“ਉਸ ਮੌਕੇ ਮੇਰੇ ਇੱਕ ਗੰਨਮੈਨ ਨੇ ਹਿੰਮਤ ਕੀਤੀ ਤੇ ਕਿਸ਼ਤੀ ਨਾਲ ਬੱਝੇ ਰੱਸੇ ਦਾ ਸਿਰਾ ਫੜ ਕੇ ...”
(10 ਸਤੰਬਰ 2025)
ਇਸ ਵੇਲੇ ਲਗਭਗ ਅੱਧਾ ਪੰਜਾਬ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ। ਪਟਿਆਲਾ, ਸੰਗਰੂਰ, ਮਾਨਸਾ ਅਤੇ ਹਰਿਆਣੇ ਦੇ ਸਿਰਸਾ ਆਦਿ ਜ਼ਿਲ੍ਹਿਆਂ ਲਈ ਸਰਾਪ ਬਣ ਚੁੱਕੇ ਘੱਗਰ ਦਾ ਪਾਣੀ ਵੀ ਲਗਾਤਾਰ ਵਧ ਰਿਹਾ ਹੈ। ਕਿਸੇ ਵੇਲੇ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਖੁਸ਼ਕ ਇਲਾਕੇ ਦੀ ਜੀਵਨ ਰੇਖਾ ਸਮਝਿਆ ਜਾਣ ਵਾਲਾ ਘੱਗਰ ਅੱਜ ਲੋਕਾਂ ਦੀ ਜਾਨ ਦਾ ਖੌਅ ਬਣ ਚੁੱਕਾ ਹੈ। ਬਰਸਾਤਾਂ ਦੌਰਾਨ ਇਸ ਵਿੱਚ ਹੜ੍ਹ ਆ ਜਾਂਦਾ ਹੈ ਤੇ ਖੁਸ਼ਕ ਮੌਸਮ ਵਿੱਚ ਫੈਕਟਰੀਆਂ ਦਾ ਜ਼ਹਿਰੀਲਾ ਪਾਣੀ ਵਗਦਾ ਹੈ, ਜੋ ਘਾਤਕ ਬਿਮਾਰੀਆਂ ਫੈਲਾਉਂਦਾ ਹੈ। ਬਰਸਾਤੀ ਨਦੀ ਘੱਗਰ ਦਾ ਉਦਗਮ 6322 ਫੁੱਟ ਦੀ ਉਚਾਈ ’ਤੇ ਡਗਸ਼ਈ (ਹਿਮਾਚਲ) ਦੀਆਂ ਪਹਾੜੀਆਂ ਵਿੱਚ ਹੁੰਦਾ ਹੈ ਤੇ ਇਹ ਪੰਜਾਬ ਅਤੇ ਹਰਿਆਣਾ ਵਿੱਚ ਵਗਦਾ ਹੋਇਆ ਰਾਜਸਥਾਨ ਦੇ ਰੇਤੀਥਲਿਆਂ ਵਿੱਚ ਅਲੋਪ ਹੋ ਜਾਂਦਾ ਹੈ। ਕੌਸ਼ਲਿਆ, ਮਾਰਕੰਡਾ, ਸਰਸੁਤੀ ਅਤੇ ਟਾਂਗਰੀ ਇਸਦੀਆਂ ਸਹਾਇਕ ਨਦੀਆਂ ਹਨ। ਇਸ ’ਤੇ ਹਰਿਆਣੇ ਵਿੱਚ ਕੌਸ਼ਲਿਆ (ਪਿੰਜੌਰ) ਅਤੇ ਉਟੂ (ਸਿਰਸਾ) ਡੈਮ ਬਣੇ ਹੋਏ ਹਨ। ਇਸਦੇ ਕੰਢੇ ਮਜ਼ਬੂਤ ਕਰਨ ਲਈ ਖਨੌਰੀ ਤੋਂ ਲੈ ਕੇ ਮਕਰੌੜ ਸਾਹਿਬ ਪਿੰਡ ਤਕ ਸਰਕਾਰੀ ਤੌਰ ’ਤੇ ਬੰਨ੍ਹ ਬਣਾਏ ਗਏ ਸਨ, ਜੋ ਇਲਾਕੇ ਦਾ ਤਾਂ ਕੁਝ ਵੀ ਨਹੀਂ ਸੰਵਾਰ ਸਕੇ ਪਰ ਕਈ ਨੇਤਾ ਅਤੇ ਅਫਸਰ ਜ਼ਰੂਰ ਕਰੋੜਪਤੀ ਬਣ ਗਏ ਸਨ।
ਅਜ਼ਾਦੀ ਤੋਂ ਪਹਿਲਾਂ ਜਦੋਂ ਪੰਜਾਬ ਵਿੱਚ ਝੋਨੇ ਦਾ ਰਿਵਾਜ਼ ਨਹੀਂ ਸੀ, ਲੋਕ ਘੱਗਰ ਦੇ ਹੜ੍ਹਾਂ ਨੂੰ ਉਡੀਕਦੇ ਰਹਿੰਦੇ ਸਨ, ਕਿਉਂਕਿ ਗਰਮੀਆਂ ਵਿੱਚ ਜ਼ਮੀਨਾਂ ਖਾਲੀ ਹੁੰਦੀਆਂ ਸਨ। ਜਿੱਥੇ ਜਿੱਥੇ ਘੱਗਰ ਦਾ ਪਾਣੀ ਫਿਰ ਜਾਂਦਾ ਸੀ, ਮਿੱਟੀ ਸੋਨਾ ਹੋ ਜਾਂਦੀ ਸੀ। ਭਰਪੂਰ ਕਣਕ ਅਤੇ ਛੋਲੇ ਪੈਦਾ ਹੁੰਦੇ ਸਨ। ਪਰ ਹੁਣ ਗਰਮੀਆਂ ਵਿੱਚ ਝੋਨਾ ਲੱਗਾ ਹੋਣ ਕਰ ਕੇ ਹਰ ਦੋ ਤਿੰਨ ਸਾਲ ਬਾਅਦ ਕਿਸਾਨਾਂ ਦਾ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਜਦੋਂ ਵੀ ਸਾਵਣ ਦੇ ਮਹੀਨੇ ਕਾਲੀਆਂ ਘਟਾਵਾਂ ਚੜ੍ਹਦੀਆਂ ਹਨ ਤਾਂ ਘੱਗਰ ਕੰਢੇ ਵਸਦੇ ਪਿੰਡਾਂ ਦੇ ਲੋਕਾਂ ਦੇ ਕਲੇਜੇ ਮੂੰਹ ਨੂੰ ਆ ਜਾਂਦੇ ਹਨ। ਘੱਗਰ ਵਿੱਚ ਹੁਣ ਤਕ ਸੈਂਕੜੇ ਹੜ੍ਹ ਆ ਚੁੱਕੇ ਹਨ ਪਰ ਜੁਲਾਈ 1993 ਵਾਲਾ ਹੜ੍ਹ ਸਭ ਤੋਂ ਭਿਆਨਕ ਸੀ। ਮੈਂ ਉਨ੍ਹੀਂ ਦਿਨੀਂ ਸੰਗਰੂਰ ਜ਼ਿਲ੍ਹੇ ਦੇ ਥਾਣੇ ਮੂਨਕ ਦਾ ਐੱਸ.ਐੱਚ.ਓ. ਲੱਗਾ ਹੋਇਆ ਸੀ। ਸੰਗਰੂਰ ਜ਼ਿਲ੍ਹੇ ਦੇ ਥਾਣੇ ਖਨੌਰੀ ਅਤੇ ਮੂਨਕ ਘੱਗਰ ਦੀ ਮਾਰ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਉਦੋਂ 15 ਜੁਲਾਈ ਤੋਂ ਸ਼ੁਰੂ ਹੋ ਕੇ ਸਾਰੇ ਪੰਜਾਬ ਵਿੱਚ ਕਈ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ। 18 ਜੁਲਾਈ ਨੂੰ ਰਾਤੋ ਰਾਤ ਪਟਿਆਲੇ ਵਲੋਂ ਘੱਗਰ ਮੌਤ ਬਣ ਕੇ ਇਲਾਕੇ ’ਤੇ ਟੁੱਟ ਪਿਆ। ਸਾਰੇ ਪਾਸੇ ਹਾਹਾਕਾਰ ਮੱਚ ਗਈ ਤੇ ਦਿਨ ਚੜ੍ਹਦੇ ਨੂੰ ਹੋਈ ਭਿਆਨਕ ਤਬਾਹੀ ਦਾ ਦ੍ਰਿਸ਼ ਵਿਖਾਈ ਦੇਣ ਲੱਗਾ। ਅਨੇਕਾਂ ਇਨਸਾਨ ਸੁੱਤੇ ਪਏ ਹੀ ਮੌਤ ਦੇ ਮੂੰਹ ਵਿੱਚ ਜਾ ਪਏ। ਸੈਂਕੜੇ ਮਕਾਨ, ਦੁਧਾਰੂ ਪਸ਼ੂ ਅਤੇ ਕਰੋੜਾਂ ਦਾ ਘਰੇਲੂ ਸਮਾਨ ਪਾਣੀ ਵਿੱਚ ਰੁੜ੍ਹ ਗਿਆ। ਅਚਾਨਕ ਆਏ ਇਸ ਹੜ੍ਹ ਨਾਲ ਪਟਿਆਲੇ ਜ਼ਿਲ੍ਹੇ ਦੀ ਸ਼ੁਤਰਾਣਾ ਚੌਂਕੀ ਪਾਣੀ ਵਿੱਚ ਡੁੱਬ ਗਈ ਜਿਸ ਕਾਰਨ ਚੌਂਕੀ ਇੰਚਾਰਜ ਦੀ ਮੌਤ ਹੋ ਗਈ ਸੀ। ਬਾਕੀ ਮੁਲਾਜ਼ਮਾਂ ਨੇ ਦਰੱਖਤਾਂ ’ਤੇ ਚੜ੍ਹ ਕੇ ਬਹੁਤ ਮੁਸ਼ਕਿਲ ਆਪਣੀ ਜਾਨ ਬਚਾਈ ਸੀ।
ਮੂਨਕ-ਟੋਹਾਣਾ ਸੜਕ ਰੁੜ੍ਹ ਜਾਣ ਕਾਰਨ ਰਾਮਪੁਰਾ, ਕੁਦਨੀ ਅਤੇ ਹਾਂਡਾ ਪਿੰਡ ਬਾਕੀ ਇਲਾਕੇ ਤੋਂ ਕੱਟੇ ਗਏ ਸਨ ਤੇ ਉੱਥੇ ਖਾਣ ਪੀਣ ਦੇ ਸਮਾਨ ਅਤੇ ਦਵਾਈਆਂ ਆਦਿ ਦੀ ਸਖਤ ਕਿੱਲਤ ਹੋ ਗਈ ਸੀ। ਉਸ ਵੇਲੇ ਮੂਨਕ ਤਹਿਸੀਲ ਵਿੱਚ ਦੋ ਸਰਕਾਰੀ ਮੋਟਰ ਬੋਟਾਂ ਤਾਇਨਾਤ ਸਨ। ਜਦੋਂ ਉਨ੍ਹਾਂ ਦੇ ਇੰਜਣ ਚੈੱਕ ਕੀਤੇ ਤਾਂ ਕਈ ਮਹੀਨਿਆਂ ਤੋਂ ਬੰਦ ਰਹਿਣ ਕਾਰਨ ਇੱਕ ਤਾਂ ਸਟਾਰਟ ਹੀ ਨਾ ਹੋਇਆ, ਪਰ ਦੂਸਰੇ ਨੂੰ ਅਸੀਂ ਇੱਕ ਜੁਗਾੜੀ ਸਕੂਟਰ ਮਕੈਨਿਕ ਦੀ ਸਹਾਇਤਾ ਨਾਲ ਚਾਲੂ ਕਰ ਲਿਆ। ਜਦੋਂ ਅਸੀਂ ਮੋਟਰ ਬੋਟ ਪਾਣੀ ਵਿੱਚ ਸੁੱਟੀ ਤਾਂ ਹੜ੍ਹ ਦੇ ਪਾਣੀ ਦੀ ਵਿਸ਼ਾਲਤਾ ਦੇਖ ਕੇ ਮੇਰੀਆਂ ਅੱਖਾਂ ਪਾਟ ਗਈਆਂ, ਮੀਲਾਂ ਤਕ ਪਾਣੀ ਹੀ ਪਾਣੀ ਜੋ ਬਿਜਲੀ ਦੀਆਂ ਤਾਰਾਂ ਤਕ ਪਹੁੰਚ ਚੁੱਕਾ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਹੜ੍ਹ ਦਾ ਨਜ਼ਾਰਾ ਤੱਕਿਆ ਸੀ। ਕਿਸ਼ਤੀ ਵਿੱਚ ਇੱਕ ਡਰਾਈਵਰ, ਦੋ ਪੁਲਿਸ ਵਾਲੇ ਅਤੇ ਇੱਕ ਸਕੂਟਰ ਮਕੈਨਿਕ ਸੀ, ਜਿਸ ਨੂੰ ਅਸੀਂ ਐਮਰਜੈਂਸੀ ਵਾਸਤੇ ਨਾਲ ਹੀ ਰੱਖਿਆ ਸੀ। ਜਿੰਨਾ ਕੁ ਸਮਾਨ ਅਸੀਂ ਉਸ ਖਟਾਰਾ ਕਿਸ਼ਤੀ ਵਿੱਚ ਰੱਖ ਸਕਦੇ ਸੀ ਰੱਖ ਕੇ ਹਾਂਡੇ ਪਿੰਡ ਵੱਲ ਠਿੱਲ੍ਹ ਪਏ। ਸਾਰਿਆਂ ਨੇ ਪਾਟੀਆਂ ਜਿਹੀਆਂ ਸਰਕਾਰੀ ਲਾਈਫ ਜੈਕਟਾਂ ਪਾਈਆਂ ਹੋਈਆਂ ਸਨ। ਹੜ੍ਹ ਦੇ ਪਾਣੀ ਵਿੱਚ ਮੋਟਰ ਬੋਟ ਚਲਾਉਣੀ ਬਿਲਕੁਲ ਅਲੱਗ ਤਜਰਬਾ ਹੁੰਦਾ ਹੈ ਕਿਉਂਕਿ ਥੋੜ੍ਹੇ ਥੋੜ੍ਹੇ ਵਕਫੇ ਬਾਅਦ ਕਿਸ਼ਤੀ ਰੋਕ ਕੇ ਰੋਟਰ ਵਿੱਚ ਫਸਿਆ ਘਾਹ ਫੂਸ ਕੱਢਣਾ ਪੈਂਦਾ ਹੈ। ਹੜ੍ਹ ਦਾ ਪਾਣੀ ਕਿਸ਼ਤੀ ਨੂੰ ਉਲਟ ਦਿਸ਼ਾ ਵੱਲ ਧੱਕ ਕੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਾਰਨ ਉਵਰ ਲੋਡ ਇੰਜਣ ਦਾ ਅੜਾਟ ਪੈ ਰਿਹਾ ਸੀ।
ਸਾਡੇ ਤਿੰਨ ਚਾਰ ਗੇੜੇ ਤਾਂ ਠੀਕਠਾਕ ਲੱਗ ਗਏ ਪਰ ਪੰਜਵੇਂ ਗੇੜੇ ਨੂੰ ਕਿਸ਼ਤੀ ਦਰਿਆ ਦੇ ਤੇਜ਼ ਵਹਿਣ ਵਿੱਚ ਫਸ ਗਈ ਤੇ ਇੰਜਣ ਦਮ ਤੋੜ ਗਿਆ। ਘਾਤ ਲਾਈ ਬੈਠੇ ਪਾਣੀ ਨੇ ਇੱਕ ਦਮ ਕਿਸ਼ਤੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਉਹ ਤੇਜ਼ੀ ਨਾਲ ਜਾਖਲ਼ ਵੱਲ ਨੂੰ ਰੁੜ੍ਹਨ ਲੱਗੀ। ਅੱਗੇ ਸਾਰਾ ਪਾਣੀ ਇਕੱਠਾ ਹੋ ਕੇ ਜਾਖਲ-ਟੋਹਾਣਾ ਰੋਡ ’ਤੇ ਬਣੇ ਪੁਲ ਨਾਲ ਵੱਜ ਕੇ ਲੰਘ ਰਿਹਾ ਸੀ। ਵੱਡੇ ਵੱਡੇ ਦਰੱਖਤ, ਸ਼ਤੀਰੀਆਂ ਅਤੇ ਜਾਨਵਰਾਂ ਦੀਆਂ ਲਾਸ਼ਾਂ ਆਪਸ ਵਿੱਚ ਟਕਰਾ ਰਹੀਆਂ ਸਨ। ਕਿਸ਼ਤੀ ਦੀ ਪੁਲ ਨਾਲ ਟੱਕਰ ਹੋਣੀ ਲਾਜ਼ਮੀ ਸੀ, ਬਚਣ ਦਾ ਕੋਈ ਰਾਹ ਨਜ਼ਰ ਨਹੀਂ ਸੀ ਆ ਰਿਹਾ। ਅਸੀਂ ਸਾਰੇ ਜਾਣੇ ਰੱਬ ਨੂੰ ਧਿਆਉਂਦੇ ਹੋਏ ਨਿਸ਼ਚਿਤ ਮੌਤ ਵੱਲ ਵਧ ਰਹੇ ਸੀ। ਉਸ ਮੌਕੇ ਮੇਰੇ ਇੱਕ ਗੰਨਮੈਨ ਨੇ ਹਿੰਮਤ ਕੀਤੀ ਤੇ ਕਿਸ਼ਤੀ ਨਾਲ ਬੱਝੇ ਰੱਸੇ ਦਾ ਸਿਰਾ ਫੜ ਕੇ ਪਾਣੀ ਵਿੱਚ ਛਾਲ ਮਾਰ ਦਿੱਤੀ। ਉਹ ਤੇਜ਼ੀ ਨਾਲ ਤੈਰਦਾ ਹੋਇਆ ਇੱਕ ਬਿਜਲੀ ਦੇ ਖੰਭੇ ਵੱਲ ਵਧਿਆ ਅਤੇ ਆਨਨ ਫਾਨਨ ਵਿੱਚ ਰੱਸੀ ਤਾਰਾਂ ਨਾਲ ਬੰਨ੍ਹ ਦਿੱਤੀ, ਕਿਸ਼ਤੀ ਇੱਕ ਦਮ ਰੁਕ ਗਈ ਤੇ ਸਾਰਿਆਂ ਦੇ ਸਾਹ ਵਿੱਚ ਸਾਹ ਆਇਆ। ਸਕੂਟਰ ਮਕੈਨਿਕ ਉੱਚੀ ਉੱਚੀ ਰੋ ਰਿਹਾ ਸੀ। ਉਸ ਨੂੰ ਬਹੁਤ ਮੁਸ਼ਕਿਲ ਨਾਲ ਚੁੱਪ ਕਰਵਾ ਕੇ ਇੰਜਣ ਠੀਕ ਕਰਨ ਲਈ ਲਾਇਆ। ਰੱਬ ਰੱਬ ਕਰਦਿਆਂ ਘੰਟੇ ਡੇਢ ਘੰਟੇ ਵਿੱਚ ਇੰਜਣ ਚਾਲੂ ਹੋਇਆ ਤੇ ਅਸੀਂ ਮੂਨਕ ਵੱਲ ਸ਼ੂਟ ਵੱਟ ਦਿੱਤੀ।
ਅਗਲੇ ਦਿਨ ਪਾਤੜਾਂ ਤੋਂ ਫੌਜ ਆਪਣੀਆਂ ਆਧੁਨਿਕ ਕਿਸ਼ਤੀਆਂ ਲੈ ਕੇ ਪਹੁੰਚ ਗਈ ਤੇ ਬਚਾਉ ਦਾ ਕੰਮ ਸੰਭਾਲ ਲਿਆ। ਮੈਂ ਫੌਜ ਦੀਆਂ ਕਿਸ਼ਤੀਆਂ ਵਿੱਚ ਬੈਠ ਕੇ ਫਿਰ ਅਨੇਕਾਂ ਚੱਕਰ ਦਰਿਆ ਵਿੱਚ ਲਾਏ ਕਿਉਂਕਿ ਫੌਜੀਆਂ ਨੂੰ ਇਲਾਕੇ ਬਾਰੇ ਬਹੁਤਾ ਪਤਾ ਨਹੀਂ ਸੀ। ਫੌਜ ਦੀਆਂ ਕਿਸ਼ਤੀਆਂ ਅਤੇ ਪ੍ਰਸ਼ਾਸਨ ਦੀ ਕਬਾੜਾ ਕਿਸ਼ਤੀਆਂ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਸੀ। ਪ੍ਰਸ਼ਾਸਨ ਦੀਆਂ ਕਿਸ਼ਤੀਆਂ ਵਿੱਚ ਤਾਂ ਚੱਪੂ ਤਕ ਨਹੀਂ ਸਨ। ਮੈਂ ਕੰਨਾਂ ਨੂੰ ਹੱਥ ਲਾਏ ਕਿ ਕਦੇ ਭੁੱਲ ਕੇ ਵੀ ਸਿਵਲ ਪ੍ਰਸ਼ਾਸਨ ਦੀ ਕਿਸ਼ਤੀ ਵਿੱਚ ਬੈਠਣ ਦਾ ਪੰਗਾ ਨਹੀਂ ਲੈਣਾ, ਖਾਸ ਤੌਰ ’ਤੇ ਹੜ੍ਹਾਂ ਵੇਲੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (