“ਡਾਕਟਰੀ ਕਿੱਤੇ ਨੂੰ ਧਰਮ ਨਾਲ ਜੋੜਨ ਦਾ ਵਰਤਾਰਾ ਸਿਰਫ ਜੰਮੂ ਦੇ ਮੈਡੀਕਲ ਕਾਲਜ ...”
(21 ਜਨਵਰੀ 2026)
ਪੁਰਾਤਨ ਯੂਨਾਨ ਨੇ ਦਰਸ਼ਨ ਦੇ ਖੇਤਰ ਸਮੇਤ ਜ਼ਿੰਦਗੀ ਦੇ ਕਈ ਖੇਤਰਾਂ ਵਿੱਚ ਵੱਡੀ ਦੇਣ ਦਿੱਤੀ ਹੈ। ਉਹਨਾਂ ਨੇ ਹੀ ਦੁਨੀਆਂ ਨੂੰ ‘ਕੀ ਅਤੇ ਕਿਵੇਂ’ ਨਾਲ ਸੋਚਣਾ ਸਿਖਾਇਆ। ਈਸਾ ਪੂਰਬ ਤੋਂ ਚਾਰ ਸੌ ਸੱਠ ਸਾਲ ਪਹਿਲਾਂ ਜਨਮੇ ਪ੍ਰਸਿੱਧ ਯੂਨਾਨੀ ਚਿਕਿਤਸਿਕ ਹਿਪੋਕਰੇਟਸ ਨੂੰ ਮੈਡੀਕਲ ਵਿਗਿਆਨ ਦਾ ਪਿਤਾਮਾ ਕਿਹਾ ਜਾਂਦਾ ਹੈ। ਉਸਨੇ ਡਾਕਟਰੀ ਪ੍ਰਣਾਲੀ ਨੂੰ ਕਰਾਮਾਤੀ ਚੁੰਗਲ ਵਿੱਚੋਂ ਬਾਹਰ ਕੱਢ ਬਿਲਕੁਲ ਨਵੀਂਆਂ ਤਰਕੀਬਾਂ ਸੁਝਾਈਆਂ। ਉਸਦੇ ਭਾਸ਼ਣਾਂ ਅਤੇ ਲਿਖਤਾਂ ਨੂੰ “ਕਾਰਪਸ ਹਿਪੋਕਰੇਟੀਕਮ” ਰਾਹੀਂ ਸੰਭਾਲਿਆ ਗਿਆ। ਉਸਦਾ ਕਰਨ, “ਜਿੱਥੇ ਮਨੁੱਖਤਾ ਲਈ ਮੁਹੱਬਤ ਹੈ, ਉੱਥੇ ਇਲਾਜ ਕਰਨ ਦੀ ਵਿਧੀ ਕਲਾ ਨੂੰ ਵੀ ਮੁਹੱਬਤ ਹੋ ਜਾਂਦੀ ਹੈ” ਬਹੁਤ ਮਸ਼ਹੂਰ ਹੋਇਆ। ਪਰ ਜਿਸ ਗੱਲ ਲਈ ਹਿਪੋਕਰੇਟਸ ਨੂੰ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ, ਉਹ ‘ਹਿਪੋਕਰੇਟਸ ਸਹੁੰ’ ਹੈ, ਜਿਹੜੀ ਅੱਜ ਵੀ ਡਾਕਟਰੀ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰਨ ਵੇਲੇ ਹਰ ਵਿਦਿਆਰਥੀ ਨੂੰ ਚੁਕਾਈ ਜਾਂਦੀ ਹੈ। ਇਹ ਇੱਕ ਕਿਸਮ ਦੀ ਪਵਿੱਤਰ ਰਸਮ ਹੁੰਦੀ ਹੈ ਜਿਸ ਰਾਹੀਂ ਡਾਕਟਰੀ ਕਿੱਤੇ ਵਿੱਚ ਪੈਰ ਧਰਨ ਵਾਲਿਆਂ ਨੂੰ ਧਰਮ, ਨਸਲ, ਰੰਗ, ਸਮਾਜਕ ਰੁਤਬੇ, ਬੋਲੀ, ਵਿਚਾਰਧਾਰਕ ਵਖਰੇਵਿਆਂ ਨੂੰ ਤਿਆਗ ਕੇ ਸਮੁੱਚੀ ਮਨੁੱਖਤਾ ਦੀ ਸੇਵਾ ਵਿੱਚ ਸਮਰਪਿਤ ਹੋਣ ਦਾ ਸੰਕਲਪ ਦਿਵਾਇਆ ਜਾਂਦਾ ਹੈ। ਹਿਟਲਰ ਦੇ ਸਮੇਂ ਦੇ ਨਾਜ਼ੀ ਜਰਮਨੀ ਨੂੰ ਛੱਡਕੇ ਇਹ ਹਿਪੋਕਰੇਟਿਕ ਸਹੁੰ ਕੁੱਲ ਆਲਮ ਵਿੱਚ ਪ੍ਰਚਲਿਤ ਰਹੀ ਹੈ। ਹਿੰਦੁਸਤਾਨ ਵਿੱਚ ‘ਇੰਡੀਅਨ ਮੈਡੀਕਲ ਕੌਂਸਲ (ਪ੍ਰੋਫੈਸ਼ਨਲ ਕੰਡਕਟ, ਐਟੀਕੁਈਟੀ ਐਂਡ ਐਲਿਕਸ) ਰੈਗੂਲੇਸ਼ਨ 2002 ਵੀ ਇਸੇ ਹਿਪੋਕਰੇਟਿਕ ਸਹੁੰ ’ਤੇ ਹੋਂਦ ਵਿੱਚ ਆਏ ਜਿਨ੍ਹਾਂ ਰਾਹੀਂ ਹਰ ਐਲੋਪੈਥਿਕ ਮੈਡੀਕਲ ਪੇਸ਼ਾਵਰ ਨੂੰ ਉਸਦੀਆਂ ਪੇਸ਼ੇਵਾਰਾਨਾ ਜ਼ਿੰਮੇਵਾਰੀਆਂ ਵੀ ਦੱਸੀਆਂ ਗਈਆਂ ਹਨ। ਇਨ੍ਹਾਂ ਰੈਗੁਲੇਸ਼ਨ ਦੀ ਧਾਰਾ 7.5 ਤਹਿਤ ਕਿਸੇ ਵੀ ਧਾਰਮਿਕ ਆਧਾਰ ’ਤੇ ਵਿਤਕਰਾ ਕਰਨ ਨੂੰ ਪੇਸ਼ੇਵਾਰਾਨਾ ਦੁਰਵਿਹਾਰ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਹਰ ਐਲੋਪੈਥਿਕ ਮੈਡੀਕਲ ਪੇਸ਼ਾਵਰ ਨੂੰ ਸੰਬਧਿਤ ਰਾਜ ਦੀ ਮੈਡੀਕਲ ਕੌਂਸਲ ਕੋਲ ਰਜਿਸਟਰ ਹੋਣਾ ਪੈਂਦਾ ਹੈ। ਰਜਿਸਟ੍ਰੇਸ਼ਨ ਹੋਣ ਲਈ ਆਪਣੇ ਬੇਨਤੀ ਪੱਤਰ ਨਾਲ ਇੱਕ ਹਲਫ਼ੀਆ ਲਾਉਣਾ ਜ਼ਰੂਰੀ ਹੈ। ਇਸ ਬਿਆਨ ਹਲਫ਼ੀਆ ਦੇ ਨੁਕਤਾ ਨੰਬਰ ਚਾਰ ਵਿੱਚ ਲਿਖਿਆ ਹੈ, “ਮੈਂ ਧਰਮ, ਕੌਮ, ਰੰਗ, ਨਸਲ, ਸਿਆਸੀ ਵਿਚਾਰਾਂ ਅਤੇ ਸਾਮਾਜਕ ਰੁਤਬੇ ਨੂੰ ਆਪਣੇ ਪੇਸ਼ਾਵਰ ਜ਼ਿੰਮੇਵਾਰੀ ਅਤੇ ਆਪਣੇ ਮਰੀਜ਼ ਦੇ ਵਿਚਕਾਰ ਨਹੀਂ ਆਉਣ ਦੇਵਾਂਗਾ/ਦੇਵਾਂਗੀ।” ਕਿਸੇ ਵੀ ਰਾਜ ਦੀ ਮੈਡੀਕਲ ਕੌਂਸਲ ਕੋਲ ਰਾਜਾਂ ਦੀਆਂ ਮੈਡੀਕਲ ਕੌਂਸਲਾਂ ਨੂੰ ਕਿਸੇ ਵੀ ਗੈਰ-ਪੇਸ਼ੇਵਾਰਾਨਾ ਵਿਹਾਰ ਲਈ ਕਿਸੇ ਵੀ ਮੈਡੀਕਲ ਪੇਸ਼ਾਵਰ ਦੇ ਖਿਲਾਫ ਕਾਰਵਾਈ ਕਰਨ ਦਾ ਇਖਤਿਆਰ ਦਿੱਤਾ ਗਿਆ ਹੈ ਕਿ ਉਹ ਦੋਸ਼ ਸਾਬਤ ਹੋਣ ’ਤੇ ਉਸਦੀ ਕੁਝ ਸਮੇਂ ਲਈ ਜਾਂ ਪੱਕੇ ਤੌਰ ’ਤੇ ਰਜਿਸਟ੍ਰੇਸ਼ਨ ਰੱਦ ਕਰ ਸਕਦੀ ਹੈ।
ਪੰਜਾਬ ਦੇ ਇਤਿਹਾਸ ਵਿੱਚ ਵੀ ਭਾਈ ਘਨ੍ਹਈਆ ਦੀ ਮਿਸਾਲ ਸਾਡੇ ਸਾਹਮਣੇ ਹੈ ਜਦੋਂ ਉਹਨਾਂ ਆਪਣੇ ਅਤੇ ਦੁਸ਼ਮਣ ਦੇ ਜ਼ਖਮੀ ਸਿਪਾਹੀਆਂ ਨੂੰ ਪਾਣੀ ਵੀ ਪਿਲਾਇਆ ਅਤੇ ਮੱਲ੍ਹਮ ਪੱਟੀ ਵੀ ਕੀਤੀ। ਭਾਈ ਘਨੀਈਏ ਦੀ ਇਸ ਮਨੁੱਖਾ ਸੋਚ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪ੍ਰੋੜ੍ਹਤਾ ਕੀਤੀ ਸੀ। ਕਰੀਮਿਆ ਦੇ ਯੁੱਧ ਵਿੱਚ ਲਾਲਟੈਨ ਵਾਲੀ ਬੀਬੀ ਵਜੋਂ ਮਸ਼ਹੂਰ ਹੋਈ ਨਰਸਿੰਗ ਕਿੱਤੇ ਦੀ ਪਿਤਾਮਾ ਫਲੋਰੈਂਸ ਨਾਈਟਿੰਗੇਲ ਨੇ ਵੀ ਡਾਕਟਰੀ ਪੇਸ਼ੇ ਦੀਆਂ ਮਹਾਨ ਮਨੁੱਖੀ ਕਦਰਾਂ ਕੀਮਤਾਂ ਦਾ ਪਰਚਮ ਉੱਚਾ ਕੀਤਾ ਸੀ। ਇਸੇ ਕਰਕੇ ਨਾਈਟਿੰਗੇਲ ਦੇ ਜਨਮ ਦਿਨ ਨੂੰ ਸਾਰੀ ਦੁਨੀਆਂ ਵਿੱਚ ਨਰਸਿੰਗ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਭਾਰਤੀ ਡਾ. ਕੋਟਨਿਸ ਆਪਣੀ ਟੀਮ ਨਾਲ ਹੱਦਾਂ ਤੋੜਕੇ ਚੀਨੀ ਜਨਤਾ ਵੱਲੋਂ ਜਪਾਨੀ ਹਮਲਾਵਰਾਂ ਦੇ ਖ਼ਿਲਾਫ ਲੜੀ ਜਾ ਰਹੀ ਜੰਗ ਵਿੱਚ ਸੇਵਾ ਕਰਨ ਗਿਆ ਸੀ।
ਪਰ ਜ਼ਰਾ ਸੋਚੋ ਕਿ ਜਦੋਂ ਐਲੋਪੈਥਿਕ ਡਾਕਟਰਾਂ ਨੂੰ ਤਾਂ ਉਪਰੋਕਤ ਸਹੁੰ ਅਤੇ ਰੈਗੂਲੇਸ਼ਨ ਅਧੀਨ ਕੰਮ ਕਰਨਾ ਜ਼ਰੂਰੀ ਹੈ ਪਰ ਜੇਕਰ ਡਾਕਟਰੀ ਦੀ ਪੜ੍ਹਾਈ ਦੇ ਸ਼ੁਰੂ ਦੇ ਵਿੱਚ ਹੀ ਨਵੇਂ ਵਿਦਿਆਰਥੀਆਂ ਉੱਤੇ ਉਹਨਾਂ ਦੇ ਧਰਮ ਦੇ ਆਧਾਰ ’ਤੇ ਤਲਵਾਰ ਲਟਕਾ ਦਿੱਤੀ ਜਾਵੇ ਤਾਂ ਕੀ ਹਾਲਾਤ ਹੋਣਗੇ। ਪਰ ਇਹ ਸਾਡੇ ਸਮਿਆਂ ਦਾ ਕੌੜਾ ਸੱਚ ਹੈ ਜਿਸਦੀ ਮਿਸਾਲ ਹਾਲੀਆ ਦਿਨਾਂ ਵਿੱਚ ਜੰਮੂ ਦੇ ਸ੍ਰੀ ਮਾਤਾ ਵੈਸ਼ਨੋ ਦੇਵੀ ਇੰਸਟੀਚਿਊਟ ਆਫ ਮੈਡੀਕਲ ਐਕਸੀਲੈਂਸ ਦੇ ਦਾਖਲਿਆਂ ਦੇ ਸੰਬੰਧ ਵਿੱਚ ਵਾਪਰਿਆ ਘਟਨਾ ਕ੍ਰਮ ਹੈ। ਬੇਲਗਾਮ ਫਿਰਕੂ ਸਿਆਸਤ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ ਪਰ ਅਫਸੋਸ ਕਿ ਉਪਰੋਕਤ ਐਥੀਕਲ ਰੈਗੂਲੇਸ਼ਨ ਤਿਆਰ ਕਰਨ ਵਾਲੀ ਇੰਡੀਅਨ ਮੈਡੀਕਲ ਕੌਂਸਲ ਦੀ ਜਗ੍ਹਾ ਬਣਾਏ ਨੈਸ਼ਨਲ ਮੈਡੀਕਲ ਕਮਿਸ਼ਨ ਦਾ ਰੋਲ ਵੀ ਪੇਸ਼ਾਵਰ ਨਾ ਹੋ ਕੇ ਸਿਆਸੀ ਰਿਹਾ ਹੈ।
ਜੰਮੂ ਦੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ ਸਰਕਾਰੀ ਜ਼ਮੀਨ ’ਤੇ ਸਾਲ 1999 ਵਿੱਚ ਜੰਮੂ-ਕਸ਼ਮੀਰ ਵਿਧਾਨ ਸਭਾ ਵੱਲੋਂ ਪਾਸ ਕੀਤੇ ਇੱਕ ਬਿੱਲ ਨਾਲ ਹੋਂਦ ਵਿੱਚ ਆਈ ਸੀ। ਇਸੇ ਯੂਨੀਵਰਸਿਟੀ ਅਧੀਨ ਸ੍ਰੀ ਮਾਤਾ ਵੈਸ਼ਨੋ ਦੇਵੀ ਇੰਸਟੀਚਿਊਟ ਆਫ ਐਕਸੀਲੈਂਸ ਨਾਂ ਦਾ ਮੈਡੀਕਲ ਕਾਲਜ ਪਿਛਲੇ ਸਾਲ ਸ਼ੁਰੂ ਹੋਣਾ ਤੈਅ ਹੋਇਆ, ਜਿਸਦੀ ਮਾਨਤਾ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਪਿਛਲੀ ਸਤੰਬਰ ਵਿੱਚ ਆਪਣੀ ਟੀਮ ਦੁਆਰਾ ਕੀਤੀ ਚੈਕਿੰਗ ਤੋਂ ਬਾਅਦ ਦੇ ਦਿੱਤੀ ਸੀ। ਇਸ ਕਾਲਜ ਵਿੱਚ ਐੱਮ ਬੀ ਬੀ ਐੱਸ ਦੀਆਂ ਕੁੱਲ ਪੰਜਾਹ ਸੀਟਾਂ ਸਨ। ਰੂਲਾਂ ਮੁਤਾਬਿਕ ਨੀਟ ਦੇ ਦਾਖਲਾ ਇਮਤਿਹਾਨ ਵਿੱਚੋਂ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ’ਤੇ ਪਚਾਸੀ ਪ੍ਰਤੀਸ਼ਤ ਸੀਟਾਂ ਰਾਜ ਦੇ ਕੋਟੇ ਵਿੱਚੋਂ ਭਰੀਆਂ ਗਈਆਂ ਅਤੇ ਬਾਕੀ ਪੰਦਰਾਂ ਪ੍ਰਤੀਸ਼ਤ ਆਲ ਇੰਡੀਆ ਕੋਟੇ ਵਿੱਚੋਂ। ਪਿਛਲੇ ਸਾਲ ਦਾਖਲਿਆਂ ਤੋਂ ਬਾਅਦ ਕਲਾਸਾਂ ਵੀ ਸ਼ੁਰੂ ਹੋ ਗਈਆਂ ਸਨ ਅਤੇ ਵਿਦਿਆਰਥੀਆਂ ਨੂੰ ਹੋਸਟਲ ਵੀ ਅਲਾਟ ਕਰ ਦਿੱਤੇ ਗਏ ਸਨ। ਇਨ੍ਹਾਂ ਪੰਜਾਹ ਵਿਦਿਆਰਥੀਆਂ ਵਿੱਚ 42 ਵਿਦਿਆਰਥੀ ਮੁਸਲਿਮ ਭਾਈਚਾਰੇ ਵਿੱਚੋਂ, 7 ਹਿੰਦੂ ਭਾਈਚਾਰੇ ਵਿੱਚੋਂ ਅਤੇ ਇੱਕ ਵਿਦਿਆਰਥੀ ਸਿੱਖ ਭਾਈਚਾਰੇ ਵਿੱਚੋਂ ਸੀ। ਇਨ੍ਹਾਂ ਸਾਰੇ ਵਿਦਿਆਰਥੀਆਂ ਦੇ ਦਾਖਲੇ ਨੀਟ ਇਮਤਿਹਾਨ ਵਿੱਚੋਂ ਪ੍ਰਾਪਤ ਕੀਤੇ ਅੰਕਾਂ ਦੇ ਆਧਾਰ ’ਤੇ ਤਿਆਰ ਹੋਈ ਮੈਰਿਟ ਦੇ ਆਧਾਰ ’ਤੇ ਹੋਏ ਸਨ। ਬੱਸ ਮੈਰਿਟ ’ਤੇ ਦਾਖਲ ਹੋਏ ਇਨ੍ਹਾਂ ਬਹੁਗਿਣਤੀ ਵਿਦਿਆਰਥੀਆਂ ਦਾ ਮਜ਼ਹਬ ਹੀ ਜੰਮੂ ਦੀ ਨਫਰਤੀ ਸਿਆਸਤ ਨੂੰ ਰੜਕਣ ਲੱਗਾ। ਐਕਸ਼ਨ ਕਮੇਟੀ ਦਾ ਗਠਨ ਕਰਕੇ ਮੰਗ ਉਠਾ ਦਿੱਤੀ ਗਈ ਕਿ ਕਿਉਂਕਿ ਮੈਡੀਕਲ ਕਾਲਜ ਮਾਤਾ ਵੈਸ਼ਨੋ ਦੇਵੀ ਦੇ ਨਾਂ ’ਤੇ ਹੈ, ਇੱਥੇ ਸਿਰਫ ਅਤੇ ਸਿਰਫ ਹਿੰਦੂ ਵਿਦਿਆਰਥੀ ਹੀ ਦਾਖਲ ਕੀਤੇ ਜਾਣ ਅਤੇ ਮੁਸਲਿਮ ਵਿਦਿਆਰਥੀਆਂ ਨੂੰ ਇੱਥੋਂ ਕੱਢਿਆ ਜਾਵੇ। ਇਸਤੋਂ ਪਹਿਲਾਂ ਇਸ ਸੰਬੰਧੀ ਨੈਸ਼ਨਲ ਮੈਡੀਕਲ ਕਮਿਸ਼ਨ ਅਤੇ ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸੰਬੰਧੀ ਆਈਆਂ ਅਰਜ਼ੀਆਂ ਨੂੰ ਖਾਰਿਜ ਕਰ ਦਿੱਤਾ ਸੀ। ਇਸ ਮੈਡੀਕਲ ਕਾਲਜ ਨੂੰ ਡੀਮਡ ਯੂਨੀਵਰਸਿਟੀ ਬਣਾਉਣ ਦੀਆਂ ਕੋਸ਼ਿਸ਼ਾਂ ਵੀ ਕਾਮਯਾਬ ਨਾ ਹੋ ਸਕੀਆਂ ਕਿਉਂਕਿ ਡੀਮਡ ਯੂਨੀਵਰਸਿਟੀ ਬਣਾਉਣ ਲਈ ਪੰਜ ਫੈਕਲਟੀਆਂ ਦਾ ਹੋਣਾ ਜ਼ਰੂਰੀ ਹੈ ਜਿਹੜੀਆਂ ਕਿ ਇਸ ਕੋਲ ਨਹੀਂ ਸਨ।
ਜਦੋਂ ਦੇਖਿਆ ਗਿਆ ਕਿ ਨਿਯਮ ਮੁਸਲਿਮ ਵਿਦਿਆਰਥੀਆਂ ਨੂੰ ਇੱਥੋਂ ਕੱਢਣ ਦੀ ਇਜਾਜ਼ਤ ਨਹੀਂ ਦਿੰਦੇ ਤਾਂ ਟੇਢਾ ਤਰੀਕਾ ਅਪਣਾਇਆ ਗਿਆ। ਨੈਸ਼ਨਲ ਮੈਡੀਕਲ ਕਮਿਸ਼ਨ ਕੋਲ ਸਿਰਫ ਦੋ ਹਫਤਿਆਂ ਵਿੱਚ ਹੀ “ਬਹੁਤ ਹੀ ਗੰਭੀਰ ਸ਼ਿਕਾਇਤਾਂ” ਦੇ ਅੰਬਾਰ ਲੱਗ ਗਏ ਕਿ ਇਸ ਮੈਡੀਕਲ ਕਾਲਜ ਕੋਲ ਕਲੀਨੀਕਲ ਮੈਟਰੀਅਲ, ਇੰਨਫਰਾਸਟਰੱਕਚਰ, ਯੋਗ ਟੀਚਿੰਗ ਸਟਾਫ, ਰੈਜ਼ੀਡੈਂਟ ਡਾਕਟਰਾਂ ਦੀ ਬਹੁਤ ਜ਼ਿਆਦਾ ਕਮੀ ਹੈ। ਨੈਸ਼ਨਲ ਮੈਡੀਕਲ ਕਮਿਸ਼ਨ ਨੇ ਫੁਰਤੀ ਨਾਲ ਆਪਣੇ ਮੈਡੀਕਲ ਅਸੈੱਸਮੈਂਟ ਐਂਡ ਰੇਟਿੰਗ ਬੋਰਡ ਨੂੰ ਸਿਰਫ ਪੰਦਰਾਂ ਮਿੰਟ ਦੇ ਨੋਟਿਸ ’ਤੇ ਦੋ ਜਨਵਰੀ ਨੂੰ ਦੁਬਾਰਾ ਚੈਕਿੰਗ ਲਈ ਭੇਜ ਦਿੱਤਾ, ਜਿਸਨੇ “ਸ਼ਿਕਾਇਤਾਂ” ਵਿੱਚ ਲਾਏ ਦੋਸ਼ਾਂ ਨੂੰ ਸਹੀ ਮੰਨਦੇ ਹੋਏ ਸ੍ਰੀ ਮਾਤਾ ਵੈਸ਼ਨੋ ਦੇਵੀ ਇੰਸਟੀਚਿਊਟ ਆਫ ਮੈਡੀਕਲ ਐਕਸੀਲੈਂਸ ਨੂੰ ਐੱਮ ਬੀ ਬੀ ਸੀ ਦੀ ਪੜ੍ਹਾਈ ਦੇ ਅਯੋਗ ਕਰਾਰ ਦੇ ਦਿੱਤਾ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਨੇ ਕਾਲਜ ਨੂੰ ਬਗੈਰ ਕੋਈ ਨੋਟਿਸ ਦਿੱਤਿਆਂ ਅਤੇ ਆਪਣੇ ਬਚਾ ਵਿੱਚ ਕੋਈ ਦਲੀਲ ਸੁਣੇ ਬਿਨਾਂ ਹੀ ਇਸ ਮੈਡੀਕਲ ਕਾਲਜ ਦੀ ਸੈਸ਼ਨ ਦੇ ਵਿਚਕਾਰ ਹੀ ਛੇ ਜਨਵਰੀ ਨੂੰ ਮਾਨਤਾ ਰੱਦ ਕਰਕੇ ਵਿਦਿਆਰਥੀਆਂ ਦੇ ਭਵਿੱਖ ਤੇ ਤਲਵਾਰ ਲਟਕਾ ਦਿੱਤੀ।
ਨੈਸ਼ਨਲ ਮੈਡੀਕਲ ਕਮਿਸ਼ਨ ਦੀ ਤਾਜ਼ਾ ਰਿਪੋਰਟ ਅਨੁਸਾਰ ਸ੍ਰੀ ਮਾਤਾ ਵੈਸ਼ਨੋ ਦੇਵੀ ਇੰਸਟੀਚਿਊਟ ਆਫ ਮੈਡੀਕਲ ਐਕਸੀਲੈਂਸ ਕੋਲ 39 ਪ੍ਰਤੀਸ਼ਤ ਟੀਚਿੰਗ ਸਟਾਫ ਦੀ ਕਮੀ ਹੈ, ਪੈਂਹਠ ਪ੍ਰਤੀਸ਼ਤ ਟਿਊਟਰਾਂ, ਡੈਮੋਨਸਿਟੇਟਰਾਂ ਅਤੇ ਸੀਨੀਅਰ ਰੈਂਜੀਡੈਂਟ ਦੀ ਕਮੀ ਹੈ, ਲੋੜੀਂਦੀ ਓਪੀਡੀ ਸਿਰਫ ਪੰਜਾਹ ਪ੍ਰਤੀਸ਼ਤ ਹੈ। ਬੈੱਡ ਅਤੇ ਆਈ ਸੀ ਯੂ ਦੀ ਅਕੂਪੈਂਸੀ ਕ੍ਰਮਵਾਰ ਪੰਤਾਲੀ ਅਤੇ ਪੰਜਾਹ ਪ੍ਰਤੀਸ਼ਤ ਹੈ। ਬਾਕੀ ਕਮੀਆਂ ਵਿੱਚ ਕਿਹਾ ਗਿਆ ਹੈ ਕਿ ਪ੍ਰੈਕਟੀਕਲ ਅਤੇ ਖੋਜ ਲੈਬੌਰਟਰੀਆਂ ਕੁਝ ਵਿਭਾਗਾਂ ਵਿੱਚ ਮੌਜੂਦ ਨਹੀਂ ਸਨ ਅਤੇ ਲੈਕਚਰ ਥੀਏਟਰ ਘੱਟੋ ਘੱਟ ਨਿਯਮਾਂ ਮੁਤਾਬਿਕ ਨਹੀਂ ਸਨ। ਲਾਇਬਰੇਰੀ ਵਿੱਚ ਕਿਤਾਬਾਂ ਦੀ ਗਿਣਤੀ ਲੋੜੀਂਦੀ ਗਿਣਤੀ ਤੋਂ ਪੰਜਾਹ ਪ੍ਰਤੀਸ਼ਤ ਘੱਟ ਸੀ ਅਤੇ ਮੈਡੀਕਲ ਰਸਾਲਿਆਂ ਦੀ ਗਿਣਤੀ ਲੋੜੀਂਦੇ ਪੰਦਰਾਂ ਦੀ ਬਜਾਏ ਸਿਰਫ ਦੋ ਸਨ।
ਇਸ ਤਰ੍ਹਾਂ ਦੀਆਂ ਕਮੀਆਂ ਦੇ ਹਾਲਾਤ ਵਿੱਚ ਕਿਸੇ ਵੀ ਮੈਡੀਕਲ ਕਾਲਜ ਕੋਲ ਨੋਟਿਸ ਤੋਂ ਬਾਅਦ ਨੈਸ਼ਨਲ ਮੈਡੀਕਲ ਕਮਿਸ਼ਨ ਕੋਲ ਪਹਿਲੀ ਅਪੀਲ ਅਤੇ ਕੇਂਦਰੀ ਸਿਹਤ ਮੰਤਰਾਲੇ ਕੋਲ ਦੂਸਰੀ ਅਪੀਲ ਪਾਉਣ ਦਾ ਮੌਕਾ ਹੁੰਦਾ ਹੈ, ਜਿਹੜਾ ਇਸ ਕੇਸ ਵਿੱਚ ਦਿੱਤਾ ਹੀ ਨਹੀਂ ਗਿਆ। ਸਵਾਲ ਉੱਠਦਾ ਹੈ ਕਿ ਜਿਹੜੀ ਟੀਮ ਨੇ ਪਹਿਲਾਂ ਇੰਸਪੈਕਸਨ ਕੀਤੀ ਸੀ ਅਤੇ ਸਿਰਫ ਚਾਰ ਮਹੀਨੇ ਪਹਿਲਾਂ ਹੀ ਨੈਸ਼ਨਲ ਮੈਡੀਕਲ ਕਮਿਸ਼ਨ ਵੱਲੋਂ ਇਸ ਮੈਡੀਕਲ ਕਾਲਜ ਨੂੰ ਮਾਨਤਾ ਦਿੱਤੀ ਗਈ ਸੀ, ਕੀ ਉਸ ਟੀਮ ਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਈ ਅਤੇ ਗਲਤ ਰਿਪੋਰਟ ਦਾਖਲ ਕਰਵਾ ਦਿੱਤੀ। ਜੇਕਰ ਇਹ ਸੱਚ ਹੈ ਤਾਂ ਉਸ ਟੀਮ ਮੈਂਬਰਾਂ ’ਤੇ ਕੀ ਐਕਸ਼ਨ ਹੋਇਆ? ਜੇਕਰ ਉਸ ਟੀਮ ਦੀ ਵੀ ਰਿਪੋਰਟ ਸਹੀ ਸੀ ਤਾਂ ਨੈਸ਼ਨਲ ਮੈਡੀਕਲ ਕਮਿਸ਼ਨ ਦੀ ਪਹਿਲੀ ਅਤੇ ਦੂਸਰੀ ਰਿਪੋਰਟ ਦਰਮਿਆਨ ਹੀ ਕੀ ਇਸ ਕਾਲਜ ਦੇ ਪ੍ਰਬੰਧ ਦਾ ਭੱਠਾ ਬਿਠਾ ਦਿੱਤਾ ਗਿਆ ਕਿ ਹੁਣ ਇਹ ਐੱਮ ਬੀ ਬੀ ਐੱਸ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣ ਦੇ ਯੋਗ ਹੀ ਨਹੀਂ ਰਿਹਾ? ਜੇਕਰ ਇਹ ਸਚਾਈ ਹੈ ਤਾਂ ਇਸ ਮੈਡੀਕਲ ਕਾਲਜ ਅਤੇ ਇਸਦੀ ਯੂਨੀਵਰਸਿਟੀ ਦੀ ਪ੍ਰਬੰਧਕੀ ਟੀਮ, ਜਿਸਦੇ ਮੁਖੀ ਬਤੌਰ ਚਾਂਸਲਰ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਹਨ, ਜ਼ਿੰਮੇਵਾਰ ਨਹੀਂ ਹਨ? ਪਰ ਇਨ੍ਹਾਂ ਸਵਾਲਾਂ ਦੇ ਜਵਾਬ ਕੌਣ ਦੇਵੇਗਾ? ਇਹ ਤੱਥ ਵੀ ਕਾਬਲੇਗ਼ੌਰ ਹੈ ਕਿ ਸ੍ਰੀ ਮਾਤਾ ਵੈਸ਼ਨੋ ਦੇਵੀ ਇੰਸਟੀਚਿਊਟ ਆਫ ਮੈਡੀਕਲ ਐਕਸੀਲੈਂਸ ਦੀ ਪ੍ਰੰਬਧਕੀ ਟੀਮ ਨੇ ਮਾਨਤਾ ਰੱਦ ਹੋਣ ਖਿਲਾਫ ਕਿਸੇ ਕਿਸਮ ਦੀ ਅਪੀਲ ਪਾਉਣ ਦਾ ਵੀ ਕੋਈ ਇਸ਼ਾਰਾ ਨਹੀਂ ਦਿੱਤਾ। ਮੁਸਲਿਮ ਵਿਦਿਆਰਥੀਆਂ ਦੇ ਦਾਖਲੇ ਖਿਲਾਫ ਅੰਦੋਲਨ ਕਰਨ ਵਾਲੀ ਸ੍ਰੀ ਮਾਤਾ ਵੈਸ਼ਨੋ ਦੇਵੀ ਸੰਘਰਸ਼ ਸਮਿਤੀ ਹੁਣ ਸ੍ਰੀ ਮਾਤਾ ਵੈਸ਼ਨੋ ਦੇਵੀ ਦੇ ਨਾਮ ’ਤੇ ਬਣੇ ਮੈਡੀਕਲ ਇੰਸਟੀਚਿਊਟ ਦੀ ਮਾਨਤਾ ਰੱਦ ਹੋਣ ਤੇ ਭੰਗੜੇ ਪਾਕੇ ਅਤੇ ਲੱਡੂ ਵੰਡ ਕੇ ਜਸ਼ਨ ਮਨਾ ਰਹੀ ਹੈ!
ਮੈਡੀਕਲ ਕਾਲਜ ਦੇ ਫੈਕਲਟੀ ਮੈਂਬਰਾਂ ਦੀ ਵੀ ਰਾਏ ਹੈ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਦੀ ਕਾਰਵਾਈ ਮੁਸਲਿਮ ਵਿਦਿਆਰਥੀਆਂ ਦੇ ਵਿਰੋਧ ਵਿੱਚੋਂ ਨਿਕਲੀ ਗੈਰ-ਪੇਸ਼ੇਵਾਰਾਨਾ ਕਾਰਵਾਈ ਹੈ। ਪਿਛਲੇ ਤਿੰਨ-ਚਾਰ ਮਹੀਨਿਆਂ ਦੀ ਪੜ੍ਹਾਈ ਦੌਰਾਨ ਨਾਂ ਤਾਂ ਇਸ ਮੈਡੀਕਲ ਕਾਲਜ ਦੀ ਫੈਕਲਟੀ ਅਤੇ ਨਾ ਹੀ ਹੋਸਟਲ ਵਿੱਚ ਰਹਿ ਰਹੇ ਵਿਦਿਆਰਥੀਆਂ ਵਿਚਕਾਰ ਕੋਈ ਸਮੱਸਿਆ ਆਈ। ਬਲਕਿ ਵਿਦਿਆਰਥੀ ਤਾਂ ਨਵੇਂ ਬਣੇ ਦੋਸਤਾਂ ਦੇ ਵਿਛੋੜੇ ਦੇ ਗਮ ਵਿੱਚ ਡੁੱਬੇ ਵਿਖਾਈ ਦਿੱਤੇ। ਟੀਚਿੰਗ ਫੈਕਲਟੀ ਅਤੇ ਵਿਦਿਆਰਥੀਆਂ ਮੁਤਾਬਿਕ ਪਿਛਲੇ ਮਹੀਨਿਆਂ ਦੌਰਾਨ ਇਸ ਮੈਡੀਕਲ ਕਾਲਜ ਦੇ ਅਕਾਦਮਿਕ ਮਾਹੌਲ ਵਿੱਚ ਕਿਸੇ ਦੇ ਵੀ ਧਾਰਮਿਕ ਅਕੀਦਿਆਂ ਬਾਰੇ ਕਦੇ ਕੋਈ ਗੱਲ ਹੀ ਨਹੀਂ ਹੋਈ। ਇੱਕ ਹੋਰ ਪਹਿਲੂ ਵੀ ਤਵੱਜੋ ਮੰਗਦਾ ਹੈ ਕਿ ਮੁਸਲਿਮ ਵਿਦਿਆਰਥੀਆਂ ਦੇ ਦਾਖਲੇ ਦਾ ਵਿਰੋਧ ਇਸ ਨੁਕਤੇ ਨਾਲ ਕੀਤਾ ਗਿਆ ਕਿ ਇਹ ਮੈਡੀਕਲ ਕਾਲਜ ਸਨਾਤਨ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਦੁਆਰਾ ਮਾਤਾ ਵੈਸ਼ਨੋ ਦੇਵੀ ਦੇ ਮੰਦਰ ਵਿੱਚ ਚੜ੍ਹਾਵੇ ਨਾਲ ਚਲਦਾ ਹੈ ਅਤੇ ਇਸ ਵਿੱਚ ‘ਜਹਾਦੀਆਂ’ ਦਾ ਦਾਖਲਾ ਕਿਉਂ ਹੋਵੇ। ਪਰ ਇਸ ਮੈਡੀਕਲ ਕਾਲਜ ਦੀ ਫੀਸ ਦਾਖਲ ਹੋਏ ਵਿਦਿਆਰਥੀਆਂ ਨੇ ਪੰਜ ਲੱਖ ਭਰੀ ਹੈ, ਜਿਹੜੀ ਜੰਮੂ-ਕਸ਼ਮੀਰ ਦੇ ਸਰਕਾਰੀ ਮੈਡੀਕਲ ਕਾਲਜ ਜੰਮੂ, ਸਰਕਾਰੀ ਮੈਡੀਕਲ ਕਾਲਜ ਸ੍ਰੀਨਗਰ ਅਤੇ ਸ਼ੇਰੇ ਕਸ਼ਮੀਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਸ੍ਰੀਨਗਰ ਦੀਆਂ ਫੀਸਾਂ ਤੋਂ ਜ਼ਿਆਦਾ ਹੈ। ਇਸਤੋਂ ਇਲਾਵਾ ਜੰਮੂ ਕਸ਼ਮੀਰ ਵਿੱਚ ਸਥਾਪਤ ਕਈ ਮੈਡੀਕਲ ਕਾਲਜਾਂ ਵਿੱਚ ਤਾਂ ਇਸਤੋਂ ਵੀ ਜ਼ਿਆਦਾ ਮਾੜਾ ਹਾਲ ਹੈ, ਜਿਨ੍ਹਾਂ ਦੀ ਮਾਨਤਾ ਸਦਾ ਕਾਇਮ ਰਹਿੰਦੀ ਹੈ।
ਡਾਕਟਰੀ ਕਿੱਤੇ ਨੂੰ ਧਰਮ ਨਾਲ ਜੋੜਨ ਦਾ ਵਰਤਾਰਾ ਸਿਰਫ ਜੰਮੂ ਦੇ ਮੈਡੀਕਲ ਕਾਲਜ ਵਿੱਚ ਹੀ ਨਹੀਂ ਹੋਇਆ ਬਲਕਿ ਡਾਕਟਰੀ ਪੇਸ਼ੇ ਦੇ ਕੁਝ ਮਾਹਿਰਾਂ ਵੱਲੋਂ ਵੀ ਮਰੀਜ਼ਾਂ ਨੂੰ ਧਰਮ ਦੇ ਆਧਾਰ ’ਤੇ ਨਕਾਰਣ ਦੀਆਂ ਕੁਝ ਘਟਨਾਵਾਂ ਪਿਛਲੇ ਸਮੇਂ ਵਿੱਚ ਵਾਪਰੀਆਂ ਹਨ। ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹਾ ਹਸਪਤਾਲ ਵਿੱਚ ਜਣੇਪਾ ਕਰਵਾਉਣ ਆਈ ਇੱਕ ਮੁਸਲਿਮ ਗਰਭਵਤੀ ਔਰਤ ਨੇ ਅਕਤੂਬਰ 2025 ਵਿੱਚ ਇਹ ਦੋਸ਼ ਲਾਇਆ ਸੀ ਕਿ ਡਿਊਟੀ ’ਤੇ ਤਾਇਨਾਤ ਇੱਕ ਡਾਕਟਰ ਵੱਲੋਂ ਉਸਦੇ ਮੁਸਲਿਮ ਹੋਣ ਕਰਕੇ ਜਣੇਪਾ ਕਰਨ ਤੋਂ ਮਨ੍ਹਾ ਕਰ ਦਿੱਤਾ। ਰੌਲਾ ਪੈਣ ਤੋਂ ਬਾਅਦ ਭਾਵੇਂ ਮਾਮਲਾ ਦਬਾ ਦਿੱਤਾ ਗਿਆ ਪਰ ਇਸ ਘਟਨਾ ਨੂੰ ਉਜਾਗਰ ਕਰਨ ਵਾਲੇ ਦੋ ਪੱਤਰਕਾਰਾਂ ਮਾਇੰਕ ਸ੍ਰੀਵਾਸਤਵਾ ਅਤੇ ਮੁਹੰਮਦ ਉਸਮਾਨ ’ਤੇ ਪੁਲਿਸ ਕੇਸ ਦਰਜ਼ ਕਰਵਾ ਦਿੱਤਾ ਗਿਆ ਸੀ। ਇਸੇ ਤਰ੍ਹਾਂ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਦੋ ਦਿਨ ਬਾਅਦ ਕਲਕੱਤਾ ਦੇ ਇੱਕ ਗਾਇਨੀਕਾਲੋਜਿਸਟ ਨੇ ਵੀ ਇੱਕ ਗਰਭਵਤੀ ਔਰਤ ਨੂੰ ਮੁਸਲਿਮ ਹੋਣ ਕਰਕੇ ਇਲਾਜ ਕਰਨ ਤੋਂ ਮਨ੍ਹਾ ਹੀ ਨਹੀਂ ਕੀਤਾ ਬਲਕਿ ਉਸਨੂੰ ਅੱਤਵਾਦੀ ਅਤੇ ਕਾਤਲ ਗਰਦਾਨਦੇ ਹੋਏ ਕਿਸੇ ਮਦਰੱਸੇ ਤੋਂ ਇਲਾਜ ਕਰਵਾਉਣ ਦੀ ਬਹੁ-ਮੁੱਲੀ ਰਾਏ ਵੀ ਦੇ ਦਿੱਤੀ ਸੀ। ਪਹਿਲਗਾਮ ਤੋਂ ਬਾਅਦ ਹੀ ਡਾਕਟਰਾਂ ਦੇ ਇੱਕ ਵਟਸਐਪ ਗਰੁੱਪ ਵਿੱਚ ਡਾ. ਬੀ ਆਰ ਅੰਬੇਡਕਰ ਦੀ ਕਿਤਾਬ “ਪਾਕਿਸਤਾਨ ਔਰ ਪਾਰਟੀਸ਼ਨ ਆਫ ਇੰਡੀਆ” ਦੇ ਪੰਨਾ ਨੰਬਰ 123, 125, 231, 234, 294, 297, 303 ਅਤੇ 332 ਦਾ ਜ਼ਿਕਰ ਕਰਕੇ ਪੋਸਟ ਪਾਈ ਗਈ ਕਿ ਇਨ੍ਹਾਂ ਪੰਨਿਆਂ ਤੇ ਡਾ. ਬੀ ਆਰ ਅੰਬੇਡਕਰ ਨੇ ਮੁਸਲਮਾਨਾਂ ਬਾਰੇ ਬਹੁਤ ਮਾੜਾ ਲਿਖਿਆ ਹੋਇਆ ਹੈ, ਜੋ ਕਿ ਸਰਾਸਰ ਝੂਠ ਸੀ। ਪਿਛਲੇ ਸਾਲ ਹੀ ਹਰਿਆਣਾ ਦੇ ਇੱਕ ਵੱਡੇ ਸ਼ਹਿਰ ਵਿੱਚ ਇੱਕ ਔਰਤ ਡਾਕਟਰ ਆਪਣੇ ਬੱਚੇ ਦੇ ਸੱਟ ਲੱਗਣ ਕਰਕੇ ਟਾਂਕੇ ਲਵਾਉਣ ਆਉਂਦੀ ਹੈ। ਹਸਪਤਾਲ ਦਾ ਸੀਨੀਅਰ ਡਾਕਟਰ ਇੱਕ ਜੂਨੀਅਰ ਡਾਕਟਰ ਸਾਇਰਾ ਵੜੈਚ (ਨਾਮ ਬਦਲਿਆ ਹੋਇਆ) ਤੋਂ ਉਸ ਬੱਚੇ ਦੇ ਟਾਂਕੇ ਲਵਾ ਦਿੰਦਾ ਹੈ। ਕੁਝ ਦਿਨ ਬਾਅਦ ਇੱਕ ਡਿਨਰ ਪਾਰਟੀ ਵਿੱਚ ਬੱਚੇ ਦੀ ਮਾਂ ਡਾ. ਸਾਇਰਾ ਵੜੈਚ ਨੂੰ ਉਸਦੇ ਸਰਦਾਰ ਪਤੀ ਨਾਲ ਮਿਲਦੀ ਹੈ ਅਤੇ ਹੈਰਾਨ ਹੋਈ ਬੋਲਦੀ ਹੈ, “ਅਰੇ ਆਪ ਤੋਂ ਸਰਦਾਰ ਹੋ, ਮੈਂ ਤੋਂ ਪਛਤਾ ਰਹੀ ਸੀ ਕਿ ਮੈਂਨੇ ਆਪਣੇ ਬੱਚੇ ਕੇ ਟਾਂਕੇ ਕਿਸੀ ਮੁਸਲਿਮ ਸੇ ਲਵਾ ਲੀਏ!”
ਬੱਸ ਇਨ੍ਹਾਂ ਘਟਨਾਵਾਂ ’ਤੇ ਹੈਰਾਨ ਵੀ ਨਾ ਹੋਣਾ, ਉਦਾਸ ਵੀ ਨਾ ਹੋਣਾ। ਸਿਰਫ ਹਿਪੋਕਰੇਟਸ ਨੂੰ ਬੇਨਤੀ ਕਰਨੀ ਕਿ ਉਹ ਇਨ੍ਹਾਂ ਸਭ ਵਰਤਾਰਿਆਂ ਨੂੰ ਮੁਆਫ ਕਰ ਦੇਵੇ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































