“ਜਪਾਨ ਵਿੱਚ ਲਾੜਾ ਕਾਲਾ ਸੂਟ ਅਤੇ ਲਾੜੀ ਚਿੱਟੀ ਡਰੈਸ ਪਾਉਂਦੀ ਹੈ। ਮੰਦਰ ਦਾ ਪੁਜਾਰੀ ...”
(14 ਸਤੰਬਰ 2025)
“ਹੋਪ ਰੋਲਸਟਨ ਗਲੋਬਲ ਫਰੈਂਡਸ਼ਿੱਪ” ਨਿਊਜ਼ੀਲੈਂਡ ਦੇ ਸ਼ਹਿਰ ਕਰਾਈਸਟ ਚਰਚ ਦਾ ਇੱਕ ਕਲੱਬ ਹੈ। ਇਸਦਾ ਉਦੇਸ਼ ਨਿਊਜ਼ੀਲੈਂਡ ਵਿੱਚ ਆਏ ਪਰਵਾਸੀਆਂ ਨਾਲ ਚੰਗੇ ਸਬੰਧ ਬਣਾਉਣਾ ਅਤੇ ਉਹਨਾਂ ਦੀ ਅੰਗਰੇਜ਼ੀ ਬੋਲਣ ਅਤੇ ਸਮਝਣ ਵਿੱਚ ਮਦਦ ਕਰਨਾ। ਹਰ ਬੁੱਧਵਾਰ ਰੋਲਸਟਨ ਵਿਖੇ ਚਰਚ ਦੇ ਇੱਕ ਹਾਲ ਵਿੱਚ ਵੱਖ ਵੱਖ ਦੇਸ਼ਾਂ ਤੋਂ ਆਏ ਪਰਵਾਸੀ ਸਵੇਰੇ 9-30 ਵਜੇ ਇਕੱਠੇ ਹੁੰਦੇ ਹਨ। ਚਰਚ ਵੱਲੋਂ ਮੁਫਤ ਚਾਹ ਅਤੇ ਕਾਫੀ ਦਿੱਤੀ ਜਾਂਦੀ ਹੈ। ਕਿਸੇ ਇੱਕ ਵਿਸ਼ੇ ’ਤੇ ਗੱਲਬਾਤ ਕੀਤੀ ਜਾਂਦੀ ਹੈ। ਵਿਸ਼ੇ ਸਬੰਧੀ ਜਾਣਕਾਰੀ ਪਹਿਲਾਂ ਹੀ ਸਾਰੇ ਮੈਂਬਰਾਂ ਨੂੰ ਦੇ ਦਿੱਤੀ ਜਾਂਦੀ ਹੈ ਤਾਂ ਜੋ ਉਹ ਤਿਆਰੀ ਕਰਕੇ ਆ ਸਕਣ। ਵਿਸ਼ੇ ਸਬੰਧੀ ਸਾਰੇ ਦੇਸ਼ਾਂ ਦੇ ਨਿਵਾਸੀ ਆਪਣੀ ਆਪਣੀ ਜਾਣਕਾਰੀ ਦਿੰਦੇ ਹਨ।
ਅੱਜ ਦਾ ਵਿਸ਼ਾ ‘ਵਿਆਹ ਦੀ ਰਸਮ’ ਸੀ। ਵੱਖ ਵੱਖ ਦੇਸ਼ਾਂ ਦੇ ਵਸਨੀਕਾਂ ਨੇ ਆਪਣੇ ਦੇਸ਼ ਦੇ ਵਿਆਹ ਦੀਆਂ ਰਸਮਾਂ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਵਿੱਚੋਂ ਕੁਝ ਦਾ ਵੇਰਵਾ ਹੇਠਾਂ ਦਿੱਤਾ ਹੈ।
ਟੀ ਵੀ ਅਤੇ ਸਲਾਈਡਾ ਰਾਹੀਂ ਨਿਊਜ਼ੀਲੈਂਡ ਵਿੱਚ ਵਿਆਹ ਦੀ ਰਸਮ ਬਾਰੇ ਜਾਣਕਾਰੀ ਦਿੱਤੀ ਗਈੇ। ਨਿਊਜ਼ੀਲੈਂਡ ਵਿੱਚ ਵਿਆਹ ਵਾਲੇ ਦਿਨ ਤੋਂ ਤਿੰਨ ਦਿਨ ਪਹਿਲਾ ਕੋਰਟ ਤੋਂ ਸਰਟੀਫਿਕੇਟ ਲੈਣਾ ਜ਼ਰੂਰੀ ਹੈ, ਜਿਸਦੀ ਫੀਸ 150-170 ਡਾਲਰ ਹੁੰਦੀ ਹੈ। ਇਹ ਰਸਮ ਕਿਸੇ ਰਜਿਸਟਰਡ (ਸੈਲੀਬਰਿਟੀ) ਵਿਅਕਤੀ ਦੀ ਅਗਵਾਈ ਵਿੱਚ ਕੀਤੀ ਜਾਂਦੀ ਹੈ। ਪੇਪਰਾਂ ’ਤੇ ਦਸਤਖਤ ਕੀਤੇ ਜਾਂਦੇ ਹਨ ਅਤੇ ਦੋ ਗਵਾਹਾਂ ਦੀ ਗਵਾਹੀ ਪਾਈ ਜਾਂਦੀ ਹੈ। ਇੱਕ ਦੂਜੇ ਨੂੰ ਮੁੰਦਰੀਆਂ ਪਾਈਆਂ ਜਾਂਦੀਆਂ ਹਨ। ਵਿਆਹ ਤੋਂ ਬਾਅਦ ਲਾੜੇ ਨੂੰ ਅਗਵਾ ਕਰ ਲਿਆ ਜਾਂਦਾ ਹੈ ਅਤੇ ਇੱਕ ਸ਼ਰਾਬ ਦੀ ਬੋਤਲ ਲੈ ਕੇ ਛੱਡ ਦਿੱਤਾ ਜਾਂਦਾ ਹੈ ਜਾਂ ਲਾੜੇ ਨੂੰ ਲੋਕਾਂ ਸਾਹਮਣੇ ਭੰਗੜਾ ਪਾਉਣਾ ਪੈਂਦਾ ਹੈ। ਇਹ ਰਸਮ ਪੰਜਾਬ ਵਿੱਚ ਲਾੜੇ ਦੀ ਜੁੱਤੀ ਲੁਕਾਉਣ ਦੀ ਰਸਮ ਨਾਲ ਮਿਲਦੀ ਜੁਲਦੀ ਹੈ। ਫਿਰ ਆਪਣੀ ਵਿੱਤੀ ਸਮਰੱਥਾ ਮੁਤਾਬਿਕ ਕਿਸੇ ਹੋਟਲ ਜਾਂ ਬੀਚ ਆਦਿ ’ਤੇ ਮਹਿਮਾਨਾ ਨਾਲ ਪਾਰਟੀ ਕਰਕੇ ਵਿਆਹ ਦੀ ਰਸਮ ਨੂੰ ਮਨਾਇਆ ਜਾਂਦਾ ਹੈ। ਕਲੱਬ ਦੇ ਇੱਕ ਮੈਂਬਰ ਨੇ ਦੱਸਿਆ ਕਿ ਉਹਨਾਂ ਨੇ ਵਿਆਹ ਤੋਂ ਪਹਿਲਾਂ (ਮੀਆਂ ਬੀਬੀ) ਨੇ ਇੱਕ ਹਫਤਾ ਡਾਂਸ ਦੀ ਤਿਆਰੀ ਕੀਤੀ ਤਾਂ ਜੋ ਵਿਆਹ ਦੇ ਦਿਨ ਡਾਂਸ ਕੀਤਾ ਜਾ ਸਕੇ।
ਫਿਲਪੀਨ ਦੀ ਇੱਕ ਲੜਕੀ ਨੇ ਦੱਸਿਆ ਕਿ ਉਸਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ। ਸਭ ਤੋਂ ਔਖਾ ਕੰਮ, ਉਹਨਾਂ ਦੇ ਰੀਤੀ ਰਿਵਾਜ਼ ਮੁਤਾਬਿਕ ਲਾੜੀ ਨੂੰ ਵਿਆਹ ਵਾਲੇ ਦਿਨ ਤਿੰਨ ਡਰੈਸਾਂ (ਵਾਰ ਵਾਰ ਬਦਲ ਕੇ) ਪਾਉਣੀਆਂ ਪੈਂਦੀਆਂ ਹਨ ਅਤੇ ਹਰ ਵਾਰ ਤਿਆਰ ਹੋਣਾ ਪੈਂਦਾ ਹੈ। ਉਸ ਕੋਲ ਵਿਆਹ ਵਾਲੇ ਰੋਟੀ ਖਾਣ ਦਾ ਸਮਾਂ ਵੀ ਨਹੀਂ ਸੀ। ਇਸ ਲਈ ਵਿਆਹ ਵਾਲੇ ਦਿਨ ਸਾਰੇ ਲੋਕਾਂ ਨੇ ਰੱਜ ਕੇ ਰੋਟੀ ਖਾਧੀ ਪਰ ਉਹ ਭੁੱਖੀ ਹੀ ਰਹੀ। ਇਸਦਾ ਕਾਰਨ ਇਹ ਹੈ ਕਿ ਵਿਆਹ ਸਵੇਰੇ ਚਰਚ ਦੀਆਂ ਰਸਮਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਦੇਰ ਰਾਤ, ਰਿਸੈਪਸ਼ਨ ਅਤੇ ਪਾਰਟੀ ਨਾਲ ਖਤਮ ਹੁੰਦਾ ਹੈ, ਇਸ ਲਈ ਸਵੇਰ ਤੋਂ ਦੇਰ ਰਾਤ ਤਕ ਇੱਕ ਸੂਟ ਵਿੱਚ ਵਿਆਹ ਤਾਂ ਨਹੀਂ ਹੋ ਸਕਦਾ। ਇਸ ਲਈ ਡਰੈੱਸ ਬਦਲਣੀ ਪੈਂਦੀ ਹੈ। ਖੈਰ ਇਹ ਤਾਂ ਹੁਣ ਪੰਜਾਬ ਵਿੱਚ ਵੀ ਔਰਤਾਂ ਵੱਲੋਂ ਵਿਆਹ ਸਮੇਂ ਡਰੈੱਸ ਬਦਲਣ ਦਾ ਰਿਵਾਜ਼ ਹੈ ਪਰ ਪੰਜਾਬ ਵਿੱਚ ਇਹ ਮਜਬੂਰੀ ਨਹੀਂ, ਵਿਖਾਵਾ ਹੈ, ਜਦੋਂ ਕਿ ਫਿਲਪੀਨ ਵਿੱਚ ਇਹ ਰਸਮ ਹੈ, ਜਿਸਦਾ ਪਾਲਣ ਲਾੜੀ ਨੂੰ ਕਰਨਾ ਹੀ ਪੈਂਦਾ ਹੈ। ਲਾੜਾ, ਲਾੜੀ ਨੂੰ 13 ਸਿੱਕੇ ਦਿੰਦਾ ਹੈ; ਜਿਸਦਾ ਮਤਲਬ ਲਾੜੇ ਦਾ ਲਾੜੀ ਪ੍ਰਤੀ ਵਿਸ਼ਵਾਸ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ।
ਚੀਨ ਵਿੱਚ ਵਿਆਹ ਦੀ ਰਸਮਾਂ ਪਰਿਵਾਰ ਦੀ ਖੁਸ਼ਹਾਲੀ ਅਤੇ ਮਾਂ ਪਿਉ ਅਤੇ ਵਡਿਆ ਦੇ ਮਾਣ ਸਤਿਕਾਰ ਨਾਲ ਸਬੰਧਿਤ ਹਨ। ਲਾੜਾ ਲਾੜੀ ਆਪਣੇ ਮਾਂ ਪਿਉ ਅਤੇ ਵੱਡਿਆਂ ਨੂੰ ਆਪ ਚਾਹ ਪਿਆਉੱਦੇ ਹਨ ਅਤੇ ਉਹਨਾਂ ਕੋਲੋਂ ਅਸ਼ੀਰਵਾਦ ਲੈਂਦੇ ਹਨ। ਵਿਆਹ ਤੋਂ ਪਹਿਲਾਂ ਲਾੜੇ ਦਾ ਪਰਿਵਾਰ ਲਾੜੀ ਦੇ ਪਰਿਵਾਰ ਨੂੰ ਤੋਹਫੇ ਭੇਜਦਾ ਹੈ; ਜਿਸ ਤਰ੍ਹਾਂ ਅਸੀਂ ਪੰਜਾਬ ਵਿੱਚ ਵਿਆਹ ਤੋਂ ਪਹਿਲਾ ਤਿਉਹਾਰਾਂ ਦੇ ਮੌਕੇ ਮਿਠਿਆਈਆ ਆਦਿ ਭੇਜਦੇ ਹਾਂ। ਹਿੰਦੂ ਰੀਤੀ ਰਿਵਾਜਾਂ ਮੁਤਾਬਿਕ ਉਹ ਭਵਿੱਖ ਦੱਸਣ ਵਾਲੇ ਦੀ (ਪੰਡਿਤ) ਸਾਲਾਹ ਵੀ ਲੈਂਦੇ ਹਨ ਅਤੇ ਲੜਕੇ ਅਤੇ ਲੜਕੀ ਦੀ ਜਨਮ ਮਿਤੀ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਸਾਡੇ ਵਾਂਗ ਲੜਕੀ ਨੂੰ ਵਿਦਾ ਕਰਨ ਸਮੇਂ ਪਟਾਕੇ ਚਲਾਏ ਜਾਂਦੇ ਹਨ। ਅਗਲੇ ਦਿਨ ਲਾੜੀ, ਲੜਕੇ ਦੇ ਪਰਿਵਾਰ ਨੂੰ ਜੀ ਆਇਆਂ ਕਹਿੰਦੀ ਹੈ ਅਤੇ ਉਹਨਾਂ ਲਈ ਬਰੇਕ ਫਾਸਟ ਤਿਆਰ ਕਰਦੀ ਹੈ। ਜਿਵੇਂ ਅਸੀਂ ਵਹੁਟੀ ਨੂੰ ਚੌਂਕੇ ਚੜ੍ਹਾਉਣਾ ਕਹਿੰਦੇ ਹਾਂ।
ਭਾਰਤ ਦੇ ਦੱਖਣ ਦੀ ਵਸਨੀਕ ਔਰਤ ਆਪਣੇ ਨਾਲ ਆਪਣੀ ਬੇਟੀ ਦੇ ਵਿਆਹ ਦੀ ਐਲਬਮ ਹੀ ਲੈ ਆਈ। ਉਸਨੇ ਦੱਸਿਆ ਕਿ ਵਿਆਹ ਇੱਕ ਮਹਿੰਗੀ ਰਸਮ ਹੈ। ਵਿਆਹ ਵਿੱਚ ਲਗਭਗ 1500 ਤੋਂ 2000 ਵਿਅਕਤੀ ਸ਼ਾਮਲ ਹੁੰਦੇ ਹਨ। ਇੱਕ ਮਜ਼ਾਕੀਆ ਰਿਵਾਜ਼, ਲਾੜਾ ਵਿਆਹ ਤੋਂ ਪਹਿਲਾ ਹੱਥ ਵਿੱਚ ਛਤਰੀ ਲੈ ਕੇ ਐਲਾਨ ਕਰਦਾ ਹੈ ਕਿ ਉਹ ਦੁਨੀਆ ਦਾ ਤਿਆਗ ਕਰਕੇ ਕਾਂਸ਼ੀ ਜਾ ਰਿਹਾ ਹੈ। ਲਾੜੀ ਦੇ ਪਿਉ ਵੱਲੋਂ ਉਸ ਨੂੰ ਮਨਾਉਣ ਤੋਂ ਬਾਅਦ ਵਿਆਹ ਦੀ ਰਸਮ ਸ਼ੁਰੁ ਹੋ ਜਾਂਦੀ ਹੈ। ਗਨੇਸ਼ ਪੂਜਾ, ਪਾਡਾ ਪੂਜਾ (ਲੜਕੀ ਦੇ ਮਾਤਾ ਪਿਤਾ, ਲੜਕੇ ਦੇ ਪੈਰ ਧੋ ਕੇ ਉਸ ਨੂੰ ਜੀ ਆਇਆਂ ਆਖਦੇ ਹਨ) ਕਰਦੇ ਹਨ।
ਤਾਇਵਾਨ ਦੇ ਇੱਕ ਵਸਨੀਕ ਨੇ ਜਿਹੜੀ ਜਾਣਕਾਰੀ ਦਿੱਤੀ, ਉਹ ਕਾਫੀ ਚੀਨ ਦੇ ਨਾਲ ਮਿਲਦੀ ਜੁਲਦੀ ਸੀ। ਫਿਰ ਵੀ ਕੁਛ ਫਰਕ ਸਨ। ਇੱਥੇ ਸਿਵਲ ਵਿਆਹ ਨੂੰ ਹੀ ਕਾਨੂੰਨੀ ਤੌਰ ’ਤੇ ਮਾਨਤਾ ਹੈ। ਜੋੜੇ ਨੂੰ ਕਚਹਿਰੀ ਵਿੱਚ ਵਿਆਹ ਰਜਿਸਟਰਡ ਕਰਾਉਣਾ ਪੈਂਦਾ ਹੈ, ਜਿਹੜਾ ਸੌਖਾ ਹੈ ਅਤੇ ਇਹ ਰੀਤੀ ਰਿਵਾਜ਼ ਨਾਲ ਕੀਤੇ ਵਿਆਹ ਤੋਂ ਪਹਿਲਾਂ ਜਾਂ ਬਾਅਦ ਵਿੱਚ ਹੋ ਸਕਦਾ ਹੈ। ਲਾੜੇ ਲਾੜੀ ਵੱਲੋਂ ਚਾਹ ਪਿਆਉਣ ਦੀ ਰਸਮ ਚੀਨ ਨਾਲ ਮਿਲਦੀ ਜੁਲਦੀ ਹੈ। ਜ਼ਿਆਦਾਤਰ ਜੋੜੇ ਲੇਟ ਵਿਆਹ ਕਰਵਾ ਰਹੇ ਹਨ, ਜਿਸਦਾ ਕਾਰਨ ਵਿੱਤੀ ਹਾਲਾਤ ਹਨ। ਸਾਡੇ ਵਾਂਗ ਲਾੜਾ ਵਿਆਹ ਤੋਂ ਪਹਿਲਾਂ ਆਪਣਾ ਘਰ ਅਤੇ ਕਾਰ ਖਰੀਦਣੀ ਚਾਹੁੰਦਾ ਹੈ। ਸਾਡੇ ਵਾਂਗ ਹੀ ਵਿਆਹ ਦਾ ਜ਼ਿਆਦਾ ਖਰਚਾ ਲਾੜੀ ਦੇ ਪਰਿਵਾਰ ਵੱਲੋਂ ਕੀਤਾ ਜਾਂਦਾ ਹੈ।
ਜਪਾਨ ਵਿੱਚ ਲਾੜਾ ਕਾਲਾ ਸੂਟ ਅਤੇ ਲਾੜੀ ਚਿੱਟੀ ਡਰੈਸ ਪਾਉਂਦੀ ਹੈ। ਮੰਦਰ ਦਾ ਪੁਜਾਰੀ ਮੰਦਰ ਜਾਂ ਕਿਸੇ ਹੋਰ ਛੱਤੀ ਹੋਈ ਥਾਂ ’ਤੇ ਵਿਆਹ ਦੀ ਰਸਮ ਕਰਦਾ ਹੈ। ਵਿਆਹਿਆ ਜੋੜਾ ਤਿੰਨ ਕੱਪਾਂ ਵਿੱਚੋਂ ਤਿੰਨ ਵਾਰ ਚੁਸਕੀਆ ਲੈਂਦਾ ਹੈ, ਜਿਸਦਾ ਮਤਲਬ ਇੱਕ ਦੂਜੇ ਪ੍ਰਤੀ ਵਫਾਦਾਰੀ ਅਤੇ ਸਮਰਪਣ ਹੁੰਦਾ ਹੈ। ਬਜਾਏ ਬੋਲ ਕੇ ਸਹੁੰ ਖਾਣ ਦੇ, ਜੋੜਾ ਝੁਕ ਕੇ ਇਹ ਰਸਮ ਪੂਰੀ ਕਰਦਾ ਹੈ। ਰਿਸੈਪਸ਼ਨ ਸਮੇਂ ਰੋਟੀ ਆਦਿ ਦਾ ਪ੍ਰਬੰਧ ਕੀਤਾ ਜਾਾਂਦਾ ਹੈ। ਸ਼ਗਨ ਕੈਸ਼ ਦਿੱਤਾ ਜਾਂਦਾ ਹੈ। ਮਹਿਮਾਨਾਂ ਨੂੰ ਵਾਪਸੀ ਸਮੇਂ ਗਿਫਟ ਦਿੱਤੇ ਜਾਂਦੇ ਹਨ। ਜਿਵੇਂ ਸਾਡੇ ਸਮਾਜ ਵਿੱਚ ਜਾਣ ਵੇਲੇ ਮਹਿਮਾਨਾਂ ਨੂੰ ਕੱਪੜੇ-ਲੀੜੇ, ਬੂੰਦੀ, ਮੱਠੀਆਂ ਆਦਿ ਦਿੱਤੇ ਜਾਂਦੇ ਹਨ।
ਜਦੋਂ ਮੇਰੀ ਵਾਰੀ ਆਈ ਤਾਂ ਮੈਂ ਪੰਜਾਬੀਆਂ ਦੇ ਵਿਆਹਾਂ ਦੀਆਂ ਰੀਤਾਂ ਰਿਵਾਜਾਂ ਬਾਰੇ ਜਾਣਕਾਰੀ ਦਿੱਤੀ ਤਾਂ ਸਭ ਤੋਂ ਜ਼ਿਆਦਾ ਹੈਰਾਨ ਉਹ ਅਰੇਂਜਡ ਵਿਆਹ ’ਤੇ ਹੋਏੇ। ਸਾਰੀ ਉਮਰ ਇੱਕ ਵਿਅਕਤੀ ਨਾਲ ਬੱਝੇ ਰਹਿਣ ਅਤੇ ਕਦੀ ਵੀ ਤਲਾਕ ਨਾ ਦੇਣ ’ਤੇ ਹੈਰਾਨ ਹੋਏੇ। ਜਦੋਂ ਮੈਂ ਇਹ ਦੱਸਿਆ ਕਿ ਲੜਕਾ ਘੋੜੀ ’ਤੇ ਬੈਠ ਕੇ, ਹੱਥ ਵਿੱਚ ਕਿਰਪਾਨ ਲੈ ਕੇ ਲੜਕੀ ਨੂੰ ਵਿਹਾਉਣ ਜਾਂਦਾ ਹੈ ਤਾਂ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ। ਲੋਕਾਂ ਨੇ ਇਸਦਾ ਕਾਰਨ ਪੁੱਛਿਆ ਤਾਂ ਮੈਂ ਦੱਸਿਆ ਕਿ ਪੰਜਾਬ ਹਮੇਸ਼ਾ ਜੰਗਾਂ/ਯੁੱਧਾਂ ਦਾ ਅਖਾੜਾ ਬਣਿਆ ਰਿਹਾ। ਜਿਹੜਾ ਵੀ ਹਮਲਾਵਾਰ ਹਿੰਦੁਸਤਾਨ ’ਤੇ ਹਮਲਾ ਕਰਦਾ, ਉਸ ਨੂੰ ਪੰਜਾਬ ਵਿੱਚੋਂ ਲੰਘਣਾ ਪੈਂਦਾ ਸੀ। ਪੰਜਾਬੀ ਉਸਦਾ ਰਾਹ ਰੋਕ ਲੈਂਦੇ ਸਨ। ਜੇਕਰ ਉਹ ਪੰਜਾਬ ਲੰਘ ਵੀ ਜਾਂਦਾ ਤਾਂ ਵਾਪਸੀ ਤੇ ਉਸਦਾ ਲੁੱਟਿਆ ਮਾਲ ਖੋਹ ਲੈਂਦੇ ਸਨ।
“ਇਸਦਾ ਮਤਲਬ ਤੁਸੀਂ ਵਾਰੀਅਰ ਹੋ?”
“ਹਾਂ ਜੀ, ਕਿਰਪਾਨ ਉਸ ਸਮੇਂ ਦਾ ਹਥਿਆਰ ਸੀ, ਜਿਹੜੀ ਲਾੜਾ ਆਪਣੇ ਨਾਲ ਰੱਖਦਾ ਸੀ ਅਤੇ ਲੋੜ ਪੈਣ ’ਤੇ ਇਸਦੀ ਵਰਤੋਂ ਕਰਦਾ ਸੀ ਤਾਂ ਜੋ ਲਾੜੀ ਨੂੰ ਸੁਰੱਖਿਅਤ ਵਿਆਹ ਕੇ ਲਿਆ ਸਕੇ। ਵਿਆਹ ਸਮੇਂ ਕਿਰਪਾਨ ਨਾਲ ਲੈ ਕੇ ਜਾਣੀ, ਉਸ ਸਮੇਂ ਦੀ ਲੋੜ ਸੀ ਜੋ ਅੱਜ ਰਿਵਾਇਤ ਬਣ ਗਈ ਹੈ। ਮੇਰੇ ਕੋਲੋਂ ਪ੍ਰਬੰਧਕਾਂ ਨੇ ਅਜਿਹੀ ਕਿਸੇ ਫੋਟੋ ਦੀ ਮੰਗ ਕੀਤੀ ਅਤੇ ਮੈਂ ਅਗਲੇ ਹਫਤੇ ਅਜਿਹੀਆਂ ਫੋਟੋਵਾਂ ਮੁਹਈਆ ਕਰਵਾਉਣਾ ਸਵੀਕਾਰ ਕਰ ਲਿਆ, ਬਸ਼ਰਤੇ ਉਹ ਇਹ ਫੋਟੋਵਾਂ ਟੀ ਵੀ ’ਤੇ ਦਿਖਾਈਆਂ ਜਾਣ ਵਾਲੀਆਂ ਸਲਾਈਡਾਂ ਵਿੱਚ ਸ਼ਾਮਲ ਕੀਤੀਆਂ ਜਾਣ। ਮੇਰੀ ਮੰਗ ਉਹਨਾਂ ਨੇ ਸਵੀਕਾਰ ਕਰ ਲਈੇ।
ਮੁੱਕਦੀ ਗੱਲ ਇਹ ਹੈ ਕਿ ਲਗਭਗ ਹਰ ਦੇਸ਼ ਵਿੱਚ ਵਿਆਹ ਦੀਆਂ ਰਸਮਾਂ ਕਾਫੀ ਹੱਦ ਰਲਦੀਆਂ ਮਿਲਦੀਆਂ ਹਨ। ਵਿਆਹ ਨਵੇਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ, ਜਿਸ ਲਈ ਰਸਮ ਰਿਵਾਜ਼ ਜ਼ਰੂਰੀ ਹੈ।
ਇਹ ਲੇਖ ਕਲੱਬ ਵਿੱਚ ਆਏ ਲੋਕਾਂ ਤਕ ਹੀ ਸੀਮਿਤ ਹੈ। ਸੰਸਾਰ ਦੇ ਸਾਰੇ ਦੇਸ਼ਾਂ (ਜਿਨ੍ਹਾਂ ਦੀ ਗਿਣਤੀ 193 ਹੈ) ਬਾਰੇ ਲਿਖਣ ਲਈ ਬਹੁਤ ਸਾਰੇ ਸਫੇ ਅਤੇ ਸਮਾਂ ਚਾਹੀਦਾ ਹੈ, ਜੋ ਇਸ ਲੇਖ ਵਿੱਚ ਸੰਭਵ ਨਹੀਂ ਹੈ। ਬਾਕੀ ਫਿਰ ਸਹੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (