“ਦੇਖਿਆ, ਸਾਡਾ ਇੱਕ ਨਗ ਘਟ ਗਿਆ? ਸਕਿਊਰਿਟੀ ਚੈੱਕ ਤੋਂ ਬਾਅਦ ਅਸੀਂ ਫਿਰ ਸਾਰਾ ਕੁਛ ...”
(6 ਅਗਸਤ 2025)
ਇੰਟਰਨੈਸ਼ਨਲ ਹਵਾਈ ਜਹਾਜ਼ ਦਾ ਸਫਰ ਪੂਰਾ ਕਰਕੇ ਮੈਂ ਆਪਣੇ ਅਗਲੇ ਪੜਾਅ ਲਈ ਡੋਮੈਸਟਿਕ ਏਅਰਪੋਰਟ ਵੱਲ ਜਾ ਰਿਹਾ ਸੀ ਕਿ ਪਿੱਛੋਂ ਆਵਾਜ਼ ਆਈ, “ਭਾ ਜੀ, ਜ਼ਰਾ ਰੁਕਿਉ।”
ਇਹ ਅਵਾਜ਼ ਸੁਣ ਕੇ ਮੈਂ ਰੁਕ ਗਿਆ। ਵੈਸੇ ਵੀ ਵਿਦੇਸ਼ ਦੇ ਸਫਰ ਦੌਰਾਨ ਮੇਰੀ ਇੱਛਾ ਹੁੰਦੀ ਹੈ ਕਿ ਕੋਈ ਏਸ਼ੀਅਨ ਮਿਲ ਜਾਵੇ। ਮਨੁੱਖ ਕਦੇ ਵੀ ਸੰਤੁਸ਼ਟ ਨਹੀਂ ਹੁੰਦਾ। ਸੰਤੁਸ਼ਟ ਹੋਣਾ ਵੀ ਨਹੀਂ ਚਾਹੀਦਾ। ਜੇ ਸੰਤੁਸ਼ਟ ਹੋ ਗਏ ਤਾਂ ਅੱਗੇ ਨਹੀਂ ਤੁਰ ਸਕਦੇ, ਫਿਰ ਉੱਥੇ ਹੀ ਰਹਿ ਜਾਉਗੇ। ਇਸ ਲਈ ਜਦੋਂ ਕੋਈ ਏਸ਼ੀਅਨ ਮਿਲ ਜਾਂਦਾ ਹੈ ਤਾਂ ਮੇਰੀ ਇੱਛਾ ਹੁੰਦੀ ਹੈ ਕਿ ਕੋਈ ਇੰਡੀਅਨ ਮਿਲ ਜਾਏ ਜੇ ਇੰਡੀਅਨ ਮਿਲ ਗਿਆ ਤਾਂ ਫਿਰ ਪੰਜਾਬੀ ਨੂੰ ਮਿਲਣ ਦੀ ਤਾਂਘ ਹੰਦੀ ਹੈ। ਜੇ ਪੰਜਾਬੀ ਮਿਲ ਗਿਆ ਤਾਂ ਫਿਰ ਆਪਣਾ ਜ਼ਿਲ੍ਹਾ ਲੋਚੀਦਾ ਹੈ। ਜੇ ਉਹ ਵੀ ਮਿਲ ਗਿਆ ਤਾਂ ਫਿਰ ਆਪਣੇ ਪਿੰਡ ਜਾਂ ਲਾਗਲੇ ਪਿੰਡਾਂ ਦੇ ਕਿਸੇ ਵਿਅਕਤੀ ਲਈ ਸੋਚੀਦਾ ਹੈ। ਖੈਰ ਇਹ ਸਿਲਸਿਲਾ ਤਾਂ ਮੁਕਣਾ ਹੀ ਨਹੀਂ। ਮੈਂ ਰੁਕਿਆ। ਪਿੱਛੇ ਮੁੱੜ ਕੇ ਦੇਖਿਆ। ਇੱਕ 65-70 ਸਾਲ ਦਾ ਬਜ਼ੁਰਗ ਜੋੜਾ ਮੇਰੇ ਪਿੱਛੇ ਆ ਰਿਹਾ ਸੀ। ਬੰਦੇ ਨੇ ਗਲ ’ਤੇ ਕਾਲਰ ਬੰਨ੍ਹਿਆ ਹੋਇਆ ਸੀ, ਜਿਸ ਤੋਂ ਲਗਦਾ ਸੀ ਕਿ ਉਸ ਨੂੰ ਸਰਵਾਈਕਲ ਦੀ ਸਮੱਸਿਆ ਹੈ। ਲੱਕ ਨਾਲ ਉਸਨੇ ਬੈਲਟ ਬੰਨ੍ਹੀ ਹੋਈ ਸੀ, ਜਿਸਦਾ ਮਤਲਬ ਸੀ ਕਿ ਉਸ ਨੂੰ ਲੱਕ ਦਰਦ ਦੀ ਵੀ ਸਮੱਸਿਆ ਸੀ। ਹੈਰਾਨੀ ਦੀ ਗੱਲ ਸੀ ਕਿ ਉਹਨਾਂ ਕੋਲ ਚਾਰ ਬੈਗ ਸਨ। ਇੱਕ ਵੱਡੇ ਸਾਰੇ ਪੋਲੀਥੀਨ ਦੇ ਲਿਫਾਫੇ ਵਿੱਚ ਵੀ ਕੁਛ ਸੀ। ਮੇਰੇ ਕੋਲ ਆ ਕੇ ਉਸਨੇ ਆਖਿਆ, “ਸਾਡੀ ਮਦਦ ਕਰੋ, ਇੱਕ ਬੈਗ ਫੜ ਲਉ, ਸਾਡੇ ਕੋਲੋਂ ਚੁੱਕਿਆ ਨਹੀਂ ਜਾਂਦਾ।”
ਮੈਂ ਬਿਨਾਂ ਕਿਸੇ ਹੀਲ ਹੁੱਜਤ ਤੋਂ ਇੱਕ ਬੈਗ ਫੜ ਲਿਆ।
“ਤੁਸੀਂ ਵੀਲ ਚੇਅਰ ਕਿਉਂ ਨਹੀਂ ਲਈ?” ਮੈਂ ਸਵਾਲ ਕੀਤਾ।
“ਵਹੀਲ ਚੇਅਰ ਮਿਲੀ ਹੀ ਨਹੀਂ।” ਉਸਦਾ ਉੱਤਰ ਸੀ।
“ਚਲੋ ਕੋਈ ਨਹੀਂ, ਮੈਂ ਕੁਛ ਕਰਦਾ ਹਾਂ।” ਮੈਂ ਇੱਕ ਸਕਿਊਰਿਟੀ ਵਾਲੇ ਨਾਲ ਗੱਲ ਕੀਤੀ। ਕੁਝ ਚਿਰ ਬਾਅਦ ਇੱਕ ਵਿਅਕਤੀ ਵੀਲ ਚੇਅਰ ਲੈ ਆਇਆ। ਉਹ ਵਿਅਕਤੀ ਝੱਟ ਵੀਲ ਚੇਅਰ ’ਤੇ ਬੈਠ ਗਿਆ। ਵੀਲ ਚੇਅਰ ਵਾਲਾ ਵੀਲ ਚੇਅਰ ਲੈ ਕੇ ਤੁਰ ਪਿਆ।
“ਮੇਰਾ ਸਮਾਨ, ਮੇਰਾ ਸਮਾਨ ਰਹਿ ਗਿਆ।” ਅਤੇ ਉਹ ਝੱਟ ਹੀਟ ਵੀਲ ਚੇਅਰ ਤੋਂ ਉੱਤਰ ਗਿਆ।
“ਇਹ ਸਮਾਨ ਸਾਰਾ ਤੁਹਾਡਾ ਹੈ?” ਵੀਲ ਚੇਅਰ ਵਾਲੇ ਵਿਅਕਤੀ ਨੇ ਪੁੱਛਿਆ।
“ਹਾਂ ਜੀ, ਸਾਡਾ ਹੀ ਹੈ।”
“ਪਰ ਇਹ ਸਾਰਾ ਸਮਾਨ ਤੁਸੀਂ ਕਿੱਦਾਂ ਲੈ ਆਏ? ਤੁਸੀਂ ਤਾਂ ਸਿਰਫ ਦੋ ਬੈਗ ਹੀ ਲਿਆ ਸਕਦੇ ਸੀ। ਤੁਹਾਡੇ ਕੋਲ ਤਾਂ ਪੰਜ ਬੈਗ ਹਨ। ਤੁਰਿਆ ਤੁਹਾਡੇ ਕੋਲੋਂ ਜਾਂਦਾ ਨਹੀਂ। ਇੰਨਾ ਸਾਰਾ ਸਮਾਨ ਕਿਉਂ ਚੁੱਕੀ ਫਿਰਦੇ ਹੋ? ਮੈਂ ਤੁਹਾਨੂੰ ਵੀਲ ਚੇਅਰ ’ਤੇ ਲੈ ਕੇ ਜਾ ਸਕਦਾ ਹਾਂ, ਪਰ ਸਮਾਨ ਦੀ ਮੇਰੀ ਜ਼ਿੰਮੇਵਾਰੀ ਨਹੀਂ। ਇਹ ਤੁਹਾਨੂੰ ਹੀ ਚੁੱਕਣਾ ਪੈਣਾ ਹੈ।”
“ਨੋ ਇੰਗਲਿਸ਼, ਨੋ ਇੰਗਲਿਸ਼।” ਉਸ ਬੰਦੇ ਨੇ ਉੱਚੀ ਸਾਰੀ ਆਖਿਆ।
ਵੀਲ ਚੇਅਰ ਵਾਲਾ ਮੁਸਾਫਿਰ ਨੂੰ ਚੇਅਰ ’ਤੇ ਬਿਠਾ ਕੇ ਲਿਜਾਣ ਲਈ ਤਿਆਰ ਸੀ ਪਰ ਸਮਾਨ ਚੁੱਕਣ ਤੋਂ ਇਨਕਾਰੀ ਸੀ। ਅਖੀਰ ਮੈਂ ਉਸ ਨੂੰ ਬੇਨਤੀ ਕੀਤੀ ਕਿ ਸਾਨੂੰ ਇੱਕ ਟਰਾਲੀ ਹੀ ਲਿਆ ਦਿਉ। ਉਹ ਸਹਿਮਤ ਹੋ ਗਿਆ। ਇੱਕ ਦੀ ਥਾਂ ਦੋ ਟਰਾਲੀਆਂ ਲੈ ਆਇਆ। ਉਹਨਾਂ ਦਾ ਸਾਰਾ ਸਮਾਨ ਟਰਾਲੀਆਂ ਵਿੱਚ ਸੈੱਟ ਕਰ ਦਿੱਤਾ ਅਤੇ ਆਪ ਤੁਰ ਪਿਆ। ਹੁਣ ਦੋਵੇਂ ਮੀਆਂ ਬੀਵੀ, ਟਰਾਲੀ ਲੈ ਕੇ ਤੁਰ ਪਏ। ਮੈਂ ਉਸ ਨੂੰ ਪੁੱਛਿਆ ਕਿ ਉਹ ਚਾਰ ਬੈਗ ਕਿੱਦਾਂ ਲੈ ਆਏ? ਉਸਦਾ ਜਵਾਬ ਸੀ ਕਿ ਦੋ ਕੈਰੀ ਬੈਗ ਹਨ ਅਤੇ ਦੋ ਲੈਪਟਾਪ ਬੈਗ। ਪਰ ਅਸੀਂ ਲੈਪਟਾਪ ਦੇ ਨਾਲ ਹੋਰ ਸਮਾਨ ਵੀ ਪਾ ਲਿਆ ਸੀ। ਅਤੇ ਪੰਜਵੇਂ ਪੋਲੀਥੀਨ ਦੇ ਲਿਫਾਫੇ ਵਿੱਚ ਜੈਕਟਾਂ ਹਨ।
ਥੋੜ੍ਹੀ ਦੂਰ ਹੀ ਸਕਿਊਰਿਟੀ ਚੈੱਕ ਸੀ। ਸਕਿਊਰਿਟੀ ’ਤੇ ਪਹੁੰਚ ਕੇ ਉਹਨਾਂ ਨੇ ਪੌਲੀਥੀਨ ਵਾਲਾ ਬੈਗ ਖੋਲ੍ਹਿਆ। ਵਿੱਚੋ ਦੋ ਹਾਈਵੇਵਜ਼ ਸ਼ਰਟਾਂ ਕੱਢ ਕੇ ਪਾ ਲਈਆਂ। (ਵਿਦੇਸ਼ਾਂ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਭਾਵੇਂ ਉਹ ਬਿਲਡਿੰਗ, ਸੜਕ ਦਾ ਜਾਂ ਕੋਈ ਹੋਰ ਕੰਮ ਕਰਨਾ ਹੋਵੇ, ਉਹਨਾਂ ਨੂੰ ਕੰਮ ਕਰਦੇ ਸਮੇਂ ਇਹ ਸ਼ਰਟ ਪਾਉਣੀ ਪੈਂਦੀ ਹੈ ਤਾਂ ਜੋ ਦੂਰੋਂ ਹੀ ਕੰਮ ਕਰ ਰਹੇ ਬੰਦਿਆਂ ਦੀ ਪਛਾਣ ਹੋ ਜਾਵੇ ਅਤੇ ਹਾਦਸੇ ਤੋਂ ਬਚਿਆ ਜਾ ਸਕੇ। ਇੰਡੀਆ ਵਿੱਚ ਇਨ੍ਹਾਂ ਦੀ ਵਰਤੋਂ ਨਾ ਮਾਤਰ ਹੀ ਹੈ।) ਇਨ੍ਹਾਂ ਸ਼ਰਟਾਂ ਦੇ ਉੱਪਰ ਉਹਨਾਂ ਨੇ ਜੈਕਟਾਂ ਪਾ ਲਈਆਂ ਤੇ ਪੌਲੀਥੀਨ ਦਾ ਲਿਫਾਫਾ ਖਾਲੀ ਕਰ ਲਿਆ।
“ਦੇਖਿਆ, ਸਾਡਾ ਇੱਕ ਨਗ ਘਟ ਗਿਆ? ਸਕਿਊਰਿਟੀ ਚੈੱਕ ਤੋਂ ਬਾਅਦ ਅਸੀਂ ਫਿਰ ਸਾਰਾ ਕੁਛ ਉਤਾਰ ਕੇ ਪੋਲੀਥੀਨ ਦੇ ਲਿਫਾਫੇ ਵਿੱਚ ਪਾ ਲੈਣਾ ਹੈ। ਬੇਟੇ ਕੋਲ ਵਾਧੂ ਪਈਆਂ ਸਨ, ਕਹਿੰਦਾ ਲੈ ਜਾਉ। ਅਸੀਂ ਲੈ ਆਏ। ਵੇਖੀ ਸਾਡੀ ਸਕੀਮ?”
“ਹਾਂ, ਬਹੁਤ ਵਧੀਆ ਸਕੀਮ ਹੈ ਪਰ ਤੁਸੀਂ ਇਨ੍ਹਾਂ ਦਾ ਕਰੋਗੇ ਕੀ?”
“ਇਹ ਇੰਡੀਆ ਜਾ ਕੇ ਸੋਚਾਂਗੇ।”
ਸਕਿਉਰਿਟੀ ਚੈੱਕ ਤੋਂ ਬਾਅਦ ਉਸਨੇ ਸਾਰਾ ਸਮਾਨ ਟਰਾਲੀਆਂ ’ਤੇ ਫਿੱਟ ਕਰ ਦਿੱਤਾ।
“ਆਹ ਵੀਰ ਜੀ ਹਲਕੀ ਜਿਹੀ ਛਤਰੀ ਹੈ, ਇਸ ਨੂੰ ਫੜ ਲਉ।” ਉਸ ਵਿਅਕਤੀ ਨੇ ਆਖਿਆ।
“ਛਤਰੀਆਂ ਇੰਡੀਆ ਵਿੱਚ ਨਹੀਂ ਮਿਲਦੀਆਂ? ਉੱਥੋਂ ਲੈ ਲੈਣੀ ਸੀ।”
“ਇੱਥੇ ਫਰੀ ਦੀ ਹੈ। ਨਾਲੇ ਬੇਟਾ ਆਖਦਾ ਸੀ, ਤੁਹਾਨੂੰ ਤੁਰਨ ਵਿੱਚ ਮੁਸ਼ਕਿਲ ਹੁੰਦੀ ਹੈ, ਛਤਰੀ ਦਾ ਆਸਰਾ ਹੋ ਜਾਊ।”
“ਅਸਲ ਆਸਰਾ (ਤੁਹਾਡਾ ਬੇਟਾ) ਤਾਂ ਉੱਥੇ ਹੈ। ਇਹ ਬੇਜਾਨ ਜਿਹੀ ਛਤਰੀ ਤੁਹਾਡਾ ਕੀ ਆਸਰਾ ਬਣੇਗੀ?” ਮੈਂ ਆਖਿਆ।
ਉਸਨੇ ਗੁੱਸੇ ਨਾਲ ਛਤਰੀ ਟਰਾਲੀ ਵਿੱਚ ਰੱਖ ਲਈ ਅਤੇ ਬੁੜਬੁੜਾਉਂਦਾ ਟਰਾਲੀ ਲੈ ਕੇ ਅਗਾਂਹ ਤੁਰ ਪਿਆ। ਫਿਰ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (