“ਭਾਜਪਾ ਸੋਚਦੀ ਹੈ ਕਿ ਉਹ ਝੂਠ ਦੀ ਵਰਤੋਂ ਕਰਕੇ ਵਾਰ-ਵਾਰ ਸੱਤਾ ਹਾਸਲ ਕਰ ਲਵੇਗੀ ਪਰ ...”
(19 ਸਤੰਬਰ 2025)
ਦੇਸ਼ਵਾਸੀਆਂ ਦੇ ਇੱਕ ਵੱਡੇ ਵਰਗ ਨੂੰ ਹੁਣ ਇਹ ਸਮਝ ਆਉਣ ਲੱਗ ਪਈ ਹੈ ਕਿ ਭਾਰਤੀ ਜਨਤਾ ਪਾਰਟੀ ਬੀਤੇ ਕਈ ਵਰ੍ਹਿਆਂ ਤੋਂ ਝੂਠ ਬੋਲ ਰਹੀ ਹੈ ਤੇ ਵਾਰ-ਵਾਰ ਬੋਲ ਰਹੀ ਹੈ। ਇਸ ਪਾਰਟੀ ਦੇ ਝੂਠ ਦੀ ਹੱਦ ਤਾਂ ਹੁਣ ਇੱਥੋਂ ਤਕ ਪਹੁੰਚ ਗਈ ਹੈ ਕਿ ਸੰਸਦ ਜਿਹੇ ਪਵਿੱਤਰ ਮੰਨੇ ਜਾਂਦੇ ਸਥਾਨ ’ਤੇ ਬੈਠ ਕੇ ਭਾਜਪਾ ਦੇ ਉਹ ਕੇਂਦਰੀ ਮੰਤਰੀ ਝੂਠ ਬੋਲਦੇ ਹਨ, ਜਿਨ੍ਹਾਂ ਦੇ ਮੋਢਿਆਂ ਉੱਤੇ ਦੇਸ਼ ਦੀ ਰਾਖੀ ਦਾ ਜ਼ਿੰਮਾ ਹੈ। ਜਨਤਕ ਹਲਕਿਆਂ ਵਿੱਚ ਭਾਰਤ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਵੱਲੋਂ ‘ਆਪ੍ਰੇਸ਼ਨ ਸਿੰਧੂਰ’ ਬਾਰੇ ਸੰਸਦ ਵਿੱਚ ਦਿੱਤਾ ਗਿਆ ਬਿਆਨ ਮੌਜੂਦ ਹੈ ਕਿ ਉਕਤ ਅਪਰੇਸ਼ਨ ਵਿੱਚ “ਭਾਰਤ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।’ ਬੜੇ ਹੀ ਜ਼ਿੰਮੇਵਾਰ ਅਹੁਦੇ ’ਤੇ ਬੈਠੇ ਭਾਜਪਾ ਦੇ ਇਸ ਸਤਿਕਾਰਯੋਗ ਮੰਤਰੀ ਸਾਹਿਬ ਦਾ ਬਿਆਨ ਦੇਸ਼ ਦੇ ਸਾਬਕਾ ਸੈਨਿਕਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਆਖ਼ਦਿਆਂ ਝੁਠਲਾ ਦਿੱਤਾ ਸੀ ਕਿ ਉਕਤ ਅਪਰੇਸ਼ਨ ਵਿੱਚ ਦਸ ਭਾਰਤੀ ਜਵਾਨ ਸ਼ਹੀਦ ਹੋਏ ਸਨ। ਸਾਬਕਾ ਸੈਨਿਕਾਂ ਦੁਆਰਾ ਕੀਤੇ ਗਏ ਇਸ ਇੰਕਸ਼ਾਫ਼ ਤੋਂ ਬਾਅਦ ਹੁਣ ਭਾਜਪਾ ਆਗੂ ਮੂੰਹ ਲੁਕਾਉਂਦੇ ਫਿਰ ਰਹੇ ਹਨ।
ਮਿਤੀ 15 ਸਤੰਬਰ, 2025 ਨੂੰ ਜਦੋਂ ਯੂ.ਏ.ਈ. ਵਿਖੇ ਏਸ਼ੀਆ ਕੱਪ ਮੁਕਾਬਲਿਆਂ ਦੌਰਾਨ ਭਾਰਤ-ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਦਰਮਿਆਨ ਮੈਚ ਖੇਡਿਆ ਗਿਆ ਤਾਂ ਭਾਜਪਾ ਦੇ ਸਿਖਰਲੇ ਪੱਧਰ ਦੇ ਆਗੂਆਂ ਦੁਆਰਾ ਵਾਰ-ਵਾਰ ਬੋਲਿਆ ਗਿਆ ਝੂਠ ਬੇਨਕਾਬ ਹੋ ਗਿਆ ਸੀ ਕਿ ਭਾਰਤ ਵੱਲੋਂ ਹਰ ਪੱਧਰ ’ਤੇ ਪਾਕਿਸਤਾਨ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਭਾਜਪਾ ਆਗੂਆਂ ਦੇ ਇਹ ਬੋਲ ਅੱਜ ਵੀ ਸੋਸ਼ਲ ਮੀਡੀਆ ’ਤੇ ਗੂੰਜ ਰਹੇ ਹਨ, “ਖ਼ੂਨ ਅਤੇ ਪਾਣੀ ਦੋਵੇਂ ਇੱਕ ਸਾਥ ਨਹੀਂ ਵਹਿ ਸਕਦੇ ਹਨ?” ਹੁਣ ਕੋਈ ਇਨ੍ਹਾਂ ਤੋਂ ਪੁੱਛੇ ਕਿ “ਕੀ ਖ਼ੂਨ ਅਤੇ ਕ੍ਰਿਕਟ ਨਾਲ-ਨਾਲ ਚੱਲ ਸਕਦੇ ਹਨ?” ਭਾਜਪਾਈ ਆਗੂ ਕਿੰਨੀ ਬੇਸ਼ਰਮੀ ਨਾਲ ਆਪਣੇ ਝੂਠ ਉੱਤੇ ਪਰਦਾ ਪਾਉਂਦਿਆਂ ਹੋਇਆਂ ਆਪਣੇ ਬਚਾ ਵਿੱਚ ਆਖ਼ਦੇ ਹਨ, “ਅਸੀਂ ਤਾਂ ਜੀ ਖ਼ੂਨ ਅਤੇ ਪਾਣੀ ਇਕੱਠੇ ਨਹੀਂ ਵਹਿ ਸਕਦੇ ਆਖਿਆ ਸੀ। ਅਸੀਂ ਕ੍ਰਿਕਟ ਤਾਂ ਕਿਹਾ ਹੀ ਨਹੀਂ ਸੀ।” ਦੇਸ਼ ਲਈ ਕਿੰਨੀ ਸ਼ਰਮ ਦੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਹਰੇਕ ਮੰਚ ਤੋਂ ਐਲਾਨੀਆਂ ਆਖੀ ਜਾਂਦੇ ਹਨ, “ਆਪ੍ਰੇਸ਼ਨ ਸਿੰਧੂਰ ਅਜੇ ਖ਼ਤਮ ਨਹੀਂ ਹੋਇਆ ਹੈ।” ਜੇਕਰ ਇਹ ਅਪਰੇਸ਼ਨ ਅਜੇ ਜਾਰੀ ਹੈ ਤਾਂ ਫਿਰ ਸਾਡੇ 26 ਨਿਰਦੋਸ਼ ਸੈਲਾਨੀਆਂ ਦੀ ਜਾਨ ਲੈਣ ਵਾਲੇ ਅਤੇ ਸਾਡੇ ਦਸ ਜਾਂਬਾਜ਼ ਸੈਨਿਕਾਂ ਨੂੰ ਸ਼ਹੀਦ ਕਰ ਦੇਣ ਵਾਲੇ ਪਾਕਿਸਤਾਨ ਨਾਲ ਸਾਨੂੰ ਮੈਚ ਖੇਡਣਾ ਸ਼ੋਭਾ ਦਿੰਦਾ ਹੈ? ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸਾਹਿਬ ਵੀ ਭਾਜਪਾ ਦੇ ਝੂਠ ਨੂੰ ਢਕਣ ਦੀ ਕੋਸ਼ਿਸ਼ ਕਰਦਿਆਂ ਆਖ਼ਦੇ ਹਨ, “ਅਸੀਂ ਇਹ ਜਿੱਤ ਆਪਣੇ ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਸਮਰਪਿਤ ਕਰਦੇ ਹਾਂ।” ਕਿੰਨੇ ਦੁੱਖ ਦੀ ਗੱਲ ਹੈ ਕਿ ਮੈਚ ਵਾਲੇ ਦਿਨ ਵੀ ਆਸ਼ਿਆਨਾ ਨਾਮਕ ਉਸ ਮੁਟਿਆਰ ਵੱਲੋਂ ਭਾਰਤੀ ਕ੍ਰਿਕਟ ਟੀਮ ਨੂੰ ਪਾਕਿਸਤਾਨ ਨਾਲ ਮੈਚ ਨਾ ਖੇਡਣ ਦੀਆਂ ਅਪੀਲਾਂ ਕੀਤੀਆਂ ਗਈਆਂ ਸਨ, ਜਿਸ ਵਿਚਾਰੀ ਨਵ-ਵਿਆਹੁਤਾ ਮੁਟਿਆਰ ਨੇ ਪਹਿਲਗਾਮ ਹਮਲੇ ਵਿੱਚ ਆਪਣੇ ਸਿਰ ਦਾ ਸਾਂਈ ਗੁਆ ਲਿਆ ਸੀ।
ਭਾਰਤ ਸਰਕਾਰ ਵੱਲੋਂ ‘ਪਹਿਲਗਾਮ ਹਮਲੇ’ ਦੇ ਪ੍ਰਸੰਗ ਵਿੱਚ ਪਾਕਿਸਤਾਨ ਨਾਲੋਂ ਹਰ ਤਰ੍ਹਾਂ ਦੇ ਸਬੰਧ ਤੋੜ ਲੈਣ ਦੀ ਦੁਹਾਈ ਦੇਣ ਦਾ ਝੂਠ ਉਸ ਵੇਲੇ ਸਾਹਮਣੇ ਆਉਂਦਾ ਹੈ ਜਦੋਂ ਇਹ ਪਤਾ ਲਗਦਾ ਹੈ ਕਿ ਪੰਜਾਬ ਦੇ ਅਟਾਰੀ ਬਾਰਡਰ ਰਾਹੀਂ ਵਪਾਰ ਅਤੇ ਡੇਰਾ ਬਾਬਾ ਨਾਨਕ - ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਸ਼ਰਧਾਲੂਆਂ ਦਾ ਪਾਕਿਸਤਾਨ ਜਾਣਾ ਤਾਂ ਬੰਦ ਹੈ ਪਰ ਗੁਜਰਾਤ ਅਤੇ ਰਾਜਸਥਾਨ ਦੇ ਬਾਰਡਰ ਅਤੇ ਬੰਦਰਗਾਹਾਂ ਰਾਹੀਂ ਪਾਕਿਸਤਾਨ ਨਾਲ ਵਪਾਰ ਬਾਦਸਤੂਰ ਜਾਰੀ ਹੈ। ਕੀ ਇਹ ਵਪਾਰ ਪਾਕਿਸਤਾਨ ਨਾਲ ਸਾਰੇ ਸਬੰਧ ਤੋੜ ਲੈਣ ਸਬੰਧੀ ਭਾਜਪਾ ਦੇ ਝੂਠ ਨੂੰ ਬੇਨਕਾਬ ਨਹੀਂ ਕਰਦਾ?
ਭਾਜਪਾ ਦੇ ਪ੍ਰਮੁੱਖ ਆਗੂਆਂ ਦੁਆਰਾ ਭਾਰਤਵਾਸੀਆਂ ਨਾਲ ਸ਼ਰੇਆਮ ਬੋਲੇ ਗਏ ਵੱਡੇ ਝੂਠਾਂ ਵਿੱਚ ‘ਵਿਦੇਸ਼ਾਂ ਵਿੱਚ ਪਿਆ ਕਾਲਾ ਧਨ ਲਿਆ ਕੇ ਹਰੇਕ ਦੇਸ਼ਵਾਸੀ ਦੇ ਖਾਤੇ ਵਿੱਚ 15-15 ਲੱਖ ਰੁਪਏ ਜਮ੍ਹਾਂ ਕਰਨਾ’, ‘ਪੰਜ ਸਾਲਾਂ ਵਿੱਚ ਸੌ ਸਮਾਰਟ ਸਿਟੀ ਬਣਾਉਣਾ’, ‘ਦੇਸ਼ ਵਿੱਚ ਬੁਲੇਟ ਟਰੇਨ ਚਲਾਉਣਾ’, ‘ਬੇਰੁਜ਼ਗਾਰ ਨੌਜਵਾਨਾਂ ਨੂੰ ਹਰ ਸਾਲ ਦੋ ਕਰੋੜ ਨੌਕਰੀਆਂ ਦੇਣਾ’, ‘ਪੰਜ ਸਾਲ ਅੰਦਰ ਹਰੇਕ ਬੇਘਰ ਭਾਰਤਵਾਸੀ ਨੂੰ ਘਰ ਪ੍ਰਦਾਨ ਕਰਨਾ’, ‘ਭਾਰਤੀ ਕਿਸਾਨਾਂ ਦੀ ਆਮਦਨੀ 2022 ਤਕ ਦੁੱਗਣੀ ਕਰਨਾ’, ‘ਦੇਸ਼ਵਾਸੀਆਂ ਨੂੰ 40 ਰੁਪਏ ਪ੍ਰਤੀ ਲੀਟਰ ਪੈਟਰੋਲ ਅਤੇ 400 ਰੁਪਏ ਵਿੱਚ ਗੈਸ ਸਿਲੰਡਰ ਉਪਲਬਧ ਕਰਵਾਉਣਾ’, ‘ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ’ ਆਦਿ ਸਮੇਤ ਕਈ ਹੋਰ ਸਫੇਦ ਝੂਠ ਸ਼ਾਮਲ ਹਨ। ‘ਮੇਕ ਇਨ ਇੰਡੀਆ’ ਦਾ ਝੂਠ ਬੋਲ ਕੇ ਦੇਸ਼ਵਾਸੀਆਂ ਨੂੰ ਧੋਖਾ ਦੇਣ ਵਾਲੀ ਭਾਜਪਾ ਦੇ ਸਾਰੇ ਵੱਡੇ ਆਗੂ ਆਪ ਵਿਦੇਸ਼ੀ ਘੜੀਆਂ, ਕੱਪੜੇ, ਫ਼ੋਨ, ਚਸ਼ਮੇ ਅਤੇ ਕਾਰਾਂ ਦਾ ਇਸਤੇਮਾਲ ਕਰਦੇ ਹਨ। ਉੱਤਰ ਪ੍ਰਦੇਸ਼ ਵਿੱਚ ‘ਕਾਂਵੜ ਯਾਤਰਾ’ ਦੌਰਾਨ ਹਰੇਕ ਮੁਸਲਮਾਨ ਦੁਕਾਨਦਾਰ ਨੂੰ ਆਪਣਾ ਅਤੇ ਆਪਣੇ ਕਰਮਚਾਰੀਆਂ ਦਾ ਨਾਂ ਬੋਰਡ ’ਤੇ ਲਿਖਣ ਦੀਆਂ ਹਦਾਇਤਾਂ ਸਨ ਤਾਂ ਕਿ ਹਿੰਦੂ-ਮੁਸਲਮਾਨ ਦੀ ਪਛਾਣ ਹੋ ਸਕੇ ਪਰ ‘ਅਲ ਕਬੀਰ’ ਅਤੇ ਹੋਰ ਮੁਸਲਿਮ ਨਾਂਵਾਂ ਨਾਲ ਗਊ ਮਾਸ ਦਾ ਕਾਰੋਬਾਰ ਕਰਨ ਵਾਲੇ ਹਿੰਦੂ ਵਪਾਰੀਆਂ ਲਈ ਅਜਿਹੇ ਕੋਈ ਹੁਕਮ ਨਹੀਂ ਸੁਣਾਏ ਜਾਂਦੇ। ਹਿੰਦੂਤਵ ਦਾ ਝੰਡਾ ਬੁਲੰਦ ਰੱਖਣ ਦਾ ਦਾਅਵਾ ਕਰਨ ਵਾਲੀ ਭਾਜਪਾ ਨਾਲ ਜੁੜੇ ਹਿੰਦੂ ਵਪਾਰੀ ਆਪਣਾ ਨਾਂ ਬਦਲ ਕੇ ਝੂਠੇ ਨਾਂਵਾਂ ’ਤੇ ਗਊ ਮਾਸ ਦਾ ਵਪਾਰ ਕਰਦੇ ਹਨ ਤੇ ਇਸ ਕਾਰੇ ਨੂੰ ਕਰਨ ਲੱਗਿਆਂ ਭਾਜਪਾ ਆਗੂਆਂ ਨੂੰ ਰਤਾ ਵੀ ਸੰਗ-ਸ਼ਰਮ ਨਹੀਂ ਆਉਂਦੀ।
ਕਿੰਨੀ ਹਾਸੋਹੀਣੀ ਗੱਲ ਹੈ ਕਿ ਭਾਜਪਾ ਦੇ ਮੀਡੀਆ ਸੈੱਲ ਅਤੇ ਗੋਦੀ ਮੀਡੀਆ ਨੇ ਬੜੇ ਹੀ ਵੱਡੇ ਪੱਧਰ ’ਤੇ ਝੂਠ ਬੋਲਦਿਆਂ ਹੋਇਆਂ ਕਿਸੇ ਵੇਲੇ ਇਹ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਚੋਲਗੀ ਕਰਕੇ ਰੂਸ ਅਤੇ ਯੁਕਰੇਨ ਦਰਮਿਆਨ ਚਲਦੀ ਜੰਗ ਰੁਕਵਾ ਦਿੱਤੀ ਸੀ ਜਦੋਂ ਕਿ ਹਕੀਕਤ ਇਹ ਹੈ ਕਿ ਇਹ ਜੰਗ ਅਜੇ ਵੀ ਬਾਦਸਤੂਰ ਜਾਰੀ ਹੈ।
ਇਸੇ ਤਰ੍ਹਾਂ ਭਾਜਪਾ ਦੀ ਸ਼ਹਿ ’ਤੇ ਗੋਦੀ ਮੀਡੀਆ ਨੇ ਵੀ ‘ਆਪ੍ਰੇਸ਼ਨ ਸੰਧੂਰ’ ਦੌਰਾਨ ਇਹ ਝੂਠ ਬੋਲਿਆ ਸੀ ਕਿ ਭਾਰਤੀ ਫ਼ੌਜਾਂ ਨੇ ‘ਲਾਹੌਰ’ ਅਤੇ ‘ਕਰਾਚੀ’ ਦੇ ਅੰਦਰ ਵੜ ਕੇ ਹਮਲੇ ਕੀਤੇ ਹਨ ਤੇ ਇਨ੍ਹਾਂ ਸ਼ਹਿਰਾਂ ’ਤੇ ਕਬਜ਼ਾ ਕਰ ਲਿਆ ਹੈ ਜਦੋਂ ਕਿ ਅਜਿਹਾ ਕੁਝ ਵੀ ਨਹੀਂ ਵਾਪਰਿਆ ਸੀ। ਭਾਜਪਾ ਨੂੰ ਝੂਠ ਬੋਲਣ ਦੀ ਆਦਤ ਇਸ ਕਦਰ ਪੈ ਚੁੱਕੀ ਹੈ ਕਿ ਭਾਜਪਾ ਦੇ ਸਿਰਮੌਰ ਆਗੂ ਬਿਆਨ ਦਿੰਦੇ ਹਨ, “ਬਨਾਰਸ ਵਿੱਚ ਭਗਤ ਕਬੀਰ, ਰਵਿਦਾਸ, ਗੁਰੂ ਨਾਨਕ… ਆਦਿ ਸੰਤ ਇਕੱਠੇ ਬੈਠ ਕੇ ਵਿਚਾਰ ਚਰਚਾ ਕਰਦੇ ਸਨ।” ਹਕੀਕਤ ਤਾਂ ਇਹ ਹੈ ਕਿ ਜਿਨ੍ਹਾਂ ਵੀ ਸੰਤਾਂ ਅਤੇ ਗੁਰੂਆਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਦੇ ਕਾਲ ਖੰਡ ਇਤਿਹਾਸ ਵਿੱਚ ਵੱਖ-ਵੱਖ ਹਨ ਤੇ ਉਨ੍ਹਾਂ ਸਭਨਾਂ ਦੇ ਇਕੱਠੇ ਬੈਠਣ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ਹੈ।
“ਗਟਰ ਵਿੱਚ ਪਾਈਪ ਪਾ ਕੇ ਗਟਰ ਦੀ ਗੈਸ ਨਾਲ ਚਾਹ ਦਾ ਠੇਲ੍ਹਾ ਚਲਾਉਣਾ” ਜਾਂ “ਬਰਸਾਤ ਵਿੱਚ ਰਾਡਾਰ ਦੇ ਕੰਮ ਨਾ ਕਰਨ ਦਾ ਫ਼ਾਇਦਾ ਉਠਾ ਕੇ ਦੁਸ਼ਮਣ ’ਤੇ ਹਮਲਾ ਕਰਨਾ” ਅਤੇ ਖ਼ੁਦ ਹੀ ਆਪਣੇ ਆਪ ਨੂੰ “ਮੈਂ ਜ਼ਿਆਦਾ ਪੜ੍ਹਾ-ਲਿਖਾ ਨਹੀਂ ਹੂੰ” ਆਖਣ ਵਾਲੇ ਭਾਜਪਾ ਦੇ ਵੱਡੇ ਆਗੂ ਦੀਆਂ ਐੱਮ.ਏ. ਦੀਆਂ ਡਿਗਰੀਆਂ ਤਕ ਪ੍ਰਦਰਸ਼ਿਤ ਕਰ ਦੇਣਾ, ਭਾਜਪਾ ਵੱਲੋਂ ਨਿੱਤ ਦਿਨ ਬੋਲੇ ਜਾਂਦੇ ਵੱਡੇ ਤੋਂ ਵੱਡੇ ਝੂਠਾਂ ਦੇ ਪ੍ਰਤੱਖ ਪ੍ਰਮਾਣ ਹਨ। ਭਾਜਪਾ ਸੋਚਦੀ ਹੈ ਕਿ ਉਹ ਝੂਠ ਦੀ ਵਰਤੋਂ ਕਰਕੇ ਵਾਰ-ਵਾਰ ਸੱਤਾ ਹਾਸਲ ਕਰ ਲਵੇਗੀ ਪਰ ਸਿਆਣਿਆਂ ਨੇ ਸੱਚ ਹੀ ਕਿਹਾ ਹੈ, ਕਾਠ ਦੀ ਹਾਂਡੀ ਵਾਰ-ਵਾਰ ਚੁੱਲ੍ਹੇ ਨਹੀਂ ਚੜ੍ਹਦੀ ਹੁੰਦੀ, “ਇਸ ਲਈ ਭਾਜਪਾ ਨੂੰ ਹੁਣ ਝੂਠ ਬੋਲਣਾ ਛੱਡ ਕੇ ਸੱਚੇ-ਸੁੱਚੇ ਲੋਕ ਮੁੱਦਿਆਂ ’ਤੇ ਸਿਆਸਤ ਕਰਨੀ ਚਾਹੀਦੀ ਹੈ ਤੇ ਇਸੇ ਵਿੱਚ ਹੀ ਭਾਜਪਾ ਦਾ ਅਤੇ ਦੇਸ਼ ਦਾ ਭਲਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (