ParminderKaur6ਅਨਮੋਲ ਸਾਰੀ ਰਾਤ ਇਹੀ ਸੋਚਦਾ ਰਿਹਾ ਕਿ ਮੰਮੀ ਦਾ ਤਾਂ ਕੋਈ ਵੀ ਕੰਮ ਸੌਖਾ ਨਹੀਂ ...
(11 ਜਨਵਰੀ 2026)


(1) ਖੂਨੀ ਡੋਰ

ਕੌਣ ਕਹਿੰਦਾ ਹੈ ਕਿ ਅਸਮਾਨ ਵਿੱਚ ਭੀੜ ਨਹੀਂ ਹੁੰਦੀ, ਜਾਮ ਨਹੀਂ ਲਗਦੇ, ਦੁਰਘਟਨਾਵਾਂ ਨਹੀਂ ਹੁੰਦੀਆਂ। ਅਜੋਕੇ ਯੁਗ ਵਿੱਚ ਇਹ ਸਭ ਕੁਝ ਹੋ ਰਿਹਾ ਹੈ।

ਇੱਕ ਰੁੱਖ ’ਤੇ ਬਹੁਤ ਸਾਰੇ ਪੰਛੀ ਰਹਿੰਦੇ ਸਨ। ਜਦੋਂ ਵੀ ਪੰਛੀ ਘਰੋਂ ਬਾਹਰ ਭੋਜਨ ਦੀ ਭਾਲ ਵਿੱਚ ਜਾਂਦੇ ਤਾਂ ਇੱਕ ਬੁੱਢਾ ਕਬੂਤਰ ਹਰ ਵਾਰ ਕਹਿੰਦਾ ਕਿ ਬਹੁਤੀ ਦੂਰ ਨਾ ਜਾਇਓ, ਦੇਖ ਕੇ ਉਡਿਓ, ਕਿਤੇ ਕਿਸੇ ਖੂਨੀ ਡੋਰ ਵਿੱਚ ਨਾ ਫਸ ਜਾਇਓ। ਅਸਮਾਨ ਵਿੱਚ ਡੋਰਾਂ ਦੀ ਇਹ ਭੀੜ ਹਰ ਰੋਜ਼ ਉਹਨਾਂ ਦੇ ਕਿਸੇ ਨਾ ਕਿਸੇ ਸਾਥੀ ਨੂੰ ਆਪਣੀ ਲਪੇਟ ਵਿੱਚ ਲੈ ਜਾਂਦੀ।

ਬਸੰਤ ਰੁੱਤ ਦਾ ਦਿਨ ਸੀ। ਡਰਦੇ-ਡਰਦੇ ਚਿੜੀਆਂ, ਤੋਤੇ, ਕਾਂ, ਗੁਟਾਰਾਂ ਆਦਿ ਸਾਰੇ ਪੰਛੀਆਂ ਨੇ ਜਦੋਂ ਭੋਜਨ ਦੀ ਭਾਲ ਲਈ ਉਡਾਰੀ ਭਰੀ ਤਾਂ ਸਭ ਦੇ ਮਨ ਵਿੱਚ ਇੱਕ ਹੀ ਡਰ ਸੀ ਕਿ ਪਤਾ ਨਹੀਂ ਅੱਜ ਸ਼ਾਮ ਉਹ ਆਪਣੇ ਆਲ੍ਹਣਿਆਂ ਵਿੱਚ ਵਾਪਸ ਪਰਤਣਗੇ ਜਾਂ ਨਹੀਂ। ਉਹਨਾਂ ਵਿੱਚ ਇੱਕ ਨੰਨ੍ਹੀ ਚਿੜੀ, ਜੋ ਸਭ ਦੀ ਲਾਡਲੀ ਸੀ, ਅਜੇ ਉੱਡਣਾ ਸਿੱਖੀ ਹੀ ਸੀ। ਸਾਰੇ ਪੰਛੀਆਂ ਨੇ ਉਸ ਨੂੰ ਕਿਹਾ ਕਿ ਅੱਜ ਤੂੰ ਆਲ੍ਹਣੇ ਵਿੱਚੋਂ ਬਾਹਰ ਨਹੀਂ ਜਾਵੇਂਗੀ। ਤੇਰਾ ਭੋਜਨ ਅਸੀਂ ਇਕੱਠਾ ਕਰਕੇ ਲਿਆਵਾਂਗੇ ਪਰ ਉੱਡਣ ਦੇ ਚਾਅ ਵਿੱਚ ਉਸ ਨੰਨ੍ਹੀ ਚਿੜੀ ਦੇ ਖੰਭ ਰਹਿ ਨਾ ਸਕੇ ਅਤੇ ਉਹ ਅੱਖ ਬਚਾ ਕੇ ਉਡ ਗਈ।

ਹਮੇਸ਼ਾ ਦੁਪਹਿਰ ਤਕ ਆਲ੍ਹਣੇ ਵਿੱਚ ਵਾਪਸ ਆ ਜਾਣ ਵਾਲੀ ਨੰਨ੍ਹੀ ਚਿੜੀ ਅੱਜ ਵਾਪਸ ਨਾ ਆਈ। ਬੁੱਢਾ ਕਬੂਤਰ ਫਿਕਰ ਵਿੱਚ ਉਸਨੂੰ ਲੱਭਣ ਉੱਡਿਆ ਤੇ ਉਹ ਵੀ ਰਾਤ ਤਕ ਆਲ੍ਹਣੇ ਵਿੱਚ ਵਾਪਸ ਨਾ ਆਇਆ। ਉਸ ਰਾਤ ਤੋਤੇ ਟੈਂ-ਟੈਂ, ਚਿੜੀਆਂ ਚੀਂ-ਚੀਂ ਤੇ ਕਾਂ ਕਾਵਾਂਰੌਲੀ ਪਾਉਂਦੇ ਰਹੇ ਪਰ ਨੰਨ੍ਹੀ ਚਿੜੀ ਅਤੇ ਬੁੱਢਾ ਕਬੂਤਰ ਵਾਪਸ ਨਹੀਂ ਆਏ। ਅਗਲੇ ਦਿਨ ਸਾਰੇ ਪੰਛੀ ਉਨ੍ਹਾਂ ਨੂੰ ਲੱਭਣ ਗਏ ਤਾਂ ਨੰਨ੍ਹੀ ਚਿੜੀ ਅਤੇ ਬੁੱਢਾ ਕਬੂਤਰ, ਦੋਵੇਂ ਹੀ ਖੂਨੀ ਚਾਈਨਾ ਡੋਰ ਵਿੱਚ ਲਿਪਟੇ ਮਰੇ ਹੋਏ ਮਿਲੇ।

ਉਸ ਰੁੱਖ ’ਤੇ ਕਈ ਦਿਨ ਸੰਨਾਟਾ ਛਾਇਆ ਰਿਹਾ।

*   *   *

(2) “ਮੇਰਾ ਪੁੱਤ ਤਾਂ ਰੱਬ ਬਣ ਗਿਆ!”

ਇੱਕ ਵਾਰ ਬੱਚਿਆਂ ਦੇ ਕਹਿਣ ’ਤੇ ਮੈਡਮ ਜੀ ਨੇ ਛੁੱਟੀਆਂ ਦਾ ਕੰਮ ਨਾ ਦਿੱਤਾ। ਬੱਚੇ ਬਹੁਤ ਖੁਸ਼ ਹੋਏ। ਮੈਡਮ ਨੇ ਕਿਹਾ, “ਪਰ ਤੁਸੀਂ ਛੁੱਟੀਆਂ ਵਿੱਚ ਆਪਣੇ ਮਾਤਾ ਪਿਤਾ ਦੀ ਕਿਸੇ ਕੰਮ ਵਿੱਚ ਮਦਦ ਕਰਨੀ ਹੈ, ਜਿਸ ਨਾਲ ਉਨ੍ਹਾਂ ਨੂੰ ਖੁਸ਼ੀ ਮਿਲੇ।”

ਅਨਮੋਲ ਛੁੱਟੀਆਂ ਦੇ ਪਹਿਲੇ ਦਿਨ ਹੀ ਸਵੇਰੇ 6 ਵਜੇ ਉੱਠਿਆ। ਉਸਨੇ ਸੋਚਿਆ ਕਿ ਅੱਜ ਮੈਂ ਮੰਮੀ ਨੂੰ ਕੰਮ ਕਰਦੇ ਹੋਏ ਦੇਖਾਂਗਾ ਤੇ ਜੋ ਕੰਮ ਸੌਖਾ ਲੱਗੇਗਾ, ਉਸ ਵਿੱਚ ਹਰ ਰੋਜ਼ ਮਦਦ ਕਰਾਂਗਾ। ਮੰਮੀ ਉਸਦੇ ਉੱਠਣ ਤੋਂ ਪਹਿਲਾਂ ਹੀ ਨਹਾ ਧੋ ਕੇ ਰਸੋਈ ਵਿੱਚ ਡੈਡੀ ਲਈ ਨਾਸ਼ਤਾ ਤਿਆਰ ਕਰ ਰਹੇ ਸਨ ਤੇ ਨਾਲ ਹੀ ਨਾਲ ਡੈਡੀ ਦੇ ਲਈ ਦੁਪਹਿਰ ਦਾ ਟਿਫਨ ਵੀ ਬਣਾ ਰਹੇ ਸਨ। ਡੈਡੀ ਨੂੰ ਕੰਮ ’ਤੇ ਭੇਜ ਕੇ ਮੰਮੀ ਨੇ ਦਾਦਾ-ਦਾਦੀ ਨੂੰ ਨਾਸ਼ਤਾ ਦਿੱਤਾ ਅਤੇ ਫਿਰ ਬੱਚਿਆਂ ਨੂੰ ਨਾਸ਼ਤਾ ਖਵਾਇਆ। ਬਾਅਦ ਵਿੱਚ ਉਨ੍ਹਾਂ ਨੇ ਸਾਰੇ ਘਰ ਦੀ ਸਫਾਈ ਕੀਤੀ ਤੇ ਫਿਰ ਕੱਪੜੇ ਧੋ ਕੇ ਦੁਪਹਿਰ ਦੇ ਖਾਣੇ ਵੱਲ ਹੋ ਗਏ। ਉਸ ਤੋਂ ਬਾਅਦ ਕੁਝ ਦੇਰ ਬੱਚਿਆਂ ਨੂੰ ਕੋਲ ਬਿਠਾ ਕੇ ਪੜ੍ਹਾਇਆ। ਸ਼ਾਮ ਨੂੰ ਚਾਹ ਪੀ ਕੇ ਪਾਠ ਕੀਤਾ। ਧੋਤੇ ਹੋਏ ਕੱਪੜੇ ਸਾਂਭੇ। ਫਿਰ ਉਹ ਰਾਤ ਦੇ ਖਾਣੇ ਦੀ ਤਿਆਰੀ ਕਰਨ ਲੱਗੇ। ਸਾਰਿਆਂ ਨੂੰ ਰਾਤ ਦੀ ਰੋਟੀ ਖੁਆ ਕੇ ਚੌਂਕਾ-ਭਾਂਡਾ ਸਾਂਭ ਕੇ ਸੌਣ ਲੱਗੇ ਬੱਚਿਆਂ ਨੂੰ ਕਹਾਣੀਆਂ ਸੁਣਾਈਆਂ।

ਅਨਮੋਲ ਸਾਰੀ ਰਾਤ ਇਹੀ ਸੋਚਦਾ ਰਿਹਾ ਕਿ ਮੰਮੀ ਦਾ ਤਾਂ ਕੋਈ ਵੀ ਕੰਮ ਸੌਖਾ ਨਹੀਂ। ਹੁਣ ਮੈਂ ਉਨ੍ਹਾਂ ਦੀ ਮਦਦ ਕਿਵੇਂ ਕਰਾਂ? ਉਸਨੇ ਸੌਂਦੇ ਹੋਏ ਆਪਣੀ ਮੰਮੀ ਨੂੰ ਹੀ ਪੁੱਛਿਆ, ਮੰਮੀ, ਜੇ ਰੱਬ ਤੁਹਾਡੇ ਕੋਲ ਆਵੇ ਅਤੇ ਤੁਹਾਡੀ ਕਿਸੇ ਕੰਮ ਵਿੱਚ ਮਦਦ ਲਈ ਪੁੱਛੇ ਤਾਂ ਤੁਸੀਂ ਕੀ ਕਹੋਗੇ?”

ਮਾਂ ਨੇ ਹੱਸਦੇ ਹੋਏ ਕਿਹਾ ਕਿ ਮੈਂ ਚਾਹੁੰਦੀ ਹਾਂ, ਹਰ ਰੋਜ਼ ਸਵੇਰੇ ਕੋਈ ਚਾਹ ਦਾ ਇੱਕ ਕੱਪ ਮੈਨੂੰ ਬਣਿਆ ਬਣਾਇਆ ਪਿਆ ਦੇਵੇ, ਬੱਸ!

ਅਨਮੋਲ ਹੈਰਾਨ ਸੀ ਕਿ ਮਾਂ ਨੇ ਇੰਨੇ ਔਖੇ ਕੰਮ ਛੱਡ ਰੱਬ ਤੋਂ ਮੰਗਿਆ ਕੀ? - ਇੱਕ ਕੱਪ ਚਾਹ!

ਫਿਰ ਅਨਮੋਲ ਅਗਲੇ ਦਿਨ ਸਵੇਰੇ ਪੰਜ ਵਜੇ ਉੱਠਿਆ ਅਤੇ ਚਾਹ ਦਾ ਕੱਪ ਬਣਾ ਕੇ ਮਾਂ ਨੂੰ ਆਖਦਾ ਹੈ, “ਉੱਠ ਮਾਂ! ਚਾਹ ਪੀ ਲੈ।”

ਮਾਂ ਉੱਠੀ, ਅੱਖਾਂ ਨਮ ਤੇ ਆਖਣ ਲੱਗੀ, “ਓਏ! ਮੇਰਾ ਪੁੱਤ ਤਾਂ ਰੱਬ ਬਣ ਗਿਆ।”

*   *   *

“ਓਏ, ਤੂੰ ਤਾਂ ਰੱਬ ਬਣ ਗਿਆ ...”

ਗਰਮੀ ਦੀਆਂ ਛੁੱਟੀਆਂ ਤੋਂ ਪਹਿਲਾਂ ਸਕੂਲ ਵਿੱਚ ਆਖਰੀ ਦਿਨ ਸੀ। ਸਾਰੇ ਅਧਿਆਪਕ ਬੱਚਿਆਂ ਨੂੰ ਛੁੱਟੀਆਂ ਦਾ ਕੰਮ ਦੇਣ ਵਿੱਚ ਵਿਅਸਤ ਸਨ। ਪੰਜਵੀਂ ਜਮਾਤ ਦੇ ਬੱਚਿਆਂ ਨੂੰ ਜਦੋਂ ਇੰਚਾਰਜ ਅਧਿਆਪਕਾ ਕੰਮ ਦੇਣ ਲੱਗੇ ਤਾਂ ਬੱਚਿਆਂ ਨੇ ਰੌਲਾ ਜਿਹਾ ਪਾ ਲਿਆ ਤੇ ਆਖਣ ਲੱਗੇ, “ਮੈਡਮ ਜੀ, ਇਸ ਵਾਰ ਕੰਮ ਨਾ ਦਿਓ। ਅਸੀਂ ਛੁੱਟੀਆਂ ਦੇ ਮਜ਼ੇ ਲੈਣਾ ਚਾਹੁੰਦੇ ਹਾਂ।”

ਅਧਿਆਪਕਾ ਥੋੜ੍ਹੀ ਦੇਰ ਲਈ ਚੁੱਪ ਰਹੀ ਤੇ ਫਿਰ ਮੁਸਕਰਾਈ। ਉਸਨੇ ਆਖਿਆ, “ਠੀਕ ਹੈ। ... ਪਰ ਤੁਸੀਂ ਛੁੱਟੀਆਂ ਵਿੱਚ ਆਪਣੇ ਮਾਤਾ ਪਿਤਾ ਜੀ ਦੀ ਕਿਸੇ ਕੰਮ ਵਿੱਚ ਮਦਦ ਕਰਨੀ ਹੈ।

ਬੱਚਿਆਂ ਨੇ ਕਿਹਾ, “ਠੀਕ ਹੈ, ਮੈਡਮ ਜੀ। ਇਹ ਤਾਂ ਬਹੁਤ ਹੀ ਸੌਖਾ ਕੰਮ ਹੈ।”

ਉਸ ਦਿਨ ਬੱਚੇ ਚਾਈਂ-ਚਾਈਂ ਘਰ ਪਹੁੰਚੇ ਤੇ ਬਸਤੇ ਰੱਖਦਿਆਂ ਹੀ ਮੌਜਾਂ ਮਾਣਨ ਲੱਗੇ। ਸੋਨੂੰ ਨਾਮ ਦਾ ਬੱਚਾ ਰਾਤ ਨੂੰ ਸੌਣ ਲੱਗਾ ਤਾਂ ਉਸਨੂੰ ਮੈਡਮ ਜੀ ਦਾ ਦਿੱਤਾ ਕੰਮ ਯਾਦ ਆ ਗਿਆ। ਉਸਨੇ ਸੋਚਿਆ ਕਿ ਸਵੇਰੇ ਜਲਦੀ ਉੱਠ ਕੇ ਪਾਪਾ ਨਾਲ ਉਹਨਾਂ ਦੇ ਕੰਮ ’ਤੇ ਜਾਵਾਂਗਾ। ਨਾਲੇ ਤਾਂ ਸਾਈਕਲ ਦੇ ਝੂਟੇ ਮਿਲਣਗੇ ਤੇ ਦੇਖ ਵੀ ਲਵਾਂਗਾ ਕਿ ਪਾਪਾ ਕੀ-ਕੀ ਕੰਮ ਕਰਦੇ ਹਨ। ਜਿਹੜਾ ਵੀ ਕੰਮ ਸੌਖਾ ਲੱਗੇਗਾ, ਉਸ ਵਿੱਚ ਉਹਨਾਂ ਦੀ ਮਦਦ ਕਰ ਦਿਆ ਕਰਾਂਗਾ। ਜਦੋਂ ਉਹ ਸਵੇਰੇ ਉੱਠਿਆ ਤਾਂ ਦੇਖਿਆ ਕਿ ਸਾਢੇ ਸੱਤ ਵਜੇ ਪਾਪਾ ਜੀ ਕੰਮ ’ਤੇ ਜਾਣ ਲਈ ਤਿਆਰ ਬਰ ਤਿਆਰ ਸਨ। ਰੋਟੀ ਦਾ ਡੱਬਾ ਉਹਨਾਂ ਦੇ ਹੱਥ ਵਿੱਚ। ਸੋਨੂੰ ਨੇ ਪਾਪਾ ਜੀ ਨੂੰ ਆਵਾਜ਼ ਦਿੰਦਿਆਂ ਆਖਿਆ, “ਮੈਂ ਵੀ ਤੁਹਾਡੇ ਨਾਲ ਜਾਣਾ ਹੈ।”

ਪਿਤਾ ਜੀ ਨੇ ਆਖਿਆ, “ਤੂੰ ਉੱਥੇ ਕੀ ਕਰੇਂਗਾ? ਥੱਕ ਜਾਵੇਂਗਾ। ਗਰਮੀ ਬਹੁਤ ਹੈ। ਘਰ ਆਰਾਮ ਕਰ।”

ਪਰ ਨਹੀਂ ਸੋਨੂੰ ਨੇ ਤਾਂ ਜਾਣ ਦੀ ਜ਼ਿਦ ਫੜ ਲਈ। ਮੰਮੀ ਨੇ ਆਖਿਆ, “ਚੱਲ ਕੋਈ ਨਾ, ਅੱਜ ਲੈ ਜਾਓ। ਮੈਂ ਜਲਦੀ ਹੀ ਇਸ ਨੂੰ ਤਿਆਰ ਕਰ ਦਿੰਦੀ ਹਾਂ।”

ਮੰਮੀ ਨੇ ਸੋਨੂੰ ਨੂੰ ਨੁਹਾ ਧੁਆ ਕੇ, ਦੁੱਧ ਪਿਆ ਕੇ ਤਿਆਰ ਕਰ ਦਿੱਤਾ। ਪਿਤਾ ਜੀ ਨੇ ਸਾਈਕਲ ਦੇ ਅੱਗੇ ਲੱਗੀ ਛੋਟੀ ਸੀਟ ’ਤੇ ਸੋਨੂੰ ਨੂੰ ਬਿਠਾਇਆ ਤੇ ਚੱਲ ਪਏ। ਸੋਨੂੰ ਦੇ ਪਿਤਾ ਜੀ ਫਲੈਟ ਮਸ਼ੀਨ (ਸਵੈਟਰ ਬਣਾਉਣ ਵਾਲੀ ਮਸ਼ੀਨ) ਚਲਾਉਣ ਦਾ ਕੰਮ ਕਰਦੇ ਸਨ। ਜਦੋਂ ਉਹ ਮਾਲਕਾਂ ਦੇ ਘਰ ਦੁਕਾਨ ਦੀ ਚਾਬੀ ਲੈਣ ਪਹੁੰਚੇ ਤਾਂ ਅੱਜ ਸੋਨੂੰ ਕਰਕੇ ਹੋਈ ਦੇਰੀ ਕਾਰਨ ਪਿਤਾ ਜੀ ਨੂੰ ਮਾਲਕਾਂ ਤੋਂ ਝਿੜਕਾਂ ਪਈਆਂ। ਪਿਤਾ ਜੀ ਨੇ ਹੱਥ ਜੋੜ ਮੁਆਫ਼ੀ ਮੰਗੀ ਤੇ ਚਾਬੀ ਲੈ ਕੇ ਜਾ ਕੇ ਦੁਕਾਨ ਖੋਲ੍ਹੀ।

ਸੋਨੂੰ ਬਹੁਤ ਉਦਾਸ ਹੋਇਆ ਕਿ ਉਸਦੇ ਕਾਰਨ ਅੱਜ ਉਸਦੇ ਪਿਤਾ ਨੂੰ ਝਿੜਕਾਂ ਪੈ ਗਈਆਂ। ਪਿਤਾ ਜੀ ਨੇ ਦੁਕਾਨ ਖੋਲ੍ਹਦਿਆਂ ਹੀ ਸਾਫ-ਸਫ਼ਾਈ ਕੀਤੀ ਤੇ ਭਾਰੇ-ਭਾਰੇ ਥੈਲੇ ਚੁੱਕ-ਚੁੱਕ ਇੱਕ ਪਾਸੇ ਕੀਤੇ। ਫਿਰ ਉਹਨਾਂ ਸੋਨੂੰ ਨੂੰ ਪੱਖੇ ਹੇਠਾਂ ਬਿਠਾਇਆ। ਪਿਤਾ ਜੀ ਫਿਰ ਫਲੈਟ ਮਸ਼ੀਨ ਚਲਾਉਣ ਲੱਗੇ। ਇਹ ਸਵੈਟਰ ਬਣਾਉਣ ਵਾਲੀ ਮਸ਼ੀਨ ਹੁੰਦੀ ਹੈ, ਜੋ ਖੜ੍ਹੇ ਹੋ ਕੇ ਦੋਹਾਂ ਹੱਥਾਂ ਨਾਲ ਹੈਂਡਲ ਫੜ ਕੇ ਸੱਜੇ ਤੋਂ ਖੱਬੇ ਅਤੇ ਖੱਬੇ ਤੋਂ ਸੱਜੇ ਚਲਾਈ ਜਾਂਦੀ ਹੈ। ਫਿਰ ਮਾਲਕ ਪਹੁੰਚੇ ਤਾਂ ਸੋਨੂੰ ਦੇ ਪਿਤਾ ਜੀ ਨੇ ਸਾਰੇ ਕਾਮਿਆਂ ਅਤੇ ਮਾਲਕਾਂ ਦੇ ਲਈ ਚਾਹ ਬਣਾਈ। ਪਿਤਾ ਜੀ ਸੋਨੂੰ ਲਈ ਠੰਢੀ-ਠੰਢੀ ਸ਼ਰਬਤ ਲੈ ਕੇ ਆਏ। ਚਾਹ ਪੀ ਕੇ ਪਿਤਾ ਜੀ ਫਿਰ ਮਸ਼ੀਨ ਚਲਾਉਣ ਲੱਗੇ। ਦੁਪਹਿਰ ਹੋ ਗਈ।

ਪਿਤਾ ਜੀ ਨੂੰ ਇੰਨੀ ਦੇਰ ਖੜ੍ਹਾ ਦੇਖ ਸੋਨੂੰ ਥੱਕ ਗਿਆ ਸੀ। ਉਹ ਸਮਝ ਗਿਆ ਕਿ ਕਿਉਂ ਉਸਦੇ ਪਿਤਾ ਜੀ ਦੇ ਲੱਤਾਂ ਅਤੇ ਪੈਰ ਦੁੱਖਦੇ ਰਹਿੰਦੇ ਹਨ। ਉਸਨੇ ਆਖਿਆ, “ਪਿਤਾ ਜੀ ਤੁਸੀਂ ਕੁਝ ਦੇਰ ਬੈਠ ਜਾਓ।”

ਪਿਤਾ ਜੀ ਨੇ ਆਖਿਆ, “ਪੁੱਤਰ, ਬੱਸ ਹੁਣੇ ਰੋਟੀ ਖਾਂਦੇ ਹਾਂ ਤੇ ਫਿਰ ਥੋੜ੍ਹੀ ਦੇਰ ਆਰਾਮ ਕਰਾਂਗੇ।”

ਦੋਹਾਂ ਨੇ ਬੈਠ ਕੇ ਰੋਟੀ ਖਾਧੀ ਤੇ 10-15 ਮਿੰਟ ਆਰਾਮ ਕੀਤਾ। ਉਸ ਤੋਂ ਬਾਅਦ ਪਿਤਾ ਜੀ ਫਿਰ ਮਸ਼ੀਨ ਚਲਾਉਣ ਲੱਗੇ। ਮਾਲਕ ਨੇ ਆਖਿਆ ਕਿ ਅੱਜ ਦਾ ਆਰਡਰ ਤਿਆਰ ਕਰਕੇ ਸਾਰਾ ਮਾਲ ਬੱਸ ਅੱਡੇ ’ਤੇ ਛੱਡ ਕੇ ਆਉਣਾ ਹੈ। ਪਿਤਾ ਜੀ ਜਲਦੀ ਨਾਲ ਫਿਰ ਤੋਂ ਕੰਮ ਕਰਨ ਲੱਗੇ ਤੇ ਸਾਰਾ ਮਾਲ ਤਿਆਰ ਕਰਕੇ ਸ਼ਾਮ ਸੱਤ ਵਜੇ ਭਾਰੇ-ਭਾਰੇ ਥੈਲੇ ਰਿਕਸ਼ੇ ’ਤੇ ਢੋਅ ਕੇ ਬੱਸ ਅੱਡੇ ’ਤੇ ਛੱਡ ਕੇ ਆਏ ਤੇ ਵਾਪਸ ਆ ਕੇ ਦੁਕਾਨ ਦਾ ਸਾਰਾ ਸਮਾਨ ਸੰਭਾਲ ਕੇ ਦੁਕਾਨ ਵਧਾਈ ਅਤੇ ਚਾਬੀ ਮਾਲਕਾਂ ਦੇ ਹੱਥ ਫੜਾ ਕੇ, ਸੋਨੂੰ ਨੂੰ ਸਾਈਕਲ ’ਤੇ ਬਿਠਾਇਆ ਅਤੇ ਘਰ ਨੂੰ ਚੱਲ ਪਏ।

ਰਸਤੇ ਵਿੱਚ ਜਾਂਦੇ-ਜਾਂਦੇ ਘਰ ਦਾ ਰੋਜ਼ਾਨਾ ਲੋੜ ਦਾ ਸਮਾਨ ਖਰੀਦਿਆ। ਪਸੀਨੇ ਨਾਲ ਬਿੱਜੇ ਪਾਪਾ ਘਰ ਪਹੁੰਚੇ ਤੇ ਆਖਿਆ, “ਸੋਨੂੰ ਨੂੰ ਅੰਦਰ ਪੱਖੇ ਹੇਠਾਂ ਬਿਠਾਓ। ਗਰਮੀ ਬਹੁਤ ਹੈ। ਥੱਕ ਗਿਆ ਹੋਣਾ।”

ਪਰ ਉਨ੍ਹਾਂ ਆਪਣੀ ਥਕਾਵਟ ਦੀ ਕੋਈ ਪਰਵਾਹ ਨਹੀਂ ਕੀਤੀ। ਸੋਨੂੰ ਨੇ ਸੋਚਿਆ ਕਿ ਪਿਤਾ ਜੀ ਦਾ ਕੰਮ ਤਾਂ ਬਹੁਤ ਹੀ ਔਖਾ ਅਤੇ ਭਾਰਾ ਹੈ, ਮੈਂ ਤਾਂ ਨਹੀਂ ਕਰ ਸਕਦਾ। ਹੁਣ ਮੈਂ ਕੀ ਕਰਾਂ? ਪਿਤਾ ਜੀ ਨੇ ਨਹਾ ਧੋ ਕੇ ਖਾਣਾ ਖਾਧਾ ਅਤੇ ਕੁਝ ਸਮਾਂ ਬੱਚਿਆਂ ਤੇ ਦਾਦਾ-ਦਾਦੀ ਨਾਲ ਬਿਤਾਇਆ। ਬਿਸਤਰ ’ਤੇ ਸੌਣ ਹੀ ਲੱਗੇ ਤਾਂ ਸੋਨੂੰ ਨੇ ਆਪਣੇ ਪਾਪਾ ਨੂੰ ਜੱਫੀ ਪਾ ਲਈ। ਸੋਨੂੰ ਦੇ ਪਾਪਾ ਨੇ ਪੁੱਛਿਆ ਕਿ ਕੱਲ੍ਹ ਜਾਣਾ ਮੇਰੇ ਨਾਲ? ਸੋਨੂੰ ਨੇ ਇਕਦਮ ਹੀ ਜਵਾਬ ਦਿੱਤਾ, “ਨਹੀਂ।”

ਫਿਰ ਸੋਨੂੰ ਸੋਚਾਂ ਵਿੱਚ ਪੈ ਗਿਆ ਤੇ ਪਿਤਾ ਜੀ ਨੂੰ ਪੁੱਛਣ ਲੱਗਾ, “ਪਿਤਾ ਜੀ, ਜੇ ਰੱਬ ਤੁਹਾਡੇ ਕੋਲ ਆਵੇ ਤੇ ਤੁਹਾਡੇ ਕਿਸੇ ਕੰਮ ਵਿੱਚ ਮਦਦ ਕਰਨ ਨੂੰ ਕਹੇ ਤਾਂ ਤੁਸੀਂ ਕੀ ਚਾਹੋਗੇ?”

ਪਿਤਾ ਨੇ ਜਵਾਬ ਦਿੱਤਾ, “ਮੈਂ ਚਾਹੁੰਦਾ ਹਾਂ ਕਿ ਰਾਤ ਨੂੰ ਸੌਣ ਵੇਲੇ ਕੋਈ 10 ਮਿੰਟ ਮੇਰੇ ਪੈਰ ਦਬਾ ਦੇਵੇ, ਬੱਸ।” ਇਹ ਕਹਿੰਦੇ ਹੀ ਪਿਤਾ ਜੀ ਦੀ ਅੱਖ ਲੱਗ ਗਈ। ਸੋਨੂੰ ਬਹੁਤ ਹੈਰਾਨ ਸੀ ਤੇ ਕੁਝ ਦੇਰ ਸੋਚਦਾ ਰਿਹਾ ਕਿ ਪਿਤਾ ਜੀ ਨੇ ਐਨੇ ਔਖੇ-ਭਾਰੇ ਕੰਮ ਛੱਡ ਰੱਬ ਤੋਂ ਮੰਗਿਆ ਤਾਂ ਕੀ? ਫਿਰ ਉਸੇ ਸਮੇਂ ਉਸਨੇ ਆਪਣੇ ਪਿਤਾ ਜੀ ਦੇ ਪੈਰ ਆਪਣੇ ਨਰਮ-ਨਰਮ ਹੱਥਾਂ ਨਾਲ ਦਬਾਉਣੇ ਸ਼ੁਰੂ ਕਰ ਦਿੱਤੇ। ਮਾਤਾ ਜੀ ਕਮਰੇ ਵਿੱਚ ਆਏ ਤਾਂ ਸੋਨੂੰ ਦੇ ਪਿਤਾ ਜੀ ਤੇ ਸੋਨੂੰ ਨੂੰ ਗਰਮ-ਗਰਮ ਦੁੱਧ ਪੀਣ ਲਈ ਆਵਾਜ਼ ਦਿੱਤੀ। ਪਿਤਾ ਜੀ ਦੀ ਅੱਖ ਖੁੱਲ੍ਹੀ ਤਾਂ ਕੀ ਦੇਖਦੇ ਹਨ ਕਿ ਸੋਨੂੰ ਉਹਨਾਂ ਦੇ ਪੈਰ ਦਬਾ ਰਿਹਾ ਸੀ। ਉਹਨਾਂ ਦੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਸੋਨੂੰ! ਓਏ ਤੂੰ ਰੱਬ ਬਣ ਗਿਆ ...।”

ਉਸੇ ਦਿਨ ਤੋਂ ਸੋਨੂੰ ਹਰ ਰੋਜ਼ ਰਾਤ ਨੂੰ ਕੁਝ ਸਮਾਂ ਆਪਣੇ ਪਿਤਾ ਜੀ ਦੇ ਪੈਰ ਦਬਾਉਂਦਾ ਤੇ ਇੱਕ ਅਲੱਗ ਹੀ ਸਕੂਨ ਮਹਿਸੂਸ ਕਰਦਾ।

*       *       *       *       *

ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਪਰਮਿੰਦਰ ਕੌਰ

ਪਰਮਿੰਦਰ ਕੌਰ

Whatsapp: (91 - 98773 - 46150)
Email: (parminderk579@gmail.com)