“ਬਾਪ ਨੂੰ ਉਸ ਭਾਨ ਦੇ ਬਦਲੇ ਬੱਚਿਆਂ ਦੇ ਹੱਸਦੇ ਚਿਹਰੇ ਦੇਖ ਆਪਣੀਆਂ ਸਾਰੀਆਂ ...”
(19 ਮਾਰਚ 2026)
ਹਰ ਬਾਪ ਨੂੰ ਆਪਣੇ ਬੱਚਿਆਂ ਦੀਆਂ ਇੱਛਾਵਾਂ ਪੂਰੀਆਂ ਕਰਕੇ ਇੱਕ ਰੂਹਾਨੀ ਸਕੂਨ ਮਹਿਸੂਸ ਹੁੰਦਾ ਹੈ। ਇਸੇ ਲਈ ਤਾਂ ਉਹ ਮੀਂਹ, ਹਨੇਰੀ, ਧੁੱਪ ਕੁਝ ਵੀ ਨਹੀਂ ਦੇਖਦਾ।
ਇਹ ਗੱਲ ਉਸ ਸਮੇਂ ਦੀ ਹੈ, ਜਦੋਂ ਬੱਚੇ 25 ਪੈਸੇ ਜਾਂ 50 ਪੈਸੇ ਲੈ ਕੇ ਵੀ ਬੜੇ ਖੁਸ਼ ਹੋ ਜਾਂਦੇ ਸਨ। ਪਿਤਾ ਜੀ ਹੌਜਰੀ ਦਾ ਸਮਾਨ ਬਣਾਉਣ ਵਾਲੇ ਕਾਰਖਾਨੇ ਵਿੱਚ ਨੌਕਰੀ ਕਰਦੇ ਸਨ। ਕਾਰਖਾਨਾ ਬਹੁਤ ਦੂਰ ਸੀ ਪਰ ਪਿਤਾ ਜੀ ਮੀਲਾਂ ਦਾ ਸਫਰ ਸਾਈਕਲ ’ਤੇ ਹੀ ਤੈਅ ਕਰ ਲੈਂਦੇ। ਸ਼ਾਮ ਨੂੰ ਜਦੋਂ ਘਰ ਵਾਪਸ ਆਉਂਦੇ ਤਾਂ ਉਹਨਾਂ ਦੇ ਕੁੜਤੇ ਦੀ ਜੇਬ ਵਿੱਚ ਹਰ ਰੋਜ਼ ਕੁਝ ਭਾਨ ਹੁੰਦੀ ਸੀ। ਉਹ ਜਦੋਂ ਘਰ ਪਹੁੰਚ ਕੇ ਹੱਥ-ਮੂੰਹ ਧੋ ਕੇ ਕੱਪੜੇ ਬਦਲਦੇ ਤਾਂ ਕੁੜਤਾ ਬਦਲਦਿਆਂ ਕੁੜਤੇ ਦੀ ਜੇਬ ਵਿਚਲੀ ਭਾਨ ਜ਼ਮੀਨ ’ਤੇ ਡਿਗ ਜਾਂਦੀ ਤੇ ਉਸਦੇ ਬੱਚੇ ਜਿੱਥੇ ਵੀ ਬੈਠੇ ਹੁੰਦੇ, ਭਾਨ ਦਾ ਖੜਕਾ ਸੁਣ ਕੇ ਝੱਟ ਨੱਠੇ ਆਉਂਦੇ ਤੇ ਜ਼ਮੀਨ ਉੱਤੇ ਡਿਗੀ ਸਾਰੀ ਭਾਨ ਭੱਜ-ਭੱਜ ਕੇ ਚੁੱਕ ਲੈਂਦੇ ਤੇ ਪਿਤਾ ਜੀ ਨੂੰ ਦੱਸਦੇ ਕਿ ਅੱਜ ਮੈਂ ਐਨੀ ਭਾਨ ਇਕੱਠੀ ਕੀਤੀ ਤੇ ਮੈਂ ਐਨੀ। ਇਹ ਕਹਿ ਕੇ ਬੱਚੇ ਬਾਪ ਨੂੰ ਘੁੱਟ ਕੇ ਗਲਵੱਕੜੀ ਪਾਉਂਦੇ। ਬੱਚਿਆਂ ਦੇ ਚਿਹਰੇ ਉਸ ਵੇਲੇ ਇੰਝ ਖਿੜ ਜਾਂਦੇ ਜਿਵੇਂ ਖਿੜੇ ਗੁਲਾਬ ਹੋਣ। ਇਕੱਠੀ ਕੀਤੀ ਸਾਰੀ ਭਾਨ ਬੱਚੇ ਆਪਣੀਆਂ-ਆਪਣੀਆਂ ਬੁਘਣੀਆਂ ਵਿੱਚ ਪਾ ਦਿੰਦੇ।
ਬੱਚੇ ਹਰ ਰੋਜ਼ ਸੋਚਦੇ ਸਨ ਕਿ ਕੱਲ੍ਹ ਤੋਂ ਪਿਤਾ ਜੀ ਕਦੇ ਵੀ ਭਾਨ ਕੁੜਤੇ ਵਿੱਚ ਨਹੀਂ ਪਾਉਣਗੇ, ਪਰ ਅਜਿਹਾ ਕੱਲ੍ਹ ਕਦੇ ਵੀ ਨਹੀਂ ਆਇਆ। ਪਿਤਾ ਜੀ ਹਰ ਰੋਜ਼ ਭਾਨ ਕੁੜਤੇ ਦੀ ਜੇਬ ਵਿੱਚ ਹੀ ਪਾਉਂਦੇ, ਹਰ ਰੋਜ਼ ਭਾਨ ਜ਼ਮੀਨ ’ਤੇ ਡਿਗਦੀ ਤੇ ਬੱਚੇ ਹਰ ਰੋਜ਼ ਇਸੇ ਤਰ੍ਹਾਂ ਭੱਜ ਕੇ ਸਾਰੀ ਭਾਨ ਇਕੱਠੀ ਕਰ ਲੈਂਦੇ। ਬੱਚਿਆਂ ਨੂੰ ਭਾਨ ਇਕੱਠੀ ਕਰਕੇ ਖੁਸ਼ੀ ਮਿਲਦੀ ਸੀ, ਕਿਉਂਕਿ ਜਦੋਂ ਬੁਘਣੀਆਂ ਭਰ ਜਾਂਦੀਆਂ ਤਾਂ ਬੱਚੇ ਸਾਰੇ ਪੈਸੇ ਪਿਤਾ ਜੀ ਨੂੰ ਫੜਾ ਕੇ ਜਿਸ ਵੀ ਚੀਜ਼ ਦੀ ਮੰਗ ਕਰਦੇ, ਪਿਤਾ ਜੀ ਕਦੇ ਵੀ ਬੱਚਿਆਂ ਨੂੰ ਉਸ ਚੀਜ਼ ਲਈ ਮਨ੍ਹਾ ਨਹੀਂ ਕਰਦੇ ਸਨ, ਸਗੋਂ ਜੇ ਜੁੜੇ ਹੋਏ ਪੈਸੇ ਚੀਜ਼ ਦੀ ਕੀਮਤ ਤੋਂ ਘੱਟ ਹੁੰਦੇ ਤਾਂ ਬਾਕੀ ਪੈਸੇ ਪਿਤਾ ਜੀ ਕੋਲੋਂ ਪਾ ਦਿੰਦੇ ਪਰ ਉਹ ਚੀਜ਼ ਬੱਚਿਆਂ ਦੇ ਸਾਹਮਣੇ ਹਾਜ਼ਰ ਕਰ ਦਿੰਦੇ। ਬਾਪ ਨੂੰ ਉਸ ਭਾਨ ਦੇ ਬਦਲੇ ਬੱਚਿਆਂ ਦੇ ਹੱਸਦੇ ਚਿਹਰੇ ਦੇਖ ਆਪਣੀਆਂ ਸਾਰੀਆਂ ਦੁੱਖ-ਤਕਲੀਫਾਂ ਮਾਨੋ ਭੁੱਲ ਹੀ ਜਾਂਦੀਆਂ ਸਨ ਤੇ ਬੱਚਿਆਂ ਦੁਆਰਾ ਘੁੱਟ ਕੇ ਪਾਈ ਗਲਵੱਕੜੀ ਨਾਲ ਬਾਪ ਦੀ ਸਾਰੇ ਦਿਨ ਦੀ ਥਕਾਵਟ ਲਹਿ ਜਾਂਦੀ।
ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਕਈ ਵਾਰ ਅਸੀਂ ਵੱਡੀਆਂ ਖ਼ੁਸ਼ੀਆਂ ਪ੍ਰਾਪਤ ਕਰਨ ਲਈ ਨਜ਼ਰ ਅੰਦਾਜ਼ ਕਰ ਦਿੰਦੇ ਹਾਂ, ਜਦੋਂ ਕਿ ਇਨ੍ਹਾਂ ਛੋਟੀਆਂ ਖੁਸ਼ੀਆਂ ਦੀ ਯਾਦ ਸਾਰੀ ਉਮਰ ਸਾਡੇ ਚਿਹਰਿਆਂ ’ਤੇ ਇੱਕ ਅਣਮੁੱਲੀ ਜਿਹੀ ਮੁਸਕਾਨ ਬਿਖੇਰ ਦਿੰਦੀ ਹੈ। ਸੋ ਸਦਾ ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਮਾਣਦੇ ਹੋਏ ਇੱਕ ਖੂਬਸੂਰਤ ਜ਼ਿੰਦਗੀ ਬਤੀਤ ਕਰੀਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































