“ਮਾਨਸਿਕ ਦਲੇਰੀ ਅਤੇ ਸਹੀ ਵਿੱਦਿਆ ਹੀ ਉਹ ਅਨਮੋਲ ਪੂੰਜੀ ਹੈਜੋ ਤੁਹਾਡੇ ਬੱਚਿਆਂ ਨੂੰ”
(23 ਅਪਰੈਲ 2026)
ਜਦੋਂ ਮੈਂ ਆਪਣੇ ਅਤੀਤ ਵੱਲ ਝਾਤ ਮਾਰਦਾ ਹਾਂ ਤਾਂ ਮੈਨੂੰ ਆਪਣੀ ਜ਼ਿੰਦਗੀ ਕਿਸੇ ਅਚੰਭੇ ਤੋਂ ਘੱਟ ਨਹੀਂ ਜਾਪਦੀ। ਹੀਮੋਫੀਲੀਆ ਇੱਕ ਅਜਿਹਾ ਲਫਜ਼ ਹੈ ਜਿਸਨੇ ਮੇਰੇ ਹੋਸ਼ ਸੰਭਾਲਣ ਤੋਂ ਕਿਤੇ ਪਹਿਲਾਂ ਹੀ ਮੇਰੀ ਕਿਸਮਤ ਦੀ ਲਕੀਰ ਖਿੱਚ ਦਿੱਤੀ ਸੀ। 17 ਅਪਰੈਲ ਨੂੰ ਜਦੋਂ ਸਾਰੀ ਦੁਨੀਆ “ਵਿਸ਼ਵ ਹੀਮੋਫੀਲੀਆ ਦਿਵਸ” ਮਨਾ ਰਹੀ ਸੀ ਤਾਂ ਰੇਡੀਓ, ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ’ਤੇ ਮਾਹਰ ਡਾਕਟਰਾਂ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਅਤੇ ਨਵੀਂਆਂ ਖੋਜਾਂ ਬਾਰੇ ਕਰਵਾਏ ਗਏ ਸੈਮੀਨਾਰਾਂ ਦੀ ਚਰਚਾ ਰਹੀ। ਪਰ ਇਨ੍ਹਾਂ ਅੰਕੜਿਆਂ ਦੇ ਵਿਚਕਾਰ ਮੈਂ ਆਪਣੀ ਉਸ ਪੀੜਾ ਅਤੇ ਜਜ਼ਬੇ ਦੀ ਦਾਸਤਾਨ ਸਾਂਝੀ ਕਰਨੀ ਚਾਹੁੰਦਾ ਹਾਂ ਜਿਸਨੇ ਮੈਨੂੰ ‘ਕੱਚ ਦੇ ਖਿਡੌਣੇ’ ਵਰਗੇ ਸਰੀਰ ਦੇ ਬਾਵਜੂਦ ਇੱਕ ‘ਫੌਲਾਦੀ ਇਰਾਦੇ’ ਵਾਲਾ ਇਨਸਾਨ ਬਣਾ ਦਿੱਤਾ।
ਗੱਲ ਸੰਨ 1965 ਦੀ ਹੈ। ਉਦੋਂ ਮੈਂ ਮਹਿਜ਼ ਢਾਈ-ਪੌਣੇ ਤਿੰਨ ਸਾਲਾਂ ਦਾ ਮਾਸੂਮ ਬੱਚਾ ਸਾਂ। ਮੇਰੇ ਪਿਤਾ ਜੀ ਸਰਕਾਰੀ ਡਿਊਟੀ ਦੇ ਸਿਲਸਿਲੇ ਵਿੱਚ ਕਸ਼ਮੀਰ ਗਏ ਹੋਏ ਸਨ ਅਤੇ ਮੈਂ ਆਪਣੀ ਮਾਂ ਦੀ ਦੇਖ-ਰੇਖ ਵਿੱਚ ਰੋਪੜ ਵਿਖੇ ਆਪਣੇ ਦਾਦਕੇ ਪਰਿਵਾਰ ਵਿੱਚ ਸਾਂ। ਇੱਕ ਦਿਨ ਬਿੱਲੀ ਦੇ ਬਲੂੰਗੜੇ ਮਗਰ ਦੌੜਦਿਆਂ ਮੇਰਾ ਮੱਥਾ ਅਚਾਨਕ ਮੰਜੀ ਦੇ ਪਾਵੇ ਨਾਲ ਜ਼ੋਰ ਦੀ ਟਕਰਾ ਗਿਆ। ਮੱਥੇ ਵਿੱਚੋਂ ਖ਼ੂਨ ਰਿਸਣ ਲੱਗ ਪਿਆ, ਜੋ ਘੰਟਿਆਂ ਬੱਧੀ ਬੰਦ ਨਾ ਹੋਇਆ। ਮੇਰੇ ਦਾਦਾ ਜੀ ਮੈਨੂੰ ਸਭ ਤੋਂ ਪਹਿਲਾਂ ਸਾਡੇ ਸਥਾਨਕ ਉੱਚੇ ਖੇੜੇ ਮੁਹੱਲੇ ਰਹਿੰਦੇ ਫ਼ੌਜ ਤੋਂ ਰਿਟਾਇਰਡ ਬਜ਼ੁਰਗ ਡਾਕਟਰ ਬਦਰੀ ਪ੍ਰਸ਼ਾਦ ਕੋਲ ਲੈ ਗਏ। ਉਸ ਤਜਰਬੇਕਾਰ ਬਜ਼ੁਰਗ ਡਾਕਟਰ ਨੇ ਜਦੋਂ ਖ਼ੂਨ ਦੀ ਹਾਲਤ ਵੇਖੀ ਤਾਂ ਉਹ ਦੰਗ ਰਹਿ ਗਏ। ਉਨ੍ਹਾਂ ਬੜੀ ਹੈਰਾਨੀ ਨਾਲ ਕਿਹਾ, “ਇਹਦਾ ਖ਼ੂਨ ਤਾਂ ‘ਜ਼ਹਿਰਬਾਦ’ ਵਾਂਗ ਹੋ ਗਿਆ ਹੈ। ਇਹ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ।”
ਫਿਰ ਮੈਂਨੂੰ ਉੱਥੋਂ ਦੇ ਹੀ ਉਸ ਸਮੇਂ ਦੇ ਨਾਮਵਰ ਐੱਮ.ਬੀ.ਬੀ.ਐੱਸ. ਡਾਕਟਰ ਕ੍ਰਿਸ਼ਨ ਲਾਲ ਖੇੜਾ ਕੋਲ ਲਿਜਾਇਆ ਗਿਆ। ਉਨ੍ਹਾਂ ਵੇਲਿਆਂ ਵਿੱਚ ਐੱਮ.ਬੀ.ਬੀ.ਐੱਸ. ਡਾਕਟਰ ਕੋਈ ਟਾਵਾਂ-ਟੱਲਾ ਹੀ ਹੁੰਦਾ ਸੀ। ਉਨ੍ਹਾਂ ਨੇ ਆਪਣੀ ਪਾਰਖੂ ਅੱਖ ਨਾਲ ਬਿਮਾਰੀ ਦੀ ਗੰਭੀਰਤਾ ਅਤੇ ਹਾਲਾਤ ਦੀ ਨਜ਼ਾਕਤ ਨੂੰ ਪਲ ਵਿੱਚ ਭਾਂਪ ਲਿਆ। ਉਨ੍ਹਾਂ ਮਾਮਲੇ ਦੀ ਸੰਜੀਦਗੀ ਨੂੰ ਦੇਖਦਿਆਂ ਤੁਰੰਤ ਹੁਕਮ ਦਿੱਤਾ, “ਮਾਮਲਾ ਬਹੁਤ ਨਾਜ਼ਕ ਹੈ, ਬਿਨਾਂ ਇੱਕ ਪਲ ਵੀ ਗੁਆਏ ਇਸ ਬੱਚੇ ਨੂੰ ਪੀ.ਜੀ.ਆਈ. ਚੰਡੀਗੜ੍ਹ ਲੈ ਜਾਓ।”
ਉਨ੍ਹਾਂ ਦਿਨਾਂ ਵਿੱਚ ਸਾਧਨਾਂ ਦੀ ਬਹੁਤ ਘਾਟ ਹੁੰਦੀ ਸੀ ਅਤੇ ਐਂਬੂਲੈਂਸ ਵਰਗੀ ਸਹੂਲਤ ਬਾਰੇ ਸੋਚਣਾ ਵੀ ਮੁਸ਼ਕਿਲ ਸੀ। ਮੇਰੇ ਫੁੱਫੜ ਜੀ ਦਾ ਆਪਣਾ ਟਰੱਕ ਸੀ। ਉਸ ਔਖੀ ਘੜੀ ਵਿੱਚ ਮੇਰੇ ਮਾਤਾ ਜੀ, ਦਾਦੀ ਜੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਮੈਨੂੰ ਉਸੇ ਟਰੱਕ ਵਿੱਚ ਪਾਇਆ ਅਤੇ ਮੈਨੂੰ ਰਾਤੋ-ਰਾਤ ਪੀ.ਜੀ.