“ਸਾਡੇ ਕੋਲੋਂ ਰਾਗੀ, ਢਾਡੀ ਅਤੇ ਕਈ ‘ਜਥੇਦਾਰ’ ਵੀ ਫਲਾਣੇ ਬਰਾਂਡ ਦੀ ਸ਼ਰਾਬ ਲੈਣ ...”
(25 ਜਨਵਰੀ 2026)
ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਸ਼ਹਿਰ ਲਾਗਲੇ ਪਿੰਡ ਪਾਲ੍ਹੇਵਾਲ ਕੁਟੀਆ ਵਿੱਚ ਰਹਿੰਦੇ ਹੁੰਦੇ ਸਨ ਸੰਤ ਗਿਆਨਾ ਨੰਦ, ਜੋ ਹਮੇਸ਼ਾ ਭਗਵੇਂ ਰੰਗ ਦੀ ਗਿਲਤੀ ਪਹਿਨਦੇ ਸਨ। ਦੇਸੀ ਜੜ੍ਹੀ-ਬੂਟੀਆਂ ਦੀਆਂ ਦਵਾਈਆਂ ਬਣਾਉਣ ਦਾ ਸ਼ਰਫ ਵੀ ਹਾਸਲ ਸੀ ਉਨ੍ਹਾਂ ਨੂੰ। ਸੂਰਤ ਪੱਖੋਂ ਤਾਂ ਉਹ ਸਨ ਘੋਨ ਮੋਨ ਪਰ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਚੰਗੇ ਜਾਣੂ ਹੋਣ ਕਰਕੇ ਦੂਰ ਦੂਰ ਦੇ ਸਿੱਖ ਸਮਾਗਮਾਂ ਵਿੱਚ ਵੀ ਉਨ੍ਹਾਂ ਨੂੰ ਬੁਲਾਇਆ ਜਾਂਦਾ ਸੀ। ਮੇਰਾ ਉਨ੍ਹਾਂ ਨਾਲ ਅਕਸਰ ਮੇਲ ਮਿਲਾਪ ਹੁੰਦਾ ਰਹਿੰਦਾ ਸੀ। ਪਿਆਰ ਨਾਲ ਉਹ ਮੈਨੂੰ ‘ਤ੍ਰੈ-ਨੇਤਰ ਸਿੰਘ’ ਕਹਿ ਕੇ ਬੁਲਾਇਆ ਕਰਦੇ ਸਨ।
ਸਾਡੇ ਪਿੰਡ ਆਇਆਂ ਕੋਈ ਗੱਲ ਚੱਲੀ ਤੋਂ ਉਨ੍ਹਾਂ ਮੈਨੂੰ ਆਪਣੀ ਇੱਕ ਅਜੀਬ ਜਿਹੀ ਹੱਡ-ਬੀਤੀ ਸੁਣਾਈ। ਇੰਗਲੈਂਡ ਰਹਿੰਦੇ ਉਨ੍ਹਾਂ ਦੇ ਸ਼ਰਧਾਲੂਆਂ ਨੇ ਪਿਆਰ ਸਤਿਕਾਰ ਨਾਲ ਉਨ੍ਹਾਂ ਨੂੰ ਆਪਣੇ ਕੋਲ ਯੂ.ਕੇ ਬੁਲਾਇਆ। ਉੱਥੇ ਜਾ ਕੇ ਸੰਤ ਜੀ ਨੂੰ ਪਤਾ ਲੱਗਾ ਕਿ ਉਹ ਸ਼ਰਧਾਲੂ ਉੱਥੇ ਸ਼ਰਾਬ ਦਾ ਕਾਰੋਬਾਰ ਕਰਦੇ ਹਨ। ਜਿਵੇਂ ਸਾਧ ਬਾਬਿਆਂ ਦੇ ਸ਼ਰਧਾਲੂ ਜਨ ਨਿੱਜੀ ਕਾਰੋਬਾਰ ਵਿੱਚ ਬਣਦੇ ਉਤਪਾਦ ਆਪਣੇ ਸੰਤਾਂ ਨੂੰ ਵਰਤਣ ਲਈ ਭੇਟ ਕਰਕੇ ਜ਼ਿਆਦਾ ਪ੍ਰਸੰਨ ਹੁੰਦੇ ਹਨ, ਤਿਵੇਂ ਇਹ ਇੰਗਲੈਂਡੀਏ ਸ਼ਰਧਾਲੂ ਬਾਬੇ ਗਿਆਨਾ ਨੰਦ ਨੂੰ ਸ਼ਰਾਬ ਦੀ ਪੇਸ਼ਕਸ਼ ਕਰਨ ਲੱਗੇ! ਸੰਤ ਦੱਸਣ ਲੱਗੇ, “ਮੈਂ ਉਨ੍ਹਾਂ ਨੂੰ ‘ਅਕਲ ਨੂੰ ਹੱਥ ਮਾਰੋ!’ ਕਹਿ ਕੇ ਵਰਜਿਆ ਵੀ ਪਰ ਉਹ ਸ਼ਰਾਬ ਪੀਣ ਬਾਰੇ ਕਈ ਤਰ੍ਹਾਂ ਦੀਆਂ ਦਲੀਲਾਂ ਦੇਣ ਲੱਗ ਪਏ। ਕਦੇ ਕੋਈ ਬੋਤਲ ਮੇਰੇ ਮੋਹਰੇ ਰੱਖ ਕੇ ਕਿਹਾ ਕਰਨ ਕਿ ਇਹ ਸ਼ਰਾਬ ਨਹੀਂ ਜੌਆਂ ਦਾ ਅਰਕ ਹੀ ਹੈ। ਗਰਮੀਆਂ ਵਿੱਚ ਜੌਆਂ ਦੇ ਸੱਤੂ ਵੀ ਸਾਰੇ ਪੀ ਲੈਂਦੇ ਹਨ, ਇਸ ‘ਪਾਣੀ’ ਨੂੰ ਵੀ ਸੱਤੂ ਹੀ ਸਮਝੋ। ਕਦੇ ਕਿਸੇ ਹੋਰ ਰੰਗ ਦੀ ਬੋਤਲ ਮੇਰੇ ਅੱਗੇ ਰੱਖਕੇ ਕਹਿਣ ਕਿ ਇਹਨੂੰ ਤਾਂ ਇੱਥੇ ਆਪਣੀਆਂ ਬੀਬੀਆਂ ਵੀ ਪੀ ਲੈਂਦੀਆਂ ਹਨ! ਤੁਸੀਂ ਇਹ ਤਾਂ ਛਕ ਕੇ ਦੇਖੋ। ਮੇਰੇ ਵੱਲੋਂ ਪੱਕਾ ਇਨਕਾਰ ਕਰੀ ਜਾਣ ’ਤੇ ਉਹ ਇੱਕ ਦਿਨ ਥੋੜ੍ਹਾ ਕੁ ਝੁੰਜਲਾ ਕੇ ਕਹਿਣ ਲੱਗੇ ਕਿ ਸੰਤ ਜੀ, ਤੁਸੀਂ ਸਾਡੀ ਸ਼ੌਪ ’ਤੇ ਚੱਲ ਕੇ ਦੇਖਿਉ, ਸਾਡੇ ਕੋਲੋਂ ਰਾਗੀ, ਢਾਡੀ ਅਤੇ ਕਈ ‘ਜਥੇਦਾਰ’ ਵੀ ਫਲਾਣੇ ਬਰਾਂਡ ਦੀ ਸ਼ਰਾਬ ਲੈਣ ਆਉਂਦੇ ਹਨ। ਜੇ ਉਹ ਧਾਰਮਿਕ ਪ੍ਰਚਾਰਕ ਲੋਕ ਕਿਤੇ ਥੋੜ੍ਹੀ ਬਹੁਤ ਸ਼ਰਾਬ ਪੀ ਲੈਂਦੇ ਹਨ ਤਾਂ ਸਾਡੀ ‘ਸ਼ਰਧਾ’ ਪੂਰੀ ਕਰਦਿਆਂ ਤੁਹਾਡੇ ਦੋ ਘੁੱਟ ਪੀਣ ਨਾਲ ਕੀ ਗੁਨਾਹ ਹੋ ਚੱਲਿਆ ਐ ਭਲਾ? ਉਨ੍ਹਾਂ ਦੇ ਮੂੰਹੋਂ ਇਹ ਗੱਲ ਸੁਣਕੇ ਮੈਂ ਹੱਸਦਿਆਂ ਕਿਹਾ - ਬੱਸ ਬੱਸ ਬੱਸ ... ਭਾਈ ਸਿੱਖੋ, ਮੈਂ ਇਸੇ ਕਰਕੇ ਹੀ ਨਹੀਂ ਪੀਂਦਾ ਕਿ ਕੋਈ ਇੱਕ-ਅੱਧ ਧਾਰਮਿਕ ਪ੍ਰਚਾਰਕ ਅਜਿਹਾ ਵੀ ਹੋਣਾ ਹੀ ਚਾਹੀਦਾ ਹੈ ਕਿ ਜਿਸਦੀ ‘ਨਾ ਪੀਂਦਾ ਹੋਣ ਦੀ’ ਮਿਸਾਲ ਦਿੱਤੀ ਜਾ ਸਕੇ? ਬਈ ਅਜਿਹਾ ਵੀ ਕੋਈ ਚਾਹੀਦਾ ਈ ਐ ਕਿ ਨਹੀਂ?”
ਦੂਸਰੀ ਨਿਗੂਣੀ ਜਿਹੀ ‘ਕਮਾਲ’ ਮੇਰੇ ਨਿੱਜ ਨਾਲ ਸਬੰਧਤ ਹੈ। ਸਾਡੇ ਪਿੰਡ ਲਾਗੇ ਵਗਦੇ ਸਤਲੁਜ ਦਰਿਆ ਵੱਲ ਦੇ ਪਾਸੇ ‘ਫਲਾਹੀਆਂ’ ਨਾਮ ਦੀ ਝਿੜੀ, ਜੋ ਕਿਸੇ ਸਮੇਂ ਪਸ਼ੂਆਂ ਦੀ ਖੁੱਲ੍ਹੀ ਚਰਾਂਦ ਹੁੰਦੀ ਸੀ, ਵਿੱਚ ਪੰਜਾਂ ਪੀਰਾਂ ਦੀ ਇੱਕ ਕਬਰ ਹੈ। ਬਜ਼ੁਰਗ ਦੱਸਦੇ ਹੁੰਦੇ ਸਨ ਕਿ ਸੰਨ ਸੰਤਾਲੀ ਤੋਂ ਪਹਿਲਾਂ ਦੁਪਾਲਪੁਰ ਰਹਿੰਦੇ ਕਈ ਮੁਸਲਿਮ ਪਰਿਵਾਰਾਂ ਵਿੱਚੋਂ ਅਰਾਈਂ ਪਰਿਵਾਰ ਇੱਥੇ ਜੁੰਮੇ (ਸ਼ੁੱਕਰਵਾਰ) ਨੂੰ ਕਵਾਲੀਆਂ ਗਾਉਂਦੇ ਹੁੰਦੇ ਸਨ। ਸਾਡੇ ਬਚਪਨ ਵੇਲੇ ਤਾਂ ਉਹ ਬੇਅਬਾਦ ਜਿਹੀ ਹੁੰਦੀ ਸੀ ਪਰ ਹੌਲੀ ਹੌਲੀ ਲੋਕ ਉੱਥੇ ਮੱਥਾ ਟੇਕਣ ਲੱਗ ਪਏ। ਸਾਡੇ ਦੇਖਦਿਆਂ ਦੇਖਦਿਆਂ ਉੱਥੇ ਇੱਕ ‘ਮਜੌਰ’ ਵੀ ਬਹਿ ਗਿਆ, ਜੋ ਹਰੇਕ ਸਾਲਾ ਕਬਰ ਉੱਤੇ ਸੱਭਿਆਚਾਰਕ ਮੇਲਾ ਵੀ ਕਰਾਉਣ ਲੱਗ ਪਿਆ।
ਦੇਖਾ ਦੇਖੀ ਸਾਡੇ ਪਿੰਡ ਦੇ ਬਹੁਤੇ ਲੋਕਾਂ ਵਾਂਗ ਵੀਰਵਾਰ ਜਾਂ ਸ਼ੁੱਕਰਵਾਰ ਵਾਲੇ ਦਿਨ ਇੱਕ ਉਹ ਪਰਿਵਾਰ ਵੀ ਪੰਜਾਂ ਪੀਰਾਂ ਦੇ ਮੱਥਾ ਟੇਕਣ ਜਾਣ ਲੱਗ ਪਿਆ, ਜਿਸ ਟੱਬਰ ਦਾ ਇੱਕ ਨੌਜਵਾਨ ਮੁੰਡਾ ਮੇਰੇ ਛੋਟੇ ਭਰਾ ਦਾ ਹਮਜਮਾਤੀ ਸੀ। ਇਸੇ ਕਾਰਨ ਉਹਦੀ ਸਾਡੇ ਨਾਲ ਚੰਗੀ ਬਹਿਣੀ-ਉੱਠਣੀ ਸੀ। ਉਹ ਮੁੰਡਾ ਅਕਸਰ ਸਾਡੇ ਨਾਲ ਗੁਰਮਤਿ ਜਾਂ ਗੁਰਬਾਣੀ ਬਾਰੇ ਵੀ ਸਵਾਲ-ਜਵਾਬ ਕਰਦਾ ਰਹਿੰਦਾ ਸੀ। ਉਹਦੇ ਘਰ ਦੇ ਦੂਸਰੇ ਜੀਅ ਤਾਂ ਗਾਹੇ ਬਗਾਹੇ ਪੰਜੀਂ ਪੀਰੀਂ ‘ਚਿਰਾਗ਼’ ਵਗੈਰਾ ਕਰਨ ਚਲੇ ਜਾਂਦੇ ਪਰ ਉਹ ਨਹੀਂ ਸੀ ਕਦੇ ਉੱਥੇ ਜਾਂਦਾ!
ਇਸੇ ਦੌਰਾਨ ਕੁਝ ਅਰਸੇ ਬਾਅਦ ਸਾਡੇ ਪਿੰਡ ਦੇ ਇੱਕ ਹੋਰ ਕਹਿੰਦੇ ਕਹਾਉਂਦੇ ‘ਸਿੱਖ ਪਰਿਵਾਰ’ ਨੇ ਵੀ ਪੰਜ ਪੀਰਾਂ ਦੀ ਕਬਰ ’ਤੇ ਜਾਣਾ ਸ਼ੁਰੂ ਕਰ ਦਿੱਤਾ। ਫਲਾਹੀਆਂ ਵਾਲੀ ਕਬਰ ਦੇ ਨਵੇਂ ਨਵੇਂ ਸ਼ਰਧਾਲੂ ਬਣੇ ਇਸ ਸਿੱਖ ਪਰਿਵਾਰ’ ਦੀ ਮਿਸਾਲ ਦਿੰਦਿਆਂ ਉਸ ਮੁੰਡੇ ਦੇ ਘਰ ਵਾਲਿਆਂ ਨੇ ਕਿਹਾ, “ਕਾਕਾ, ਦੇਖ ਲੈ ਫਲਾਣਿਆਂ ਦਾ ਟੱਬਰ ਵੀ ਚਿਰਾਗ਼ ਕਰਨ ਲੱਗ ਪਿਆ ਐ! ਹੁਣ ਤਾਂ ਤੂੰ ਸਾਡੇ ਨਾਲ ਪੰਜੀ ਪੀਰੀਂ ਚੱਲਿਆ ਕਰ ਮੱਥਾ ਟੇਕਣ?”
ਉਸ ਮੁੰਡੇ ਨੇ ਸਾਡੇ ਘਰੇ ਆ ਕੇ ਮੈਨੂੰ ਦੱਸਿਆ, “ਭਾਅ ਜੀ, ਮੈਂ ਤੁਹਾਡਾ ਨਾਂ ਲੈ ਕੇ ਆਪਣੇ ਘਰਦਿਆਂ ਨੂੰ ਕਿਹਾ ਕਿ ਜਿਸ ਦਿਨ ਬੀਰੇ ਹੁਣਾ ਦੇ ਘਰਦੇ ਉੱਥੇ ਜਾਣ ਲੱਗ ਪਏ, ਫੇਰ ਮੈਨੂੰ ਦੱਸਿਉ, ਮੈਂ ਵੀ ਜ਼ਰੂਰ ਚਲਾ ਜਾਇਆ ਕਰਾਂਗਾ ਤੁਹਾਡੇ ਨਾਲ।”
ਤਦ ਮੈਂ ਦੇਖ ਅਚੰਭਤ ਹੋਇਆ।
ਸਿੱਖਾਂ ਦੀ ਕਿਸਮਤ ਪਰ ਰੋਇਆ।
ਦੇਖੋ ਯਾਰੋ ਇਹ ਗੁਰ ਪੰਥ।
ਗੁਣਦਾ ਮੂਲ ਨਾ ਗੁਰੂ ਗ੍ਰੰਥ।
ਜਗ੍ਹਾ ਜਗ੍ਹਾ ਪਰ ਭਟਕਤ ਅਜਿਹੇ।
ਭੁੱਖਾ ਕਾਗ ਕੁਰੰਗ ਪਰ ਜੈਸੇ। … “(ਗਿਆਨੀ ਦਿੱਤ ਸਿੰਘ ਲਿਖਤ ਕਿਤਾਬ ‘ਗੁੱਗਾ ਗਪੌੜਾ ਤੇ ਸੁਲਤਾਨ ਪੁਆੜਾ - ਸਫਾ- 45)”
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































