“ਜੇਕਰ ਸਿਰਫ ਪੈਸੇ ਬਾਰੇ ਹੀ ਔਲਾਦ ਗੱਲ ਕਰਦੀ ਹੈ ਤਾਂ ਇਸ ਬਾਰੇ ਸੋਚ ਵਿਚਾਰ ...”
(24 ਮਈ 2026)
ਮਾਂ ਬਣਨਾ ਕੁਦਰਤ ਦਾ ਅਨਮੋਲ ਤੋਹਫ਼ਾ ਹੈ। ਪਰ ਜਣੇਪੇ ਦੀਆਂ ਪੀੜਾਂ ਦੂਸਰਾ ਜਨਮ ਹੀ ਹੁੰਦਾ ਹੈ। ਹਰ ਮਾਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜਣੇਪੇ ਦੀਆਂ ਪੀੜਾਂ ਭੁੱਲ ਜਾਂਦੀ ਹੈ। ਉਹ ਬੱਚੇ ਨੂੰ ਗੋਦ ਲੈਕੇ ਬਾਗੋ ਬਾਗ ਹੋ ਜਾਂਦੀ ਹੈ। ਸੱਚ ਤਾਂ ਇਹ ਹੈ ਕਿ ਨੌਂ ਮਹੀਨੇ ਪੇਟ ਵਿੱਚ ਰੱਖਣਾ ਵੀ ਸੌਖਾ ਨਹੀਂ ਹੈ। ਇੰਜ ਹੀ ਬਾਪ ਔਲਾਦ ਲਈ ਹੱਡ ਭੰਨਵੀਂ ਕਮਾਈ ਕਰਨ ਵਿੱਚ ਕੋਈ ਕਸਰ ਨਹੀਂ ਛੱਡਦਾ। ਹਕੀਕਤ ਇਹ ਹੈ ਕਿ ਮਾਪੇ ਆਪਣੇ ਬਾਰੇ ਸੋਚਣਾ ਹੀ ਬੰਦ ਕਰ ਦਿੰਦੇ ਹਨ। ਉਨ੍ਹਾਂ ਸਾਹਮਣੇ ਆਪਣੀ ਔਲਾਦ ਦਾ ਭਵਿੱਖ ਖੜ੍ਹਾ ਹੁੰਦਾ ਹੈ। ਵਕਤ ਅਤੇ ਹਾਲਾਤ ਅਨੁਸਾਰ ਮਾਪੇ ਬਿਹਤਰ ਕਰਦੇ ਹਨ। ਪਰ ਇਸ ਵਕਤ ਮਾਪਿਆਂ ਦੇ ਕੀਤੇ ਦੀ ਕਦਰ ਬਹੁਤ ਘੱਟ ਔਲਾਦ ਪਾ ਰਹੀ ਹੈ। ਪੈਸੇ ਦੀ ਭੁੱਖ, ਲਾਲਚ ਅਤੇ ਸਵਾਰਥ ਸਿਰ ਚੜ੍ਹ ਬੋਲ ਰਿਹਾ ਹੈ। ਬਹੁਤ ਵਾਰ ਅਸੀਂ ਸੁਣਿਆ ਅਤੇ ਪੜ੍ਹਿਆ ਹੈ, “ਦੁੱਧਾਂ ਨਾਲ ਪੁੱਤ ਪਾਲਕੇ, ਪਾਣੀ ਨੂੰ ਤਰਸਦੀਆਂ ਮਾਵਾਂ”। ਇਸ ਵਕਤ ਵਧੇਰੇ ਮਾਂਵਾਂ ਦੇ ਹਾਲਾਤ ਇਹ ਹੀ ਹਨ। ਸਬੂਤ ਦੇ ਤੌਰ ’ਤੇ ਵਧ ਰਹੇ ਬਿਰਧ ਆਸ਼ਰਮ ਹਨ। ਪਹਿਲਾਂ ਲਗਦਾ ਸੀ ਕਿ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ ਹਨ ਪਰ ਹੁਣ ਇਹ ਜ਼ਰੂਰਤ ਬਣਦੇ ਜਾ ਰਹੇ ਹਨ।
ਜਦੋਂ ਮਾਂਵਾਂ ਔਲਾਦ ਨੂੰ ਪਾਲਦੀਆਂ ਹਨ ਤਾਂ ਉਹ ਆਪਣੀ ਬਿਮਾਰੀ, ਰਾਤਾਂ ਦੀ ਨੀਂਦ ਅਤੇ ਭੁੱਖ, ਸਾਰਾ ਕੁਝ ਭੁੱਲ ਜਾਂਦੀਆਂ ਹਨ। ਜਿਹੜੀ ਪੀੜ੍ਹੀ ਇਸ ਵਕਤ ਬਿਰਧ ਆਸ਼ਰਮ ਵਿੱਚ ਜਾਣ ਲਈ ਮਜਬੂਰ ਹੈ ਜਾਂ ਜਿਸ ਨੂੰ ਔਲਾਦ ਉੱਥੇ ਛੱਡ ਆਉਂਦੀ ਹੈ, ਉਸਨੇ ਬੱਚੇ ਡਾਇਪਰ ਲਾ ਕੇ ਨਹੀਂ ਪਾਲੇ। ਉਸਨੇ ਹਕੀਕਤ ਵਿੱਚ ਆਪ ਗਿੱਲੀ ਥਾਂ ’ਤੇ ਪੈਕੇ ਅਤੇ ਔਲਾਦ ਨੂੰ ਸੁੱਕੇ ਵਿੱਚ ਪਾਕੇ ਪਾਲਿਆ ਹੈ। ਪਰ ਕਿੰਨੇ ਦੁੱਖ ਦੀ ਗੱਲ ਹੈ ਕਿ ਔਲਾਦ ਨੂੰ ਮਾਪਿਆਂ ਦਾ ਘਰ ਵਿੱਚ ਰਹਿਣਾ ਬੋਝ ਲਗਦਾ ਹੈ। ਉਨ੍ਹਾਂ ਦੇ ਕੱਪੜਿਆਂ ਵਿੱਚੋਂ ਬਦਬੂ ਆਉਂਦੀ ਹੈ। ਉਨ੍ਹਾਂ ਦੇ ਰਹਿਣ-ਸਹਿਣ ਦੇ ਤੌਰ ਤਰੀਕੇ ਹੀ ਪਸੰਦ ਨਹੀਂ ਹਨ। ਹੁਣ ਜਦੋਂ ਉਹ ਕਮਜ਼ੋਰ ਹੋ ਗਏ ਹਨ ਤਾਂ ਔਲਾਦ ਨੂੰ ਲਗਦਾ ਹੈ ਕਿ ਇਹ ਵਿਹਲੇ ਬੈਠਕੇ ਮੁਫਤ ਦੀਆਂ ਰੋਟੀਆਂ ਤੋੜਦੇ ਹਨ। ਜਿਹੜੀਆਂ ਧੀਆਂ ਆਪਣੇ ਮਾਂ ਬਾਪ ਦੇ ਹਰ ਦੁੱਖ ਵਿੱਚ ਦੁਖੀ ਹੁੰਦੀਆਂ ਹਨ, ਉਹ ਸੱਸ ਸਹੁਰੇ ਦੀ ਬਿਮਾਰੀ ਨੂੰ ਪਖੰਡ ਦੱਸਣ ਲੱਗਿਆਂ ਵੀ ਨਹੀਂ ਝਿਜਕਦੀਆਂ। ਮਾਪੇ ਆਪਣੇ ਮੂੰਹ ਵਿੱਚੋਂ ਕੱਢਕੇ ਵੀ ਔਲਾਦ ਦੇ ਮੂੰਹ ਵਿੱਚ ਪਾਉਂਦੇ ਸਨ ਪਰ ਔਲਾਦ ਤਾਂ ਪਿਆਸ ਲੱਗਣ ’ਤੇ ਪਾਣੀ ਦੇਣ ਲੱਗਿਆਂ ਵੀ ਪਰੇਸ਼ਾਨ ਹੋ ਜਾਂਦੀ ਹੈ। ਇਹ ਵਕਤ ਮਾਪਿਆਂ ’ਤੇ ਤੋਹਮਤਾਂ ਲਾਉਣ ਅਤੇ ਬੇਅਕਲ ਕਹਿਣ ਦਾ ਸਮਾਂ ਆ ਗਿਆ ਹੈ। ਅਜਿਹਾ ਸਮਾਜ ਦੇ ਵੱਡੇ ਹਿੱਸੇ ਵਿੱਚ ਹੋ ਰਿਹਾ ਹੈ। ਜਦੋਂ ਸਮਾਜ ਦਾ ਵੱਡਾ ਹਿੱਸਾ ਪ੍ਰਭਾਵਿਤ ਹੋਵੇ ਤਾਂ ਕਾਨੂੰਨ ਦੀ ਜ਼ਰੂਰਤ ਪੈਂਦੀ ਹੈ। ਇਸ ਕਰਕੇ ਹੀ ਸੀਨੀਅਰ ਸਿਟੀਜ਼ਨ ਐਕਟ ਬਣਾਇਆ ਗਿਆ।
ਇਸ ਵਕਤ ਹਾਲਾਤ ਇਹ ਹਨ ਕਿ ਜਿਨ੍ਹਾਂ ਨੇ ਚਾਰ ਪੈਸੇ ਬੁਢਾਪੇ ਲਈ ਬਚਾਕੇ ਰੱਖੇ ਹਨ ਜਾਂ ਕੋਈ ਜਾਇਦਾਦ ਬਣਾਈ ਹੈ, ਉਹ ਆਪਣੀ ਥਾਂ ਪਰੇਸ਼ਾਨ ਹਨ। ਨੌਜਵਾਨ ਪੀੜ੍ਹੀ ਨੂੰ ਵਿਖਾਵਾ ਕਰਨਾ ਲੈ ਬੈਠਾ ਹੈ। ਹਕੀਕਤ ਇਹ ਹੈ ਕਿ ਉਹ ਆਪ ਨੌਕਰੀਆਂ ਕਰਨ ਤੋਂ ਬਾਅਦ ਵੀ ਮਾਪਿਆਂ ਦੇ ਪੈਸਿਆਂ ਦੀ ਤਾਕ-ਝਾਕ ਵਿੱਚ ਰਹਿੰਦੇ ਹਨ। ਘਰ ਬਾਰ, ਗੱਲ ਕੀ ਜੇਕਰ ਕੋਈ ਜਾਇਦਾਦ ਹੈ ਤਾਂ ਮਾਪਿਆਂ ’ਤੇ ਦਬਾਅ ਪਾਉਂਦੇ ਹਨ ਕਿ ਜਲਦੀ ਵੇਚਕੇ ਪੈਸੇ ਸਾਡੇ ਹੱਥ ਫੜਾ ਦਿਓ। ਇਹ ਕੌੜਾ ਸੱਚ ਹੈ ਕਿ ਮਾਪਿਆਂ ਤੋਂ ਸਾਰਾ ਕੁਝ ਲੈਣਾ ਵੀ ਹੈ ਪਰ ਇੱਜ਼ਤ, ਪਿਆਰ, ਸਤਿਕਾਰ ਜਾਂ ਦੇਖਭਾਲ ਕੁਝ ਵੀ ਨਹੀਂ ਕਰਨਾ। ਆਪਣੀਆਂ ਗਲਤੀਆਂ ਕਰਕੇ ਹੋਏ ਨੁਕਸਾਨ ਦਾ ਦੋਸ਼ ਵੀ ਮਾਪਿਆਂ ਸਿਰ ਮੜ੍ਹ ਦਿੰਦੇ ਹਨ। ਮਾਂਵਾਂ ਸਾਰੀ ਉਮਰ ਔਲਾਦ ਦੀ ਹਰ ਖਾਹਿਸ਼ ਪੂਰੀ ਕਰਨ ਜਾਂ ਕਰਵਾਉਣ ਲਈ ਪਤੀ ਨਾਲ ਲੜਨ ਤੋਂ ਵੀ ਪਿੱਛੇ ਨਹੀਂ ਹਟਦੀ। ਪਰ ਉਹ ਮਾਂ ਸਭ ਤੋਂ ਮਾੜੀ, ਬੁਰੀ ਅਤੇ ਬੇਅਕਲ ਹੋ ਜਾਂਦੀ ਹੈ, ਜਿਹੜੇ ਪੁੱਤ ਆਪਣੇ ਮਾਪਿਆਂ ਨੂੰ ਆਪਣੀਆਂ ਪਤਨੀਆਂ ਸਾਹਮਣੇ ਬੁਰਾ ਭਲਾ ਕਹਿੰਦੇ ਹਨ। ਉਨ੍ਹਾਂ ਘਰਾਂ ਵਿੱਚ ਮਾਪਿਆਂ ਦੀ ਬੇਇੱਜ਼ਤੀ ਕਰਨ ਦੇ ਰਸਤੇ ਖੁੱਲ੍ਹ ਜਾਂਦੇ ਹਨ। ਮਾਪਿਆਂ ਦਾ ਬੁਢਾਪਾ ਜ਼ਿਆਦਾ ਔਖਾ ਉਦੋਂ ਹੁੰਦਾ ਹੈ ਜਦੋਂ ਔਲਾਦ ਦੇ ਕੌੜੇ ਤੇ ਭੈੜੇ ਸ਼ਬਦ ਕੰਨਾਂ ਵਿੱਚ ਪੈਂਦੇ ਹਨ। ਜਿਹੜੇ ਮਾਪੇ ਅੱਜ ਬਿਰਧ ਆਸ਼ਰਮਾਂ ਵਿੱਚ ਬੁਢਾਪਾ ਕੱਟ ਰਹੇ ਹਨ, ਉਨ੍ਹਾਂ ਨੇ ਵੀ ਪੁੱਤ ਜੰਮੇ ਤੇ ਲੱਡੂ ਵੰਡਕੇ ਖੁਸ਼ੀਆਂ ਮਨਾਈਆਂ ਹੋਣਗੀਆਂ। ਪੁੱਤ ਨੂੰ ਵਧੀਆ ਖੁਰਾਕ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਹੋਵੇਗੀ। ਪਰ ਵਧੇਰੇ ਕਰਕੇ ਪੁੱਤ ਮਾਪਿਆਂ ਨੂੰ ਵਧੀਆ ਖੁਰਾਕ ਤਾਂ ਕੀ ਦੇਣੀ ਹੋਈ, ਪਾਣੀ ਮੰਗਣ ’ਤੇ ਵੀ ਮਾਪਿਆਂ ਨੂੰ ਝਿੜਕ ਦਿੰਦੇ ਹਨ।
ਮਾਪਿਆਂ ਦੀ ਜਾਇਦਾਦ ਜਲਦੀ ਲੈਣ ਦੇ ਲਾਲਚ ਵਿੱਚ ਔਲਾਦ ਨੇ ਮਾਪਿਆਂ ਨੂੰ ਰੋਲ ਦਿੱਤਾ ਹੈ। ਮੁਸ਼ਕਿਲ ਤਾਂ ਇਹ ਹੈ ਕਿ ਔਲਾਦ ਕਿਸੇ ਵੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੀ। ਮਾਪੇ ਸਾਰਾ ਕੁਝ ਦੇਣ ਤੋਂ ਬਾਅਦ ਹੋਰ ਔਖੇ ਹੋ ਜਾਂਦੇ ਹਨ। ਮੁਆਫ ਕਰਨਾ, ਗੱਲ ਕੌੜੀ ਹੈ ਪਰ ਸਮਾਜ ਦੀ ਸਚਾਈ ਹੈ। ਨੂੰਹਾਂ ਆਪਣੇ ਮਾਪਿਆਂ ਤੋਂ ਤਾਂ ਕੁਝ ਲੈਣ ਨੂੰ ਮਾਪਿਆਂ ਨੂੰ ਤੰਗ ਕਰਨਾ ਦੱਸਦੀਆਂ ਹਨ ਪਰ ਸੱਸ ਸਹੁਰੇ ਤੋਂ ਜਲਦੀ ਸਾਰਾ ਕੁਝ ਲੈਣ ਲਈ ਪਤੀਆਂ ਨੂੰ ਕਹਿੰਦੀਆਂ ਹਨ। ਚੰਗੀਆਂ ਤਨਖਾਹਾਂ ਲੈਣ ਵਾਲੇ ਲੜਕੇ ਵੀ ਮਾਪਿਆਂ ਕੋਲੋਂ ਸਾਰਾ ਕੁਝ ਕਢਵਾਉਣ ਵਿੱਚ ਲੱਗੇ ਰਹਿੰਦੇ ਹਨ। ਜਿਹੜੇ ਮਾਪਿਆਂ ਨੇ ਸਾਰੀ ਜ਼ਿੰਦਗੀ ਮਿਹਨਤ ਕੀਤੀ ਹੁੰਦੀ ਹੈ, ਉਨ੍ਹਾਂ ਦੇ ਨਾਮ ’ਤੇ, ਉਨ੍ਹਾਂ ਵੱਲੋਂ ਖਰੀਦੀ ਜਾਇਦਾਦ ਅਤੇ ਕੀਤੀ ਹੋਈ ਬੱਚਤ ਵੀ ਅੱਖਾਂ ਵਿੱਚ ਰੜਕਦੀ ਹੈ। ਪੁੱਤਾਂ ਵੱਲੋਂ ਕਹੇ ਸ਼ਬਦ, ਤੁਸੀਂ ਮੇਰੇ ਲਈ ਕੁਝ ਨਹੀਂ ਕੀਤਾ ਤੇ ਨਾ ਕੁਝ ਕਰਨਾ ਹੈ, ਮਾਪਿਆਂ ਨੂੰ ਅੰਦਰੋਂ ਮਾਰ ਦਿੰਦੇ ਹਨ। ਨੂੰਹਾਂ-ਪੁੱਤ ਅਜਿਹੇ ਇਲਜ਼ਾਮ ਲਾਉਂਦੇ ਹਨ ਕਿ ਮਾਪੇ ਜਿਊਂਦੀਆਂ ਲਾਸ਼ਾਂ ਬਣਕੇ ਰਹਿ ਜਾਂਦੇ ਹਨ। ਜਿਹੜੇ ਪੁੱਤ ਨੂੰ ਇਸ ਕਰਕੇ ਔਖੇ ਹੋਕੇ ਪੜ੍ਹਾਇਆ ਸੀ ਕਿ ਉਹ ਬੁਢਾਪੇ ਵਿੱਚ ਤੰਗ ਨਹੀਂ ਹੋਣਗੇ, ਉਹ ਪੁੱਤ ਹੀ ਉਨ੍ਹਾਂ ਨੂੰ ਆਪਣੇ ਸਤਰ ਦਾ ਨਹੀਂ ਸਮਝਦਾ। ਜਿਹੜੇ ਮਾਪਿਆਂ ਨੇ ਗਿਣਤੀ ਸਿਖਾਈ ਸੀ, ਹੁਣ ਪੁੱਤ ਉਸ ਗਿਣਤੀ ਨੂੰ ਮਾਪਿਆਂ ਦੀਆਂ ਗਲਤੀਆਂ ਗਿਣਨ ਲਈ ਵਰਤਦਾ ਹੈ। ਜੇਕਰ ਪੁੱਤ ਹੀ ਆਪਣੇ ਮਾਪਿਆਂ ਦੇ ਸਵਾਲ ਚੁੱਕਣ ਲੱਗ ਜਾਵੇ ਤਾਂ ਨੂੰਹ ਤਾਂ ਕੁਝ ਵੀ ਕਹੇਗੀ ਅਤੇ ਕਰੇਗੀ। ਜਦੋਂ ਤਕ ਮਾਪੇ ਦੋਵੇਂ ਹੁੰਦੇ ਹਨ ਤਾਂ ਜਿਵੇਂ ਕਿਵੇਂ ਜ਼ਿੰਦਗੀ ਰੁੜ੍ਹਦੀ ਰਹਿੰਦੀ ਹੈ ਪਰ ਜਦੋਂ ਇਕੱਲਾ ਰਹਿ ਜਾਵੇ ਤਾਂ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਹੈ। ਪੈਨਸ਼ਨਾਂ ਲੈਣ ਵਾਲੇ ਵੀ ਵਧੇਰੇ ਕਰਕੇ ਇਨ੍ਹਾਂ ਹਾਲਾਤ ਨਾਲ ਜੂਝ ਰਹੇ ਹਨ।
ਜੇਕਰ ਪੰਜਾਬ ਦੀ ਗੱਲ ਕਰੀਏ, ਸਿੱਖ ਭਾਈਚਾਰੇ ਦੀ ਗੱਲ ਕਰੀਏ ਤਾਂ ਅਸੀਂ ਲੰਗਰ ਲਾਉਣ ਅਤੇ ਹਰ ਕਿਸੇ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਾਂ ਜਾਂ ਮਦਦ ਕਰਦੇ ਹਾਂ। ਪਰ ਪੰਜਾਬ ਵਿੱਚ ਬਿਰਧ ਆਸ਼ਰਮਾਂ ਦਾ ਬਣਨਾ ਅਤੇ ਤੇਜ਼ੀ ਨਾਲ ਗਿਣਤੀ ਦਾ ਵਧਣਾ, ਸਾਡੇ ਸਾਰਿਆਂ ’ਤੇ ਸਵਾਲ ਤਾਂ ਖੜ੍ਹਾ ਕਰਦਾ ਹੀ ਹੈ। ਬਹੁਤ ਵਾਰ ਨੌਜਵਾਨ ਪੀੜ੍ਹੀ ਕਹਿੰਦੀ ਹੈ ਕਿ ਤੁਸੀਂ ਪੈਦਾ ਕੀਤਾ ਹੈ, ਤੁਹਾਡੀ ਡਿਊਟੀ ਹੈ। ਪਰ ਡਿਊਦੀ/ਫਰਜ਼ ਨਾਲ ਮਾਪਿਆਂ ਦੇ ਹੱਕ ਵੀ ਤਾਂ ਹੁੰਦੇ ਹਨ। ਵਧਦੀ ਉਮਰ ਮਾਪਿਆਂ ਨੂੰ ਸਰੀਰਕ ਅਤੇ ਮਾਨਸਿਕ ਪੱਖੋਂ ਕਮਜ਼ੋਰ ਕਰ ਦਿੰਦੀ ਹੈ। ਜਿਵੇਂ ਬਚਪਨ ਵਿੱਚ ਬੱਚੇ ਨੂੰ ਮਾਪਿਆਂ ਦੀ ਜ਼ਰੂਰਤ ਹੁੰਦੀ ਹੈ, ਉਵੇਂ ਹੀ ਬੁਢਾਪੇ ਵਿੱਚ ਮਾਪਿਆਂ ਨੂੰ ਔਲਾਦ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਮਾਪਿਆਂ ਦੀਆਂ ਲੋੜਾਂ, ਜ਼ਰੂਰਤਾਂ ਬੋਝ ਲਗਦੀਆਂ ਹਨ, ਜੇਕਰ ਮਾਪੇ ਵੀ ਇਵੇਂ ਹੀ ਸੋਚਦੇ ਅਤੇ ਕਰਦੇ ਤਾਂ ਔਲਾਦ ਦਾ ਕੀ ਹਾਲ ਹੁੰਦਾ? ਕਦੇ ਮਹਿਸੂਸ ਕਰਕੇ ਵੇਖਣਾ। ਜਿਹੜੀਆਂ ਨੂੰਹਾਂ ਆਪਣੇ ਘਰ ਵਾਲਿਆਂ ਦੇ ਦਿਮਾਗ ਵਿੱਚ ਇਹ ਗੱਲ ਪਾਉਂਦੀਆਂ ਹਨ ਕਿ ਤੇਰੇ ਮਾਪੇ ਸਹੀ ਨਹੀਂ ਹਨ ਜਾਂ ਘਰ ਵਿੱਚ ਰੱਖਣਾ ਔਖਾ ਹੈ, ਉਹ ਤਾਂ ਗਲਤ ਹੈ ਹੀ, ਪਰ ਲੜਕਾ ਵਧੇਰੇ ਗੁਨਾਹਗਾਰ ਹੈ। ਉਸਨੂੰ ਕਿਵੇਂ ਭੁੱਲ ਗਿਆ ਕਿ ਮੇਰੇ ਮਾਪਿਆਂ ਨੇ ਮੈਨੂੰ ਇਸ ਮੁਕਾਮ ’ਤੇ ਕਿਵੇਂ ਪਹੁੰਚਾਇਆ। ਖੈਰ, ਇਸ ਵੇਲੇ ਅਜਿਹੇ ਨੂੰਹਾਂ-ਪੁੱਤਾਂ ਦੀ ਗਿਣਤੀ ਵਧੇਰੇ ਹੈ। ਹਕੀਕਤ ਇਹ ਹੈ ਮਾਪਿਆਂ ਇਸ ਵੇਲੇ ਅਜਿਹੀ ਸਥਿਤੀ ਵਿੱਚ ਹਨ ਕਿ ਸਾਰੀ ਜ਼ਿੰਦਗੀ ਦੀ ਕੀਤੀ ਮਿਹਨਤ ਦੇਕੇ ਘਰੋਂ ਬੇਘਰ ਹੋਣਾ ਵੀ ਔਖਾ ਲਗਦਾ ਹੈ ਅਤੇ ਨੂੰਹਾਂ ਪੁੱਤਾਂ ਕੋਲੋਂ ਰੋਜ਼ ਬੇਅਕਲ ਅਖਵਾਉਣਾ ਵੀ ਸਹਿਣ ਕਰਨਾ ਮੁਸ਼ਕਿਲ ਹੈ। ਨੂੰਹਾਂ-ਪੁੱਤ ਇਸ ਹੱਦ ਤਕ ਤੰਗ ਪਰੇਸ਼ਾਨ ਕਰਨ ਲੱਗ ਜਾਂਦੇ ਹਨ ਕਿ ਘਰਾਂ ਵਿੱਚ ਮਾਪੇ ਚੁੱਪ ਰਹਿਣ ਲੱਗ ਜਾਂਦੇ ਹਨ। ਕਈ ਵਾਰ ਤਾਂ ਅਜਿਹੇ ਹਾਲਾਤ ਬਣਾ ਦਿੱਤੇ ਜਾਂਦੇ ਹਨ ਕਿ ਮਾਪੇ ਘਰ ਛੱਡਣ ਲਈ ਮਜਬੂਰ ਹੋ ਜਾਂਦੇ ਹਨ। ਜਿਹੜੇ ਘਰਾਂ ਵਿੱਚ ਨੂੰਹਾਂ-ਪੁੱਤ ਬੋਲਣ ਲੱਗਣ, ਸ਼ਬਦਾਂ ਦੀ ਮਰਯਾਦਾ ਭੁੱਲ ਜਾਣ, ਤੋਹਮਤਾਂ ਲਾਉਣ ਲੱਗੇ ਸੋਚਣ ਨਾ, ਉੱਥੇ ਕੁੱਟਮਾਰ ਹੋਣੀ ਸੁਭਾਵਿਕ ਹੈ। ਜਦੋਂ ਘਰਾਂ ਵਿੱਚ ਮਾਪਿਆਂ ਦਾ ਗੱਲ ਕਰਨਾ ਚੁੱਭਣ ਲੱਗ ਜਾਵੇ, ਮਾਪਿਆਂ ਲਈ ਘਰਾਂ ਵਿੱਚ ਥਾਂ ਘੱਟ ਹੋਣ ਲੱਗ ਜਾਵੇ, ਰੋਟੀ ਵੇਲੇ ਕਿੰਤੂ ਪ੍ਰੰਤੂ ਹੋਣ ਲੱਗੇ ਤਾਂ ਮਾਪਿਆਂ ਦਾ ਬੁਢਾਪਾ ਤੇਜ਼ੀ ਨਾਲ ਵਧਣ ਲਗਦਾ ਹੈ। ਸਿਆਣੇ ਕਹਿੰਦੇ ਨੇ ਬੁਢਾਪਾ ਉਦੋਂ ਤੰਗ ਕਰਦਾ ਹੈ ਅਤੇ ਮਹਿਸੂਸ ਹੁੰਦਾ ਹੈ ਜਦੋਂ ਔਲਾਦ ਦੀ ਬੇਰੁਖੀ ਤੰਗ ਕਰਨ ਲੱਗ ਜਾਵੇ। ਖੈਰ ਇਸ ਵਕਤ ਇਸ ਬਾਰੇ ਗੱਲ ਹੋ ਵੀ ਰਹੀ ਅਤੇ ਕਰਨੀ ਵੀ ਚਾਹੀਦੀ ਹੈ ਕਿਉਂਕਿ ਸਮਾਜ ਦੀ ਵੱਡੀ ਗਿਣਤੀ ਇਸਨੂੰ ਝੱਲ ਰਹੀ ਹੈ। ਮਾਪਿਆਂ ਕੋਲ ਜੇਕਰ ਕੁਝ ਹੈ ਤਾਂ ਵੀ ਮੁਸੀਬਤ ਅਤੇ ਜੇਕਰ ਕੁਝ ਨਹੀਂ ਹੈ, ਤਾਂ ਵੀ ਮੁਸ਼ਕਿਲ। ਹਾਂ, ਜੇਕਰ ਕੁਝ ਹੈ ਤਾਂ ਭਾਵਨਾਵਾਂ ਵਿੱਚ ਵਹਿਕੇ ਕੋਈ ਅਜਿਹਾ ਫੈਸਲਾ ਨਾ ਲਿਆ ਜਾਵੇ ਕਿ ਬਾਅਦ ਵਿੱਚ ਪਛਤਾਉਣਾ ਪਵੇ। ਜੇਕਰ ਔਲਾਦ ਪਰੇਸ਼ਾਨ ਕਰਦੀ ਹੈ ਤਾਂ ਆਪਣੇ-ਆਪ ਨੂੰ ਹੌਲੀ ਹੌਲੀ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਸਿਰਫ ਪੈਸੇ ਬਾਰੇ ਹੀ ਔਲਾਦ ਗੱਲ ਕਰਦੀ ਹੈ ਤਾਂ ਇਸ ਬਾਰੇ ਸੋਚ ਵਿਚਾਰ ਜ਼ਰੂਰ ਕਰੋ। ਸਮਾਜ ਦਾ ਇਹ ਕੌੜਾ ਸੱਚ ਹੈ ਕਿ ਇਸ ਵੇਲੇ ਬਹੁਗਿਣਤੀ ਮਾਪਿਆਂ ਦਾ ਬੁਢਾਪਾ ਘਰੇਲੂ ਹਿੰਸਾ ਵਿੱਚ ਨਿਕਲ ਰਿਹਾ ਹੈ। ਇਹ ਹਿੰਸਾ ਸ਼ਬਦਾਂ ਦੀ ਵਧੇਰੇ ਹੈ। ਬਜ਼ੁਰਗ ਮਾਪਿਆਂ ਦੀ ਲੋੜਾਂ ਵੀ ਪੂਰੀਆਂ ਕਰਨੀਆਂ ਔਖਿਆਈ ਮਹਿਸੂਸ ਹੁੰਦੀ ਹੈ। ਮਾਪਿਆਂ ਨੇ ਤਾਂ ਔਲਾਦ ਦੀਆਂ ਖਾਹਿਸ਼ਾਂ ਪੂਰੀਆਂ ਕੀਤੀਆਂ ਹੁੰਦੀਆਂ ਹਨ। ਇਹ ਸੱਚ ਹੀ ਨਹੀਂ ਕੌੜਾ ਸੱਚ ਹੈ, “ਦੁੱਧਾਂ ਨਾਲ ਪੁੱਤ ਪਾਲਕੇ, ਪਾਣੀ ਨੂੰ ਤਰਸਦੀਆਂ ਮਾਂਵਾਂ (ਮਾਪੇ)।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































