ ਰੱਖ ਦਿੱਤੀ। ਮੈਨੇਜਰ ਅਤੇ ਕਲਰਕਾਂ ਨੂੰ ਬਾਹਰ ਭੇਜ ਕੇ ਉਸਨੇ ਕੈਂਚੀ ਗੇਟ ਨੂੰ ਅੰਦਰੋਂ ਤਾਲਾ ਲਾਇਆ ਅਤੇ ਆਪਣਾ ਬੈਗ ਲੈਣ ਲਈ ਪਿੱਛੇ ਮੁੜਿਆ ਤਾਂ ਉਸਨੂੰ ਫਾਇਰ ਦੀ ਅਵਾਜ਼ ਸੁਣਾਈ ਦਿੱਤੀ। ਉਸਨੇ ਪਿੱਛੇ ਮੁੜਕੇ ਦੇਖਿਆ ਤਾਂ ਬਾਹਰ ਗੇਟ ਅੱਗੇ ਦੋ ਨਕਾਬਪੋਸ਼ ਬੈਂਕ ਕਰਮਚਾਰੀਆਂ ’ਤੇ ਪਿਸਤੌਲਾਂ ਤਾਣੀ ਖੜ੍ਹੇ ਸਨ। ਇੱਕ ਨਕਾਬਪੋਸ਼ ਸਟਾਰਟ ਮੋਟਰ-ਸਾਈਕਲ ਉੱਪਰ ਬੈਠਾ ਸੀ। ਇੱਕ ਨਕਾਬਪੋਸ਼ ਨੇ ਕਰਮਚਾਰੀਆਂ ਨੂੰ ਡਰਾਉਣ ਲਈ ਹਵਾਈ ਫਾਇਰ ਕੀਤਾ ਸੀ ਅਤੇ ਉਹ ਮੈਨੇਜਰ ਅਤੇ ਕੈਸ਼ ਕਾਊਂਟਰ ’ਤੇ ਕੰਮ ਕਰਨ ਵਾਲੇ ਕਰਮਚਾਰੀ ਤੋਂ ਕੈਸ਼ ਸੇਫ ਦੀਆਂ ਚਾਬੀਆਂ ਮੰਗ ਰਹੇ ਸਨ। ਮੈਨੇਜਰ ਦੇ ਹੱਥ ਖੜ੍ਹੇ ਕਰਵਾ ਕੇ ਉਨ੍ਹਾਂ ਨੇ ਚਾਬੀਆਂ ਲੈ ਲਈਆਂ ਪਰ ਕੈਸ਼ੀਅਰ ਨੂੰ ਉਨ੍ਹਾਂ ਬੈਂਕ ਦੇ ਪਿਛਵਾੜੇ ਤੋਂ ਛਾਲ ਮਾਰ ਕੇ ਭੱਜਦੇ ਦੇਖ ਲਿਆ। ਪਿੱਛੇ ਮੁੜ ਕੇ ਗਾਰਡ ਨੇ ਬੈਂਕ ਦੇ ਅੰਦਰੋਂ ਹੂਟਰ ਦਾ ਬਟਣ ਦੱਬ ਦਿੱਤਾ। ਲੁਟੇਰਿਆਂ ਨੇ ਮੈਨੇਜਰ ਦਾ ਚਾਬੀਆਂ ਵਾਲਾ ਪਰਸ ਨਾਲੀ ਵਿੱਚ ਵਗਾਹ ਮਾਰਿਆ ਅਤੇ ਫੇਰ ਆਉਣ ਦੀ ਧਮਕੀ ਦੇ ਕੇ ਭੱਜ ਗਏ।

ਲੁਟੇਰਿਆਂ ਦੇ ਭੱਜ ਜਾਣ ’ਤੇ ਕਰਮਚਾਰੀਆਂ ਨੂੰ ਸੁੱਖ ਦਾ ਸਾਹ ਆਇਆ। ਹੈੱਡ-ਕੈਸ਼ੀਅਰ ਪਿੱਛੋਂ ਦੀ ਭੱਜ ਗਿਆ ਅਤੇ ਉਸਦੀਆਂ ਚਾਬੀਆਂ ਹੱਥ ਨਾ ਲੱਗਣ ਕਾਰਨ ਲੁਟੇਰਿਆਂ ਨੂੰ ਕੈਸ਼ ਲੁੱਟਣਾ ਅਸੰਭਵ ਲੱਗਿਆ, ਜਿਸ ਕਰਕੇ ਉਹ ਦੌੜ ਗਏ। ਅਸਲ ਵਿੱਚ ਹੈੱਡ-ਕੈਸ਼ੀਅਰ ਬੈਂਕ ਦੇ ਅੰਦਰ ਹੀ ਪਿਸ਼ਾਬ ਕਰਨ ਗਿਆ ਹੋਇਆ ਸੀ ਜਦੋਂ ਉਸਨੇ ਫਾਇਰ ਦੀ ਅਵਾਜ਼ ਸੁਣੀ। ਆਪਣਾ ਬਚਾ ਕਰਨ ਲਈ ਉਹ ਬੈਂਕ ਦੇ ਪਿਛਲੇ ਪਾਸੇ ਬਾਰਾਂ ਫੁੱਟ ਉੱਚੀ ਛੱਤ ਉੱਪਰੋਂ ਛਾਲ ਮਾਰ ਕੇ ਭੱਜ ਗਿਆ ਸੀ।

ਹੂਟਰ ਦੀ ਅਵਾਜ਼ ਸੁਣ ਕੇ ਸੂਬੇਦਾਰ ਦਰਸ਼ਣ ਸਿੰਘ ਆਪਣੀ ਲਾਇਸੰਸੀ ਦੁਨਾਲੀ ਲੈ ਕੇ ਆਇਆ ਤਾਂ ਆਲੇ ਦੁਆਲੇ ਦੇ ਹੋਰ ਲੋਕ ਵੀ ਇਕੱਠੇ ਹੋ ਗਏ। ਬੈਂਕ ਦੇ ਕਰਮਚਾਰੀਆਂ ਨੇ ਹੈੱਡ-ਕੈਸ਼ੀਅਰ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਹ ਆਪਣੇ ਘਰ ਪਹੁੰਚ ਗਿਆ ਹੈ। ਇੱਕ ਗਲੀ ਛੱਡ ਕੇ ਉਸਦਾ ਘਰ ਸੀ। ਸਾਰੇ ਉਸਦੇ ਘਰ ਗਏ, ਅਵਾਜ਼ਾਂ ਮਾਰੀਆਂ ਪਰ ਦਰਵਾਜ਼ਾ ਨਾ ਖੁੱਲ੍ਹਿਆ। ਕਾਫੀ ਚਿਰ ਬਾਅਦ ਦਰਵਾਜ਼ਾ ਖੁੱਲ੍ਹਿਆ ਤਾਂ ਹੈੱਡ-ਕੈਸ਼ੀਅਰ ਘਬਰਾਇਆ ਹੋਇਆ ਬਾਹਰ ਆਇਆ ਅਤੇ ਸਾਰੀ ਵਿੱਥਿਆ ਦੱਸੀ। ਬੈਂਕ ਦੇ ਖੇਤਰੀ ਦਫਤਰ ਨੂੰ ਫੋਨ ਰਾਹੀਂ ਸੂਚਨਾ ਦਿੱਤੀ ਤਾਂ ਤੁਰੰਤ ਪੁਲੀਸ ਥਾਣੇ ਰਿਪੋਰਟ ਦਰਜ ਕਰਵਾਉਣ ਲਈ ਕਿਹਾ ਗਿਆ।

ਦੂਸਰੇ ਦਿਨ ਸਵੇਰੇ ਬੈਂਕ ਦੇ ਖੇਤਰੀ-ਪ੍ਰਬੰਧਕ ਸਾਹਿਬ ਨੇ ਬਰਾਂਚ ਦਾ ਦੌਰਾ ਕਰਕੇ ਸਟਾਫ ਨਾਲ ਮੀਟਿੰਗ ਕੀਤੀ ਅਤੇ “ਪੇਪਰ-ਵੇਟਾਂ” ਵਾਲਾ ਸਵੈਰੱਖਿਆ ਦਾ ਨੁਸਖਾ ਦੱਸ ਕੇ ਕਰਮਚਾਰੀਆਂ ਨੂੰ ਭੈਅ-ਮੁਕਤ ਕਰ ਗਏ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਤਰਸੇਮ ਸਿੰਘ ਜੰਡਿਆਲਾ

ਤਰਸੇਮ ਸਿੰਘ ਜੰਡਿਆਲਾ

Jandiala, Jalandhar, Punjab, India.
Whatsapp: (91 -  98728 30235)
Email: (amritco@hotmail.com)