“ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਪੰਜਾਬੀਆਂ ਅਤੇ ਸਿੱਖਾਂ ਵਿਰੁੱਧ ਫਿਰਕੂ ਦੰਗੇ-ਫਸਾਦਾਂ ਦਾ ਮਾਹੌਲ ...”
(20 ਸਤੰਬਰ 2025)
ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ
ਪੰਜਾਬ ਦੇ ਲੋਕਾਂ ਨੂੰ ਭਰਾ ਮਾਰੂ ਜੰਗ ਤੋਂ ਬਚਣ ਅਤੇ ਭਾਈਚਾਰਕ ਏਕਤਾ ਦੀ ਕੀਤੀ ਅਪੀਲ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਪ੍ਰਵਾਸੀ ਵੱਲੋਂ ਪੰਜ ਸਾਲ ਦੇ ਬੱਚੇ ਦੇ ਵਹਿਸ਼ੀ ਕਤਲ ਦੀ ਸਖ਼ਤ ਨਿੰਦਾ ਕਰਦਿਆਂ ਉਸ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਅਤੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਕੁਝ ਸਮੂਹਾਂ ਅਤੇ ਪੰਚਾਇਤਾਂ ਵੱਲੋਂ ਪਾਸ ਕੀਤੇ ਗੈਰ ਜਮਹੂਰੀ ਮਤਿਆਂ ਰਾਹੀਂ ਪ੍ਰਵਾਸੀ ਲੋਕਾਂ ਵਿਰੁੱਧ ਫਿਰਕੂ ਨਫ਼ਰਤ ਫੈਲਾਉਣ ਅਤੇ ਪੰਜਾਬ ਛੱਡ ਕੇ ਜਾਣ ਦੀਆਂ ਧਮਕੀਆਂ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਵੀ ਕੀਤੀ ਹੈ।
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ, ਦਫਤਰ ਸਕੱਤਰ ਹੇਮ ਰਾਜ ਸਟੈਨੋ, ਰਾਜਪਾਲ ਬਠਿੰਡਾ, ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਸਿੰਘ ਅੰਮ੍ਰਿਤਸਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸੇ ਪ੍ਰਵਾਸੀ ਵੱਲੋਂ ਹੁਸ਼ਿਆਰਪੁਰ ਵਿਖੇ ਪੰਜ ਸਾਲਾਂ ਦੇ ਬੱਚੇ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੀ ਦੁਖਦਾਈ ਘਟਨਾ ਨੇ ਹਰ ਸੰਵੇਦਨਸ਼ੀਲ ਵਿਅਕਤੀ ਦੇ ਮਨ ਨੂੰ ਵਲੂੰਧਰਿਆ ਹੈ ਪਰ ਕੁਝ ਪੰਚਾਇਤਾਂ ਅਤੇ ਗਰੁੱਪਾਂ ਵੱਲੋਂ ਕਿਸੇ ਇੱਕ ਵਿਅਕਤੀ ਵੱਲੋਂ ਕੀਤੇ ਅਪਰਾਧ ਲਈ ਸਮੁੱਚੇ ਪ੍ਰਵਾਸੀ ਭਾਈਚਾਰੇ ਨੂੰ ਹੀ ਜ਼ਿੰਮੇਵਾਰ ਠਹਿਰਾਉਣ ਦੀ ਕਾਰਵਾਈ ਪੰਜਾਬ ਵਿਚਲੀ ਭਾਈਚਾਰਕ ਏਕਤਾ ਅਤੇ ਅਮਨ ਸ਼ਾਂਤੀ ਲਈ ਸਰਾਸਰ ਖ਼ਤਰਨਾਕ, ਗੈਰ ਜਮਹੂਰੀ ਅਤੇ ਲੋਕ ਵਿਰੋਧੀ ਹੈ।
ਉਨ੍ਹਾਂ ਅਜਿਹੀ ਭਰਾ ਮਾਰੂ ਜੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਕੁਝ ਫਿਰਕੂ ਸੰਗਠਨ ਅਜਿਹੀ ਫਿਰਕੂ ਨਫ਼ਰਤ ਅਤੇ ਵੰਡ ਦੀ ਰਾਜਨੀਤੀ ਨੂੰ ਉਭਾਰ ਕੇ ਜਿੱਥੇ ਪੰਜਾਬ ਵਿੱਚ ਪਰਵਾਸੀਆਂ ਅਤੇ ਬਿਹਾਰ ਚੋਣਾਂ ਵਿੱਚ ਆਪਣਾ ਵੋਟ ਬੈਂਕ ਮਜ਼ਬੂਤ ਕਰਨਾ ਚਾਹੁੰਦੇ ਹਨ, ਉੱਥੇ ਹੀ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਪੰਜਾਬੀਆਂ ਅਤੇ ਸਿੱਖਾਂ ਵਿਰੁੱਧ ਫਿਰਕੂ ਦੰਗੇ ਫਸਾਦਾਂ ਦਾ ਮਾਹੌਲ ਸਿਰਜ ਕੇ ਉਨ੍ਹਾਂ ਨੂੰ ਉਜਾੜਨ ਅਤੇ ਬਰਬਾਦ ਕਰਨ ਦੀ ਸਾਜ਼ਿਸ਼ ਵੀ ਕਰ ਰਹੇ ਹਨ, ਜਿਸਦੇ ਵਿਰੁੱਧ ਲੋਕ ਪੱਖੀ ਅਤੇ ਅਗਾਂਹਵਧੂ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਕਿਰਤੀਆਂ, ਕਾਮਿਆਂ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਫਿਰਕੂ ਸਾਜ਼ਿਸ਼ਾਂ ਦਾ ਮੁਕਾਬਲਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਵੀ ਲੋਕਾਂ ਦਾ ਧਿਆਨ ਹੜ੍ਹਾਂ ਰਾਹੀਂ ਹੋਈ ਬਰਬਾਦੀ, ਮੁੜ ਵਸੇਬੇ, ਮੁਆਵਜ਼ੇ, ਕਿਸਾਨ-ਮਜ਼ਦੂਰ ਮੁੱਦਿਆਂ, ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਕਾਰਪੋਰੇਟ ਲੁੱਟ, ਭ੍ਰਿਸ਼ਟਾਚਾਰ ਅਤੇ ਅਮਨ ਕਾਨੂੰਨ ਦੀ ਮਾੜੀ ਹਾਲਤ ਦੇ ਅਸਲ ਮੁੱਦਿਆਂ ਤੋਂ ਪਾਸੇ ਹਟਾਉਣ ਲਈ ਅਜਿਹੇ ਫਿਰਕੂ ਮੁੱਦਿਆਂ ਉੱਤੇ ਸਾਜ਼ਿਸ਼ੀ ਚੁੱਪ ਧਾਰੀ ਬੈਠੀਆਂ ਹਨ।
ਤਰਕਸ਼ੀਲ ਆਗੂਆਂ ਨੇ ਪੰਜਾਬ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਦੇ ਪਿਛੋਕੜ ਦੀ ਤਹਿਕੀਕਾਤ ਕਰਨ ਦੀ ਮੰਗ ਕਰਦਿਆਂ ਪਰਵਾਸੀਆਂ ਦੇ ਵਿਰੁੱਧ ਮਤੇ ਪਾਸ ਕਰਨ ਵਾਲੀਆਂ ਪੰਚਾਇਤਾਂ ਨੂੰ ਭਾਈਚਾਰਕ ਸਾਂਝ, ਦੂਰ ਅੰਦੇਸ਼ੀ ਅਤੇ ਸਹਿਣਸ਼ੀਲਤਾ ਰੱਖਣ ਅਤੇ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤਾਂ ਰਾਹੀਂ ਸਖ਼ਤ ਸਜ਼ਾਵਾਂ ਦਿਵਾਉਣ ਲਈ ਸਾਂਝੇ ਮੰਚ ਤੋਂ ਉਪਰਾਲੇ ਕਰਨ ਦੀ ਅਪੀਲ ਕੀਤੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (