“ਹੁਣ ਬੇਸ਼ਕ ਅਸੀਂ ਤਿੰਨੋਂ ਹੀ ਸਰਕਾਰੀ ਸੇਵਾ ਤੋਂ ਸੇਵਾ ਮੁਕਤ ਹੋ ਚੁੱਕੇ ਹਾਂ ਪਰ ਸਾਡੀ ਦੋਸਤੀ ...”
(3 ਅਗਸਤ 2025)
ਜ਼ਿੰਦਗੀ ਦੇ ਸਫ਼ਰ ਵਿੱਚ ਅਨੇਕਾਂ ਲੋਕਾਂ ਨਾਲ ਮੁਲਾਕਾਤ ਹੁੰਦੀ ਹੈ। ਬਹੁਤਿਆਂ ਨਾਲ ਦੋਸਤੀ ਵੀ ਹੁੰਦੀ ਹੈ। ਪਰ ਕੁਝ ਦੋਸਤ ਅਜਿਹੇ ਹੁੰਦੇ ਹਨ ਜਿਨ੍ਹਾਂ ਨਾਲ ਆਪਣੇ ਦਿਲ ਦੀ ਗੱਲ ਕਰਨ ਨੂੰ ਜੀਅ ਕਰਦਾ ਹੈ। ਆਪਣਾ ਦੁੱਖ ਸੁੱਖ ਫੋਲਣ ਨੂੰ ਮਨ ਕਰਦਾ ਹੈ। ਇੰਝ ਜਾਪਦਾ ਹੈ ਕਿ ਇਹੀ ਸੱਚਾ ਦੋਸਤ ਹੈ। ਦੋਸਤੀ ਇੱਕ ਅਜਿਹਾ ਅਹਿਸਾਸ ਹੈ ਜੋ ਆਪਸੀ ਪ੍ਰੇਮ, ਨਿਸਵਾਰਥ ਭਾਵਨਾ ਅਤੇ ਅਟੁੱਟ ਵਿਸ਼ਵਾਸ ਦੀ ਮੰਗ ਕਰਦਾ ਹੈ। ਸੱਚੀ ਮਿੱਤਰਤਾ ਵਿੱਚ ਇੱਕ ਦੂਜੇ ਤੋਂ ਕੁਰਬਾਨ ਹੋਣ ਲਈ ਹਰ ਸਮੇਂ ਮਨ ਲੋਚਦਾ ਹੈ। ਹਰ ਸਮੇਂ ਇੱਕ ਦੂਜੇ ਲਈ ਤਿਆਗ ਦੀ ਭਾਵਨਾ ਉਜਾਗਰ ਰਹਿੰਦੀ ਹੈ। ਸੱਚੀ ਮਿੱਤਰਤਾ ਵਿੱਚ ਆਪਸੀ ਸੰਕੋਚ ਮਨਫ਼ੀ ਹੁੰਦਾ ਹੈ ਅਤੇ ਦੁੱਖ ਸੁੱਖ ਵਿੱਚ ਇੱਕ ਦੂਜੇ ਦਾ ਸਾਥ ਦੇਣ ਨਾਲ ਮਨ ਨੂੰ ਅਥਾਹ ਸਕੂਨ ਅਤੇ ਸ਼ਾਂਤੀ ਮਿਲਦੀ ਹੈ। ਅੰਗਰੇਜ਼ੀ ਦੀ ਇੱਕ ਕਹਾਵਤ ਹੈ, ‘ਏ ਫਰੈਂਡ ਇਨ ਨੀਡ, ਇਜ਼ ਏ ਫਰੈਂਡ ਇਨਡੀਡ’, ਭਾਵ ਸੱਚਾ ਮਿੱਤਰ ਓਹੀ ਹੁੰਦਾ ਜੈ, ਜਿਹੜਾ ਲੋੜ ਪੈਣ ’ਤੇ ਕੰਮ ਆਵੇ। ਬੇਸ਼ਕ ਅੱਜ ਕੱਲ੍ਹ ਸੱਚੀ ਮਿੱਤਰਤਾ ਦੇਖਣ ਨੂੰ ਬਹੁਤ ਘੱਟ ਮਿਲਦੀ ਹੈ। ਦੋਸਤੀ ਵਿੱਚ ਸਵਾਰਥ ਨੇ ਥਾਂ ਬਣਾ ਲਈ ਹੈ। ਮਤਲਬਪ੍ਰਸਤ ਦੋਸਤਾਂ ਲਈ ਹੀ ਇਹ ਕਿਹਾ ਗਿਆ ਹੈ, “ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ।”
ਸੱਚੇ ਦੋਸਤ ਦੀ ਪਰਖ-ਪਛਾਣ ਸੁੱਖ ਵਿੱਚ ਨਹੀਂ ਦੁੱਖ ਵੇਲੇ ਹੀ ਹੁੰਦੀ ਹੈ। ਸਾਡੀ ਦੋਸਤੀ ਦੀ ਕਹਾਣੀ ਸਾਲ 1980 ਤੋਂ ਅਰੰਭ ਹੁੰਦੀ ਹੈ। ਮੈਂ, ਜੋਗਾ ਸਿੰਘ ਅਤੇ ਧਰਮਿੰਦਰ ਸਿੰਘ ਤਿੰਨ ਬੇਰੁਜ਼ਗਾਰ ਨੌਜਵਾਨ। ਅਲੱਗ ਅਲੱਗ ਪਿੰਡਾਂ ਦੇ ਵਸਨੀਕ। ਮੱਧ ਵਰਗੀ ਪਰਿਵਾਰਾਂ ਨਾਲ ਸਬੰਧਤ। ਇੱਕ ਦੂਜੇ ਨੂੰ ਜਾਣਦੇ ਪਛਾਣਦੇ ਵੀ ਨਹੀਂ ਸਾਂ। ਜਿੱਥੇ ਕਿਤੇ ਵੀ ਨੌਕਰੀਆਂ ਦਾ ਪਤਾ ਲਗਦਾ ਉੱਥੇ ਅਰਜ਼ੀਆਂ ਭੇਜ ਦਿੰਦੇ। ਕਿਤੇ ਕਿਤੇ ਕਿਸੇ ਥਾਂ ’ਤੇ ਇੰਟਰਵਿਊ ਸਮੇਂ ਇਕੱਠੇ ਵੀ ਹੋ ਜਾਂਦੇ। ਪਰ ਇੱਕ ਦੂਜੇ ਤੋਂ ਅਣਜਾਣ ਕੋਈ ਵੀ ਕਿਸੇ ਨਾਲ ਗੱਲਬਾਤ ਨਾ ਕਰਦੇ। ਫਿਰ ਇੱਕ ਦਿਨ ਮੈਨੂੰ ਰੋਜ਼ਗਾਰ ਦਫਤਰ ਤੋਂ ਡਾਕ ਰਾਹੀਂ ਇੱਕ ਕਾਰਡ ਪ੍ਰਾਪਤ ਹੋਇਆ, ਜਿਸ ਵਿੱਚ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਕਲਰਕਾਂ ਦੀ ਭਰਤੀ ਲਈ 14 ਅਪਰੈਲ 1980 ਨੂੰ ਜ਼ਿਲ੍ਹਾ ਸਿੱਖਿਆ ਅਫਸਰ ਜਲੰਧਰ ਦੇ ਦਫਤਰ ਵਿਖੇ ਇੰਟਰਵਿਊ ਲਈ ਬੁਲਾਇਆ ਗਿਆ ਸੀ। ਮੈਂ ਮਿਥੇ ਸਮੇਂ ’ਤੇ ਇੰਟਰਵਿਊ ਦੇ ਆਇਆ। ਹਫ਼ਤੇ ਕੁ ਬਾਅਦ ਮੈਨੂੰ ਉਸ ਸਮੇਂ ਦੇ ਜ਼ਿਲ੍ਹਾ ਸਿੱਖਿਆ ਅਫਸਰ ਜਲੰਧਰ ਮੈਡਮ ਕੁੰਤੀ ਚੱਢਾ ਦੇ ਹਸਤਾਖ਼ਰਾਂ ਵਾਲਾ ਨਿਯੁਕਤੀ ਪੱਤਰ ਪ੍ਰਾਪਤ ਹੋ ਗਿਆ। ਉਸੇ ਇੰਟਰਵਿਊ ਦੇ ਅਧਾਰ ’ਤੇ ਜੋਗਾ ਸਿੰਘ ਅਤੇ ਧਰਮਿੰਦਰ ਸਿੰਘ ਨੂੰ ਵੀ ਨਿਯੁਕਤੀ ਪੱਤਰ ਪ੍ਰਾਪਤ ਹੋ ਗਏ। ਜੋਗਾ ਸਿੰਘ ਦੀ ਨਿਯੁਕਤੀ ਉਸਦੇ ਪਿੰਡ ਤੋਂ ਕਰੀਬ 20 ਕੁ ਕਿਲੋਮੀਟਰ ਦੂਰ ਪਿੰਡ ਮੋਰੋਂ ਦੇ ਸਰਕਾਰੀ ਸਕੂਲ ਵਿੱਚ, ਧਰਮਿੰਦਰ ਸਿੰਘ ਦੀ ਨਿਯੁਕਤੀ ਉਸਦੇ ਪਿੰਡ ਤੋਂ 22 ਕੁ ਕਿਲੋਮੀਟਰ ਦੂਰ ਬੰਗਾ ਦੇ ਸਕੂਲ ਵਿੱਚ ਅਤੇ ਮੇਰੀ ਨਿਯੁਕਤੀ ਮੇਰੇ ਪਿੰਡ ਤੋਂ ਕਰੀਬ 23 ਕੁ ਕਿਲੋਮੀਟਰ ਦੂਰ ਪਿੰਡ ਸ਼ਹਾਬਪੁਰ ਦੇ ਹਾਈ ਸਕੂਲ ਵਿਖੇ ਹੋ ਗਈ। ਅਸੀਂ ਆਪਣੇ ਆਪਣੇ ਨਿਯੁਕਤੀ ਸਥਾਨਾਂ ’ਤੇ ਜਾਣ ਆਉਣ ਲਈ ਰੋਜ਼ਾਨਾ 40/45 ਕਿਲੋਮੀਟਰ ਦਾ ਸਫ਼ਰ ਸਾਇਕਲਾਂ ’ਤੇ ਕਰਦੇ। ਮਹੀਨੇ ਵਿੱਚ ਦੋ ਤਿੰਨ ਵਾਰ ਅਸੀਂ ਜਲੰਧਰ ਕੋਈ ਸੂਚਨਾ ਦੇਣ ਜਾਣ ਸਮੇਂ ਜਾਂ ਖ਼ਜਾਨਾ ਦਫਤਰ ਨਵਾਂਸ਼ਹਿਰ ਵਿਖੇ ਇਕੱਠੇ ਹੁੰਦੇ ਤਾਂ ਨੌਕਰੀ ਲਈ ਕੀਤੇ ਗਏ ਆਪਣੇ ਸੰਘਰਸ਼ ਦੀਆਂ ਗੱਲਾਂਬਾਤਾਂ ਕਰਨ ਲੱਗ ਪੈਂਦੇ। ਬੱਸ ਇਸੇ ਤਰ੍ਹਾਂ ਸਾਡੀਆਂ ਮੁਲਾਕਾਤਾਂ ਦੋਸਤੀ ਵਿੱਚ ਬਦਲ ਗਈਆਂ।
ਮੇਰਾ ਸਕੂਲ ਧਰਮਿੰਦਰ ਸਿੰਘ ਦੇ ਪਿੰਡ ਤੋਂ ਕੋਈ ਤਿੰਨ ਕੁ ਕਿਲੋਮੀਟਰ ਦੀ ਦੂਰੀ ’ਤੇ ਸੀ। ਜਦੋਂ ਮੈਂ ਨਵਾਂਸ਼ਹਿਰ ਤੋਂ ਆਪਣੇ ਸਕੂਲ ਸ਼ਹਾਬਪੁਰ ਨੂੰ ਜਾਂਦਾ ਸੀ ਅਤੇ ਧਰਮਿੰਦਰ ਆਪਣੇ ਪਿੰਡ ਤੋਂ ਆਪਣੇ ਸਕੂਲ ਬੰਗਾ ਨੂੰ ਵਾਇਆ ਨਵਾਂਸ਼ਹਿਰ ਜਾਂਦਾ ਸੀ ਤਾਂ ਰਸਤੇ ਵਿੱਚ ਸਾਡੀ ਮੁਲਾਕਾਤ ਹੁੰਦੀ ਰਹਿੰਦੀ ਸੀ।
