“ਲੰਗਰ ਲੱਗੇ ਹੋਣ ਕਾਰਨ ਜਾਮ ਲੱਗਣ ਕਾਰਨ ਪੰਜ ਘੰਟੇ ਦਾ ਸਫ਼ਰ ਦਸ ਘੰਟਿਆਂ ਵਿੱਚ ਮੁੱਕਿਆ ...”
(29 ਅਗਸਤ 2025)
ਆਵਾਜਾਈ ਠੱਪ ਹੋਣ ਨਾਲ ਹੁੰਦੀ ਹੈ ਸਮੇਂ ਦੀ ਬਰਬਾਦੀ
ਭਾਰਤ ਦੀ ਧਰਤੀ ਗੁਰੂਆਂ ਪੀਰਾਂ, ਪੀਰਾਂ, ਫਕੀਰਾਂ ਅਤੇ ਅਨੇਕਾਂ ਦੇਵੀ ਦੇਵਤਿਆਂ ਦੀ ਧਰਤੀ ਹੈ। ਦੇਸ਼ ਦੇ ਹਰ ਸੂਬੇ ਵਿੱਚ ਹਰ ਧਰਮ ਦੇ ਅਨੇਕਾਂ ਧਾਰਮਿਕ ਅਸਥਾਨ ਹਨ ਅਤੇ ਇੱਥੇ ਹਰ ਧਰਮ ਅਤੇ ਹਰ ਮਜ਼ਹਬ ਦੇ ਲੋਕ ਵਸਦੇ ਹਨ। ਪੰਜਾਬ ਨਾਲ ਲਗਦੇ ਸੂਬੇ ਹਿਮਾਚਲ ਪ੍ਰਦੇਸ਼ ਨੂੰ ਤਾਂ ਦੇਵ ਭੂਮੀ ਵੀ ਕਿਹਾ ਜਾਂਦਾ ਹੈ ਕਿਉਂਕਿ ਮਾਨਤਾ ਹੈ ਕਿ ਇੱਥੇ ਅਨੇਕਾਂ ਥਾਂਵਾਂ ’ਤੇ ਦੇਵੀ ਦੇਵਤੇ ਪਿੰਡੀ ਰੂਪ ਵਿੱਚ ਮੰਦਰਾਂ ਵਿੱਚ ਬਿਰਾਜਮਾਨ ਹਨ। ਇਨ੍ਹਾਂ ਧਾਰਮਿਕ ਅਸਥਾਨਾਂ ’ਤੇ ਰੋਜ਼ਾਨਾ ਕਿਤੇ ਨਾ ਕਿਤੇ ਧਾਰਮਿਕ ਸਮਾਗਮ ਅਤੇ ਮੇਲੇ ਲਗਦੇ ਰਹਿੰਦੇ ਹਨ, ਜਿੱਥੇ ਹਜ਼ਾਰਾਂ, ਲੱਖਾਂ ਦੀ ਗਿਣਤੀ ਵਿੱਚ ਲੋਕ ਆਪਣੀ ਆਸਥਾ ਲੈ ਕੇ ਜਾਂਦੇ ਹਨ ਅਤੇ ਬੜੀ ਸ਼ਰਧਾ ਭਾਵਨਾ ਨਾਲ ਨਤਮਸਤਕ ਹੁੰਦੇ ਹਨ। ਮੇਲਿਆਂ ਦੌਰਾਨ ਪ੍ਰਭੂ ਪ੍ਰੇਮੀਆਂ ਵੱਲੋਂ ਧਾਰਮਿਕ ਸਥਾਨਾਂ ’ਤੇ ਜਾਣ ਵਾਲੇ ਸ਼ਰਧਾਲੂਆਂ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਲਈ ਥਾਂ ਥਾਂ ਅਨੇਕਾਂ ਪ੍ਰਕਾਰ ਦੇ ਲੰਗਰ ਲਾਏ ਜਾਂਦੇ ਹਨ। ਅਕਸਰ ਦੇਖਿਆ ਗਿਆ ਹੈ ਕਿ ਸ਼ਰਧਾਲੂਆਂ ਦੀ ਭੀੜ ਵਿੱਚ ਕਈ ਥਾਂਵਾਂ ’ਤੇ ਭਗਦੜ ਮਚਣ ਕਾਰਨ ਅਨੇਕਾਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋ ਜਾਂਦੇ ਹਨ। ਪਲ ਭਰ ਵਿੱਚ ਖੁਸ਼ੀਆਂ ਗਮੀਆਂ ਵਿੱਚ ਬਦਲ ਜਾਂਦੀਆਂ ਹਨ। ਭੀੜ ਕਾਰਨ ਸੜਕਾਂ ’ਤੇ ਆਵਾਜਾਈ ਠੱਪ ਹੋ ਜਾਂਦੀ ਹੈ ਅਤੇ ਰਾਹਗੀਰ ਸਮੇਂ ਸਿਰ ਆਪਣੀ ਮੰਜ਼ਿਲ ’ਤੇ ਨਹੀਂ ਪਹੁੰਚ ਸਕਦੇ। ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਲੰਗਰ ਲਾਉਣ ਵਾਲੇ ਪ੍ਰਬੰਧਕਾਂ ਵੱਲੋਂ ਲੋਕਾਂ ਨੂੰ ਸੜਕਾਂ ਵਿੱਚ ਰੋਕ ਕੇ ਲੰਗਰ ਛਕਾਉਣ ਲਈ ਗੱਡੀਆਂ ਦੇ ਪੁਰਾਣੇ ਟਾਇਰ ਜਾਂ ਲੱਕੜ ਦੇ ਵੱਡੇ ਵੱਡੇ ਮੋਛੇ ਸੜਕਾਂ ਵਿੱਚ ਸੁੱਟ ਦਿੱਤੇ ਜਾਂਦੇ ਹਨ, ਜਿਸ ਨਾਲ ਜਿੱਥੇ ਆਵਾਜਾਈ ਵਿੱਚ ਵਿਘਨ ਪੈਂਦਾ ਹੈ, ਉੱਥੇ ਆਉਣ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਨਿੱਚਰਵਾਰ (26 ਜੁਲਾਈ 2025) ਦੀ ਗੱਲ ਹੈ। ਮੇਰਾ ਭਾਣਜਾ ਆਪਣੇ ਪਰਿਵਾਰ ਸਮੇਤ ਪਾਲਮਪੁਰ (ਹਿਮਾਚਲ ਪ੍ਰਦੇਸ਼) ਤੋਂ ਜਲੰਧਰ (ਪੰਜਾਬ) ਵਿੱਚ ਕਿਸੇ ਜ਼ਰੂਰੀ ਕੰਮ ਲਈ ਆਪਣੀ ਗੱਡੀ ਵਿੱਚ ਆਇਆ ਸੀ। ਕੰਮ ਨਿਪਟਾਉਣ ਤੋਂ ਬਾਅਦ ਉਹ ਰਾਤ ਨੂੰ ਸਾਨੂੰ ਮਿਲਣ ਨਵਾਂਸ਼ਹਿਰ ਆ ਗਏ। ਰਾਤ ਸਾਡੇ ਕੋਲ ਠਹਿਰ ਕੀਤੀ। ਰੋਟੀ ਪਾਣੀ ਖਾਣ ਤੋਂ ਬਾਅਦ ਫਿਰ ਗੱਲਾਂ ਦਾ ਦੌਰ ਚੱਲ ਪਿਆ। ਗੱਲਾਂਬਾਤਾਂ ਦੌਰਾਨ ਉਨ੍ਹਾਂ ਨੇ ਪਾਲਮਪੁਰ ਤੋਂ ਨਵਾਂਸ਼ਹਿਰ ਤਕ ਆਪਣੇ ਸਫ਼ਰ ਦੀ ਗੱਲ ਸ਼ੁਰੂ ਕਰ ਦਿੱਤੀ, “ਸਵੇਰੇ ਪਾਲਮਪੁਰ ਤੋਂ ਚੱਲੇ ਤਾਂ ਹਲਕੀ ਹਲਕੀ ਬਰਖਾ ਹੋ ਰਹੀ ਸੀ। ਮੌਸਮ ਬਹੁਤ ਸੁਹਾਵਣਾ ਲੱਗ ਰਿਹਾ ਸੀ। ਪਰ ਕਾਂਗੜਾ ਪਹੁੰਚਦੇ ਪਹੁੰਚਦੇ ਮੀਂਹ ਇੰਨਾ ਤੇਜ਼ ਹੋ ਗਿਆ ਕਿ ਸਾਨੂੰ ਰਸਤੇ ਵਿੱਚ ਇੱਕ ਢਾਬੇ ’ਤੇ ਰੁਕਣਾ ਪਿਆ। ਥੋੜ੍ਹੀ ਦੇਰ ਬਾਅਦ ਮੀਂਹ ਥੋੜ੍ਹਾ ਘੱਟ ਹੋਇਆ ਤਾਂ ਉਹ ਫਿਰ ਆਪਣੀ ਮੰਜ਼ਿਲ ਵੱਲ ਤੁਰ ਪਏ। ਭਰਵਾਈਂ ਪੁੱਜੇ ਤਾਂ ਸੜਕ ’ਤੇ ਲੰਬਾ ਜਾਮ ਲੱਗਿਆ ਹੋਇਆ ਸੀ। ਕਾਰਨ ਇਹ ਸੀ ਕਿ 25 ਜੁਲਾਈ ਤੋਂ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸਿੱਧਪੀਠ ਮਾਤਾ ਚਿੰਤਪੁਰਨੀ ਦੇ ਮੰਦਰ ਵਿਖੇ ਸਲਾਨਾ ਮੇਲਾ ਚੱਲ ਰਿਹਾ ਹੈ। ਰਸਤੇ ਵਿੱਚ ਮਾਤਾ ਦੇ ਭਗਤਾਂ ਵੱਲੋਂ ਸੜਕ ਕਿਨਾਰੇ ਥੋੜ੍ਹੀ ਥੋੜ੍ਹੀ ਦੂਰੀ ’ਤੇ ਆਉਣ ਜਾਣ ਵਾਲੇ ਸ਼ਰਧਾਲੂਆਂ ਅਤੇ ਆਮ ਰਾਹਗੀਰਾਂ ਲਈ ਵੱਖ ਵੱਖ ਤਰ੍ਹਾਂ ਦੇ ਲੰਗਰ ਲਾਏ ਹੋਏ ਹਨ, ਜਿੱਥੇ ਲੋਕ ਰੁਕ ਕੇ ਲੰਗਰ ਛਕ ਕੇ ਜਾਂਦੇ ਹਨ। ਆਪਣੀਆਂ ਗੱਡੀਆਂ ਵਿੱਚ ਆਉਣ ਜਾਣ ਵਾਲੇ ਲੋਕ ਸੜਕ ਵਿੱਚ ਗੱਡੀਆਂ ਰੋਕ ਕੇ ਲੰਗਰ ਛਕਦੇ ਹਨ ਅਤੇ ਜਿਨ੍ਹਾਂ ਨੇ ਲੰਗਰ ਨਹੀਂ ਵੀ ਛਕਣਾ ਹੁੰਦਾ, ਉਨ੍ਹਾਂ ਨੂੰ ਵੀ ਰਸਤਾ ਨਾ ਮਿਲਣ ਕਰ ਕੇ ਪਿੱਛੇ ਗੱਡੀ ਲਾ ਕੇ ਰੁਕਣਾ ਪੈਂਦਾ ਹੈ। ਭਰਵਾਈਂ ਤੋਂ ਹੁਸ਼ਿਆਰਪੁਰ ਤਕ ਕਰੀਬ ਡੇਢ ਘੰਟੇ ਦਾ ਸਫ਼ਰ ਹੈ ਪਰ ਜਾਮ ਕਾਰਨ ਸਾਨੂੰ ਹੁਸ਼ਿਆਰਪੁਰ ਪਹੁੰਚਣ ਲਈ ਸਾਢੇ ਤਿੰਨ ਘੰਟੇ ਲੱਗ ਗਏ।”
ਅਗਲੇ ਦਿਨ ਐਤਵਾਰ ਨੂੰ ਵਾਪਸੀ ਵੇਲੇ ਉਨ੍ਹਾਂ ਨੇ ਨਵਾਂਸ਼ਹਿਰ ਨੇੜੇ ਪਿੰਡ ਬੈਂਸ ਵਿਖੇ ਸ਼੍ਰੀ ਕ੍ਰਿਸ਼ਨ ਬਲਦੇਵ ਜੀ ਦੇ ਪੁਰਾਤਨ ਮੰਦਰ ਵਿਖੇ ਮੱਥਾ ਟੇਕਣ ਤੋਂ ਬਾਅਦ ਉੱਥੋਂ ਬਿਨਾਂ ਲੰਗਰ ਛਕੇ ਦੁਪਹਿਰੇ ਕਰੀਬ 1: 00 ਵਜੇ ਪਾਲਮਪੁਰ ਲਈ ਚੱਲ ਪਏ ਤਾਂ ਜੋ ਉਹ ਟਾਈਮ ਨਾਲ ਪਾਲਮਪੁਰ ਪਹੁੰਚ ਜਾਣ। ਜਾਣ ਵੇਲੇ ਮੈਂ ਉਨ੍ਹਾਂ ਨੂੰ ਕਿਹਾ ਕਿ ਪਹੁੰਚ ਕੇ ਫੋਨ ਕਰ ਦਿਓ। ਮੈਂ ਸੋਚਿਆ ਕਿ ਤਕਰੀਬਨ ਪੰਜ ਕੁ ਘੰਟਿਆਂ ਦਾ ਸਫ਼ਰ ਹੈ, ਪਾਲਮਪੁਰ ਪਹੁੰਚ ਗਏ ਹੋਣਗੇ। ਜਦੋਂ ਮੈਂ ਛੇ ਕੁ ਵਜੇ ਸ਼ਾਮ ਨੂੰ ਉਨ੍ਹਾਂ ਨੂੰ ਫੋਨ ਕੀਤਾ ਤਾਂ ਫੋਨ ਨਹੀਂ ਲੱਗਿਆ। ਸਵੇਰੇ ਫੋਨ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਰਾਤੀਂ ਸਾਢੇ ਗਿਆਰਾਂ ਵਜੇ ਪਾਲਮਪੁਰ ਘਰ ਪਹੁੰਚੇ। ਮਾਤਾ ਚਿੰਤਪੁਰਨੀ ਦੇ ਮੇਲੇ ਵਿੱਚ ਰਸਤੇ ਵਿੱਚ ਹੁਸ਼ਿਆਰਪੁਰ ਤੋਂ ਭਰਵਾਈਂ ਤਕ ਥਾਂ ਥਾਂ ’ਤੇ ਲੰਗਰ ਲੱਗੇ ਹੋਣ ਕਾਰਨ ਜਾਮ ਲੱਗਣ ਕਾਰਨ ਪੰਜ ਘੰਟੇ ਦਾ ਸਫ਼ਰ ਦਸ ਘੰਟਿਆਂ ਵਿੱਚ ਮੁੱਕਿਆ। ਬੇਸ਼ਕ ਇਸ ਸਾਲ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਮੇਲੇ ਦੌਰਾਨ ਰਾਹਗੀਰਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਆਪਣੇ ਪੱਧਰ ’ਤੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਹੁਸ਼ਿਆਰਪੁਰ ਦੀਆਂ ਗੈਰ ਸਰਕਾਰੀ ਸੰਸਥਾਵਾਂ ਅਤੇ ਸਿਵਲ ਡਿਫੈਂਸ ਦੇ ਵਲੰਟੀਅਰ ਵਰ੍ਹਦੇ ਮੀਂਹ ਅਤੇ ਤਪਦੀ ਧੁੱਪ ਵਿੱਚ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਗਈ ‘ਚੜ੍ਹਦਾ ਸੂਰਜ’ ਮੁਹਿੰਮ ਤਹਿਤ ਮਾਤਾ ਚਿੰਤਪੁਰਨੀ ਮੇਲੇ ਨੂੰ ਸੁਚਾਰੂ ਅਤੇ ਸਾਫ਼ ਸੁਥਰਾ ਬਣਾਉਣ ਲਈ ਕਰਮਯੋਗੀ ਬਣ ਕੇ ਸਮਰਪਿਤ ਭਾਵਨਾ ਨਾਲ ਸੇਵਾ ਕਰ ਰਹੇ ਸਨ। ਪਰ ਫਿਰ ਵੀ ਕਿਤੇ ਨਾ ਕਿਤੇ ਕੁਤਾਹੀ ਕਾਰਨ ਆਵਾਜਾਈ ਦਾ ਠੱਪ ਹੋਣਾ ਸੁਭਾਵਿਕ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਰਸਤੇ ਵਿੱਚ ਥਾਂ ਥਾਂ ਲੰਗਰ ਲਾਉਣ ਦੀ ਬਜਾਏ ਲੰਗਰਾਂ ਦੀ ਗਿਣਤੀ ਨੂੰ ਸੀਮਿਤ ਕੀਤਾ ਜਾਵੇ। ਸੜਕਾਂ ਵਿੱਚ ਰੁਕ ਕੇ ਲੰਗਰ ਛਕਣ ਦੀ ਮਨਾਹੀ ਹੋਵੇ। ਲੰਗਰ ਛਕਣ ਵੇਲੇ ਗੱਡੀਆਂ ਖੜ੍ਹੀਆਂ ਕਰਨ ਲਈ ਪਾਰਕਿੰਗ ਦੀ ਸਹੀ ਵਿਵਸਥਾ ਹੋਣੀ ਚਾਹੀਦੀ ਹੈ। ਆਉਣ ਜਾਣ ਵਾਲੇ ਰਾਹਗੀਰਾਂ ਲਈ ਸੜਕਾਂ ਨੂੰ ਖੁੱਲ੍ਹਾ ਰੱਖਿਆ ਜਾਵੇ ਕਿਉਂਕਿ ਗੱਡੀਆਂ ਵਿੱਚ ਕੋਈ ਬਜ਼ੁਰਗ ਅਤੇ ਮਰੀਜ਼ ਵੀ ਹੋ ਸਕਦੇ ਹਨ ਅਤੇ ਕਈਆਂ ਨੇ ਸਮੇਂ ਸਿਰ ਆਪਣੀ ਮੰਜ਼ਿਲ ’ਤੇ ਪਹੁੰਚਣਾ ਹੁੰਦਾ ਹੈ। ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਸੜਕਾਂ ਵਿੱਚ ਗੱਡੀਆਂ ਨਾ ਰੋਕਣ। ਇਸ ਤਰ੍ਹਾਂ ਅਸੀਂ ਮੇਲਿਆਂ ਦਾ ਅਨੰਦ ਵੀ ਪੂਰੀ ਤਰ੍ਹਾਂ ਮਾਣ ਸਕਦੇ ਹਾਂ ਅਤੇ ਆਮ ਲੋਕ ਵੀ ਖੱਜਲ ਖੁਆਰੀ ਤੋਂ ਬਚ ਸਕਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (