“ਕਿਸੇ ਵੀ ਜੋਤਿਸ਼ੀ ਨੇ ਨਹੀਂ ਕੀਤੀ ਉੱਤਰੀ ਭਾਰਤ ਵਿੱਚ ਹੜ੍ਹਾਂ ਦੀ ਭਵਿੱਖ ਬਾਣੀ ...”
(12 ਸਤੰਬਰ 2025)
ਤਰਕਸ਼ੀਲ ਸੁਸਾਇਟੀ ਪੰਜਾਬ ਨੇ ਕਰੋੜਾਂ, ਅਰਬਾਂ ਰੁਪਏ ਦੀ ਸੰਪਤੀ ਦੇ ਮਾਲਕ ਬਣੇ ਦੇਸ਼ ਦੇ ਮਹਿਲਨੁਮਾ ਡੇਰਿਆਂ, ਮੱਠਾਂ, ਪੀਠਾਂ ਦੇ ਬਾਬਿਆਂ, ਯੋਗੀਆਂ, ਆਚਾਰੀਆਂ, ਜਗਤ ਗੁਰੂਆਂ, ਕਥਾ ਵਾਚਕਾਂ ਅਤੇ ਧਰਮ ਪ੍ਰਚਾਰਕਾਂ ਵੱਲੋਂ ਉੱਤਰੀ ਭਾਰਤ ਦੇ ਸੂਬਿਆਂ ਵਿੱਚ ਹੋਈ ਹੜ੍ਹਾਂ ਦੀ ਤਬਾਹੀ ਤੋਂ ਪੀੜਿਤ ਪਰਿਵਾਰਾਂ ਦੀ ਕੋਈ ਮਦਦ ਨਾ ਕਰਨ ਉੱਤੇ ਉਨ੍ਹਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਕਿਸੇ ਵੀ ਜੋਤਿਸ਼ੀ ਵੱਲੋਂ ਇਸ ਕੁਦਰਤੀ ਅਤੇ ਗ਼ੈਰ ਕੁਦਰਤੀ ਆਫ਼ਤ ਬਾਰੇ ਕਦੇ ਕੋਈ ਵੀ ਭਵਿੱਖਬਾਣੀ ਨਾ ਕਰਨ ਦਾ ਪਰਦਾਫਾਸ਼ ਕਰਦਿਆਂ ਲੋਕਾਂ ਨੂੰ ਇਨ੍ਹਾਂ ਢੌਂਗੀ ਬਾਬਿਆਂ, ਪ੍ਰਚਾਰਕਾਂ ਅਤੇ ਜੋਤਸ਼ੀਆਂ ਦੇ ਝਾਂਸਿਆਂ ਤੋਂ ਬਚਣ ਦੀ ਜ਼ੋਰਦਾਰ ਅਪੀਲ ਕੀਤੀ ਹੈ।
ਤਰਕਸ਼ੀਲ ਸੁਸਾਇਟੀ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਸੁਖਵਿੰਦਰ ਬਾਗਪੁਰ, ਸੁਮੀਤ ਅੰਮ੍ਰਿਤਸਰ, ਸੁਰਜੀਤ ਟਿੱਬਾ, ਜੋਗਿੰਦਰ ਕੁੱਲੇਵਾਲ ਅਤੇ ਜਸਵਿੰਦਰ ਫਗਵਾੜਾ ਨੇ ਕਿਹਾ ਹੈ ਕਿ ਭੋਲੇ ਭਾਲੇ ਲੋਕਾਂ ਦੀ ਹੱਕ ਹਲਾਲ ਦੀ ਕਮਾਈ ਉੱਤੇ ਐਸ਼ੋ ਅਰਾਮ ਕਰਨ ਵਾਲੇ ਯੋਗੀ, ਸਾਧ ਅਤੇ ਬਾਬੇ ਭੋਲੇ ਭਾਲੇ ਲੋਕਾਂ ਨੂੰ ਅਖੌਤੀ ਅਗਲੇ ਪਿਛਲੇ ਜਨਮ, ਸਵਰਗ ਨਰਕ ਅਤੇ ਕਰਾਮਾਤਾਂ ਦੇ ਝੂਠੇ ਸਬਜ਼ਬਾਗ ਵਿਖਾ ਕੇ ਉਨ੍ਹਾਂ ਤੋਂ ਕਰੋੜਾਂ ਰੁਪਏ ਦੀ ਕਮਾਈ ਕਰਦੇ ਆ ਰਹੇ ਹਨ ਪਰ ਉਨ੍ਹਾਂ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉਤਰਾਖੰਡ, ਹਰਿਆਣਾ ਸੂਬਿਆਂ ਦੇ ਇਲਾਕਿਆਂ ਵਿੱਚ ਮੌਜੂਦਾ ਹੜ੍ਹਾਂ ਦੌਰਾਨ ਜਾਨੀ ਅਤੇ ਮਾਲੀ ਨੁਕਸਾਨ ਨਾਲ ਬਰਬਾਦ ਹੋਏ ਲੱਖਾਂ ਆਮ ਲੋਕਾਂ ਦੀ ਕੋਈ ਵਿੱਤੀ ਮਦਦ ਜਾਂ ਆਪਣੇ ਸਾਧਨਾਂ ਰਾਹੀਂ ਮੌਕੇ ’ਤੇ ਸੇਵਾ ਕਰਨ ਤੋਂ ਬਿਲਕੁਲ ਟਾਲਾ ਵੱਟਿਆ ਹੈ, ਜਦਕਿ ਤਰਕਸ਼ੀਲ ਸੁਸਾਇਟੀ ਪੰਜਾਬ ਸਮੇਤ ਹੋਰ ਕਈ ਸਮਾਜ ਸੇਵੀ ਜਥੇਬੰਦੀਆਂ ਆਪਣੇ ਤੌਰ ’ਤੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਹੜ੍ਹ ਪੀੜਿਤਾਂ ਦੀ ਮਦਦ ਕਰਨ ਦੇ ਲਗਾਤਾਰ ਯਤਨ ਕਰ ਰਹੀਆਂ ਹਨ।
ਸੂਬਾ ਕਮੇਟੀ ਆਗੂਆਂ ਨੇ ਦੋਸ਼ ਲਾਇਆ ਕਿ ਇਹ ਮੁਫ਼ਤਖੋਰ ਬਾਬੇ ਰੋਜ਼ਾਨਾ ਆਪਣੇ ਸੰਬੋਧਨ ਵਿੱਚ ਸ਼ਰਧਾਲੂਆਂ ਨੂੰ ਡੇਰਿਆਂ ਅਤੇ ਧਾਰਮਿਕ ਸਥਾਨਾਂ ਵਿੱਚ ਖੁੱਲ੍ਹ ਕੇ ਦਾਨ ਪੁੰਨ ਦੇਣ ਅਤੇ ਹੱਥੀਂ ਸੇਵਾ ਕਰਨ ਦੀਆਂ ਨਸੀਹਤਾਂ ਦਿੰਦੇ ਹਨ ਪਰ ਆਪਣੇ ਪੈਰੋਕਾਰਾਂ ਉੱਤੇ ਆਈ ਕਿਸੇ ਵੱਡੀ ਕੁਦਰਤੀ ਜਾਂ ਗੈਰ ਕੁਦਰਤੀ ਆਫ਼ਤ ਸਮੇਂ ਖੁਦ ਵਿੱਤੀ ਮਦਦ ਅਤੇ ਸੇਵਾ ਕਰਨ ਤੋਂ ਦੂਰ ਭੱਜਦੇ ਹਨ, ਜਿਸ ਤੋਂ ਸੁਚੇਤ ਹੋ ਕੇ ਲੋਕਾਂ ਨੂੰ ਭਵਿੱਖ ਵਿੱਚ ਇਨ੍ਹਾਂ ਮੁਫ਼ਤਖੋਰ, ਅਨਪੜ੍ਹ ਅਤੇ ਵਿਹਲੜ ਬਾਬਿਆਂ, ਸਾਧਾਂ ਤੋਂ ਖਹਿੜਾ ਛਡਾਉਣਾ ਚਾਹੀਦਾ ਹੈ।
ਤਰਕਸ਼ੀਲ ਆਗੂਆਂ ਸੰਦੀਪ ਧਾਰੀਵਾਲ ਭੋਜਾਂ, ਜਸਪਾਲ ਬਾਸਰਕੇ, ਪ੍ਰਿੰ. ਮੇਲਾ ਰਾਮ, ਐਡਵੋਕੇਟ ਅਮਰਜੀਤ ਬਾਈ, ਮਾਸਟਰ ਬਲਦੇਵ ਰਾਜ ਵੇਰਕਾ ਅਤੇ ਦਮਨਜੀਤ ਕੌਰ ਨੇ ਆਮ ਲੋਕਾਈ ਨੂੰ ਜ਼ਿੰਦਗੀ ਵਿੱਚ ਵਿਗਿਆਨਕ ਸੋਚ ਅਤੇ ਇਨਸਾਨੀਅਤ ਅਪਣਾਉਣ ਦਾ ਸੁਨੇਹਾ ਦਿੰਦਿਆਂ ਸੁਚੇਤ ਕੀਤਾ ਕਿ ਭਾਰਤ ਸਮੇਤ ਦੁਨੀਆਂ ਦੇ ਕਿਸੇ ਵੀ ਜੋਤਿਸ਼ੀ ਜਾਂ ਕਥਿਤ ਦੈਵੀ ਸ਼ਕਤੀ ਦੇ ਦਾਅਵੇਦਾਰ ਬਾਬੇ ਨੇ ਉੱਤਰੀ ਭਾਰਤ ਵਿੱਚ ਆਏ ਮੌਜੂਦਾ ਹੜ੍ਹਾਂ ਅਤੇ ਅਫ਼ਗ਼ਾਨਿਸਤਾਨ ਵਿੱਚ ਆਏ ਭੂਚਾਲ ਸਮੇਤ ਕਦੇ ਵੀ ਕਿਸੇ ਵੱਡੀ ਕੁਦਰਤੀ ਜਾਂ ਗੈਰ ਕੁਦਰਤੀ ਆਫ਼ਤ-ਘਟਨਾ ਵਾਪਰਨ ਦੀ ਅਗਾਊਂ ਭਵਿੱਖਬਾਣੀ ਨਹੀਂ ਕੀਤੀ ਜੋਕਿ ਜੋਤਿਸ਼ ਦੇ ਖੋਖਲੇਪਣ ਹੋਣ ਦਾ ਸਪਸ਼ਟ ਸਬੂਤ ਹੈ।
ਉਨ੍ਹਾਂ ਸਪਸ਼ਟ ਕੀਤਾ ਕਿ ਮੌਜੂਦਾ ਹੜ੍ਹਾਂ ਨਾਲ ਹੋਈ ਤਬਾਹੀ ਕੋਈ ਕੁਦਰਤੀ ਕਰੋਪੀ ਨਾ ਹੋ ਕੇ ਮੌਜੂਦਾ ਸਾਮਰਾਜ ਪੱਖੀ ਹਕੂਮਤਾਂ ਦੀਆਂ ਕੁਦਰਤੀ ਵਾਤਾਵਰਣ ਵਿਰੋਧੀ, ਕਾਰਪੋਰੇਟ ਪੱਖੀ ਅਤੇ ਲੋਕ ਉਜਾੜੂ ਨੀਤੀਆਂ ਦੇ ਇਲਾਵਾ ਹੜ੍ਹਾਂ ਦੀ ਅਗਾਊਂ ਰੋਕਥਾਮ ਵਿੱਚ ਵਿਖਾਈ ਘੋਰ ਨਲਾਇਕੀ ਦਾ ਨਤੀਜਾ ਹੈ, ਜਿਸ ਲਈ ਪੰਜਾਬ ਅਤੇ ਕੇਂਦਰ ਸਰਕਾਰਾਂ ਵੱਲੋਂ ਪੀੜਿਤ ਪਰਿਵਾਰਾਂ ਨੂੰ ਤੁਰੰਤ ਮਨੁੱਖੀ ਮਦਦ ਅਤੇ ਯੋਗ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (