SumeetSingh 7ਅੱਜ ਵੀ ਪੰਜਾਬੀ ਟ੍ਰਿਬਿਊਨ ਨੂੰ ਸਿਰਫ ਪੜ੍ਹੇ ਲਿਖੇ ਵਰਗਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਦਾ ...
(20 ਅਗਸਤ 2025)


15
ਅਗਸਤ ਦੇਸ਼ ਦੀ ਆਜ਼ਾਦੀ ਦੇ ਨਾਲ ਨਾਲ ਪੰਜਾਬੀ ਟ੍ਰਿਬਿਊਨ ਦੀ ਸਥਾਪਤੀ ਦਾ ਵੀ ਦਿਨ ਹੈਪੰਜਾਬੀ ਟ੍ਰਿਬਿਊਨ ਦੇ ਸਭ ਤੋਂ ਪਹਿਲੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਤੋਂ ਲੈ ਕੇ ਡਾ. ਸਵਰਾਜਬੀਰ ਅਤੇ ਮੌਜੂਦਾ ਸੰਪਾਦਕ ਮੈਡਮ ਅਰਵਿੰਦਰ ਜੌਹਲ ਨੇ ਪੰਜਾਬੀ ਟ੍ਰਿਬਿਊਨ ਦੀ ਨਿਰਪੱਖ, ਲੋਕ ਪੱਖੀ, ਸਾਹਿਤਕ ਅਤੇ ਮਿਆਰੀ ਪੱਤਰਕਾਰੀ ਉੱਤੇ ਪੂਰੀ ਨਿਡਰਤਾ ਅਤੇ ਸੁਹਿਰਦਤਾ ਨਾਲ ਪਹਿਰਾ ਦਿੰਦੇ ਹੋਏ ਹਮੇਸ਼ਾ ਲੋਕ ਪੱਖੀ ਮੁੱਦਿਆਂ, ਸਮਾਜਿਕ ਸਰੋਕਾਰਾਂ, ਵਿਗਿਆਨਕ ਚੇਤਨਾ, ਧਰਮ ਨਿਰਪੱਖਤਾ ਅਤੇ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਪੂਰੀ ਸ਼ਿੱਦਤ ਨਾਲ ਆਵਾਜ਼ ਬੁਲੰਦ ਕੀਤੀ ਹੈ ਅਤੇ ਦੇਸ਼ ਵਿਦੇਸ਼ ਵਿੱਚ ਚੇਤਨ ਪਾਠਕਾਂ ਦਾ ਇੱਕ ਵਿਸ਼ਾਲ ਵਰਗ ਪੈਦਾ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈਯਕੀਨਨ ਇਸ ਵਿੱਚ ਅਖ਼ਬਾਰ ਦੇ ਹਰ ਵਿਭਾਗ ਨਾਲ ਜੁੜੇ ਸਮੂਹ ਕਾਮਿਆਂ ਅਤੇ ਖਾਸ ਕਰਕੇ ਸੰਪਾਦਕੀ ਮੰਡਲ ਦੀ ਸਮਰਪਿਤ ਭਾਵਨਾ, ਟੀਮ ਵਰਕ ਅਤੇ ਸਖ਼ਤ ਮਿਹਨਤ ਸ਼ਾਮਲ ਰਹੀ ਹੈ

ਸਮੇਂ ਸਮੇਂ ’ਤੇ ਅਖ਼ਬਾਰ ਦੇ ਬੇਹੱਦ ਦਿਲਚਸਪ ਅਤੇ ਮਕਬੂਲ ਕਾਲਮਾਂ ਦਲਬੀਰ ਸਿੰਘ ਦਾ ਜਗਤ ਤਮਾਸ਼ਾ, ਅੱਠਵਾਂ ਕਾਲਮ, ਖਰੀਆਂ ਖਰੀਆਂ, ਗੱਲਾਂ ਵਿੱਚੋਂ ਗੱਲ, ਅੱਜ ਕੱਲ੍ਹ, ਅੰਗ ਸੰਗ ਆਦਿ ਨੇ ਪੰਜਾਬੀ ਟ੍ਰਿਬਿਊਨ ਨੂੰ ਮਿਆਰੀ ਪੱਤਰਕਾਰੀ ਦੀਆਂ ਬੁਲੰਦੀਆਂ ’ਤੇ ਪਹੁੰਚਾਇਆ ਹੈ ਅਤੇ ਪਾਠਕਾਂ ਨੂੰ ਵਿਗਿਆਨਕ ਚੇਤਨਾ, ਸਵੈਵਿਸ਼ਵਾਸ਼, ਸੰਘਰਸ਼, ਜਮਹੂਰੀ ਅਧਿਕਾਰਾਂ, ਨੈਤਿਕ ਕਦਰਾਂ ਕੀਮਤਾਂ, ਆਜ਼ਾਦੀ, ਬਰਾਬਰੀ, ਸਮਾਜਿਕ ਨਿਆਂ, ਸਾਹਿਤ, ਕਲਾ, ਸੱਭਿਆਚਾਰ, ਰੰਗਮੰਚ, ਤਰਕਸ਼ੀਲਤਾ, ਸਿਹਤ, ਸਿੱਖਿਆ, ਵਿਰਾਸਤ, ਖੇਤੀ, ਵਪਾਰ, ਧਰਮ ਆਦਿ ਵਿਸ਼ਿਆਂ ਸਬੰਧੀ ਵੱਖ ਵੱਖ ਅੰਕਾਂ ਰਾਹੀਂ ਮਿਆਰੀ ਜਾਣਕਾਰੀ ਅਤੇ ਗਿਆਨ ਹਾਸਲ ਕਰਵਾਇਆ ਹੈ

ਪੰਜਾਬੀ ਟ੍ਰਿਬਿਊਨ ਨੇ ‘ਤੁਹਾਡੀ ਚਿੱਠੀ ਮਿਲੀ’, ‘ਪਾਠਕਾਂ ਦੇ ਖ਼ਤ’ ਅਤੇ ‘ਡਾਕ ਐਤਵਾਰ ਦੀ’ ਵਰਗੇ ਕਾਲਮਾਂ ਰਾਹੀਂ ਪਾਠਕਾਂ ਨੂੰ ਖੁੱਲ੍ਹੇ ਵਿਚਾਰ ਪ੍ਰਗਟ ਕਰਨ ਅਤੇ ਕਈ ਪਾਠਕਾਂ ਨੂੰ ਲੇਖਕ ਬਣਨ ਦਾ ਮੌਕਾ ਦਿੱਤਾ ਹੈਇਸਦੇ ਇਲਾਵਾ ਬੀਤੇ ਸਮੇਂ ਵਿੱਚ ਅਖ਼ਬਾਰ ਦੀਆਂ ਭ੍ਰਿਸ਼ਟ ਮੰਤਰੀਆਂ, ਸਿਆਸਤਦਾਨਾਂ, ਪੁਲਿਸ ਅਤੇ ਸਿਵਲ ਪ੍ਰਸ਼ਾਸਨ, ਲੁੱਟ, ਪ੍ਰਦੂਸ਼ਣ ਫੈਲਾਉਣ ਵਾਲੇ ਕਾਰਪੋਰੇਟ ਅਦਾਰਿਆਂ ਅਤੇ ਪਖੰਡੀ ਬਾਬਿਆਂ ਦੀਆਂ ਅਪਰਾਧਿਕ ਗਤੀਵਿਧੀਆਂ ਦਾ ਪਰਦਾਫਾਸ਼ ਕਰਦੀਆਂ ਬੇਬਾਕ ਸੰਪਾਦਕੀਆਂ ਅਤੇ ਖੋਜੀ ਪੱਤਰਕਾਰਾਂ ਦੀਆਂ ਲੋਕ ਪੱਖੀ ਸਰੋਕਾਰਾਂ ਨਾਲ ਸੰਬੰਧਿਤ ਤੱਥ ਖੋਜ ਰਿਪੋਰਟਾਂ ਨੇ ਪਾਠਕਾਂ ਵਿੱਚ ਪੰਜਾਬੀ ਟ੍ਰਿਬਿਊਨ ਦੀ ਭਰੋਸੇਯੋਗਤਾ ਬਣਾਉਣ ਅਤੇ ਇਸਦਾ ਲੋਕ ਪੱਖੀ ਮਿਆਰ ਲਗਾਤਾਰ ਬਰਕਰਾਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈਬੇਹੱਦ ਖੁਸ਼ੀ ਦੀ ਗੱਲ ਹੈ ਕਿ ਅਖਬਾਰ ਵੱਲੋਂ ਕਦੇ ਵੀ ਅਸ਼ਲੀਲਤਾ, ਅੰਧਵਿਸ਼ਵਾਸ, ਝੂਠ ਅਤੇ ਸਨਸਨੀ ਫੈਲਾਉਣ ਵਾਲੀਆਂ ਖ਼ਬਰਾਂ ਅਤੇ ਲੇਖ ਪ੍ਰਕਾਸ਼ਿਤ ਨਹੀਂ ਕੀਤੇ ਗਏ ਅਤੇ ਇਸਨੇ ਪਾਠਕਾਂ ਵਿੱਚ ਆਪਣਾ ਵਿਸ਼ਵਾਸ ਅਤੇ ਇੱਕ ਬੌਧਿਕ ਕਿਰਦਾਰ ਸਥਾਪਿਤ ਕੀਤਾ ਹੈ ਜੋ ਅੱਜ ਤਕ ਕਾਇਮ ਹੈ

ਮੇਰੇ ਪਿਤਾ ਜੀ ਸ੍ਰ. ਜੋਗਿੰਦਰ ਸਿੰਘ ਵਿਗਿਆਨਕ ਸੋਚ ਦੇ ਧਾਰਨੀ ਹੁੰਦੇ ਹੋਏ ਉਸ ਸਮੇਂ ਦੇ ਬੇਹੱਦ ਮਕਬੂਲ ਮੈਗਜ਼ੀਨ ਪ੍ਰੀਤ ਲੜੀ ਅਤੇ ਪੰਜਾਬੀ ਅਖਬਾਰ ਅਜੀਤ ਦੇ ਨਿਯਮਤ ਪਾਠਕ ਸਨ ਪਰ 15 ਅਗਸਤ 1978 ਨੂੰ ਘਰ ਵਿੱਚ ਪੰਜਾਬੀ ਟ੍ਰਿਬਿਊਨ ਦੀ ਆਮਦ ਨਾਲ ਮੇਰੀ ਮਾਨਸਿਕਤਾ ਵਿੱਚ ਵਿਗਿਆਨਕ ਚੇਤਨਾ ਦਾ ਹੋਰ ਪਾਸਾਰ ਹੋਣਾ ਸ਼ੁਰੂ ਹੋ ਗਿਆਉਦੋਂ ਇਸਦੀ ਕੀਮਤ ਸਿਰਫ 25 ਪੈਸੇ ਹੁੰਦੀ ਸੀਪਹਿਲੇ ਦਿਨ ਤੋਂ ਹੀ ਪੰਜਾਬੀ ਟ੍ਰਿਬਿਊਨ ਦਾ ਸਥਾਈ ਪਾਠਕ ਹੋਣ ਦਾ ਅਜਿਹਾ ਚਸਕਾ ਪਿਆ ਹੈ ਕਿ ਹੋਰ ਜਿੰਨੀਆਂ ਮਰਜ਼ੀ ਅਖਬਾਰਾਂ ਪੜ੍ਹ ਲਈਆਂ ਜਾਣ ਪਰ ਜਦੋਂ ਤਕ ਪੰਜਾਬੀ ਟ੍ਰਿਬਿਊਨ ਨਾ ਪੜ੍ਹ ਲਈ ਜਾਂਦੀ ਤਦ ਤਕ ਸਕੂਨ ਜਿਹਾ ਨਾ ਮਿਲਦਾਮੇਰੇ ਕਈ ਪੱਤਰਕਾਰ ਦੋਸਤ ਬੇਸ਼ਕ ਦੂਜੀਆਂ ਅਖ਼ਬਾਰਾਂ ਵਿੱਚ ਪੱਤਰਕਾਰੀ ਕਰਦੇ ਹਨ ਪਰ ਉਹ ਬੜੇ ਫ਼ਖਰ ਨਾਲ ਦੱਸਦੇ ਹਨ ਕਿ ਪੰਜਾਬੀ ਟ੍ਰਿਬਿਊਨ ਨੂੰ ਪੜ੍ਹਨ ਦਾ ਮਜ਼ਾ ਹੀ ਕੁਝ ਹੋਰ ਹੈ

ਸੰਨ 1983 ਵਿੱਚ ਐੱਮ. ਏ. (ਫਿਲਾਸਫੀ) ਕਰਨ ਤੋਂ ਬਾਅਦ ਮੈਂ ਪੰਜਾਬੀ ਟ੍ਰਿਬਿਊਨ ਦੇ ਕਾਲਮ ‘ਤੁਹਾਡੀ ਚਿੱਠੀ ਮਿਲੀ’ ਵਿੱਚ ਪ੍ਰਕਾਸ਼ਿਤ ਲੇਖਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਵਜੋਂ ਆਪਣਾ ਹੱਥ ਅਜ਼ਮਾਉਣ ਲਈ ਅਖਬਾਰ ਨੂੰ ਚਿੱਠੀਆਂ ਲਿਖਣੀਆਂ ਸ਼ੁਰੂ ਕੀਤੀਆਂਮੇਰਾ ਚਿੱਠੀਆਂ ਲਿਖਣ ਦਾ ਮਕਸਦ ਕਦੇ ਵੀ ਸਿਰਫ ਲੇਖ, ਲੇਖਕ ਅਤੇ ਅਖਬਾਰ ਦੀ ਪ੍ਰਸ਼ੰਸਾ ਕਰਨ ਤਕ ਸੀਮਿਤ ਨਹੀਂ ਰਿਹਾ ਬਲਕਿ ਉਸ ਵਿਸ਼ੇ ਬਾਰੇ ਆਪਣੇ ਮੌਲਿਕ ਵਿਚਾਰ ਪ੍ਰਗਟ ਕਰਨ, ਆਪਣੀ ਸਮਝ ਨੂੰ ਹੋਰ ਨਿਖਾਰਨ ਅਤੇ ਸਮੇਂ ਸਮੇਂ ’ਤੇ ਪੰਜਾਬੀ ਟ੍ਰਿਬਿਊਨ ਵਿੱਚ ਕਿਸੇ ਪੱਖ ਤੋਂ ਨਜ਼ਰ ਆਈਆਂ ਕਮੀਆਂ, ਗ਼ਲਤੀਆਂ ਅਤੇ ਊਣਤਾਈਆਂ ਬਾਰੇ ਸਕਾਰਾਤਮਿਕ ਆਲੋਚਨਾ ਕਰਨ ਵੱਲ ਵੀ ਸੇਧਿਤ ਰਿਹਾ ਹੈ

ਇਸੇ ਦੌਰਾਨ ਪੰਜਾਬੀ ਟ੍ਰਿਬਿਊਨ ਵਿੱਚ ਪ੍ਰਸਿੱਧ ਸਾਹਿਤਕਾਰਾਂ ਦੇ ਵਿਗਿਆਨਕ ਚੇਤਨਾ ਨਾਲ ਸੰਬੰਧਿਤ ਲੇਖ ਪੜ੍ਹਨ, ਅੱਸੀਵਿਆਂ ਵਿੱਚ ਤਰਕਸ਼ੀਲ ਲਹਿਰ ਨਾਲ ਜੁੜਨ, ਘਰ ਪਰਿਵਾਰ ਵਿੱਚ ਵਿਗਿਆਨਕ ਵਿਚਾਰਾਂ ਦਾ ਮਾਹੌਲ ਹੋਣ ਕਰਕੇ ਮਨ ਵਿੱਚ ਵਿਗਿਆਨਕ ਚੇਤਨਾ, ਤਰਕਸ਼ੀਲ ਵਿਦਵਾਨਾਂ, ਵਿਗਿਆਨੀਆਂ ਅਤੇ ਸਮਾਜਿਕ ਵਿਸ਼ਿਆਂ ਬਾਰੇ ਲੇਖ ਲਿਖਣ ਦੀ ਇੱਛਾ ਉੱਸਲਵੱਟੇ ਲੈਣ ਲੱਗੀਇਸ ਕੋਸ਼ਿਸ਼ ਵਜੋਂ ਜੂਨ 1986 ਨੂੰ ਪੰਜਾਬੀ ਟ੍ਰਿਬਿਊਨ ਦੇ ਸਿਹਤ ਵਿਗਿਆਨ ਅੰਕ ਵਿੱਚ ਮੇਰਾ ਸਭ ਤੋਂ ਪਹਿਲਾ ਲੇਖ ‘ਦਿਲ ਅਤੇ ਦਿਮਾਗ’ ਪ੍ਰਕਾਸ਼ਿਤ ਹੋਇਆ ਜਿਸਦਾ ਮੈਨੂੰ 30 ਰੁਪਏ ਸੇਵਾ ਫਲ ਵੀ ਮਨੀਆਰਡਰ ਰਾਹੀਂ ਪ੍ਰਾਪਤ ਹੋਇਆ ਅਤੇ ਇਸ ਖੁਸ਼ੀ ਵਿੱਚ ਮੈਂ ਉਦੋਂ ਆਪਣੇ ਦਫਤਰ ਵਿੱਚ ਚਾਹ ਪਾਰਟੀ ਵੀ ਕੀਤੀਹੁਣ ਤਕ ਪੰਜਾਬੀ ਟ੍ਰਿਬਿਊਨ ਵਿੱਚ ‘ਪਾਠਕਾਂ ਦੇ ਖ਼ਤ’ ਹੇਠ 1200 ਦੇ ਲਗਭਗ ਚਿੱਠੀਆਂ ਲਿਖਣ ਅਤੇ ਵੱਖ ਵੱਖ ਵਿਸ਼ਿਆਂ ਉੱਤੇ 200 ਤੋਂ ਵੱਧ ਮੌਲਿਕ ਲੇਖ ਪ੍ਰਕਾਸ਼ਿਤ ਹੋਣ ਦਾ ਤਸੱਲੀਬਖ਼ਸ਼ ਸਫ਼ਰ ਤੈਅ ਕੀਤਾ ਹੈ ਅਤੇ ਉਮੀਦ ਹੈ ਕਿ ਅਖ਼ਬਾਰ ਦੀ ਲੋਕ ਪੱਖੀ ਨੀਤੀ, ਸਹਿਯੋਗ ਅਤੇ ਆਪਣੀ ਸਿਹਤ ਅਨੁਸਾਰ ਆਖਰੀ ਸਮੇਂ ਤਕ ਜਾਰੀ ਰਹੇਗਾ

ਇੱਥੇ ਇੱਕ ਵਿਸ਼ੇਸ਼ ਘਟਨਾ ਦਾ ਜ਼ਿਕਰ ਕਰਨਾ ਸਰੂਰੀ ਹੈਸਾਡਾ ਹਾਕਰ ਅਕਸਰ ਕਿਸੇ ਕਾਰਨ ਕਈ ਵਾਰ ਪੰਜਾਬੀ ਟ੍ਰਿਬਿਊਨ ਦੀ ਜਗ੍ਹਾ ਹੋਰ ਅਖਬਾਰ ਸੁੱਟ ਜਾਂਦਾਇੱਕ ਦਿਨ ਮੈਂ ਆਪਣੇ ਹਾਕਰ ਨੂੰ ਵਿਸ਼ੇਸ਼ ਤੌਰ ’ਤੇ ਬੁਲਾ ਕੇ ਕਿਹਾ ਕਿ ਜਿਸ ਦਿਨ ਤੂੰ ਪੰਜਾਬੀ ਟ੍ਰਿਬਿਊਨ ਦੀ ਜਗ੍ਹਾ ਹੋਰ ਕੋਈ ਅਖਬਾਰ ਸੁੱਟ ਕੇ ਜਾਵੇਂਗਾ, ਕਾਰਨ ਭਾਵੇਂ ਕੋਈ ਵੀ ਹੋਵੇ, ਉਸਦੇ ਤੈਨੂੰ ਪੈਸੇ ਨਹੀਂ ਮਿਲਣਗੇ। ਉਸਦੀ ਇਸ ਕੁਤਾਹੀ ਕਾਰਨ ਮੈਂ ਕਈ ਵਾਰ ਉਸਦੇ ਪੈਸੇ ਕੱਟੇ ਵੀਇਹ ਮੋਹ ਉਸੇ ਤਰ੍ਹਾਂ ਹੀ ਹੈ ਜਿਵੇਂ ਸਕੂਲ ਤੋਂ ਆਏ ਕਿਸੇ ਬੱਚੇ ਨੂੰ ਘਰ ਵਿੱਚ ਮਾਂ ਨਾ ਲੱਭੇ ਤਾਂ ਉਹ ਪ੍ਰੇਸ਼ਾਨ ਹੋ ਜਾਂਦਾ ਹੈ। ਪੰਜਾਬੀ ਟ੍ਰਿਬਿਊਨ ਦੀ ਅਜਿਹੀ ਥਾਂ ਮੇਰੀ ਜ਼ਿੰਦਗੀ ਵਿੱਚ ਹਮੇਸ਼ਾ ਤੋਂ ਰਹੀ ਹੈਕਰੋਨਾ ਕਾਲ ਵੇਲੇ ਜਦੋਂ ਸਾਰੇ ਲੋਕਾਂ ਨੇ ਅਖਬਾਰ ਲੈਣੇ ਬੰਦ ਕਰ ਦਿੱਤੇ ਤਾਂ ਮੈਂ ਆਪਣੇ ਹਾਕਰ ਨੂੰ ਬੁਲਾ ਕੇ ਕਿਹਾ ਕਿ ਜੇਕਰ ਮੁਹੱਲੇ ਵਿੱਚ ਕੋਈ ਘਰ ਕਰੋਨਾ ਦੇ ਡਰ ਕਰਕੇ ਅਖਬਾਰ ਲੈਣ ਤੋਂ ਮਨਾ ਕਰ ਦਵੇ ਤਾਂ ਤੂੰ ਸਾਰੀਆਂ ਅਖ਼ਬਾਰਾਂ ਮੇਰੇ ਘਰ ਸੁੱਟ ਜਾਇਆ ਕਰ, ਇਸਦੇ ਪੈਸੇ ਵੀ ਮੈਂ ਦੇਵਾਂਗਾਉਹ ਬੜਾ ਹੈਰਾਨ ਸੀ ਕਿ ਜਿਹੜਾ ਸ਼ਖਸ ਮੇਰੇ ਇੱਕ ਇੱਕ ਅਖਬਾਰ ਦੇ ਪੈਸੇ ਕੱਟ ਲੈਂਦਾ ਸੀ ਉਹ ਮੈਨੂੰ ਤਿੰਨ ਮਹੀਨੇ ਰੋਜ਼ਾਨਾ ਤਿੰਨ ਹੋਰ ਅਖ਼ਬਾਰਾਂ ਫਾਲਤੂ ਲੈਣ ਦਾ ਭੁਗਤਾਨ ਬੜੀ ਖੁਸ਼ੀ ਨਾਲ ਕਰ ਰਿਹਾ ਹੈਉਸ ਨੂੰ ਇਹ ਦੱਸਣ ਤੇ ਕਿ ਪੰਜਾਬੀ ਟ੍ਰਿਬਿਊਨ ਹੋਰਨਾਂ ਅਖ਼ਬਾਰਾਂ ਤੋਂ ਕਿਉਂ ਵੱਖਰੀ ਹੈ ਅਤੇ ਮੇਰੇ ਲਈ ਇਸਦੀ ਇੰਨੀ ਮਹੱਤਤਾ ਕਿਉਂ ਹੈ, ਉਸਦੇ ਦਿਮਾਗ ਵਿੱਚ ਗੱਲ ਬੈਠ ਗਈ ਅਤੇ ਫਿਰ ਉਸਨੇ ਪੰਜਾਬੀ ਟ੍ਰਿਬਿਊਨ ਤੋਂ ਬਗੈਰ ਕਦੇ ਹੋਰ ਕੋਈ ਅਖਬਾਰ ਸੁੱਟਣ ਦੀ ਗ਼ਲਤੀ ਨਹੀਂ ਕੀਤੀ ਭਾਵੇਂ ਕਿ ਮੈਂ ਲੋੜ ਅਨੁਸਾਰ ਦੂਜੀਆਂ ਪੰਜਾਬੀ ਅਖ਼ਬਾਰਾਂ ਵੀ ਲਗਾਤਾਰ ਮੰਗਵਾਉਂਦਾ ਆ ਰਿਹਾ ਹਾਂ ਅਤੇ ਹੋਰਨਾਂ ਭਾਸ਼ਾਵਾਂ ਦੀਆਂ ਅਖ਼ਬਾਰਾਂ ਵੀ ਪੜ੍ਹਦਾ ਹਾਂਇਹੀ ਵਜਾਹ ਹੈ ਕਿ ਅਸੀਂ ਸਾਰਾ ਪਰਿਵਾਰ ਜਦੋਂ ਕਦੇ ਵੀ 10-12 ਦਿਨ ਲਈ ਘਰ ਬੰਦ ਕਰਕੇ ਬਾਹਰ ਗਏ ਹਾਂ ਤਾਂ ਵੀ ਕਦੇ ਅਖਬਾਰ ਬੰਦ ਨਹੀਂ ਕਰਵਾਈ

ਕਰੋਨਾ ਕਾਲ ਵਿੱਚ ਪੰਜਾਬੀ ਟ੍ਰਿਬਿਊਨ ਨੇ ਕਰੋਨਾ ਦਾ ਡਰ ਦੂਰ ਕਰਨ ਸਬੰਧੀ ਉੱਘੇ ਸਿਹਤ ਮਾਹਿਰ ਡਾ. ਸ਼ਿਆਮ ਸੁੰਦਰ ਦੀਪਤੀ ਦੇ ਲੇਖਾਂ ਨੂੰ ਪ੍ਰਕਾਸ਼ਿਤ ਕਰਕੇ ਪਾਠਕਾਂ ਵਿੱਚ ਕਰੋਨਾ ਤੋਂ ਬਚਾ ਅਤੇ ਬਿਮਾਰੀ ਨਾਲ ਲੜਨ ਦੀ ਵਿਗਿਆਨਕ ਸੋਚ ਅਤੇ ਸਵੈ ਵਿਸ਼ਵਾਸ ਪੈਦਾ ਕੀਤਾ ਜਿਸਦੀ ਸਮੁੱਚੇ ਮੀਡੀਏ ਅਤੇ ਕਿਸਾਨ ਜਥੇਬੰਦੀਆਂ ਵਿੱਚ ਬੇਹੱਦ ਪ੍ਰਸ਼ੰਸਾ ਹੋਈਇਸੇ ਤਰ੍ਹਾਂ ਸੰਨ 2020 ਵਿੱਚ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਡਾ. ਸਵਰਾਜਬੀਰ ਦੇ ਸੰਪਾਦਕ ਹੁੰਦੇ ਹੋਏ ਜਿਸ ਮਿਆਰੀ ਪੱਤਰਕਾਰੀ ਦਾ ਸਬੂਤ ਦਿੰਦਿਆਂ ਸੰਪਾਦਕੀਆਂ ਅਤੇ ਲੇਖਾਂ ਰਾਹੀਂ ਪੰਜਾਬੀ ਟ੍ਰਿਬਿਊਨ ਨੇ ਕਿਸਾਨੀ ਮੰਗਾਂ ਅਤੇ ਸੰਘਰਸ਼ ਨੂੰ ਲਗਾਤਾਰ ਮੁੱਖ ਕਵਰੇਜ ਦੇ ਕੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਉਭਾਰਿਆ, ਉਸ ਨੂੰ ਸਮਾਜ ਦੇ ਹਰ ਵਰਗ ਅਤੇ ਖਾਸ ਕਰਕੇ ਸਮੁੱਚੀ ਕਿਸਾਨੀ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪੱਧਰ ’ਤੇ ਸਲਾਹਿਆ ਗਿਆ

ਸੰਨ 2003 ਵਿੱਚ ਅਖ਼ਬਾਰ ਦੇ ਪੰਝੀ ਸਾਲ ਮੁਕੰਮਲ ਹੋਣ ’ਤੇ ਜਦੋਂ ਪਾਠਕ ਮੰਚ ਮਿਲਣੀ ਸਮਾਗਮ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਕਰਵਾਏ ਗਏ ਤਾਂ ਉਦੋਂ ਵੀ ਇਸ ਖੇਤਰ ਦੇ ਵੱਡੀ ਗਿਣਤੀ ਪਾਠਕਾਂ ਨੂੰ ਸੁਨੇਹੇ ਲਾਉਣ ਅਤੇ ਸਮਾਗਮਾਂ ਵਿੱਚ ਖੁਦ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲਿਆਇਸ ਮਿਆਰੀ ਅਖ਼ਬਾਰ ਦੇ ਪਾਠਕਾਂ ਦਾ ਘੇਰਾ ਹੋਰ ਵਿਸ਼ਾਲ ਕਰਨ ਦੇ ਮਕਸਦ ਨੂੰ ਲੈ ਕੇ ਸਮੇਂ ਸਮੇਂ ’ਤੇ ਵੱਖ ਵੱਖ ਸੰਪਾਦਕਾਂ ਨੂੰ ਅਜਿਹੇ ਪਾਠਕ ਮਿਲਣੀ ਸਮਾਗਮ ਨਿਯਮਤ ਕਰਨ ਦੀ ਮੇਰੇ ਵੱਲੋਂ ਕਈ ਵਾਰ ਅਪੀਲ ਕੀਤੀ ਗਈ ਪਰ ਅਫ਼ਸੋਸ ਹੈ ਕਿ ਉਸ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਅਜਿਹਾ ਕੋਈ ਸਮਾਗਮ ਨਹੀਂ ਕੀਤਾ ਜਾ ਸਕਿਆ

ਅੱਜ ਵੀ ਪੰਜਾਬੀ ਟ੍ਰਿਬਿਊਨ ਨੂੰ ਸਿਰਫ ਪੜ੍ਹੇ ਲਿਖੇ ਵਰਗ, ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਦਾ ਅਖ਼ਬਾਰ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਜਦਕਿ ਇਹ ਆਮ ਕਿਸਾਨਾਂ, ਮਜ਼ਦੂਰਾਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ, ਸਨਅਤੀ ਕਾਮਿਆਂ, ਦੁਕਾਨਦਾਰਾਂ, ਰਿਕਸ਼ਾ ਚਾਲਕਾਂ, ਚਾਹ ਦੀਆਂ ਦੁਕਾਨਾਂ, ਦਫਤਰਾਂ, ਟਰੇਡ ਯੂਨੀਅਨ ਦਫਤਰਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ, ਪਿੰਡਾਂ ਦੀਆਂ ਸੱਥਾਂ ਦਾ ਅਖ਼ਬਾਰ ਬਣਨਾ ਚਾਹੀਦਾ ਹੈਇਸਦੀ ਲੋਕਪ੍ਰਿਅਤਾ ਲਗਾਤਾਰ ਬਰਕਰਾਰ ਰੱਖਣ ਅਤੇ ਪਾਠਕਾਂ ਦਾ ਘੇਰਾ ਹੋਰ ਵਿਸ਼ਾਲ ਕਰਨ ਲਈ ਅਦਾਰੇ ਨੂੰ ਇਸਦੀ ਕੀਮਤ ਘਟਾਉਣ, ਆਨਲਾਈਨ ਕੀਤੇ ਅੰਕ ਦੁਬਾਰਾ ਪ੍ਰਕਾਸ਼ਿਤ ਕਰਨ ਅਤੇ ਹੋਰਨਾਂ ਪਹਿਲੂਆਂ ਉੱਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ ਅਤੇ ਇਸ਼ਤਿਹਾਰਬਾਜ਼ੀ ਦੇ ਨਾਲ ਨਾਲ ਪਾਠਕਾਂ ਦੇ ਹਿਤਾਂ ਦਾ ਵੀ ਪੂਰਾ ਖਿਆਲ ਰੱਖਣਾ ਚਾਹੀਦਾ ਹੈ

ਸਮੇਂ ਸਮੇਂ ’ਤੇ ਅਖ਼ਬਾਰ ਦੀਆਂ ਨੀਤੀਆਂ ਵਿੱਚ ਕਈ ਤਰ੍ਹਾਂ ਦੇ ਉਤਰਾਅ ਚੜ੍ਹਾ ਹੋਣ ਦੇ ਬਾਵਜੂਦ ਲੱਖਾਂ ਪਾਠਕ ਪੰਜਾਬੀ ਟ੍ਰਿਬਿਊਨ ਨੂੰ ਹਮੇਸ਼ਾ ਮਾਂ ਵਰਗਾ ਦਰਜਾ ਦਿੰਦੇ ਹੋਏ ਇਸ ਨੂੰ ਅਥਾਹ ਪਿਆਰ ਅਤੇ ਸਤਿਕਾਰ ਕਰਦੇ ਆਏ ਹਨ ਅਤੇ ਅਗਾਂਹ ਵੀ ਕਰਦੇ ਰਹਿਣਗੇਪਰ ਇਸਦੇ ਨਾਲ ਹੀ ਉਹ ਮੁਲਕ ਵਿਚਲੇ ਮੌਜੂਦਾ ਲੋਕ ਵਿਰੋਧੀ, ਗ਼ੈਰ ਜਮਹੂਰੀ, ਫਿਰਕੂ, ਫਾਸ਼ੀਵਾਦੀ ਅਤੇ ਕਾਰਪੋਰੇਟ ਪੱਖੀ ਹਾਲਾਤ ਵਿੱਚ ਇਸ ਅਦਾਰੇ ਤੋਂ ਵੀ ਪੂਰਨ ਆਸ ਕਰਦੇ ਹਨ ਕਿ ਪੰਜਾਬੀ ਟ੍ਰਿਬਿਊਨ ਪਹਿਲਾਂ ਵਾਂਗ ਦਬਾਅ ਮੁਕਤ ਹੋ ਕੇ ਪੂਰੀ ਨਿਡਰਤਾ, ਨਿਰਪੱਖਤਾ ਅਤੇ ਸੁਹਿਰਦਤਾ ਨਾਲ ਮਿਆਰੀ ਪੱਤਰਕਾਰੀ ਉੱਤੇ ਪਹਿਰਾ ਦਿੰਦੇ ਹੋਏ ਲੋਕ ਮਸਲਿਆਂ, ਸਮਾਜਿਕ ਸਰੋਕਾਰਾਂ, ਜਮਹੂਰੀ ਸੰਘਰਸ਼ਾਂ, ਪੀੜਿਤ ਧਿਰਾਂ ਅਤੇ ਵਿਗਿਆਨਕ ਚੇਤਨਾ ਦੇ ਖੇਤਰ ਵਿੱਚ ਲੋਕਾਂ ਦੇ ਹੱਕ ਵਿੱਚ ਭੁਗਤਣ ਦੀ ਨੈਤਿਕ ਜ਼ਿੰਮੇਵਾਰੀ ਨਿਭਾਏਗਾ ਅਤੇ ਹਕੂਮਤਾਂ ਦੀਆਂ ਲੋਕ ਵਿਰੋਧੀ, ਨਿਆਂ ਵਿਰੋਧੀ, ਫਿਰਕੂ ਅਤੇ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ ਕਰਨਾ ਜਾਰੀ ਰੱਖੇਗਾਅਦਾਰਾ ਪੰਜਾਬੀ ਟ੍ਰਿਬਿਊਨ ਅਤੇ ਇਸਦੇ ਸਮਰਪਿਤ ਕਾਮਿਆਂ ਨੂੰ ਅੱਜ ਇਸਦੇ 47 ਸਾਲ ਦੇ ਸਫ਼ਲਤਾ ਭਰਪੂਰ ਸਫ਼ਰ ਲਈ ਬਹੁਤ ਬਹੁਤ ਮੁਬਾਰਕਾਂ ਅਤੇ ਸੁਨਹਿਰੇ ਭਵਿੱਖ ਲਈ ਸ਼ੁਭ ਕਾਮਨਾਵਾਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਸੁਮੀਤ ਸਿੰਘ

ਸੁਮੀਤ ਸਿੰਘ

Amritsar, Punjab, India.
Phone: (91 - 76960 - 30173)
Email: (sumeetasr61@gmail.com)

More articles from this author