OpinderSLamba7ਜ਼ੁਬਾਨਾਂ ਭੂਗੋਲਿਕ ਜਾਂ ਖੇਤਰੀ ਸਰਹੱਦਾਂ ਵੰਡਣ ਲਈ ਨਹੀਂਸਗੋਂ ਦਿਲਾਂ ਦੇ ਪੁਲ  ...
(17 ਮਾਰਚ 2026)


ਯਕੀਨਨ
ਵਕਤ ਦੇ ਵਹਾ ਨਾਲ ਜ਼ਿਆਦਾਤਰ ਯਾਦਾਂ ਤਾਂ ਧੁੰਦਲੀਆਂ ਪੈ ਜਾਂਦੀਆਂ ਹਨ, ਪਰ ਕੁਝ ਅਜਿਹੀਆਂ ਵੀ ਹੁੰਦੀਆਂ ਹਨ ਜੋ ਕਈ ਦਹਾਕੇ ਬੀਤਣ ਮਗਰੋਂ ਵੀ ਚੇਤਿਆਂ ਵਿੱਚ ਇੰਜ ਤਰੋਤਾਜ਼ਾ ਰਹਿੰਦੀ ਹਨ, ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ। ਇਹ ਵਾਕਿਆ ਉਦੋਂ ਦਾ ਹੈ, ਜਦੋਂ ਮੈਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ‘ਜਨ ਸੰਚਾਰ ਵਿਭਾਗ’ ਵੱਲੋਂ ਕਰਵਾਏ ਜਾ ਰਹੇ ਦੋ-ਰੋਜ਼ਾ ਕੌਮੀ ਸੈਮੀਨਾਰ ਵਿੱਚ ਆਪਣਾ ਖੋਜ-ਪਰਚਾ ਪੜ੍ਹਨ ਦਾ ਸੱਦਾ-ਪੱਤਰ ਮਿਲਿਆ। ਮੇਰੇ ਲਈ ਇਹ ਸਿਰਫ ਅਕਾਦਮਿਕ ਮੌਕਾ ਹੀ ਨਹੀਂ ਸੀ, ਸਗੋਂ ਉਸ ਸ਼ਾਨਾਮੱਤੀ ਵਿੱਦਿਅਕ ਸੰਸਥਾ ਨੂੰ ਅੱਖੀਂ ਦੇਖਣ ਅਤੇ ਇਸਦੀ ਇਲਮੀ ਅਤੇ ਅਦਬੀ ਤਹਿਜ਼ੀਬ ਨੂੰ ਮਾਣਨ ਦੀ ਇੱਕ ਦਿਲੀ ਰੀਝ ਵੀ ਸੀ। ਉਨ੍ਹੀਂ ਦਿਨੀਂ ਮੈਂ ਚੰਡੀਗੜ੍ਹ ਨੌਕਰੀ ਕਰਦਾ ਸਾਂ। ਸੈਮੀਨਾਰ ਦੀ ਸੂਚਨਾ ਮਿਲਦਿਆਂ ਹੀ ਮੈਂ ਫ਼ੌਰਨ ਛੁੱਟੀ ਦੀ ਅਰਜ਼ੀ ਦੇ ਦਿੱਤੀ ਤਾਂ ਜੋ ਸਮੇਂ ਸਿਰ ਰੇਲਵੇ ਰਿਜ਼ਰਵੇਸ਼ਨ ਕਰਵਾ ਸਕਾਂ। ਪਰ ਦਫਤਰੀ ਰੁਝੇਵਿਆਂ ਕਾਰਨ ਮੇਰੀ ਉਹ ਅਰਜ਼ੀ ਹੋਰਨਾਂ ਫਾਇਲਾਂ ਅਤੇ ਕਾਗ਼ਜ਼ਾਂ ਦੇ ਢੇਰ ਹੇਠ ਦੱਬੀ ਹੀ ਰਹਿ ਗਈ। ਮੈਂ ਵੀ ਇਸੇ ਭੁਲੇਖੇ ਵਿੱਚ ਰਿਹਾ ਕਿ ਇਹ ਤਾਂ ਇੱਕ ਆਮ ਜਿਹੀ ਗੱਲ ਹੈ, ਪ੍ਰਵਾਨਗੀ ਤਾਂ ਮਿਲ ਹੀ ਜਾਣੀ ਹੈ। ਸੋ ਕੋਈ ਬਹੁਤੀ ਭੱਜ-ਨੱਠ ਨਾ ਕੀਤੀ। ਆਖ਼ਰਕਾਰ ਜਿਸ ਦਿਨ ਮੈਂ ਰਵਾਨਾ ਹੋਣਾ ਸੀ, ਉਸੇ ਸ਼ਾਮ ਦਫਤਰ ਬੰਦ ਹੋਣ ਤੋਂ ਮਹਿਜ਼ ਅੱਧਾ ਘੰਟਾ ਪਹਿਲਾਂ ਛੁੱਟੀ ਮਨਜ਼ੂਰ ਹੋਈ। ਹੁਣ ਸਥਿਤੀ ਅਜਿਹੀ ਬਣ ਗਈ ਕਿ ਰਿਜ਼ਰਵੇਸ਼ਨ ਨਾ ਹੋਣ ਕਰਕੇ ਬਿਨਾਂ ਸੀਟ ਇੰਨਾ ਲੰਮਾ ਸਫਰ ਕਰਨਾ ਮੇਰੇ ਲਈ ਇੱਕ ਵੱਡੀ ਚੁਣੌਤੀ ਸੀ। ਉੱਤੋਂ ਮਨ ਵਿੱਚ ਇਹ ਤੌਖ਼ਲਾ ਸੀ ਕਿ ਰਾਤ ਭਰ ਦੀ ਖੱਜਲ-ਖੁਆਰੀ ਅਤੇ ਉਨੀਂਦਰੇ ਮਗਰੋਂ ਪਤਾ ਨਹੀਂ ਅਗਲੇ ਦਿਨ ਸੈਮੀਨਾਰ ਵਿੱਚ ਪੂਰੇ ਉਤਸ਼ਾਹ ਨਾਲ ਪੇਸ਼ਕਾਰੀ ਕਰ ਵੀ ਸਕਾਂਗਾ ਕਿ ਨਹੀਂ। ਪਰ ਉੱਥੇ ਪਹੁੰਚਣਾ ਮੇਰੀ ਨਾ ਕੇਵਲ ਅਕਾਦਮਿਕ, ਸਗੋਂ ਨੈਤਿਕ ਜ਼ਿੰਮੇਵਾਰੀ ਵੀ ਸੀ; ਕਿਉਂਕਿ ਮੈਂ ਇਸ ਪ੍ਰੋਗਰਾਮ ਲਈ ਆਪਣੀ ਲਿਖਤੀ ਸਹਿਮਤੀ ਪਹਿਲਾਂ ਹੀ ਦੇ ਚੁੱਕਾ ਸਾਂ ਅਤੇ ਵਾਅਦਾ ਕਰਕੇ ਪਿੱਛੇ ਹਟਣਾ ਮੇਰੇ ਸੁਭਾਅ ਦੇ ਉਲਟ ਸੀ।

ਦਫਤਰੋਂ ਵਿਹਲੇ ਹੁੰਦਿਆਂ ਹੀ ਮੈਂ ਸਿੱਧਾ ਘਰ ਪਹੁੰਚਿਆ। ਵਕਤ ਬਹੁਤ ਘੱਟ ਸੀ, ਇਸ ਲਈ ਬਿਨਾਂ ਸਮਾਂ ਗੁਆਏ ਮੈਂ ਕਾਹਲੀ-ਕਾਹਲੀ ਆਪਣਾ ਜ਼ਰੂਰੀ ਸਾਮਾਨ, ਕੁਝ ਕੱਪੜੇ, ਖੋਜ-ਪਰਚਾ ਅਤੇ ਅਲੀਗੜ੍ਹ ਤੋਂ ਮਿਲਿਆ ਉਹ ਸੱਦਾ-ਪੱਤਰ ਬੈਗ ਵਿੱਚ ਸਮੇਟ ਲਏ। ਮਾਂ ਨੇ ਮੇਰੀ ਇਸ ਹਫੜਾ-ਦਫੜੀ ਨੂੰ ਦੇਖਦਿਆਂ ਝਟਪਟ ਰਸੋਈ ਵਿੱਚੋਂ ਆਪਣੇ ਹੱਥੀਂ ਬਣਾਈਆਂ ਮੱਠੀਆਂ ਦਾ ਇੱਕ ਲਿਫ਼ਾਫ਼ਾ ਤਿਆਰ ਕੀਤਾ ਅਤੇ ਨਾਲ ਹੀ ਪਾਣੀ ਦੀ ਬੋਤਲ ਫੜਾਉਂਦਿਆਂ ਬੜੇ ਮੋਹ ਨਾਲ ਕਿਹਾ, “ਕਾਕਾ! ਪੈਂਡਾ ਬਹੁਤ ਲੰਮਾ ਐ, ਕਿਤੇ ਭੁੱਖ-ਤਿਹਾ ਲੱਗੀ ਤਾਂ ਇਹ ਖਾ ਲਈਂ... ਉੱਤੋਂ ਕਹਿਰ ਦੀ ਗਰਮੀ ਐ, ਪਾਣੀ ਪੀਂਦਾ ਰਹੀਂ ਤੇ ਪੁੱਤ, ਆਪਣਾ ਖ਼ਿਆਲ ਰੱਖੀਂ, ਜ਼ਰਾ ਸੰਭਲ ਕੇ ਜਾਈਂ!” ਮਾਂ ਦੇ ਇਨ੍ਹਾਂ ਸ਼ਬਦਾਂ ਵਿੱਚ ਅਜਿਹੀ ਮਮਤਾ ਸੀ ਜਿਸਨੇ ਮੇਰੇ ਪੈਂਡੇ ਦੀ ਸ਼ੁਰੂਆਤ ਨੂੰ ਹੀ ਮੋਹ-ਭਿੱਜੀ ਅਤੇ ਭਾਵੁਕ ਬਣਾ ਦਿੱਤਾ।

ਮੈਂ ਆਟੋ ਫੜ ਕੇ ਸਟੇਸ਼ਨ ਵੱਲ ਹੋ ਤੁਰਿਆ। ਉੱਥੇ ਪੁੱਛਗਿੱਛ ਖਿੜਕੀ ਤੋਂ ਪਤਾ ਲੱਗਾ, “ਅਲੀਗੜ੍ਹ ਲਈ ਹੁਣ ਸਿਰਫ ਕਾਲਕਾ ਮੇਲ ਹੀ ਹੈ ਜੀ, ਜੋ ਰਾਤ ਸਵਾ ਇੱਕ ਵਜੇ ਰਵਾਨਾ ਹੋਵੇਗੀ।” ਹੁਣ ਮੇਰੇ ਕੋਲ ਇੰਤਜ਼ਾਰ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਭਾਵੇਂ ਅੱਧੀ ਰਾਤ ਦਾ ਵੇਲਾ ਸੀ ਪਰ ਹਾੜ੍ਹ ਦੀ ਉਸ ਠਹਿਰੀ ਹੋਈ ਪੌਣ ਵਿੱਚ ਦਿਨ ਵਾਲੀ ਤਪਸ਼ ਅਜੇ ਵੀ ਪਿੰਡੇ ਨੂੰ ਲੂਹ ਰਹੀ ਸੀ; ਜਿਵੇਂ ਚਾਰੇ ਪਾਸਿਓਂ ਸੇਕ ਉੱਠ ਰਿਹਾ ਹੋਵੇ। ਪਲੇਟਫਾਰਮ ’ਤੇ ਟਹਿਲਦਿਆਂ ਮੇਰੇ ਮਨ ਵਿੱਚ ਸੈਮੀਨਾਰ ਦਾ ਉਤਸ਼ਾਹ ਅੱਤ ਦੀ ਇਸ ਗਰਮੀ ’ਤੇ ਭਾਰੂ ਪੈ ਰਿਹਾ ਸੀ। ਬੱਸ, ਮੇਰੇ ’ਤੇ ਇੱਕੋ ਹੀ ਧੁਨ ਸਵਾਰ ਸੀ ਕਿ ਇਹ ਗੱਡੀ ਹਰ ਹੀਲੇ ਫੜਨੀ ਹੈ, ਕਿਉਂਕਿ ਸਵੇਰੇ ਸਾਢੇ ਅੱਠ ਵਜੇ ਅਲੀਗੜ੍ਹ ਪਹੁੰਚ ਕੇ ਹੀ ਮੈਂ ਦਸ ਵਜੇ ਸ਼ੁਰੂ ਹੋਣ ਵਾਲੇ ਸੈਮੀਨਾਰ ਵਿੱਚ ਸਮੇਂ ਸਿਰ ਸ਼ਾਮਲ ਹੋ ਸਕਦਾ ਸਾਂ। ਹਕੀਕਤ ਤਾਂ ਇਹ ਸੀ ਕਿ ਇਹ ਸਫਰ ਹੁਣ ਮੇਰੇ ਲਈ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਸੀ।

ਸਟੇਸ਼ਨ ਦੇ ਲਾਊਡਸਪੀਕਰ ਤੋਂ ਗੂੰਜਦੀ ਭਾਰੀ ਆਵਾਜ਼, “ਕਿਰਪਾ ਕਰਕੇ ਯਾਤਰੀ ਧਿਆਨ ਦੇਣ, ਕਾਲਕਾ ਤੋਂ ਦਿੱਲੀ ਹੋ ਕੇ ਹਾਵੜਾ ਨੂੰ ਜਾਣ ਵਾਲੀ ‘ਕਾਲਕਾ ਮੇਲ’ ਕੁਝ ਹੀ ਦੇਰ ਵਿੱਚ ਪਲੇਟਫਾਰਮ ਨੰਬਰ ਇੱਕ ’ਤੇ ਪਹੁੰਚ ਰਹੀ ਹੈ।” ਨੇ ਪਲੇਟਫਾਰਮ ’ਤੇ ਪਹਿਲਾਂ ਹੀ ਪਸਰੀ ਬੇਚੈਨੀ ਵਿੱਚ ਇੱਕ ਅਜੀਬ ਜਿਹੀ ਹਲਚਲ ਤੇਜ਼ ਕਰ ਦਿੱਤੀ। ਮੁਸਾਫਰਾਂ ਦਾ ਅਜਿਹਾ ਭਾਰੀ ਹਜੂਮ ਸੀ ਕਿ ਪਲੇਟਫਾਰਮ ’ਤੇ ਤਿਲ ਸੁੱਟਣ ਲਈ ਵੀ ਥਾਂ ਨਹੀਂ ਸੀ। ਜਿੱਥੇ ਤਕ ਨਜ਼ਰ ਜਾਂਦੀ ਸੀ, ਜ਼ਿਆਦਾਤਰ ਆਪੋ-ਆਪਣੇ ਘਰਾਂ ਨੂੰ ਪਰਤਣ ਦੀ ਕਾਹਲ ਵਿੱਚ ਪ੍ਰਵਾਸੀ ਮਜ਼ਦੂਰ ਹੀ ਦਿਖਾਈ ਦੇ ਰਹੇ ਸਨ। ਇੰਝ ਪ੍ਰਤੀਤ ਹੁੰਦਾ ਸੀ ਜਿਵੇਂ ਪੂਰਾ ਪਲੇਟਫਾਰਮ ਹੀ ਉਨ੍ਹਾਂ ਦੇ ਰੰਗ ਵਿੱਚ ਰੰਗਿਆ ਗਿਆ ਹੋਵੇ। ਜਿਵੇਂ ਹੀ ਗੱਡੀ ਆਪਣੀ ਪੂਰੀ ਗੜਗੜਾਹਟ ਨਾਲ ਪਲੇਟਫਾਰਮ ’ਤੇ ਆ ਕੇ ਰੁਕੀ, ਚਾਰੇ ਪਾਸੇ ਅਫਰਾ-ਤਫਰੀ ਮਚ ਗਈ। ਉਹ ਲੋਕ ਆਪਣੇ ਬੁੱਚਕਿਆਂ, ਲੋਹੇ ਦੇ ਪੀਪਿਆਂ ਅਤੇ ਗਠੜੀਆਂ ਸਣੇ, ਵਿਲਕਦੇ ਬੱਚਿਆਂ ਨੂੰ ਕੁੱਛੜ ਅਤੇ ਘਨੇੜੇ ਚੁੱਕੀ ਭੇਡਾਂ-ਬੱਕਰੀਆਂ ਵਾਂਗ ਏ.ਸੀ. ਕੋਚਾਂ ਵਿੱਚ ਹੀ ਧਸ ਗਏ। ਡੱਬੇ ਦੇ ਅੰਦਰ ਇੱਕ ਭਾਰੀ ‘ਕਾਵਾਂ-ਰੌਲੀ’ ਮਚੀ ਹੋਈ ਗਈ। ਹਰ ਕੋਈ ਜਗ੍ਹਾ ਹਥਿਆਉਣ ਲਈ ਜੱਦੋਜਹਿਦ ਕਰ ਰਿਹਾ ਸੀ। ਪੱਕੀ ਟਿਕਟ ਨਾ ਹੋਣ ਦੇ ਬਾਵਜੂਦ ਉਸ ਭਿਆਨਕ ਗਰਮੀ ਤੋਂ ਬਚਣ ਅਤੇ ਵਕਤ ਸਿਰ ਮੰਜ਼ਿਲ ’ਤੇ ਪਹੁੰਚਣ ਦੀ ਮਜਬੂਰੀ ਨੇ ਮੈਨੂੰ ਵੀ ਹਿੰਮਤ ਬਖ਼ਸ਼ੀ ਅਤੇ ਮੈਂ ਵੀ ਉਸੇ ਭੀੜ ਦਾ ਹਿੱਸਾ ਬਣ ਕੇ ਅੰਦਰ ਧੱਕਿਆ ਗਿਆ।

ਗੱਡੀ ਨੇ ਅਜੇ ਰਫਤਾਰ ਫੜੀ ਹੀ ਸੀ ਕਿ ਖਚਾਖਚ ਭਰੇ ਡੱਬੇ ਵਿੱਚ ਸਾਹ ਲੈਣਾ ਵੀ ਮੁਹਾਲ ਹੋ ਗਿਆ ਸੀ। ਅਜਿਹੇ ਦਮ-ਘੋਟੂ ਆਲਮ ਨੂੰ ਚੀਰਦੇ ਹੋਏ ਕਰੜੇ ਤੇਵਰਾਂ ਵਾਲੇ ਇੱਕ ਟੀ.ਟੀ.ਈ. ਦਾਖ਼ਲ ਹੋਏ। ਪੰਜਾਹਾਂ ਨੂੰ ਢੁੱਕੀ ਉਮਰ, ਲੰਮਾ-ਲੰਝਾ ਕੱਦ, ਇਕਹਿਰਾ ਜੁੱਸਾ ਅਤੇ ਧੌਲੀ-ਸਿਆਹ ਦਾੜ੍ਹੀ ਉਨ੍ਹਾਂ ਦੇ ਚਿਹਰੇ-ਮੋਹਰੇ ਨੂੰ ਹੋਰ ਵੀ ਰੋਹਬਦਾਰ ਬਣਾ ਰਹੀ ਸੀ। ਕਾਲੇ ਕੋਟ ਦੀ ਹਿੱਕ ’ਤੇ ਲੱਗੀ ਪਿੱਤਲ ਦੀ ਤਖ਼ਤੀ ਉੱਤੇ ਉਨ੍ਹਾਂ ਦਾ ਨਾਂ ‘ਅਬਦੁਲ ਲਤੀਫ’ ਸਾਫ ਚਮਕ ਰਿਹਾ ਸੀ। ਉਨ੍ਹਾਂ ਨੇ ਇੱਕੋ ਹੱਥ ਵਿੱਚ ‘ਚੂੰਡੀ ਵਾਲੇ ਗੱਤੇ’ ਵਿੱਚ ਨਪੇ ਹੋਏ ਰਿਜ਼ਰਵੇਸ਼ਨ ਚਾਰਟ ’ਤੇ ਰਸੀਦ ਬੁੱਕ ਫੜੀ ਹੋਈ ਸੀ ਅਤੇ ਦੂਜੇ ਹੱਥ ਨਾਲ ਭੀੜ ਨੂੰ ਪਰੇ ਪਛਾੜਦੇ ਹੋਏ ਉਹ ਸ਼ੁੱਧ ਹਿੰਦੁਸਤਾਨੀ ਲਹਿਜੇ ਵਿੱਚ ਗਰਜੇ, “ਯੇ ਏ.ਸੀ. ਕੋਚ ਹੈ, ਅਗਲੇ ਸਟੇਸ਼ਨ ਪਰ ਉੱਤਰਨੇ ਕੀ ਜ਼ਹਿਮਤ ਕੀਜੀਏ, ਵਰਨਾ ਭਾਰੀ ਜੁਰਮਾਨਾ ਅਦਾ ਕਰਨਾ ਪੜੇਗਾ!” ਫਿਰ ਐਨਕ ਦੇ ਉੱਪਰੋਂ ਪਾਰਖੂ ਨਜ਼ਰਾਂ ਨਾਲ ਝਾਕਦਿਆਂ ਉਹ ਮੇਰੇ ਕੋਲ ਆ ਕੇ ਰੁਕੇ ਅਤੇ ਭਾਰੀ ਆਵਾਜ਼ ਵਿੱਚ ਬੋਲੇ, “ਸਰਦਾਰ ਜੀ, ਅਪਨੀ ਟਿਕਟ ਦਿਖਾਈਏ!”

ਉਨ੍ਹਾਂ ਦੇ ਇਸ ਸਰਕਾਰੀ ਰੋਹਬ-ਦਾਬ ਨੂੰ ਦੇਖ ਕੇ ਮੈਂ ਪਹਿਲਾਂ ਤਾਂ ਥੋੜ੍ਹਾ ਜਿਹਾ ਠਠੰਬਰ ਗਿਆ, ਪਰ ਫਿਰ ਤੁਰੰਤ ਖ਼ੁਦ ਨੂੰ ਸੰਭਾਲਿਆ। ਮੈਂ ਚਾਹੁੰਦਾ ਸਾਂ ਕਿ ਮੇਰੀ ਗੱਲਬਾਤ ਦਾ ਉਨ੍ਹਾਂ ’ਤੇ ਕੋਈ ਅਜਿਹਾ ਪ੍ਰਭਾਵ ਪਵੇ ਕਿ ਉਹ ਮੇਰੀ ਬੇਵਸੀ ਨੂੰ ਖ਼ੁਦ-ਬ-ਖ਼ੁਦ ਮਹਿਸੂਸ ਕਰ ਸਕਣ। ਬੱਸ ਇਹੋ ਸੋਚ ਕੇ, ਮੈਂ ਸਲੀਕੇ ਨਾਲ ਆਪਣੀ ਜਗ੍ਹਾ ਤੋਂ ਉੱਠਿਆ ਅਤੇ ਉਨ੍ਹਾਂ ਵੱਲ ਮੁਖ਼ਾਤਿਬ ਹੁੰਦਿਆਂ ਬੜੀ ਗਰਮਜੋਸ਼ੀ ਨਾਲ ਸਲਾਮ ਕੀਤਾ, “ਅਸਲਾਮ-ਓ-ਅਲੈਕੁਮ, ਜਨਾਬ!” ਮੇਰੀ ਇਸ ਅਦਬੀ ਪਹਿਲ ਨੇ ਜਿਵੇਂ ਕੋਈ ਜਾਦੂਈ ਅਸਰ ਦਿਖਾਇਆ ਹੋਵੇ। ਉਨ੍ਹਾਂ ਦੇ ਤੇਵਰਾਂ ਦੀ ਕਰੜਾਈ ਸਹਿਜੇ ਹੀ ਅਪਣੱਤ ਵਿੱਚ ਬਦਲ ਗਈ ਅਤੇ ਉਨ੍ਹਾਂ ਬੜੇ ਨਿੱਘ ਨਾਲ ਜਵਾਬ ਦਿੱਤਾ, “ਵਾਲੈਕੁਮ-ਅੱਸਲਾਮ! ਸਰਦਾਰ ਜੀ, ਕੈਸੇ ਮਿਜ਼ਾਜ ਹੈਂ ਆਪ ਕੇ?”

ਮੈਨੂੰ ਅਹਿਸਾਸ ਹੋ ਗਿਆ ਸੀ ਕਿ ਹੁਣ ਲੋਹਾ ਪੂਰੀ ਤਰ੍ਹਾਂ ਗਰਮ ਹੈ; ਸੋ ਮੈਂ ਉਰਦੂ ਦੇ ਉਸੇ ਸ਼ਾਇਸਤਾ ਲਹਿਜੇ ਵਿੱਚ ਆਪਣੀ ਸਥਿਤੀ ਬਿਆਨ ਕੀਤੀ: “ਜਨਾਬ! ਮਾਜ਼ਰਤ (ਮਾਫ਼ੀ) ਚਾਹਤਾ ਹੂੰ, ਕੁਛ ਅਜਿਹੇ ਨਾਗੁਜ਼ੀਰ (ਮਜਬੂਰੀ ਵਾਲੇ) ਹਾਲਾਤ ਪੇਸ਼ ਆਏ ਕਿ ਮੁਝੇ ਅਲੀਗੜ੍ਹ ਕਿਸੀ ਨਿਹਾਇਤ ਜ਼ਰੂਰੀ ਕਾਮ ਕੇ ਲਿਏ ਬਿਨਾਂ ਰਿਜ਼ਰਵੇਸ਼ਨ ਕੇ ਹੀ ਨਿਕਲਨਾ ਪੜਾ। ਅਬ ਆਪ ਜੈਸੇ ਸ਼ਫ਼ੀਕ (ਮਿਹਰਬਾਨ) ਅਫਸਰ ਹੀ ਅੱਲ੍ਹਾ ਕੇ ਫਜ਼ਲ-ਓ-ਕਰਮ ਸੇ ਮੇਰੀ ਮਦਦ ਕਰ ਸਕਤੇ ਹੈਂ।”

ਮੇਰੀ ਇਹ ਗੁਫਤਗੂ ਸੁਣ ਕੇ ਅਬਦੁਲ ਲਤੀਫ ਹੁਰੀਂ ਦੰਗ ਰਹਿ ਗਏ। ਉਨ੍ਹਾਂ ਦੀਆਂ ਅੱਖਾਂ ਵਿੱਚ ਇੱਕ ਅਨੋਖੀ ਹੈਰਾਨੀ ਅਤੇ ਰੂਹਾਨੀ ਖੇੜਾ ਸੀ। ਗ਼ਾਲਿਬਨ, ਉਨ੍ਹਾਂ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਕੋਈ ਪੰਜਾਬੀ ਗੱਭਰੂ ਉਰਦੂ ਦੇ ਅਜਿਹੇ ਸ਼ੀਰੀਂ ਲਹਿਜੇ ਵਿੱਚ ਉਨ੍ਹਾਂ ਨਾਲ ਗੱਲ ਕਰ ਸਕਦਾ ਹੈ। ਉਨ੍ਹਾਂ ਨੇ ਬੜੇ ਮੋਹ ਨਾਲ ਪੁੱਛਿਆ, “ਸਰਦਾਰ ਜੀ! ਪੰਜਾਬੀ ਹੋ ਕਰ ਆਪ ਇਤਨੀ ਅੱਛੀ ਉਰਦੂ ਕੈਸੇ ਬੋਲ ਲੇਤੇ ਹੈਂ? ਜ਼ਰਾ ਬਤਾਈਏ, ਯੇ ਖ਼ੂਬਸੂਰਤ ਲਹਿਜਾ ਆਪ ਨੇ ਕਹਾਂ ਸੇ ਸੀਖਾ?”

ਮੈਂ ਬਹੁਤ ਹੀ ਹਲੀਮੀ ਨਾਲ ਮੁਸਕਰਾਉਂਦਿਆਂ ਜਵਾਬ ਦਿੱਤਾ, “ਜਨਾਬ, ਮੈਂ ਕਿਸੇ ਉਸਤਾਦ ਤੋਂ ਬਕਾਇਦਾ ਉਰਦੂ ਦੀ ਤਾਲੀਮ ਹਾਸਲ ਨਹੀਂ ਕੀਤੀ। ਸਗੋਂ ਸੱਚ ਤਾਂ ਇਹ ਹੈ ਕਿ ਮੈਨੂੰ ਉਰਦੂ ਲਿਪੀ ਨਾ ਪੜ੍ਹਨੀ ਆਉਂਦੀ ਹੈ ਅਤੇ ਨਾ ਹੀ ਲਿਖਣੀ। ਮੈਂ ਤਾਂ ਬੱਸ ਲੰਮੇ ਅਰਸੇ ਤੋਂ ‘ਬੀ.ਬੀ.ਸੀ. ਉਰਦੂ ਸਰਵਿਸ’ ਤੋਂ ਨਸ਼ਰ ਹੁੰਦੀਆਂ ਖ਼ਬਰਾਂ ਅਤੇ ਆਲਮੀ ਹਾਲਾਤ ’ਤੇ ਹੋਣ ਵਾਲੇ ਤਬਸਰਿਆਂ ਨੂੰ ਬੜੀ ਸ਼ਿੱਦਤ ਨਾਲ ਸੁਣ-ਸੁਣ ਕੇ ਹੀ ਇਹ ਮਾੜੀ-ਮੋਟੀ ਉਰਦੂ ਬੋਲਣੀ ਸਿੱਖੀ ਹੈ। ਰਹੀ ਗੱਲ ਅੰਦਾਜ਼ ਦੀ, ਤਾਂ ਪਾਕਿਸਤਾਨੀ ਡਰਾਮਿਆਂ ਦੀ ਬੜੇ ਸਲੀਕੇ ਵਾਲੀ ਮਿੱਠੀ ਬੋਲ-ਚਾਲ ਅਤੇ ਮਿਆਰੀ ‘ਤਰਜ਼-ਏ-ਅਦਾਇਗੀ’ ਨੇ ਮੇਰੀ ਗੁਫਤਗੂ ਵਿੱਚ ਇੱਕ ਅਨੋਖਾ ਨਿਖਾਰ ਲਿਆ ਦਿੱਤਾ ਹੈ। ਉਸ ਦੌਰਾਨ ਜੋ ਵੀ ਦਿਲਕਸ਼ ਅਲਫ਼ਾਜ਼ ਕੰਨੀਂ ਪੈਂਦੇ, ਮੈਂ ਉਨ੍ਹਾਂ ਨੂੰ ਤੁਰੰਤ ਆਪਣੀ ਇੱਕ ਨਿੱਜੀ ਡਾਇਰੀ ਵਿੱਚ ਗੁਰਮੁਖੀ ਅੱਖਰਾਂ ਵਿੱਚ ਹੀ ‘ਕਲਮਬੰਦ’ ਕਰ ਲੈਂਦਾ ਸੀ। ਉਸੇ ਡਾਇਰੀ ਵਿੱਚ ਸਾਂਭੇ ਇਨ੍ਹਾਂ ਲਫਜ਼ਾਂ ਨੂੰ ਵਾਰ-ਵਾਰ ਜ਼ਬਾਨ ’ਤੇ ਚੜ੍ਹਾਉਣ ਦੇ ਸਿਰੜ ਨੇ ਹੀ ਅੱਜ ਮੈਨੂੰ ਤੁਹਾਡੇ ਸਾਹਮਣੇ ਦੋ ਅੱਖਰ ਬੋਲਣ ਜੋਗਾ ਬਣਾਇਆ ਹੈ।”

ਬਹਰਹਾਲ, ਮੇਰੀ ਇਸ ਬਦਹਵਾਸੀ ਅਤੇ ਮਜਬੂਰੀ ਭਰੀ ਦਾਸਤਾਨ ਨੂੰ ਸੁਣ ਕੇ ਅਬਦੁਲ ਲਤੀਫ ਹੁਰਾਂ ਦੇ ਰਵੱਈਏ ਵਿੱਚ ਜ਼ਮੀਨ-ਅਸਮਾਨ ਦਾ ਫਰਕ ਆ ਗਿਆ। ਉਹ ਬੜੀ ਸੰਜੀਦਗੀ ਨਾਲ ਬੋਲੇ, “ਸਰਦਾਰ ਜੀ, ਆਪ ਇਤਮੀਨਾਨ ਸੇ ਬੈਠੀਏ। ਮੈਂ ਅੰਬਾਲੇ ਸਟੇਸ਼ਨ ਪਰ ਆਪ ਕੀ ਸੀਟ ਕਾ ਕੋਈ ਨਾ ਕੋਈ ਇੰਤਜ਼ਾਮ ਕਰਤਾ ਹੂੰ।” ਉਨ੍ਹਾਂ ਦੀ ਇਸ ਨਰਮੀ ਸਦਕਾ ਮੇਰੇ ਮਨ ਦਾ ਬੋਝ ਭਾਵੇਂ ਕੁਝ ਹੌਲਾ ਤਾਂ ਹੋਇਆ, ਪਰ ਬੇ-ਟਿਕਟਾ ਫੜੇ ਜਾਣ ਦਾ ਖ਼ਦਸ਼ਾ ਅਜੇ ਵੀ ਜਿਉਂ ਦਾ ਤਿਉਂ ਬਰਕਰਾਰ ਸੀ। ਦਰਅਸਲ, ਮੇਰੇ ਕੋਲ ਸਿਰਫ ਜਨਰਲ ਡੱਬੇ ਦੀ ਟਿਕਟ ਸੀ ਅਤੇ ਏ.ਸੀ. ਕੋਚ ਵਿੱਚ ਮੇਰਾ ਇਸ ਤਰ੍ਹਾਂ ਸਫਰ ਕਰਨਾ ਨਾ ਕੇਵਲ ਗ਼ੈਰ-ਕਾਨੂੰਨੀ ਸੀ, ਸਗੋਂ ਇਖ਼ਲਾਕੀ ਤੌਰ ’ਤੇ ਵੀ ਮੈਨੂੰ ਗ਼ਲਤ ਲੱਗ ਰਿਹਾ ਸੀ। ਮੇਰਾ ਮਨ ਭੈਅ ਅਤੇ ਸਹਿਮ ਦੀ ਅਜਿਹੀ ਗ੍ਰਿਫਤ ਵਿੱਚ ਸੀ ਕਿ ਮੋਟਾ ਜੁਰਮਾਨਾ ਭਰਨਾ ਤਾਂ ਕੋਈ ਵੱਡੀ ਗੱਲ ਨਹੀਂ ਸੀ, ਪਰ ਫਿਕਰ ਇਸ ਗੱਲ ਦਾ ਸੀ ਕਿ ਸਰਕਾਰੀ ਨੌਕਰੀ ਵਿੱਚ ਹੋਣ ਕਰਕੇ ਕਿਧਰੇ ਮੇਰੀ ਇੱਜ਼ਤ ਅਤੇ ਮੁਲਾਜ਼ਮਤ ’ਤੇ ਕੋਈ ਹਰਫ ਨਾ ਆ ਜਾਵੇ। ਲਿਹਾਜ਼ਾ, ਜਦੋਂ ਤਕ ਮੈਨੂੰ ਕਾਨੂੰਨੀ ਤੌਰ ’ਤੇ ਬਰਥ ਨਹੀਂ ਸੀ ਮਿਲ ਜਾਂਦੀ, ਤਦ ਤਕ ਮੇਰਾ ਮਨ ਡਿੱਕੇ-ਡੋਲੇ ਖਾਂਦਾ ਰਿਹਾ।

ਜਿਵੇਂ ਹੀ ਗੱਡੀ ਅੰਬਾਲਾ ਸਟੇਸ਼ਨ ’ਤੇ ਰੁਕੀ, ਅਬਦੁਲ ਲਤੀਫ ਜੀ ਨੇ ਆਪਣੀ ਡਿਊਟੀ ਨਿਭਾਉਂਦਿਆਂ ਰਿਜ਼ਰਵੇਸ਼ਨ ਚਾਰਟ ’ਤੇ ਨਜ਼ਰ ਮਾਰੀ। ਕਿਸੇ ਮੁਸਾਫਰ ਦੇ ਨਾ ਪਹੁੰਚਣ ਕਾਰਨ ਖ਼ਾਲੀ ਹੋਈ ਇੱਕ ਬਰਥ ਉਨ੍ਹਾਂ ਨੇ ਤੁਰੰਤ ਮੇਰੇ ਨਾਮ ਅਲਾਟ ਕਰ ਦਿੱਤੀ। ਬਾਕਾਇਦਾ ਰਸੀਦ ਕੱਟ ਕੇ ਮੇਰੇ ਹੱਥ ਫੜਾਉਂਦਿਆਂ ਉਹ ਬੜੇ ਹੀ ਅਪਣੱਤ ਭਰੇ ਅੰਦਾਜ਼ ਵਿੱਚ ਬੋਲੇ, “ਲੀਜੀਏ ਸਰਦਾਰ ਜੀ, ਅਬ ਆਪ ਬੇ-ਫਿਕਰੀ ਸੇ ਆਪਣੀ ਮੰਜ਼ਿਲ ਤਕ ਕਾ ਸਫਰ ਤੈਅ ਕੀਜੀਏ।” ਕਾਇਦੇ ਅਨੁਸਾਰ ਉਸ ਸੀਟ ਦਾ ਹੱਕ ਮਿਲਦਿਆਂ ਹੀ ਮੇਰਾ ਸਾਰਾ ਡਰ ਜਾਂਦਾ ਰਿਹਾ ਅਤੇ ਮਨ ਪੂਰੀ ਤਰ੍ਹਾਂ ਅਡੋਲ ਹੋ ਗਿਆ। ਹੁਣ ਮੈਂ ਸਰਕਾਰੀ ਕਾਗ਼ਜ਼ਾਂ ਵਿੱਚ ਵੀ ਉੰਨਾ ਹੀ ਸੁਰੱਖਿਅਤ ਮਹਿਸੂਸ ਕਰ ਰਿਹਾ ਸੀ, ਜਿੰਨਾ ਰੂਹਾਨੀ ਤੌਰ ’ਤੇ ਉਨ੍ਹਾਂ ਦੀ ਸੰਗਤ ਵਿੱਚ।

ਰਾਤ ਦੇ ਸਫਰ ਦੌਰਾਨ ਅਸੀਂ ਇੱਕ-ਦੂਜੇ ਨਾਲ ਇੰਨੇ ਜ਼ਿਆਦਾ ਘੁਲ-ਮਿਲ ਗਏ ਕਿ ਗੱਲਾਂ-ਬਾਤਾਂ ਦਾ ਦੌਰ ਲਗਾਤਾਰ ਜਾਰੀ ਰਿਹਾ। ਅਬਦੁਲ ਲਤੀਫ ਹੁਰੀਂ ਜਦੋਂ ਵੀ ਆਪਣੀ ਡਿਊਟੀ ਦੇ ਗੇੜੇ ਤੋਂ ਵਿਹਲੇ ਹੁੰਦੇ, ਮੁੜ ਮੇਰੇ ਕੋਲ ਆ ਕੇ ਬੈਠ ਜਾਂਦੇ। ਇਸ ਗੁਫਤਗੂ ਦੌਰਾਨ ਉਨ੍ਹਾਂ ਦੀ ਸ਼ਾਇਰਾਨਾ ਰੁਚੀ ਪੂਰੀ ਤਰ੍ਹਾਂ ਉੱਘੜ ਕੇ ਸਾਹਮਣੇ ਆ ਗਈ। ਬੱਸ ਫਿਰ ਕੀ ਸੀ, ਉਨ੍ਹਾਂ ਨੇ ਆਪਣੇ ਕੋਟ ਦੀ ਜੇਬ ਵਿੱਚੋਂ ਇੱਕ ਪਾਕਟ ਡਾਇਰੀ ਕੱਢੀ ਅਤੇ ਉਰਦੂ ਦੇ ਕੁਝ ਆਪਣੇ ਲਿਖੇ ਚੁਣਿੰਦਾ ਸ਼ੇਅਰ ਸੁਣਾ ਕੇ ਮਾਹੌਲ ਨੂੰ ਪੂਰੀ ਤਰ੍ਹਾਂ ਸਾਹਿਤਕ ਰੰਗ ਵਿੱਚ ਢਾਲ ਦਿੱਤਾ। ਉਨ੍ਹਾਂ ਦੇ ਅੰਦਾਜ਼-ਏ-ਬਿਆਂ ਵਿੱਚ ਇੱਕ ਅਜੀਬ ਜਿਹੀ ਰੂਹਾਨੀ ਖਿੱਚ ਸੀ। ਮੈਂ ਵੀ ਉਨ੍ਹਾਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਵਡਮੁੱਲੇ ਅਤੇ ਅਮੀਰ ਵਿਰਸੇ ਅਤੇ ਸਾਡੀਆਂ ਗੂੜ੍ਹੀਆਂ ਸੱਭਿਆਚਾਰਕ ਸਾਂਝਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ, ਜਿਸ ਨੂੰ ਉਹ ਬੜੀ ਰੂਹ ਨਾਲ ਸੁਣਦੇ ਰਹੇ।

ਇਸੇ ਦੌਰਾਨ ਉਨ੍ਹਾਂ ਨੇ ਬੜੀ ਉਤਸੁਕਤਾ ਨਾਲ ਪੁੱਛਿਆ, “ਸਰਦਾਰ ਜੀ, ਇਸ ਸ਼ਦੀਦ ਗਰਮੀ ਮੇਂ ਆਖ਼ਰ ਆਪ ਕਾ ਅਲੀਗੜ੍ਹ ਜਾਨਾ ਕਿਉਂ ਹੂਆ? ਕੋਈ ਖ਼ਾਸ ਵਜਾਹ?” ਮੈਂ ਤੁਰੰਤ ਬੈਗ ਵਿੱਚੋਂ ਆਪਣਾ ਸੱਦਾ-ਪੱਤਰ ਕੱਢ ਕੇ ਉਨ੍ਹਾਂ ਨੂੰ ਦਿਖਾਇਆ ਅਤੇ ਦੱਸਿਆ ਕਿ ਮੈਂ ਉੱਥੇ ‘ਲੋਕ ਸੰਪਰਕ: ਸਮਾਜਿਕ ਸਦਭਾਵਨਾ ਅਤੇ ਆਪਸੀ ਰਾਬਤੇ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ’ ਵਿਸ਼ੇ ’ਤੇ ਆਪਣਾ ਪਰਚਾ ਪੜ੍ਹਨ ਜਾ ਰਿਹਾ ਹਾਂ। ਸੱਦਾ-ਪੱਤਰ ’ਤੇ ਗਹੁ ਨਾਲ ਨਜ਼ਰ ਮਾਰ ਕੇ ਉਹ ਬੜੀ ਸੰਜੀਦਗੀ ਨਾਲ ਬੋਲੇ, “ਮਾਸ਼ਾ-ਅੱਲ੍ਹਾ! ਆਪ ਤੋਂ ‘ਤਾਲੁਕਾਤ-ਏ-ਆਮਾ’ (ਲੋਕ ਸੰਪਰਕ) ਜੈਸੇ ਅਹਿਮ ਮੌਜ਼ੂ ਪਰ ਮਕਾਲਾ (ਪਰਚਾ) ਪੜ੍ਹਨੇ ਜਾ ਰਹੇ ਹੈਂ। ਲੋਗੋਂ ਸੇ ਰਾਬਤਾ ਕਾਇਮ ਕਰਨਾ ਹੀ ਤੋਂ ਇਨਸਾਨੀਅਤ ਕੀ ਸਬ ਸੇ ਬੜੀ ਖ਼ਿਦਮਤ ਹੈ। ਇੰਸ਼ਾ-ਅੱਲ੍ਹਾ, ਖ਼ੁਦਾ ਆਪ ਕੋ ਆਪ ਕੇ ਇਸ ਮਕਸਦ ਮੇਂ ਕਾਮਯਾਬ ਕਰੇ!” ਮੇਰੇ ਸਫਰ ਦਾ ਮੰਤਵ ਜਾਣ ਕੇ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਮੇਰੇ ਲਈ ਸਤਿਕਾਰ ਪਹਿਲਾਂ ਨਾਲੋਂ ਵੀ ਕਿਤੇ ਹੋਰ ਜ਼ਿਆਦਾ ਵਧ ਗਿਆ ਸੀ।

ਗੱਲਾਂ-ਗੱਲਾਂ ਵਿੱਚ ਉਨ੍ਹਾਂ ਦੱਸਿਆ ਕਿ ਉਹ ਅਲੀਗੜ੍ਹ ਦੇ ਹੀ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਇਸੇ ਯੂਨੀਵਰਸਿਟੀ ਤੋਂ ‘ਐੱਮ.ਏ. ਉਰਦੂ’ ਕੀਤੀ ਹੋਈ ਸੀ। ਸ਼ਾਇਦ ਇਹੀ ਕਾਰਨ ਸੀ ਕਿ ਉਹ ਆਪਣੀ ਇਸ ‘ਮਾਂ-ਸੰਸਥਾ’ ਦੀ ਰਵਾਇਤੀ ਤਹਿਜ਼ੀਬ ਅਤੇ ਇਲਮੀ ਮਾਹੌਲ ਦੀਆਂ ਜੋ ਗੱਲਾਂ ਕਰ ਰਹੇ ਸਨ, ਉਹ ਉਨ੍ਹਾਂ ਦੇ ਰੋਮ-ਰੋਮ ਵਿੱਚ ਵਸੀਆਂ ਹੋਈਆਂ ਸਨ। ਹੁਣ ਜਦੋਂ ਡਿਊਟੀ ਖ਼ਤਮ ਕਰਕੇ ਉਹ ਆਪਣੇ ਘਰ-ਪਰਿਵਾਰ ਅਤੇ ਬੱਚਿਆਂ ਕੋਲ ਪਰਤ ਰਹੇ ਸਨ, ਤਾਂ ਉਨ੍ਹਾਂ ਦੇ ਚਿਹਰੇ ’ਤੇ ਆਪਣੇ ਘਰ ਦੇ ਨੇੜੇ ਪਹੁੰਚਣ ਦੀ ਖੁਸ਼ੀ ਅਤੇ ਇੱਕ ਅਜੀਬ ਜਿਹਾ ਸਕੂਨ ਸਾਫ ਝਲਕ ਰਿਹਾ ਸੀ। ਰਾਤ ਦੀ ਇਹ ਸਾਂਝ ਕਦੋਂ ਗੂੜ੍ਹੀ ਹੋ ਗਈ, ਪਤਾ ਹੀ ਨਾ ਲੱਗਿਆ।

ਤੜਕੇ ਪੰਜ ਕੁ ਵਜੇ ਜਦੋਂ ਲਤੀਫ ਹੁਰਾਂ ਲਈ ਸਪੈਸ਼ਲ ਚਾਹ ਬਣ ਕੇ ਆਈ, ਤਾਂ ਉਨ੍ਹਾਂ ਨੇ ਬੜੇ ਮੋਹ ਨਾਲ ਟਰੇਅ ਵਿੱਚੋਂ ਇੱਕ ਪਿਆਲੀ ਚੁੱਕ ਕੇ ਮੇਰੇ ਵੱਲ ਵਧਾਈ। ਜਦੋਂ ਮੈਂ ਚਾਹ ਫੜਨ ਲੱਗਾ, ਤਾਂ ਉਨ੍ਹਾਂ ਪੁਰ-ਖ਼ਲੂਸ ਲਹਿਜੇ ਵਿੱਚ ਕਿਹਾ, “ਲੀਜੀਏ ਸਰਦਾਰ ਜੀ, ਪਹਿਲੇ ਆਪ ਬਿਸਮਿੱਲਾਹ (ਸ਼ੁਭ ਸ਼ੁਰੂਆਤ/ਰੱਬ ਦਾ ਨਾਂ ਲੈ ਕੇ) ਕੀਜੀਏ!” ਮੋਹ ਨਾਲ ਭਰੇ ਇਨ੍ਹਾਂ ਅਲਫ਼ਾਜ਼ਾਂ ਨੇ ਮੈਨੂੰ ਉਨ੍ਹਾਂ ਦੀ ਰਵਾਇਤੀ ਮਹਿਮਾਨ-ਨਿਵਾਜ਼ੀ ਦਾ ਕਾਇਲ ਕਰ ਦਿੱਤਾ। ਚਾਹ ਦੀ ਪਿਆਲੀ ਫੜਦਿਆਂ ਹੀ ਮੈਨੂੰ ਬੈਗ ਵਿੱਚ ਪਈਆਂ ਮੱਠੀਆਂ ਦਾ ਖ਼ਿਆਲ ਆਇਆ। ਮੈਂ ਤੁਰੰਤ ਲਿਫ਼ਾਫ਼ਾ ਕੱਢਿਆ ਅਤੇ ਉਨ੍ਹਾਂ ਅੱਗੇ ਵਧਾਉਂਦਿਆਂ ਕਿਹਾ, “ਜਨਾਬ, ਹੁਣ ਤੁਸੀਂ ਵੀ ਲਓ; ਇਹ ਮੇਰੀ ਮਾਂ ਨੇ ਖ਼ੁਦ ਬਣਾਈਆਂ ਨੇ... ਤਾਂ ਹੀ ਤਾਂ ਰਾਹ ਲਈ ਮਿਲੀ ਇਹ ਸੌਗ਼ਾਤ ਹੁਣ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ।” ਮੱਠੀ ਦਾ ਟੁਕੜਾ ਮੂੰਹ ਵਿੱਚ ਪਾਉਂਦਿਆਂ ਉਹ ਬੜੀ ਮੁਹੱਬਤ ਨਾਲ ਬੋਲੇ, “ਸਰਦਾਰ ਜੀ, ਇਸ ਮੱਠੀ ਮੇਂ ਤੋਂ ਮਾਂ ਕੇ ਹਾਥੋਂ ਕਾ ਜ਼ਾਇਕਾ ਹੈ... ਯੂੰ ਸਮਝੀਏ ਜੈਸੇ ਅੰਮੀ ਕੀ ਦੁਆਓਂ ਸੇ ਕੋਈ ਬੇਨਜ਼ੀਰ ਬਰਕਤ ਮਿਲ ਗਈ ਹੋ।” ਵਾਕਿਆ ਹੀ, “ਮਾਂ’ ਲਫਜ਼ ਦਾ ਨਿੱਘ ਸਰਹੱਦਾਂ ਦੀਆਂ ਵਲਗਣਾਂ ਤੋਂ ਪਾਰ ਹਰ ਦਿਲ ਨੂੰ ਇੱਕੋ ਜਿਹੀ ਮੁਹੱਬਤ ਨਾਲ ਭਰ ਦਿੰਦਾ ਹੈ। ਚਾਹ ਦੀਆਂ ਚੁਸਕੀਆਂ ਅਤੇ ਮੱਠੀਆਂ ਦਾ ਉਹ ਸੁਆਦ ਇਸ ਰੂਹਾਨੀ ਸਾਂਝ ਨੂੰ ਹੋਰ ਵੀ ਪੀਡੀ ਗੰਢ ਦੇ ਗਿਆ।

ਸਾਂਝਾਂ ਦੀ ਇਸ ਤੰਦ ਨੇ ਸਾਡੇ ਦਰਮਿਆਨ ਅਜਿਹਾ ਆਪਸੀ ਪਿਆਰ ਪੈਦਾ ਕਰ ਦਿੱਤਾ ਕਿ ਗੱਲਾਂ-ਬਾਤਾਂ ਦੇ ਇਸ ਨਿੱਘੇ ਸਿਲਸਿਲੇ ਵਿੱਚ ਵਕਤ ਦਾ ਕੁਝ ਪਤਾ ਹੀ ਨਹੀਂ ਲੱਗਿਆ। ਜਦੋਂ ਅਲੀਗੜ੍ਹ ਸਟੇਸ਼ਨ ’ਤੇ ਗੱਡੀ ਰੁਕੀ, ਤਾਂ ਲਤੀਫ ਸਾਹਿਬ ਆਪਣੀ ਡਿਊਟੀ ਤੋਂ ਫਾਰਗ ਹੋ ਚੁੱਕੇ ਸਨ। ਹੁਣ, ਉਨ੍ਹਾਂ ਆਪਣਾ ਬੈਗ ਚੁੱਕਿਆ ਤੇ ਮੈਂ ਆਪਣਾ ਸਾਮਾਨ ਸਮੇਟਿਆ ਅਤੇ ਅਸੀਂ ਗੱਡੀਓਂ ਹੇਠਾਂ ਪਲੇਟਫਾਰਮ ’ਤੇ ਉੱਤਰ ਆਏ। ਉੱਥੇ, ਅਗਲੀ ਡਿਊਟੀ ਲਈ ਖੜੋਤੇ ਟੀ.ਟੀ.ਈ. ਨੂੰ ਉਨ੍ਹਾਂ ਬੜੀ ਮੁਸਤੈਦੀ ਨਾਲ ਆਪਣਾ ਚਾਰਜ ਸੌਂਪਿਆ ਅਤੇ ਫਿਰ ਇੱਕ ਆਮ ਮੁਸਾਫਰ ਵਾਂਗ ਮੇਰੇ ਨਾਲ ਬਾਹਰ ਵੱਲ ਹੋ ਤੁਰੇ। ਜਦੋਂ ਵਿਛੜਨ ਦੀ ਘੜੀ ਆਈ, ਤਾਂ ਉਨ੍ਹਾਂ ਨੇ ਬੜੇ ਮੋਹ-ਭਿੱਜੇ ਲਹਿਜੇ ਵਿੱਚ ਆਖਿਆ, “ਖ਼ੁਦਾ ਹਾਫਿਜ਼, ਸਰਦਾਰ ਜੀ!” ਮੈਂ ਵੀ ਉੰਨੀ ਹੀ ਅਪਣੱਤ ਅਤੇ ਅਦਬ ਨਾਲ ਜਵਾਬ ਦਿੱਤਾ, “ਅੱਲ੍ਹਾ ਹਾਫਿਜ਼, ਜਨਾਬ!” ਮੇਰੇ ਮੂੰਹੋਂ ਇਹ ਲਫਜ਼ ਸੁਣਦਿਆਂ ਹੀ ਉਨ੍ਹਾਂ ਦੇ ਕਦਮ ਇੱਕਦਮ ਠਿਠਕ ਗਏ ਅਤੇ ਪਲ ਵਿੱਚ ਹੀ ਉਨ੍ਹਾਂ ਨੇ ਅੱਗੇ ਵਧ ਕੇ ਮੈਨੂੰ ਘੁੱਟ ਕੇ ਆਪਣੀ ਹਿੱਕ ਨਾਲ ਲਾ ਲਿਆ।

ਦਰਅਸਲ, ਇਹ ਸਫਰ ਮੇਰੇ ਲਈ ਸਿਰਫ ਇੱਕ ਅਕਾਦਮਿਕ ਸਫਰ ਹੀ ਨਹੀਂ ਸੀ, ਸਗੋਂ ਇਹ ਇਨਸਾਨੀਅਤ ਅਤੇ ਭਾਸ਼ਾਈ ਮੁਹੱਬਤ ਦੀ ਇੱਕ ਅਜਿਹੀ ਮਿਸਾਲ ਹੋ ਨਿੱਬੜਿਆ ਜਿਸਨੇ ਮੇਰੀ ਰੂਹ ਸਰਸ਼ਾਰ ਕਰ ਦਿੱਤੀ। ਉਸ ਪਲ ਮੈਂ ਮਹਿਸੂਸ ਕੀਤਾ ਕਿ ਦੁਨੀਆ ਵਿੱਚ ਸਭ ਤੋਂ ਵਡਮੁੱਲੀ ਭਾਸ਼ਾ ‘ਅਦਬ’ ਅਤੇ ‘ਮੁਹੱਬਤ’ ਦੀ ਹੈ। ਜ਼ੁਬਾਨਾਂ ਭੂਗੋਲਿਕ ਜਾਂ ਖੇਤਰੀ ਸਰਹੱਦਾਂ ਵੰਡਣ ਲਈ ਨਹੀਂ, ਸਗੋਂ ਦਿਲਾਂ ਦੇ ਪੁਲ ਬਣਾਉਣ ਲਈ ਹੁੰਦੀਆਂ ਹਨ। ਜੇਕਰ ਸਾਡੇ ਲਹਿਜੇ ਵਿੱਚ ਮਿਠਾਸ ਅਤੇ ਦੂਜੇ ਦੇ ਸੱਭਿਆਚਾਰ ਲਈ ਕਦਰ ਅਤੇ ਸਤਿਕਾਰ ਹੋਵੇ ਤਾਂ ਕੋਈ ਵੀ ਅਣਜਾਣ ਸ਼ਖ਼ਸ ਓਪਰਾ ਨਹੀਂ ਲਗਦਾ। ਬੋਲੀ ਸਿਰਫ ਸੰਚਾਰ ਦਾ ਸਾਧਨ ਨਹੀਂ, ਸਗੋਂ ਇਹ ਰੂਹਾਂ ਦੇ ਮਿਲਾਪ ਦਾ ਇੱਕ ਪਾਕ-ਪਵਿੱਤਰ ਜ਼ਰੀਆ ਹੈ।

ਬੋਲੀ ਦੀ ਇਸ ਸਾਂਝ ਬਾਰੇ ਕਿਸੇ ਸ਼ਾਇਰ ਨੇ ਬਖ਼ੂਬ ਲਿਖਿਆ ਹੈ:

ਜ਼ਬਾਨੋਂ ਕੇ ਕਭੀ ਵੀ ਹਾਥ ਯਾ ਬਾਜ਼ੂ ਨਹੀਂ ਹੋਤੇ,
ਮਗਰ ਜਬ ਯੇ ਗਲੇ ਮਿਲਤੀ ਹੈਂ ਤੋਂ ਤਾਰੀਖ਼ ਬਨਤੀ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਓਪਿੰਦਰ ਸਿੰਘ ਲਾਂਬਾ

ਡਾ. ਓਪਿੰਦਰ ਸਿੰਘ ਲਾਂਬਾ

Retd. Additional Director,
Information and Public Relations, Punjab, India.
Phone: (91 - 97800 - 36136)
Email: (
opinder.lamba@gmail.com)

More articles from this author