“ਇਸ ਮਗਰੋਂ ਭਾਪਾ ਜੀ ਸਿੱਧੇ ਗੁਰਦੁਆਰੇ ਗਏ ਤੇ ਗਲ ਵਿੱਚ ਪੱਲਾ ਪਾ ਕੇ ਉਹਨਾਂ ...”
(15 ਫਰਵਰੀ 2026)
ਅਜੋਕੇ ਸਮੇਂ ਵਿੱਚ ਕਿਸੇ ਵੀ ਪਿੰਡ, ਕਸਬੇ ਜਾਂ ਸ਼ਹਿਰ ਦੇ ਗੁਰਦੁਆਰੇ ਦੀ ਇੰਤਜ਼ਾਮੀਆ ਕਮੇਟੀ ਦੀ ਚੋਣ ਬਾਕਾਇਦਾ ਕਿਸੇ ਮਿਊਂਸਿਪਲ ਕਮੇਟੀ, ਜ਼ਿਲ੍ਹਾ ਪ੍ਰੀਸ਼ਦ ਜਾਂ ਇੰਜ ਕਹਿ ਲਓ ਕਿ ਪੰਚਾਇਤੀ ਚੋਣਾਂ ਤੋਂ ਘੱਟ ਨਹੀਂ ਹੁੰਦੀ। ਗਾਲਬਨ ਇਸ ਗੱਲ ਦਾ ਇਹਸਾਸ ਮੈਨੂੰ ਉਦੋਂ ਹੋਇਆ ਜਦੋਂ ਸਾਡੇ ਇਲਾਕੇ ਦੇ ਗੁਰਦੁਆਰਾ ਸਾਹਿਬ ਦੀ ਮੌਜੂਦਾ ਪ੍ਰਬੰਧਕ ਕਮੇਟੀ ਦੋ ਸਾਲਾ ਮਿਆਦ ਪੁੱਗਣ ਦੀ ਕਗਾਰ ’ਤੇ ਸੀ ਅਤੇ ਨਵੀਂ ਕਮੇਟੀ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਚੋਣ ਕਮੇਟੀ ਗਠਿਤ ਕੀਤੀ ਜਾ ਚੁੱਕੀ ਸੀ। ਬੱਸ ਫੇਰ ਕੀ ਸੀ, ਤਤਕਾਲੀ ਕਮੇਟੀ ਹੀ ਨਹੀਂ ਸਗੋਂ ਉਸ ਤੋਂ ਪਹਿਲੋਂ ਸੇਵਾ ਨਿਭਾ ਚੁੱਕੀ ਕਮੇਟੀ ਦੇ ਵੀ ਸਾਰੇ ਦੇ ਸਾਰੇ ਅਹੁਦੇਦਾਰਾਂ ਅਤੇ ਕਾਰਜਕਾਰੀ ਮੈਂਬਰਾਂ ਵਿਚਾਲੇ ਮੁੜ ਅਹੁਦੇ ਹਾਸਲ ਕਰਨ ਲਈ ਲੱਗੀ ਹੋੜ ਸਿਖਰਾਂ ’ਤੇ ਪੁੱਜ ਗਈ। ਗੱਲ ਛੱਡੋ, ਕੀ ਮੌਜੂਦਾ ਅਤੇ ਕੀ ਸਾਬਕਾ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ, ਮੀਤ ਜਨਰਲ ਸਕੱਤਰ ਅਤੇ ਖਜ਼ਾਨਚੀ ਮੁੜ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋਣ ਲਈ ਤਰਲੋ-ਮੱਛੀ ਹੋਣ ਲੱਗੇ। ਗੁਰੂ ਘਰ ਪ੍ਰਤੀ ਸੇਵਾ ਭਾਵ ਨੂੰ ਮੁੱਢੋਂ ਹੀ ਦਰਕਾਰ ਕੇ ਆਪੋ-ਆਪਣਾ ਧੜਾ ਮਜ਼ਬੂਤ ਕਰਨ ਖਾਤਰ ਲਗਭਗ ਸਾਰੇ ਮੈਂਬਰ ਗੁਪਤ ਮੀਟਿੰਗਾਂ ਅਤੇ ਜੋੜ-ਤੋੜ ਦੀ ਨੀਤੀ ਵਿੱਚ ਮਸਰੂਫ ਸਨ। ਇਸ ਪ੍ਰਸੰਗ ਵਿੱਚ ਗੁਰਬਾਣੀ ਦਾ ਇਹ ਪਾਵਨ ਫਰਮਾਨ ਇਸ ਮੰਜ਼ਰ ’ਤੇ ਬਾਖੂਬੀ ਢੁਕਦਾ ਹੈ:
ਸਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ।
ਹਮਾਰਾ ਧੜਾ ਹਰਿ ਰਹਿਆ ਸਮਾਈ। (ਅੰਗ-366)
ਲਗਭਗ 36 ਸਾਲ ਸਰਕਾਰੀ ਨੌਕਰੀ ਵਿੱਚ ਰਹਿਣ ਮਗਰੋਂ ਜਦੋਂ ਮੈਂ ਤਿੰਨ ਸਾਲ ਪਹਿਲਾਂ ਰਿਟਾਇਰ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਸ਼ਾਮ ਨਤ-ਮਸਤਕ ਹੋਣ ਲਈ ਆਪਣਾ ਰੋਜ਼ਮਰਾ ਦਾ ਅਕੀਦਾ ਬਣਾਇਆ ਤਾਂ ਅਤੀਤ ਵਿੱਚ ਰੋਜ਼ੀ-ਰੋਟੀ ਸਦਕਾ ਰੁਝੇਵਿਆਂ ਭਰੀ ਨੱਸ ਭੱਜ ਵਾਲੀ ਜ਼ਿੰਦਗੀ ਦੇ ਉਲਟ ਨਾ ਕੇਵਲ ਆਤਮਿਕ ਸਕੂਨ ਮਿਲਿਆ ਬਲਕਿ ਉੱਥੇ ਆਉਂਦੇ ਜਾਂਦੇ ਲੋਕਾਂ ਨਾਲ ਆਪਸੀ ਮੇਲ-ਜੋਲ ਕਾਰਨ ਜਾਣ ਪਛਾਣ ਵੀ ਵਧ ਗਈ। ਇਸ ਤੱਥ ਨੂੰ ਅਸਾਂ ਦੋਵਾਂ ਨੇ ਭਲੀਭਾਂਤ ਉਦੋਂ ਜਾਣਿਆ ਬੁੱਝਿਆ, ਜਦੋਂ ਲੰਮਾ ਅਰਸਾ ਨੌਕਰੀ ਕਰਨ ਮਗਰੋਂ ਮੈਂ ਅਤੇ ਮੇਰੀ ਘਰਵਾਲੀ, ਜੋ ਸਰਕਾਰੀ ਕਾਲਜ ਵਿੱਚੋਂ ਬਤੌਰ ਪ੍ਰਿੰਸੀਪਲ ਰਿਟਾਇਰ ਹੋਏ ਸੀ ਤੇ ਇੱਥੇ ਰਹਿਣ ਲੱਗ ਪਏ ਸੀ। ਭਾਵੇਂ ਅਸੀਂ ਪਿਛਲੇ 20 ਸਾਲਾਂ ਤੋਂ ਇੱਥੇ ਆਪਣੇ ਹੀ ਘਰ ਵਿੱਚ ਰਹਿ ਰਹੇ ਸਾਂ ਪਰ ਨੌਕਰੀ ਕਰਦਿਆਂ ਨੇੜੇ ਤੇੜੇ ਜਾਂ ਆਂਢ ਗੁਆਂਢ ਤੋਂ ਇਲਾਵਾ ਸਾਨੂੰ ਹੋਰ ਕੋਈ ਨਹੀਂ ਸੀ ਸਿਆਣਦਾ, ਪ੍ਰੰਤੂ ਮੇਰੇ ਪਿਤਾ ਜੀ ਨੂੰ ਗੁਰਦੁਆਰੇ ਹਰ ਰੋਜ਼ ਸਵੇਰੇ ਆਥਣੇ ਜਾਣ ਦੇ ਨੇਮ ਕਰਕੇ ਸਾਰੇ ਜਾਣਦੇ ਸਨ। ਮੁੱਢ ਤੋਂ ਹੀ ਇਸ ਗੁਰੂ ਘਰ ਨਾਲ ਜੁੜੇ ਹੋਣ ਕਰਕੇ ਉਹਨਾਂ ਆਪਣੇ ਆਖਰੀ ਸਵਾਸਾਂ ਤਕ ਤਨ, ਮਨ, ਧਨ ਨਾਲ ਸੇਵਾ ਕੀਤੀ ਅਤੇ ਕਦੇ ਵੀ ਕਿਸੇ ਪ੍ਰਬੰਧਕੀ ਕਮੇਟੀ ਵਿੱਚ ਅਹੁਦਾ ਲੈਣ ਲਈ ਇੱਛਾ ਨਹੀਂ ਜਤਾਈ। ਸ਼ਾਇਦ ਇਹ ਹੀ ਕਾਰਨ ਸੀ ਕਿ ਗੁਰੂ ਘਰ ਨਾਲ ਜੁੜਿਆ ਹਰੇਕ ਸ਼ਖ਼ਸ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਦਾ ਸੀ। ਜੇ ਮੈਂ ਭੁੱਲਾਂ ਨਾ ਤਾਂ ਇੱਕ ਵਾਰ ਉਹ ਸਮੂਹ ਮੈਂਬਰਾਂ ਦੇ ਕਹਿਣ ’ਤੇ ਚੋਣ ਕਮੇਟੀ ਦੇ ਮੈਂਬਰ ਜ਼ਰੂਰ ਮਨੋਨੀਤ ਕੀਤੇ ਗਏ ਸਨ। ਉਹ ਅਕਸਰ ਆਖਦੇ ਸਨ, ਗੁਰੂ ਘਰ ਦੀ ਸੇਵਾ ਅਹੁਦਿਆਂ ਦੀ ਮੁਹਤਾਜ ਨਹੀਂ ਅਤੇ ਇਹ ਕਿਸੇ ਵਿਰਲੇ ਭਾਗਾਂ ਵਾਲੇ ਨੂੰ ਹੀ ਅਕਾਲ ਪੁਰਖ ਦੀ ਅਪਾਰ ਕਿਰਪਾ ਨਾਲ ਨਸੀਬ ਹੁੰਦੀ ਹੈ। ਇਸ ਨਿੱਗਰ ਸੋਚ ਪਿੱਛੇ ਉਹਨਾਂ ਦੇ ਪਿਤਾ ਯਾਨੀ ਸਾਡੇ ਦਾਦਾ ਜੀ ਦੀ ਪ੍ਰੇਰਣਾ ਸੀ, ਜੋ ਦੇਸ਼ ਦੀ ਵੰਡ ਮਗਰੋਂ ਸੰਤਾਲੀ ਵਿੱਚ ਆਪਣੀ ਜਨਮ ਭੌਂਇ ਨੂੰ ਲਹਿੰਦੇ ਪੰਜਾਬ ਛੱਡ ਕੇ ਪਰਿਵਾਰ ਸਣੇ ਸੁੱਖੀਂ-ਸਾਂਦੀ ਰੋਪੜ ਆ ਵਸੇ ਅਤੇ ਬੇਕਰੀ ਦੀ ਦੁਕਾਨ ਕਰਨ ਲੱਗੇ। ਸਾਊ, ਮਿਲਾਪੜੇ ਅਤੇ ਰੱਬ ਰੰਗੀ ਰੂਹ ਹੋਣ ਕਰਕੇ ਲੋਕ ਉਹਨਾਂ ਨੂੰ ਭਗਤ ਜੀ ਕਹਿ ਕੇ ਬੁਲਾਉਂਦੇ ਸਨ ਅਤੇ ਅਸੀਂ ਮੋਹ ਨਾਲ ਭਾਪਾ ਜੀ ਸੱਦਦੇ ਸੀ। ਉਨ੍ਹਾਂ ਨੇ ਸਾਡੀ ਦਾਦੀ, ਜਿਨ੍ਹਾਂ ਨੂੰ ਅਸੀਂ ਅਤੇ ਹੋਰ ਸਾਰੇ ਆਲੇ ਦੁਆਲੇ ਵਾਲੇ ਭਾਬੀ ਜੀ ਕਹਿ ਕੇ ਸੰਬੋਧਨ ਕਰਦੇ ਸਾਂ, ਨਾਲ ਅੰਤਾਂ ਦੀ ਮਿਹਨਤ ਮੁਸ਼ੱਕਤ ਕਰਕੇ ਦੋਵਾਂ ਆਪਣੀ ਕਬੀਲਦਾਰੀ ਸ਼ਿੱਦਤ ਨਾਲ ਨਿਭਾਈ। ਉਹਨਾਂ ਦਿਨਾਂ ਵਿੱਚ ਪਿਤਾ ਜੀ ਨੰਗਲ ਨੌਕਰੀ ਕਰਦੇ ਸਨ ਤੇ ਉੱਥੇ ਕਾਲਜ ਨਾ ਹੋਣ ਕਰਕੇ ਉਹਨਾਂ ਮੈਨੂੰ ਅਤੇ ਮੇਰੀ ਛੋਟੀ ਭੈਣ ਨੂੰ ਦਾਦਕੇ ਪੜ੍ਹਨ ਲਈ ਰੋਪੜ ਭੇਜ ਦਿੱਤਾ, ਜਿੱਥੇ ਅਸੀਂ ਦੋਵਾਂ ਨੇ ਆਪਣੀ ਪੜ੍ਹਾਈ ਪੂਰੀ ਕਰਦਿਆਂ ਦਾਦਾ ਦਾਦੀ ਦੀ ਨਿੱਘੀ ਗੋਦ ਦਾ ਅਨੰਦ ਵੀ ਮਾਣਿਆ।
ਕਈ ਦਹਾਕੇ ਬੀਤਣ ਮਗਰੋਂ ਵੀ ਇਹ ਅਭੁੱਲ ਘਟਨਾ ਮੇਰੇ ਚੇਤਿਆਂ ਵਿੱਚ ਕੱਲ੍ਹ ਵਾਂਗ ਸੱਜਰੀ ਪਈ ਜਾਪਦੀ ਹੈ ਕਿ ਕਿਵੇਂ 70ਵਿਆਂ ਵਿੱਚ ਗੁਰੂ ਘਰ ਪ੍ਰਤੀ ਭਾਪਾ ਜੀ ਦਾ ਅਟੁੱਟ ਨਿਸ਼ਚਾ, ਪ੍ਰੇਮ ਅਤੇ ਸ਼ਰਧਾ ਦੇਖ ਕੇ ਕੁਝ ਮੋਹਤਬਰਾਂ ਨੇ ਉਹਨਾਂ ਦੇ ਨਾਂ ’ਤੇ ਮੋਹਰ ਲਾਉਂਦਿਆਂ ਧਿੰਗੋਜ਼ੋਰੀ ਸਰਬ ਸੰਮਤੀ ਨਾਲ ਦਾਦਾ ਜੀ ਨੂੰ ਪ੍ਰਧਾਨ ਥਾਪ ਦਿੱਤਾ। ਬੱਸ ਫੇਰ ਕੀ, ਲੋਹੀ ਲਾਖੀ ਥੀਈਂ ਮੈਂਡੀ ਭਾਬੀ, ਭਾਪਾ ਜੀ ਨਾਲ ਬਹੂੰ ਲੜੀ ਤੇ ਬੋਲੀ, “ਛੋੜ ਗਿਐਂ ਨੈ ਪੁੱਤਰਾ! ਕੋਈ ਸ਼ਰਮ ਹਯਾ ਹੈਈ, ਹੱਟੀ ਤੈਂਡਾ ਪਿਉ ਚਲਾਸੀ, ਮੈਂਕੂੰ ਦਸ ਅਗੈ ਘੱਟ ਹੈਨ ਅਸਾਂ ਨੀਆਂ ਪਸ਼ੇਮਾਨੀਆ, ਤੁਆਂ ਚੌਧਰਾਂ ਪਈਆਂ ਸੋਭਨੀਆਂ। ਸੁਣ ਮੈਂਡੇ ਸਿਰ ਨੇ ਸਾਈਆਂ, ਹਿੱਕ ਗੱਲ ਮੈਂਡੀ ਨਿਮਾਣੀ ਨੀ, ਤੈਕੂੰ ਨ ਅੱਜ ਤੀਕ ਕਧੇ ਰੋਕਿਆ ਤੇ ਨਾ ਰੋਕਸਾਂ ਵੱਡੇ ਵੇਲੇ ਤੇ ਸੰਧਿਆ ਗੁਰਦੁਆਰੇ ਵੰਝਣੋ ਪਰ ਖੈੜ੍ਹਾ ਛੱਡ ਇਨ੍ਹਾਂ ਪ੍ਰਧਾਨਗੀਆਂ ਸ਼ਰਧਾਨਗੀਆਂ ਨਾ, ਅਸਾਂ ਕੇ ਘਿੰਨਣਾ ਹਿਨਾ ਕੀ। ਬੱਸ, ਮੈਂਡੀ ਹਿੱਕ ਗੱਲ ਪੱਲੇ ਬੰਨ੍ਹ ਥੀਈਂ, ਉਸ ਗਰੀਬ ਨਿਵਾਜ਼ ਨਾ ਝਾੜੂ ਬਰਦਾਰ ਬਣ ਕੇ ਸੇਵਾ ਕਰੀ ਵੰਝ, ਦਸਾਂ ਨੌਹਾਂ ਨੀ ਕਮਾਈ ਵਿੱਚੋਂ ਦਸਵੰਧ ਕੱਢ ਤੇ ਗਰੀਬ ਗੁਰਬੇ ਲਈ ਢੋਈ ਬਣ ਤੇ ਆਪਣਾ ਅੱਗਾ ਸਵਾਰ।”
ਦਾਦੀ ਦੀ ਝਾੜ ਝੰਭ ਸੁਣ ਕੇ ਭਾਪਾ ਜੀ ਭਾਵੁਕ ਹੋਏ ਸ਼ਾਂਤ ਚਿੱਤ ਬੋਲੇ, “ਭਲੀਏ ਲੋਕੇ, ਐਵੇਂ ਹਨੇਰੀ ਵਾਂਗ ਝੁੱਲਣੀ ਪਈ ਏਂ, ਮੈਂਕੂ ਵੀ ਭੋਰਾ ਬੋਲਣ ਘਿਨ। ਹੱਛਾ, ਵਤ ਦੱਸ ਮੈਂਡਾ ਕਸੂਰ ਕੀ ਹਈ ਫੈਸਲਾ ਤਾਂ ਹੋਨਾਂ ਰਲ ਕੇ ਘਿਧੈ, ਥੀਆ ਵੀ ਮੈਂਡੀ ਰਜ਼ਾਮੰਦੀ ਤੋਂ ਬਗੈਰ।” ਆਪਣੀ ਸਫਾਈ ਦਿੰਦੇ ਭਾਪਾ ਜੀ ਬੋਲੇ। ਇਹ ਸਭ ਸੁਣ ਕੇ ਦਾਦੀ ਹਿਕੋ ਸਾਹ ਬੋਲੀ, “ਸਾਈਆਂ! ਮੈਂਡੀ ਹਿੱਕ ਗੱਲ ਹਮੇਸ਼ਾ ਯਾਦ ਰੱਖੈਂ, ਜੋ ਲੋਕ ਤੈਂਡਾ ਅੱਜ ਇੱਜ਼ਤ ਮਾਣ ਪਹੈ ਕਰੇਨੇ ਹਿਸ ਕਰਕੇ ਨਹੀਂ ਕਿ ਤੂੰ ਪ੍ਰਧਾਨ ਹੈਂਵੇ, ਉਹ ਤੁਆਂ ਪਹਿਲੋਂ ਤੌ ਹੀ ਤੈਂਡੀ ਨੇਕ ਨਾਮੀ ਕਰਕੇ ਭਗਤ ਜੀ ਆਖਨੈਂਨ ਪਰ ਹੁਣ ਕਿਸੇ ਮੁਗ਼ਾਲਤੇ ਵਿੱਚ ਨਾ ਰਵੈ ਕੋਈ ਤੁਆਂ ਅੱਗੋਂ ਵੀ ਕੋਈ ਭਗਤ ਜੀ ਕਹਿ ਕੇ ਬੁਲਾਸੀ, ਫੈਸਲਾ ਹੁਣ ਤੁਧ ਆਪੂੰ ਘਿਨਣਾ ਕਿ ਤੂੰ ਭਗਤ ਅਖਵਾਣਾ ਹਈ ਜਾਂ ਪ੍ਰਧਾਨ?”
ਇਸ ਮਗਰੋਂ ਭਾਪਾ ਜੀ ਸਿੱਧੇ ਗੁਰਦੁਆਰੇ ਗਏ ਤੇ ਗਲ ਵਿੱਚ ਪੱਲਾ ਪਾ ਕੇ ਉਹਨਾਂ ਮਹਾਰਾਜ ਦੇ ਸਨਮੁਖ ਅਰਦਾਸ ਕੀਤੀ, “ਹੇ ਸੱਚੇ ਪਾਤਸ਼ਾਹ! ਮੈਂਕੂ ਅੰਤਲੇ ਸਵਾਸਾਂ ਤਕ ਆਪਣੇ ਚਰਨਾਂ ਨਾਲ ਜੋੜੀ ਰੱਖੈ, ਤੈਂਡੇ ਦਰ ਨਾ ਕੂਕਰ ਥੀਵਦਿਆਂ ਹਿਸ ਕੋਝੀ ਸਿਆਸਤ ਤੇ ਚੌਧਰਾਂ ਨੀ ਲਾਲਸਾ ਤੋਂ ਕੋਹਾਂ ਦੂਰ ਰੱਖੈ। ਸ਼ਾਲਾ, ਮੈਂਡੀ ਹਿਕੋ ਖਾਹਿਸ਼ ਹਈ ਨਿਸ਼ਕਾਮ ਸੇਵਾ ਕਰਨਿਆਂ ਤੈਂਡੇ ਦਰਬਾਰ ਵਿੱਚ ਉੱਜਲਾ ਮੁੱਖ ਲੈ ਕੇ ਵੰਝਾ।”
ਦਾਦੀ ਜੀ ਦੇ ਸ਼ਬਦਾਂ ਨੇ ਭਾਪਾ ਜੀ ਦੀ ਜ਼ਮੀਰ ਨੂੰ ਧੁਰ ਅੰਦਰੋਂ ਇੰਨਾ ਝੰਜੋੜ ਕੇ ਰੱਖ ਦਿੱਤਾ ਸੀ ਕਿ ਉਨ੍ਹਾਂ ਗੁਰਦੁਆਰੇ ਖੜ੍ਹਿਆਂ ਖੜ੍ਹਿਆਂ ਹੀ ਭੁੱਲ ਬਖਸ਼ਾਉਣ ਲਈ ਅਰਦਾਸ ਕੀਤੀ ਤੇ ਉਸੇ ਦਿਨ ਹੀ ਪ੍ਰਧਾਨਗੀ ਛੱਡ ਦਿੱਤੀ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































