“ਕਾਮਯਾਬੀ ਦੂਰ ਨਹੀਂ ਹੁੰਦੀ, ਬੱਸ ਥੋੜ੍ਹੀ ਹੋਰ ਮਿਹਨਤ ਮੰਗ ਰਹੀ ਹੁੰਦੀ ਹੈ। ਕਿਸਮਤ ਨੂੰ ਦੋਸ਼ ਦੇਣਾ ...”
(23 ਜਨਵਰੀ 2026)
ਮਿਹਨਤ ਸ਼ਬਦ ਜਿੰਨਾ ਸੌਖਾ ਹੈ, ਮਿਹਨਤ ਕਰਨੀ ਉੰਨੀ ਹੀ ਔਖੀ। ਹਰ ਕੰਮ ਕਰਨ ਲਈ ਮਿਹਨਤ ਬਹੁਤ ਹੀ ਜ਼ਰੂਰੀ ਹੁੰਦੀ ਹੈ। ਅਸੰਭਵ ਨੂੰ ਸੰਭਵ ਬਣਾਉਣ ਲਈ ਮਿਹਨਤ ਬਹੁਤ ਜ਼ਰੂਰੀ ਹੈ। ਕਿਸੇ ਵੀ ਖੇਤਰ ਜਿਵੇਂ ਖੇਡਾਂ, ਪੜ੍ਹਾਈ, ਕੰਮ-ਕਾਜ, ਸਭ ਲਈ ਮਿਹਨਤ ਜ਼ਰੂਰੀ ਹੈ। ਇੱਥੋਂ ਤਕ ਕਿ ਰਿਸ਼ਤੇ ਤੋੜ ਨਿਭਾਉਣ ਲਈ ਵੀ ਮਿਹਨਤ ਜ਼ਰੂਰੀ ਹੈ। ਰੱਬ ਨੇ ਸਾਨੂੰ ਮਨੁੱਖਾ ਜੀਵਨ ਦੇ ਕੇ ਸਾਡੇ ਉੱਤੇ ਰਹਿਮਤ ਕੀਤੀ ਹੈ। ਉਸਦੀ ਇਸ ਰਹਿਮਤ ਨੂੰ ਸੰਭਾਲ ਕੇ ਰੱਖਣ ਲਈ ਵੀ ਮਿਹਨਤ ਬਹੁਤ ਜ਼ਰੂਰੀ ਹੈ। ਇੱਕ ਵਾਰ ਇੱਕ ਬਜ਼ੁਰਗ ਔਰਤ ਦੱਸਦੀ ਸੀ ਕਿ ਉਸਦੀ ਦਾਦੀ ਹਮੇਸ਼ਾ ਉਸਨੂੰ ਬਚਪਨ ਵਿੱਚ ਕਹਿੰਦੀ ਹੁੰਦੀ ਸੀ ਕਿ ਕੁਝ ਵੀ ਖਾਣ ਤੋਂ ਬਾਅਦ ਕੁਰਲੀ ਜ਼ਰੂਰ ਕਰੋ। ਸਾਨੂੰ ਉਸ ਸਮੇਂ ਉਹ ਕੁਰਲੀ ਕਰਨੀ ਔਖੀ ਤਾਂ ਬਹੁਤ ਲਗਦੀ ਸੀ, ਪਰ ਅਸੀਂ ਉਹਨਾਂ ਦਾ ਕਹਿਣਾ ਟਾਲਦੇ ਨਹੀਂ ਸੀ, ਕਿਉਂਕਿ ਸਾਡੇ ਮਾਂ-ਪਿਓ ਨੇ ਸਿਖਾਇਆ ਸੀ ਕਿ ਬਜ਼ੁਰਗਾਂ ਦੀ ਕੋਈ ਵੀ ਗੱਲ ਜਾਂ ਉਹਨਾਂ ਦਾ ਕਿਹਾ ਕੋਈ ਵੀ ਕੰਮ ਅਣਸੁਣਿਆ ਨਹੀਂ ਕਰਨਾ। ਹਮੇਸ਼ਾ ਉਹਨਾਂ ਦਾ ਕਹਿਣਾ ਮੰਨਣਾ ਹੈ। ਅੱਜ ਬਜ਼ੁਰਗ ਹੋ ਕੇ ਮੈਨੂੰ ਸਮਝ ਆਈ ਹੈ ਉਸ ਸਮੇਂ ਤੋਂ ਕੁਰਲੀ ਕਰਨ ਦੇ ਫਾਇਦੇ ਦੀ। ਅੱਜ ਮੇਰੇ ਹਾਣਦੀਆਂ ਸਹੇਲੀਆਂ ਦੇ ਮੂੰਹ ਵਿੱਚ ਦੰਦ ਨਹੀਂ ਰਹੇ ਤੇ ਮੇਰੇ ਅਜੇ ਤਕ ਸਲਾਮਤ ਹਨ। ਸੋ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਅਤੇ ਲਗਾਤਾਰ ਕੋਸ਼ਿਸ਼ਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚੋਂ ਹੀ ਮਿਲ ਜਾਂਦੀਆਂ ਹਨ। ਕੁਝ ਦਿਨ ਔਖਾ ਜ਼ਰੂਰ ਲਗਦਾ ਹੈ, ਪਰ ਕਰਦੇ ਰਹੀਏ ਤਾਂ ਇਹ ਕੋਸ਼ਿਸ਼ਾਂ ਸਾਡੀ ਆਦਤ ਬਣ ਜਾਂਦੀਆਂ ਹਨ।
ਕੁਝ ਲੋਕ, ਜੋ ਬੈਠੇ ਬਿਠਾਏ ਹੀ ਸਭ ਕੁਝ ਹਾਸਲ ਕਰਨਾ ਚਾਹੁੰਦੇ ਹਨ, ਉਹ ਹਮੇਸ਼ਾ ਹੀ ਕਿਸੇ ਚੀਜ਼ ਦੇ ਨਾ ਪ੍ਰਾਪਤ ਹੋਣ ’ਤੇ ਕਿਸਮਤ ਨੂੰ ਦੋਸ਼ ਦੇ ਦਿੰਦੇ ਹਨ। ਉਹ ਇਹ ਨਹੀਂ ਸੋਚਦੇ ਕਿ ਇਸਦੇ ਪਿੱਛੇ ਕੀ ਕਾਰਨ ਹੈ? ਅੱਜ ਅਸੀਂ ਜੋ ਕੁਝ ਵੀ ਹਾਂ, ਆਪਣੇ ਬਜ਼ੁਰਗਾਂ ਦੀ ਕੀਤੀ ਮਿਹਨਤ ਸਦਕਾ ਹੀ ਹਾਂ। ਬੱਚਿਆਂ ਨੂੰ ਹੱਥੀਂ ਕਿਰਤ ਕਰਨ ਦੀ ਆਦਤ ਜ਼ਰੂਰ ਪਾਓ। ਉਹਨਾਂ ਦੁਆਰਾ ਕੀਤੇ ਛੋਟੇ-ਛੋਟੇ ਕੰਮਾਂ ਦੀ ਪ੍ਰਸ਼ੰਸਾ ਕਰੋ, ਜ਼ਰੂਰ ਕਰੋ ਤਾਂ ਜੋ ਉਹ ਆਪਣੇ ਛੋਟੇ-ਛੋਟੇ ਕਦਮਾਂ ਤੇ ਛੋਟੇ-ਛੋਟੇ ਹੱਥਾਂ ਨੂੰ ਹੋਰ ਵੱਡੇ ਅਤੇ ਜ਼ਿੰਮੇਵਾਰੀ ਭਰੇ ਕੰਮਾਂ ਲਈ ਤਿਆਰ ਬਰ ਤਿਆਰ ਰੱਖਣ। ਅੱਜਕੱਲ੍ਹ ਸੋਸ਼ਲ ਮੀਡੀਆ ਦੇ ਇਸ ਯੁਗ ਵਿੱਚ ਬੱਚਿਆਂ ਦੇ ਨਾਲ-ਨਾਲ ਵੱਡਿਆਂ ਨੂੰ ਵੀ ਮੋਬਾਇਲ ਵਰਗੇ ਯੰਤਰਾਂ ਨੇ ਆਲਸੀ ਬਣਾ ਦਿੱਤਾ ਹੈ। ਬੱਚੇ ਤਾਂ ਹਰ ਕੰਮ ਮੋਬਾਇਲ ਦੇਖਦੇ-ਦੇਖਦੇ ਕਰਨ ਦੇ ਆਦੀ ਹੁੰਦੇ ਜਾ ਰਹੇ ਹਨ। ਉਹਨਾਂ ਦੀ ਇਹ ਆਦਤ ਕਈ ਬਿਮਾਰੀਆਂ ਦਾ ਕਾਰਨ ਬਣਦੀ ਜਾ ਰਹੀ ਹੈ। ਉਹਨਾਂ ਦਾ ਇਸ ਭੈੜੀ ਆਦਤ ਤੋਂ ਛੁਟਕਾਰਾ ਪੁਆਉਣ ਲਈ ਘਰ ਵਿੱਚ ਵੱਡਿਆਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ। ਜਦੋਂ ਵੀ ਬੱਚੇ ਕਿਸੇ ਵੀ ਖੇਤਰ ਵਿੱਚ, ਫਿਰ ਭਾਵੇਂ ਉਹ ਖੇਡਾਂ, ਪੜ੍ਹਾਈ ਜਾਂ ਕੋਈ ਵੀ ਹੋਵੇ, ਉਸ ਖੇਤਰ ਵਿੱਚ ਕਦੇ ਜਿੱਤ ਜਾਂ ਹਾਰ ਪ੍ਰਾਪਤ ਕਰਦੇ ਹਨ, ਤਾਂ ਜਿੱਤਣ ’ਤੇ ਉਹਨਾਂ ਨੂੰ ਸ਼ਾਬਾਸ਼ ਵੀ ਦਿਓ ਅਤੇ ਹੋਰ ਮਿਹਨਤ ਲਈ ਪ੍ਰੇਰਿਤ ਕਰੋ ਅਤੇ ਹੰਕਾਰ ਕਰਨ ਤੋਂ ਵਰਜੋ ਪਰ ਜੇ ਹਾਰਦੇ ਹਨ ਤਾਂ ਹਾਰ ਵਰਗੇ ਸ਼ਬਦਾਂ ਦੀ ਬਜਾਏ, ਉਹਨਾਂ ਨੂੰ ਕਹੋ ਕਿ ਅੱਜ ਤੂੰ ਹਾਰਿਆ ਨਹੀਂ, ਸਗੋਂ ਕੁਝ ਨਵਾਂ ਸਿੱਖਿਆ ਹੈ, ਕਿਉਂਕਿ ਇਹ ਦੋਵੇਂ ਸ਼ਬਦ ਇੱਕ ਹੀ ਸਿੱਕੇ ਦੇ ਦੋ ਪਾਸੇ ਹਨ।
ਜਿੱਤਣਾ ਜਾਂ ਸਿੱਖਣਾ।
ਨਿਰਾਸ਼ਾਜਨਕ ਸ਼ਬਦ ਦੀ ਵਰਤੋਂ ਜਿਵੇਂ ਕਿ ਤੂੰ ਇਹ ਕੰਮ ਕਰ ਹੀ ਨਹੀਂ ਸਕਦਾ ਜਾਂ ਤੇਰੇ ਤੋਂ ਕੁਝ ਨਹੀਂ ਹੁੰਦਾ ਜਾਂ ਤੇਰੇ ਤੋਂ ਕੋਈ ਉਮੀਦ ਕਰਨਾ ਬੇਕਾਰ ਹੈ ਜਾਂ ਤੂੰ ਮਿਹਨਤ ਨਹੀਂ ਕੀਤੀ - ਇਹੋ ਜਿਹੇ ਨਿਰਾਸ਼ਾਜਨਕ ਸ਼ਬਦ ਉਹਨਾਂ ਦਾ ਹੌਸਲਾ ਤੋੜ ਦਿੰਦੇ ਹਨ ਅਤੇ ਉਹਨਾਂ ਨੂੰ ਮਿਹਨਤ ਕਰਨ ਤੋਂ ਦੂਰ ਕਰ ਦਿੰਦੇ ਹਨ। ਸਗੋਂ ਆਸ਼ਾਵਾਦੀ ਸ਼ਬਦ ਵਰਤੋ ਅਤੇ ਕਹੋ ਕਿ ਅੱਜ ਤੂੰ ਹਾਰਿਆ ਨਹੀਂ ਸਗੋਂ ਇੱਕ ਨਵਾਂ ਪਾਠ ਸਿੱਖਿਆ ਹੈ। ਅਸੀਂ ਜਾਂ ਤਾਂ ਜਿੱਤਦੇ ਹਾਂ ਜਾਂ ਫਿਰ ਸਿੱਖਦੇ ਹਾਂ। ਜੋ ਗਲਤੀਆਂ ਹੋਈਆਂ ਸਨ ਜਾਂ ਕਮੀਆਂ ਰਹਿ ਗਈਆਂ ਸਨ, ਉਹਨਾਂ ਬਾਰੇ ਡੁੰਘਾਈ ਅਤੇ ਸੰਜੀਦਗੀ ਨਾਲ ਸੋਚੋ ਅਤੇ ਫਿਰ ਉਨ੍ਹਾਂ ਦੂਰ ਕਰਨ ਲਈ ਹੋਰ ਅਭਿਆਸ ਕਰੋ। ਕਾਮਯਾਬੀ ਦੂਰ ਨਹੀਂ ਹੁੰਦੀ, ਬੱਸ ਥੋੜ੍ਹੀ ਹੋਰ ਮਿਹਨਤ ਮੰਗ ਰਹੀ ਹੁੰਦੀ ਹੈ। ਕਿਸਮਤ ਨੂੰ ਦੋਸ਼ ਦੇਣਾ ਕਦੇ ਵੀ ਸਮਝਦਾਰੀ ਨਹੀਂ, ਕਿਉਂਕਿ ਛੋਟੀ ਉਮਰੇ ਹੀ ਬੱਚਿਆਂ ਦੇ ਦਿਮਾਗ ਵਿੱਚ ਅਜਿਹੇ ਸ਼ਬਦ ਭਰਨਾ ਉਹਨਾਂ ਨੂੰ ਨਿਰਾਸ਼ਾਜਨਕ ਬਣਾ ਦੇਵੇਗਾ। ਹਮੇਸ਼ਾ ਇਹ ਆਖੋ: ਮਿਹਨਤ ਮੇਰੀ, ਰਹਿਮਤ ਤੇਰੀ। ਭਾਵ ਪਰਮਾਤਮਾ ਹਮੇਸ਼ਾ ਉਹਨਾਂ ਨੂੰ ਹੀ ਕਾਮਯਾਬੀ ਦਿੰਦਾ ਹੈ ਜੋ ਮਿਹਨਤ ਦਾ ਪੱਲਾ ਨਹੀਂ ਛੱਡਦੇ। ਇੱਥੋਂ ਤਕ ਕਿ ਮੈਂ ਤਾਂ ਆਪਣੀ ਅੱਖੀਂ ਮਾਪਿਆਂ ਦੇ ਅਟੁੱਟ ਵਿਸ਼ਵਾਸ ਅਤੇ ਡਾਕਟਰਾਂ ਦੀ ਲਗਾਤਾਰ ਕੋਸ਼ਿਸ਼ ਅਤੇ ਮਿਹਨਤ ਸਦਕਾ ਬਚਪਨ ਤੋਂ ਹੀ ਦਿਲ ਵਿੱਚ ਛੇਕ ਵਾਲੇ ਮਰੀਜ਼ ਨੂੰ ਵੀ ਬਿਲਕੁਲ ਤੰਦਰੁਸਤ ਹੁੰਦੇ ਅਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰਦੇ ਦੇਖਿਆ ਹੈ।
ਸੋ ਉਸ ਪਰਮਾਤਮਾ ਦੀ ਰਹਿਮਤ ਦੇ ਲਈ ਹਮੇਸ਼ਾ ਮਿਹਨਤ ਕਰਦੇ ਰਹੋ, ਕਰਦੇ ਰਹੋ ਤੇ ਕਰਦੇ ਰਹੋ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