ਆਈ. ਚੰਡੀਗੜ੍ਹ ਲੈ ਗਏ। ਉੱਥੇ ਖੂਨ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਕੇ. ਸੀ. ਦਾਸ ਨੇ ਮੇਰੀ ਡੂੰਘੀ ਜਾਂਚ ਕੀਤੀ ਅਤੇ ਪਹਿਲੀ ਵਾਰ ਪੁਸ਼ਟੀ ਕੀਤੀ ਕਿ ਇਹ ਬੱਚਾ ‘ਜਮਾਂਦਰੂ ਹੀਮੋਫੀਲੀਆ’ ਤੋਂ ਪੀੜਿਤ ਹੈ। ਇਹ ਖ਼ਬਰ ਸੁਣਦਿਆਂ ਹੀ ਸਾਡੇ ਟੱਬਰ ’ਤੇ ਜਿਵੇਂ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੋਵੇ। ਉਸ ਦਿਨ ਤੋਂ ਬਾਅਦ ਮੇਰੇ ਮਾਪਿਆਂ ਦੀ ਜ਼ਿੰਦਗੀ ਇੱਕ ‘ਅਜ਼ਾਬ’ ਬਣ ਕੇ ਰਹਿ ਗਈ ਸੀ। ਘਰ ਵਿੱਚ ਹਰ ਵੇਲੇ ਇੱਕ ਅਣਜਾਣੇ ਡਰ ਦਾ ਪਹਿਰਾ ਰਹਿੰਦਾ। ਮੇਰੀ ਮਾੜੀ ਜਿਹੀ ਚੀਕ ਜਾਂ ਮਾਮੂਲੀ ਜਿਹੀ ਖਰੋਚ ਮੇਰੇ ਮਾਪਿਆਂ ਦੀ ਜਾਨ ਸੂਲੀ ’ਤੇ ਟੰਗ ਦਿੰਦੀ। ਉਹ ਖ਼ੂਨ ਮੇਰੇ ਸਰੀਰ ਵਿੱਚੋਂ ਨਹੀਂ, ਬਲਕਿ ਮੇਰੇ ਮਾਪਿਆਂ ਦੇ ਕਾਲਜੇ ਵਿੱਚੋਂ ਰਿਸਦਾ ਸੀ। ਉਨ੍ਹਾਂ ਦੇ ਸੁਖ-ਚੈਨ ਅਤੇ ਰਾਤਾਂ ਦੀਆਂ ਨੀਂਦਾਂ ਉਡ ਗਈਆਂ ਸਨ।
ਮੇਰੇ ਮਾਂ-ਪਿਓ ਲਈ ਮੈਂ ਇੱਕ ਨਾਜ਼ਕ ‘ਕੱਚ ਦਾ ਸਾਮਾਨ’ ਬਣ ਗਿਆ, ਜਿਸ ਨੂੰ ਜ਼ਰਾ ਜਿੰਨੀ ਖਰੋਚ ਵੀ ਚੂਰ-ਚੂਰ ਕਰ ਸਕਦੀ ਸੀ। ਅੱਜ-ਕੱਲ੍ਹ ਲੋਕ ਸੁਰੱਖਿਆ ਲਈ ਘਰਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਾਉਂਦੇ ਹਨ, ਪਰ ਮੇਰੇ ਮਾਪਿਆਂ ਦੀਆਂ ਅੱਖਾਂ ਮੇਰੇ ਉੱਤੇ ਟਿਕੇ ਉਹ ‘ਲਾਈਵ ਕੈਮਰੇ’ ਸਨ ਜੋ ਇੱਕ ਪਲ ਲਈ ਵੀ ਮੇਰੇ ਤੋਂ ਦੂਰ ਨਹੀਂ ਸਨ ਹੁੰਦੇ। ਮੈਨੂੰ ਘਰ ਵਿੱਚ ਸਖ਼ਤ ਹਦਾਇਤ ਸੀ, “ਆਹ ਨਹੀਂ ਕਰਨਾ, ਉਹ ਨਹੀਂ ਕਰਨਾ।” ਮੇਰੇ ਮਾਂ-ਪਿਓ ਦੇ ਸਾਹਾਂ ਵਿੱਚ ਹਮੇਸ਼ਾ ਇੱਕੋ ਫਿਕਰ ਵਸਿਆ ਰਹਿੰਦਾ, “ਛੁਰੀ, ਕੈਂਚੀ, ਪੇਚਕਸ ਜਾਂ ਨੇਲ ਕਟਰ ਨੂੰ ਹੱਥ ਨਹੀਂ ਲਾਉਣਾ, ਗੁੱਲੀ-ਡੰਡਾ ਜਾਂ ਕ੍ਰਿਕਟ ਨਹੀਂ ਖੇਡਣੀ, ਕਿਤੇ ਸੱਟ ਨਾ ਲੱਗ ਜਾਵੇ।”
ਜਦੋਂ ਮੇਰੇ ਹਾਣੀ ਖੁੱਲ੍ਹੇ ਮੈਦਾਨਾਂ ਵਿੱਚ ਧੂੜਾਂ ਉਡਾਉਂਦੇ, ਮੈਂ ਬੰਦ ਕਮਰੇ ਵਿੱਚ ਮੰਜੇ ’ਤੇ ਬੈਠ ਕੇ ਕੈਰਮ ਬੋਰਡ ਜਾਂ ਲੂਡੋ ਦੀਆਂ ਗੋਟੀਆਂ ਨਾਲ ਆਪਣਾ ਦਿਲ ਪਰਚਾਉਂਦਾ। ਜਦੋਂ ਕੋਈ ਯਾਰ-ਬੇਲੀ ਆ ਕੇ ਸ਼ਿਕਾਇਤ ਲਾਉਂਦਾ ਕਿ ਅੱਜ ਸੰਨੀ (ਮੇਰੇ ਘਰ ਦਾ ਲਾਡਲਾ ਨਾਂ) ਨੇ ਸਾਈਕਲ ਚਲਾਈ ਹੈ ਜਾਂ ਕੋਈ ਅਣਗਹਿਲੀ ਨਾਲ ਚੀਜ਼ਾਂ ਨਾਲ ਛੇੜ-ਛਾੜ ਕੀਤੀ ਹੈ, ਤਾਂ ਮੇਰੀ ਸ਼ਾਮਤ ਆ ਜਾਂਦੀ। ਪਿਤਾ ਜੀ ਮੇਰੇ ਤੋਂ ਬਹੁਤ ਨਰਾਜ਼ ਹੁੰਦੇ ਅਤੇ ਅਕਸਰ ਡਾਂਟ-ਡਪਟ ਵੀ ਦਿੰਦੇ। ਪਰ ਉਹਨਾਂ ਦੀ ਇਹ ਨਾਰਾਜ਼ਗੀ ਵੀ ਜਾਇਜ਼ ਸੀ, ਕਿਉਂਕਿ ਉਸ ਦੌਰ ਵਿੱਚ ਬਿਮਾਰੀ ਦੀ ਕੋਈ ਪੁਖ਼ਤਾ ਜਾਣਕਾਰੀ ਨਾ ਹੋਣ ਕਰਕੇ ਉਹ ਵਿਚਾਰੇ ਅੰਦਰੋਂ ਡਾਢੇ ਪਰੇਸ਼ਾਨ ਰਹਿੰਦੇ ਸਨ। ਮੇਰੀ ਇੱਕ ਨਿੱਕੀ ਜਿਹੀ ਕੁਤਾਹੀ ਜਾਂ ਸ਼ਰਾਰਤ ਕਾਰਨ ਜਦੋਂ ਖੂਨ ਵਗਣ ਲਗਦਾ, ਗੋਡਾ, ਗਿੱਟਾ ਜਾ ਮੋਢਾ ਸੁੱਜ ਜਾਂਦਾ ਤਾਂ ਵਿਚਾਰੇ ਪਿਤਾ ਜੀ ਨੂੰ ਕਈ-ਕਈ ਦਿਨ ਦਫਤਰੋਂ ਛੁੱਟੀ ਲੈ ਕੇ ਮੇਰੀ ਤਿਮਾਰਦਾਰੀ ਵਿੱਚ ਜੁਟਣਾ ਪੈਂਦਾ। ਜਿੱਥੇ ਪਿਤਾ ਜੀ ਮੈਨੂੰ ਤਕਲੀਫ ਤੋਂ ਰਾਹਤ ਦਿਵਾਉਣ ਲਈ ਸਾਈਕਲ ’ਤੇ ਬਿਠਾ ਕੇ ਮਾਲਸ਼ੀਆਂ ਅਤੇ ਸਿਆਣਿਆਂ ਕੋਲ ਭਟਕਦੇ ਰਹਿੰਦੇ, ਉੱਥੇ ਮਾਤਾ ਜੀ ਸਾਰੀ-ਸਾਰੀ ਰਾਤ ਮੇਰੇ ਸਿਰਹਾਣੇ ਬੈਠ ਕੇ ਸੋਜ ਘਟਾਉਣ ਲਈ ਬਰਫ ਦੀ ਟਕੋਰ ਕਰਦੇ ਰਹਿੰਦੇ। ਉਹਨਾਂ ਲਈ ਉਸ ਵੇਲੇ ਇਹੀ ਸਭ ਤੋਂ ਵੱਡੀ ਉਮੀਦ ਹੁੰਦੀ ਸੀ ਕਿ ਮੈਂ ਕਿਸੇ ਤਰ੍ਹਾਂ ਮੁੜ ‘ਚੱਲਣ-ਫਿਰਨ ਜੋਗਾ’ ਹੋ ਜਾਵਾਂ।
ਘਰ ਦੇ ਨਾਲ-ਨਾਲ ਸਕੂਲ ਦੇ ਮੈਦਾਨ ਵਿੱਚ ਵੀ ਮੇਰੀਆਂ ਸਰਗਰਮੀਆਂ ਦੁਆਲੇ ਇੱਕ ‘ਲਸ਼ਮਣ ਰੇਖਾ’ ਖਿੱਚੀ ਹੋਈ ਸੀ। ਸਵੇਰ ਦੀ ਸਭਾ ਵਿੱਚ ਜਦੋਂ ਸਾਰੇ ਬੱਚੇ ਕਸਰਤ ਕਰਦੇ ਤਾਂ ਮੈਂ ਇੱਕ ਪਾਸੇ ਬੇਵੱਸ ਖੜ੍ਹਾ ਸਿਰਫ ਤਮਾਸ਼ਬੀਨ ਬਣਿਆ ਰਹਿੰਦਾ। ਖੇਡਾਂ ਦੇ ਪੀਰੀਅਡ ਵਿੱਚ ਜਦੋਂ ਮੈਦਾਨ ਰੌਣਕਾਂ ਨਾਲ ਭਰ ਜਾਂਦਾ ਤਾਂ ਅਧਿਆਪਕਾਂ ਦੀ ਸਖ਼ਤ ਤਾਕੀਦ ਕਾਰਨ ਮੇਰਾ ਉੱਥੇ ਜਾਣਾ ਮਨ੍ਹਾ ਸੀ। ਜਦੋਂ ਮੇਰੇ ਹਾਣੀ ਮੈਦਾਨ ਵਿੱਚ ਹਾਸਾ-ਠੱਠਾ ਕਰਦੇ ਹੋਏ ਦੌੜਦੇ-ਭੱਜਦੇ ਤਾਂ ਮੈਂ ਇੱਕ ਪਾਸੇ ਚੁੱਪ-ਚਾਪ ਬੈਠਾ ਆਪਣੀ ਸਰੀਰਕ ਹਾਲਤ ਹੱਥੋਂ ਮਜਬੂਰ ਹੋ ਕੇ ਉਹਨਾਂ ਨੂੰ ਦੇਖਦਾ ਰਹਿੰਦਾ। ਉਸ ਵਕਤ ਮਨ ਵਿੱਚ ਇੱਕ ਡੂੰਘੀ ਹੀਣਭਾਵਨਾ ਜਨਮ ਲੈਂਦੀ ਸੀ; ਉਹ ਮੈਦਾਨ ਮੇਰੀਆਂ ਅੱਖਾਂ ਦੇ ਸਾਹਮਣੇ ਤਾਂ ਹੁੰਦਾ, ਪਰ ਮੇਰੇ ਭਾਗਾਂ ਤੋਂ ਬਹੁਤ ਦੂਰ ਸੀ।
ਪਰ ਇਸ ਸਾਰੇ ਸਹਿਮ ਅਤੇ ਬੇਵਸੀ ਦੇ ਆਲਮ ਵਿੱਚ ਵੀ ਮੇਰੇ ਮਾਪਿਆਂ ਦੀ ਸੋਚ ਬਹੁਤ ਨਿੱਗਰ ਅਤੇ ਦੂਰਅੰਦੇਸ਼ ਸੀ। ਪਿਤਾ ਜੀ ਦੇ ਜ਼ਿਹਨ ਵਿੱਚ ਮੇਰੇ ਨਿੱਕਿਆਂ ਹੁੰਦਿਆਂ ਤੋਂ ਹੀ ਇਹ ਚਿੰਤਾ ਬਣੀ ਰਹਿੰਦੀ ਸੀ ਕਿ ਮੈਂ ਕਿਸੇ ਸਰਕਾਰੀ ਮਹਿਕਮੇ ਵਿੱਚ ਭਾਵੇਂ ਕਲਰਕ ਹੀ ਕਿਉਂ ਨਾ ਲੱਗ ਜਾਵਾਂ; ਦਰਅਸਲ ਮੇਰੀ ਸਰੀਰਕ ਹਾਲਤ ਸਦਕਾ ਕੋਈ ਬਹੁਤੀ ਨੱਠ-ਭੱਜ ਵਾਲੀ ਨੌਕਰੀ ਕਰਨੀ ਮੇਰੇ ਵੱਸੋਂ ਬਾਹਰ ਸੀ। ਪਿਤਾ ਜੀ ਮੇਰੇ ਲਈ ਹਮੇਸ਼ਾ ਇੱਕ ਪ੍ਰੇਰਨਾ ਸਰੋਤ ਰਹੇ। ਉਹਨਾਂ ਨੇ ਧਨ-ਧਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਮਹਾਂਵਾਕ “ਵਿੱਦਿਆ ਵੀਚਾਰੀ ਤਾਂ ਪਰਉਪਕਾਰੀ” ਦਾ ਹਵਾਲਾ ਦਿੰਦਿਆਂ ਮੈਨੂੰ ਹਮੇਸ਼ਾ ਇਹੀ ਪ੍ਰੇਰਨਾ ਦਿੱਤੀ ਕਿ ਤੂੰ ਬੱਸ ਡਟ ਕੇ ਪੜ੍ਹਾਈ ਕਰ, ਪੜ੍ਹਾਈ ਦੇ ਨਾਲ ਹੀ ਤੇਰੀ ਜ਼ਿੰਦਗੀ ਦਾ ਬੇੜਾ ਪਾਰ ਹੋਣਾ ਹੈ। ਉਹ ਇਸ ਹਕੀਕਤ ਤੋਂ ਵਾਕਫ ਸਨ ਕਿ ਜੇਕਰ ਸਰੀਰ ਸਾਥ ਨਹੀਂ ਦੇ ਰਿਹਾ ਤਾਂ ਮਾਨਸਿਕ ਮਜ਼ਬੂਤੀ ਅਤੇ ਗਿਆਨ ਦਾ ਚਾਨਣ ਹੀ ਜਿੱਤ ਦਾ ਰਾਹ ਪੱਧਰਾ ਕਰਨਗੇ। ਉਹਨਾਂ ਦਾ ਸੁਪਨਾ ਮੈਨੂੰ ਕਿਸੇ ਦੇ ਰਹਿਮੋ-ਕਰਮ ’ਤੇ ਨਿਰਭਰ ਦੇਖਣ ਦਾ ਨਹੀਂ, ਸਗੋਂ ਆਪਣੇ ਪੈਰਾਂ ’ਤੇ ਚੱਟਾਨ ਵਾਂਗ ਖੜ੍ਹਾ ਦੇਖਣ ਦਾ ਸੀ।
ਮਾਪਿਆਂ ਦੀ ਇਹ ਸਾਲਾਂਬੱਧੀ ਮਿਹਨਤ ਅਤੇ ਦੁਆਵਾਂ ਉਦੋਂ ਰੰਗ ਲਾਈਆਂ ਜਦੋਂ ਮੈਂ 1986 ਵਿੱਚ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿੱਚ ਆਪਣੀ ਨੌਕਰੀ ਸ਼ੁਰੂ ਕੀਤੀ। ਮੇਰੇ ਜੀਵਨ ਦਾ ਇੱਕ ਵੱਡਾ ਹਿੱਸਾ ਇਸੇ ਵਿਭਾਗ ਵਿੱਚ ਨੌਕਰੀ ਨਿਭਾਉਂਦਿਆਂ ਗੁਜ਼ਰਿਆ ਅਤੇ 36 ਸਾਲਾਂ ਦੇ ਇਸ ਲੰਬੇ ਸਫਰ ਵਿੱਚ ਮੈਨੂੰ ਪੰਜਾਬ ਦੇ ਸੱਤ ਮੁੱਖ ਮੰਤਰੀਆਂ ਨਾਲ ਬਹੁਤ ਨੇੜੇ ਰਹਿ ਕੇ ਕੰਮ ਕਰਨ ਦਾ ਮੌਕਾ ਮਿਲਿਆ। ਮੁੱਖ ਮੰਤਰੀਆਂ ਦੇ ਰੁਝੇਵਿਆਂ ਭਰੇ ਪ੍ਰੋਗਰਾਮਾਂ ਦੌਰਾਨ, ਸਮੇਂ ਦੀ ਪਾਬੰਦੀ ਅਤੇ ਨਿਰੰਤਰ ਭੱਜ-ਨੱਠ ਲਾਜ਼ਮੀ ਹੁੰਦੀ। ਅਜਿਹੇ ਰੁਝੇਵਿਆਂ ਵਿੱਚ ਕਈ ਵਾਰ ਅਚਾਨਕ ਸਰੀਰ ਦਾ ਕੋਈ ਜੋੜ ਅੰਦਰੂਨੀ ਖ਼ੂਨ ਰਿਸਣ ਕਾਰਨ ਬੁਰੀ ਤਰ੍ਹਾਂ ਸੁੱਜ ਜਾਂਦਾ। ਕਈ ਵਾਰ ਤਾਂ ਗੋਡਾ ਸੁੱਜ ਕੇ ‘ਭੁਕਾਨੇ’ ਵਾਂਗ ਹੋ ਜਾਂਦਾ ਅਤੇ ਮੇਰੇ ਲਈ ਤੁਰਨਾ ਜਾਂ ਇੱਕ ਡੀਂਗ ਪੁੱਟਣੀ ਵੀ ਮੁਹਾਲ ਹੋ ਜਾਂਦੀ। ਹਾਲਾਤ ਅਜਿਹੇ ਬਣ ਜਾਂਦੇ ਕਿ ਹਿੱਲਣਾ-ਜੁਲਣਾ ਵੀ ਅਸਹਿ ਹੋ ਜਾਂਦਾ ਸੀ। ਅਜਿਹੇ ਔਖੇ ਮਾਹੌਲ ਵਿੱਚ ਵੀ ਮੈਂ ਹਿੰਮਤ ਨਹੀਂ ਨਾ ਹਾਰਦਾ। ਆਪਣਾ ਵੈਕਸੀਨ ਕੈਰੀਅਰ (ਆਈਸ-ਬਾਕਸ) ਹਮੇਸ਼ਾ ਨਾਲ ਰੱਖਦਾ ਅਤੇ ਮੁੱਖ ਮੰਤਰੀ ਨਾਲ ਤਾਇਨਾਤ ਮੈਡੀਕਲ ਟੀਮ ਦੀ ਐਂਬੂਲੈਂਸ ਵਿੱਚ ਹੀ ਉਹਨਾਂ ਦੀ ਮਦਦ ਨਾਲ ‘ਫੈਕਟਰ-8’ ਦਾ ਟੀਕਾ ਲਵਾਉਂਦਾ। ਟੀਕਾ ਲਵਾਉਣ ਦੇ ਨਾਲ-ਨਾਲ ਮੈਂ ਬਰਫ (Ice pack) ਦੀ ਟਕੋਰ ਉਦੋਂ ਤਕ ਲਗਾਤਾਰ ਜਾਰੀ ਰੱਖਦਾ, ਜਦੋਂ ਤਕ ਜੋੜ ਦੇ ਦਰਦ ਨੂੰ ਆਰਾਮ ਨਾ ਆ ਜਾਂਦਾ। ਪੰਜ-ਦਸ ਮਿੰਟਾਂ ਦੇ ਇਸ ਇਲਾਜ ਪਿੱਛੋਂ ਮੈਂ ਮੁੜ ਆਪਣੇ ਕੰਮ ’ਤੇ ਡਟ ਜਾਂਦਾ ਤਾਂ ਜੋ ਮੀਡੀਆ ਕਵਰੇਜ ਦੇ ਕਾਰਜ ਵਿੱਚ ਕੋਈ ਵਿਘਨ ਨਾ ਪਵੇ।
ਮੈਂ ਅੱਜ ਆਪਣੀ ਜ਼ਿੰਦਗੀ ਦੇ 64 ਸਾਲ ਇਸ ਬਿਮਾਰੀ ਨਾਲ ਜੂਝਦਿਆਂ, ਉਚੇਰੀ ਵਿੱਦਿਆ ਦੇ ਸਿਖ਼ਰ ਛੂਹ ਕੇ ਅਤੇ ਵਕਾਰੀ ਅਹੁਦਿਆਂ ’ਤੇ ਰਹਿ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਸਿਰਫ ਇਹੀ ਸਚਾਈ ਪੇਸ਼ ਕਰਨੀ ਚਾਹੁੰਦਾ ਹਾਂ ਕਿ ਹੀਮੋਫੀਲੀਆ ਸਾਡੀ ਪ੍ਰਗਤੀ ਅਤੇ ਬੁਲੰਦ ਹੌਸਲਿਆਂ ਦੇ ਰਾਹ ਵਿੱਚ ਦੀਵਾਰ ਨਹੀਂ ਬਣ ਸਕਦਾ। ਅੱਜ ਜਦੋਂ ਵਿਗਿਆਨ ਨੇ ਅਰਸ਼ਾਂ ਨੂੰ ਛੂਹ ਲਿਆ ਹੈ ਅਤੇ ਬੇਹੱਦ ਆਧੁਨਿਕ ਇਲਾਜ ਉਪਲਬਧ ਹਨ ਤਾਂ ਮਾਪਿਆਂ ਨੂੰ ਮਨ ਵਿੱਚ ਰੰਚਕ ਮਾਤਰ ਵੀ ਘਬਰਾਹਟ ਰੱਖਣ ਦੀ ਲੋੜ ਨਹੀਂ। ਹੁਣ ‘ਐਮੀਸੀਜ਼ੂਮੈਬ’ (Emicizumab) ਵਰਗੀ ਨਵੀਂ ਤਕਨਾਲੋਜੀ ਅਤੇ ਕਾਰਗਰ ਦਵਾਈਆਂ ਆ ਚੁੱਕੀਆਂ ਹਨ, ਜਿਨ੍ਹਾਂ ਨੇ ਇਲਾਜ ਦੀ ਪ੍ਰਕਿਰਿਆ ਨੂੰ ਬਹੁਤ ਸੁਖਾਲਾ ਬਣਾ ਦਿੱਤਾ ਹੈ। ਇਨ੍ਹਾਂ ਆਧੁਨਿਕ ਇਲਾਜਾਂ ਸਦਕਾ ਹੁਣ ਪੀੜਿਤ ਬੱਚਿਆਂ ਦੀ ਜ਼ਿੰਦਗੀ ਜਿਊਣ ਦਾ ਮਿਆਰ ਪਹਿਲਾਂ ਨਾਲੋਂ ਕਿਤੇ ਬਿਹਤਰ ਅਤੇ ਖੁਸ਼ਗਵਾਰ ਹੋ ਗਿਆ ਹੈ। ਰਵਾਇਤੀ ਇਲਾਜਾਂ ਦੀਆਂ ਸੀਮਾਵਾਂ ਹੁਣ ਇਤਿਹਾਸ ਬਣ ਚੁੱਕੀਆਂ ਹਨ। ਅੱਜ ਦੇ ਦੌਰ ਵਿੱਚ ਤੁਹਾਡੇ ਬੱਚਿਆਂ ਦਾ ਭਵਿੱਖ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਰੌਸ਼ਨ ਹੈ।
ਅੱਜ ਲੋੜ ਹੈ ਕਿ ਇਸ ਬਿਮਾਰੀ ਤੋਂ ਪੀੜਿਤ ਬੱਚਿਆਂ ਦੇ ਮਨਾਂ ਨਾਲ ਸਾਂਝ ਪਾਈ ਜਾਵੇ। ਇਹ ਨੁਮਾਇਆ ਰੋਲ ਮਾਂ-ਪਿਓ ਤੋਂ ਵੱਧ ਹੋਰ ਕੋਈ ਨਹੀਂ ਨਿਭਾ ਸਕਦਾ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਅਜਿਹਾ ਸਾਜ਼ਗਾਰ ਮਾਹੌਲ ਪ੍ਰਦਾਨ ਕਰਨ ਕਿ ਉਹਨਾਂ ਦੇ ਅੰਦਰ ਕਦੇ ਵੀ ਅਹਿਸਾਸ-ਏ-ਕਮਤਰੀ ਪੈਦਾ ਨਾ ਹੋਵੇ। ਉਹਨਾਂ ਨੂੰ ਜੀਵਨ ਦੀ ਮੁੱਖ ਧਾਰਾ ਨਾਲ ਇਸ ਤਰ੍ਹਾਂ ਜੋੜਨ ਕਿ ਉਹਨਾਂ ਨੂੰ ਆਪਣੀ ਸਮਰੱਥਾ ’ਤੇ ਮਾਣ ਹੋਵੇ। ਬੱਸ ਸੱਟ-ਫੇਟ ਤੋਂ ਸੁਚੇਤ ਰਹਿੰਦਿਆਂ ਉਹਨਾਂ ਨੂੰ ਹਰ ਉਹ ਮੌਕਾ ਦਿਓ ਜੋ ਉਹਨਾਂ ਦੇ ਸੁਪਨਿਆਂ ਨੂੰ ਉਡਾਣ ਦੇ ਸਕੇ। ਇਸਦੇ ਨਾਲ ਹੀ ਬੱਚਿਆਂ ਦੀ ਉਚੇਰੀ ਵਿੱਦਿਆ ’ਤੇ ਪੂਰਾ ਜ਼ੋਰ ਦਿੱਤਾ ਜਾਵੇ ਤਾਂ ਜੋ ਉਹ ਸਕੂਲਾਂ-ਕਾਲਜਾਂ ਰਾਹੀਂ ਗਿਆਨ ਪ੍ਰਾਪਤ ਕਰਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ। ਮਾਨਸਿਕ ਦਲੇਰੀ ਅਤੇ ਸਹੀ ਵਿੱਦਿਆ ਹੀ ਉਹ ਅਨਮੋਲ ਪੂੰਜੀ ਹੈਜੋ ਤੁਹਾਡੇ ਬੱਚਿਆਂ ਨੂੰ ਸਮਾਜ ਵਿੱਚ ਵਕਾਰ ਅਤੇ ਬਰਾਬਰੀ ਦੇ ਸਤਿਕਾਰ ਨਾਲ ਵਿਚਰਨ ਦੇ ਯੋਗ ਬਣਾਏਗੀ ਅਤੇ ਉਹ ਇਸ ਬਿਮਾਰੀ ਦਾ ਡਟ ਕੇ ਮੁਕਾਬਲਾ ਕਰ ਸਕਣਗੇ। ਯਾਦ ਰੱਖੋ, ਜੇਕਰ ਸਾਡਾ ਇਰਾਦਾ ਦ੍ਰਿੜ੍ਹ ਹੈ ਤਾਂ ਹੀਮੋਫੀਲੀਆ ਸਰੀਰ ਲਈ ਇੱਕ ਚੁਣੌਤੀ ਤਾਂ ਹੋ ਸਕਦਾ ਹੈ, ਪਰ ਕਿਸੇ ਦੇ ਭਵਿੱਖ ਦੀ ਰੁਕਾਵਟ ਕਦੇ ਨਹੀਂ ਬਣ ਸਕਦਾ। ਮੇਰੇ ਜੀਵਨ-ਸਫਰ ਦੀ ਤਰਜਮਾਨੀ ਬਾਬਾ ਨਜਮੀ ਦੀਆਂ ਇਹ ਸਤਰਾਂ ਬਖੂਬੀ ਕਰਦੀਆਂ ਹਨ:
ਬੇ-ਹਿਮੰਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।
* * *
ਸਾਬਕਾ ਐਡੀਸ਼ਨਲ ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