ਇਸ ਦੌਰਾਨ ਧਰਮਿੰਦਰ ਦੀ ਬਦਲੀ ਕਈ ਸਕੂਲਾਂ ਵਿੱਚ ਹੋਈ ਪਰ ਘਰ ਤੋਂ ਉਹ ਦੂਰ ਹੀ ਰਿਹਾ। ਇਸੇ ਤਰ੍ਹਾਂ ਕਰੀਬ ਸੋਲਾਂ ਸਾਲ ਬੀਤ ਗਏ। ਸਾਲ 1995-96 ਵਿੱਚ ਨਵਾਂਸ਼ਹਿਰ ਨੂੰ ਜ਼ਿਲ੍ਹੇ ਦਾ ਦਰਜਾ ਪ੍ਰਾਪਤ ਹੋਇਆ ਅਤੇ ਜ਼ਿਲ੍ਹੇ ਦਾ ਨਾਂ ਸ਼ਹੀਦ ਭਗਤ ਸਿੰਘ ਨਗਰ ਰੱਖਿਆ ਗਿਆ। ਇੱਕ ਦਿਨ ਡਿਊਟੀ ਤੋਂ ਬਾਅਦ ਮੈਂ ਆਪਣੇ ਸਕੂਲ ਤੋਂ ਨਵਾਂਸ਼ਹਿਰ ਨੂੰ ਆ ਰਿਹਾ ਸੀ ਅਤੇ ਧਰਮਿੰਦਰ ਆਪਣੇ ਪਿੰਡ ਨੂੰ ਜਾ ਰਿਹਾ ਸੀ। ਵਿਭਾਗ ਵੱਲੋਂ ਬਦਲੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ। ਰਸਤੇ ਵਿੱਚ ਅਸੀਂ ਮਿਲੇ ਤਾਂ ਧਰਮਿੰਦਰ ਮੈਨੂੰ ਕਹਿਣ ਲੱਗਾ ਕਿ ਹੁਣ ਤੂੰ ਵੀ ਨਵਾਂਸ਼ਹਿਰ ਨੇੜੇ ਬਦਲੀ ਕਰਾ ਲੈ ਅਤੇ ਮੈਂ ਵੀ ਹੁਣ ਆਪਣੇ ਘਰ ਦੇ ਨੇੜੇ ਆ ਜਾਵਾਂ। ਹੁਣ ਸਾਈਕਲ ਨਹੀਂ ਚਲਦਾ। ਮੈਂ ਬਦਲੀ ਕਰਾ ਕੇ ਲੜਕਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਆ ਗਿਆ ਅਤੇ ਧਰਮਿੰਦਰ ਮੇਰੀ ਥਾਂ ’ਤੇ ਆਪਣੇ ਘਰ ਤੋਂ ਕਰੀਬ 2/3 ਕਿਲੋਮੀਟਰ ਦੂਰ ਸਰਕਾਰੀ ਹਾਈ ਸਕੂਲ ਸ਼ਹਾਬਪੁਰ ਚਲਾ ਗਿਆ।
ਹੁਣ ਬੇਸ਼ਕ ਅਸੀਂ ਤਿੰਨੋਂ ਹੀ ਸਰਕਾਰੀ ਸੇਵਾ ਤੋਂ ਸੇਵਾ ਮੁਕਤ ਹੋ ਚੁੱਕੇ ਹਾਂ ਪਰ ਸਾਡੀ ਦੋਸਤੀ ਉਸੇ ਤਰ੍ਹਾਂ ਕਾਇਮ ਹੈ। ਜੋਗਾ ਸਿੰਘ ਉੱਘਾ ਸਾਹਿਤਕਾਰ ਹੈ ਜਿਸਨੇ ਜੋਗੇ ਭੰਗਲ ਦੇ ਨਾਂ ਨਾਲ ਹੁਣ ਤਕ ਤਿੰਨ ਕਾਵਿ-ਸੰਗ੍ਰਹਿ, ਤਿੰਨ ਕਹਾਣੀ-ਸੰਗ੍ਰਹਿ, ਇੱਕ ਕਾਵਿ-ਨਾਟਕ, ਇੱਕ ਕਾਵਿ-ਕਹਾਣੀ, ਇੱਕ ਇਕਾਂਗੀ-ਸੰਗ੍ਰਹਿ ਅਤੇ ਇੱਕ ਹਿੰਦੀ ਕਾਵਿ-ਸੰਗ੍ਰਹਿ ਤੋਂ ਇਲਾਵਾ ਇਸੇ ਸਾਲ ਆਪਣੀ ਹੱਡਬੀਤੀ ਦੇ ਰੂਪ ਵਿੱਚ ‘ਦਫਤਰਨਾਮਾ” ਕਹਾਣੀ-ਸੰਗ੍ਰਹਿ ਛਪਵਾ ਕੇ ਕੁੱਲ ਗਿਆਰਾਂ ਕਿਤਾਬਾਂ ਸਾਹਿਤ ਦੀ ਝੋਲੀ ਪਾਈਆਂ ਹਨ। ਮੈਂ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦਾ ਪ੍ਰੈੱਸ ਸਕੱਤਰ ਹਾਂ ਅਤੇ ਟਾਈਮ ਪਾਸ ਲਈ ਕੁਝ ਨਾ ਕੁਝ ਲਿਖਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰ ਲੈਂਦਾ ਹਾਂ। ਜਦੋਂ ਮੇਰੀ ਕੋਈ ਲਿਖਤ ਪੰਜਾਬੀ ਅਖਬਾਰ ਵਿੱਚ ਛਪਦੀ ਹੈ ਤਾਂ ਮੈਂ ਉਹ ਜੋਗਾ ਸਿੰਘ ਨੂੰ ਭੇਜਦਾ ਹਾਂ। ਜਦੋਂ ਜੋਗਾ ਸਿੰਘ ਮੇਰੀ ਰਚਨਾ ਪੜ੍ਹ ਕੇ ਮੈਨੂੰ ‘ਵਧੀਆ’ ਲਿਖ ਕੇ ਭੇਜਦਾ ਹੈ ਤਾਂ ਮੇਰਾ ਹੌਸਲਾ ਵਧਦਾ ਹੈ ਅਤੇ ਮਨ ਹੋਰ ਵਧੀਆ ਲਿਖਣ ਨੂੰ ਕਰਦਾ ਹੈ। ਧਰਮਿੰਦਰ ਆਪਣੇ ਪਿੰਡ ਵਿੱਚ ਪੰਚਾਇਤ ਮੈਂਬਰ ਵੀ ਰਿਹਾ ਹੈ। ਹੁਣ ਆਪਣਾ ਖੇਤੀਬਾੜੀ ਦਾ ਕੰਮ ਵੀ ਸੰਭਾਲਦਾ ਹੈ। ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੇ ਹਾਂ ਅਤੇ ਲੋੜ ਪੈਣ ’ਤੇ ਇੱਕ ਦੂਜੇ ਦਾ ਪੂਰਾ ਪੂਰਾ ਸਾਥ ਦਿੰਦੇ ਹਾਂ। ਇਸ ਤਰ੍ਹਾਂ ਸਾਡੇ ਤਿੰਨਾਂ ਦੀ ਦੋਸਤੀ ਅੱਜ ਤਕ ਕਾਇਮ ਹੈ। ਰੱਬ ਅੱਗੇ ਦੁਆ ਹੈ ਕਿ ਪੂਰੇ ਆਲਮ ਦੀ ਤਮਾਮ ਲੁਕਾਈ ਵਿੱਚ ਦੋਸਤੀ ਦਾ ਜਜ਼ਬਾ ਬਣੇ ਅਤੇ ਸਾਰੇ ਮੁਲਖਾਂ ਦੇ ਬਾਸ਼ਿੰਦੇ ਅਮਨ, ਸ਼ਾਂਤੀ, ਸਕੂਨ ਅਤੇ ਪੁਰ ਖਲੂਸ ਹੱਸਦੇ ਵਸਦੇ ਰਹਿਣ। ਦੋਸਤੀ ਦਿਵਸ ਦੀਆਂ ਸਭ ਨੂੰ ਮੁਬਾਰਕਾਂ ਜੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (