“ਅੱਤਵਾਦ ਨੂੰ ਪੂਰੀ ਤਰ੍ਹਾਂ ਰੋਕਣ ਲਈ ਸੁਰੱਖਿਆ ਪ੍ਰਬੰਧਾਂ, ਖੁਫੀਆ ਜਾਣਕਾਰੀ ਅਤੇ ਅੰਤਰਰਾਸ਼ਟਰੀ ...”
(1 ਅਗਸਤ 2025)
ਓਪਰੇਸ਼ਨ ਸੰਧੂਰ ਭਾਰਤ ਵੱਲੋਂ ਚਲਾਈ ਗਈ ਗੁਪਤ ਸੈਨਿਕ ਕਾਰਵਾਈ ਜੋ ਕਿ ਸੰਭਾਵਿਤ ਤੌਰ ’ਤੇ 22 ਅਪਰੈਲ 2025 ਨੂੰ ਪਹਿਲਗਾਮ, ਜੰਮੂ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਸ਼ੁਰੂ ਕੀਤੀ ਗਈ ਸੀ। ਇਸਦਾ ਮੁੱਖ ਉਦੇਸ਼ ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸੀ। ਓਪਰੇਸ਼ਨ ਸੰਧੂਰ ਦੀ ਸ਼ੁਰੂਆਤ ਮਈ 2025 ਵਿੱਚ ਹੋਈ ਅਤੇ ਇਹ 7-8 ਮਈ ਦੀ ਰਾਤ ਨੂੰ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ’ਤੇ ਕੇਂਦਰਿਤ ਰਹੀ। ਇਹ ਕਾਰਵਾਈ ਮੁੱਖ ਤੌਰ ’ਤੇ ਜੰਮੂ ਕਸ਼ਮੀਰ ਦੇ ਸਰਹੱਦੀ ਖੇਤਰਾਂ ਅਤੇ ਪਾਕਿਸਤਾਨ ਦੇ ਕੁਝ ਖੇਤਰਾਂ ਵਿੱਚ ਕੇਂਦਰਿਤ ਸੀ, ਜਿਸਦਾ ਉਦੇਸ਼ ਭਾਰਤੀ ਸੈਨਿਕ ਬਲਾਂ ਦੀ ਗੁਪਤ ਅਤੇ ਵਿਉਂਤਬੰਦ ਹਵਾਈ ਸੈਨਿਕ ਕਾਰਵਾਈ ਰਾਹੀਂ ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਸੰਗਠਨਾਂ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨਾ ਅਤੇ ਅੱਤਵਾਦੀ ਕਾਰਵਾਈਆਂ ਨੂੰ ਰੋਕਣਾ ਸੀ। ਇਸ ਮੁਹਿੰਮ ਦੀ ਮੀਡੀਆ ਅਤੇ ਸੋਸ਼ਲ ਪਲੇਟਫਾਰਮਾਂ ’ਤੇ ਕੁਝ ਚਰਚਾ ਜ਼ਰੂਰ ਮਿਲਦੀ ਹੈ ਪਰ ਇਹ ਜ਼ਿਆਦਾਤਰ ਟੀ ਵੀ ਖਬਰਾਂ, ਸੋਸ਼ਲ ਮੀਡੀਆ ਪੋਸਟਾਂ ਅਤੇ ਅਟਕਲਾਂ ’ਤੇ ਅਧਾਰਿਤ ਹੈ। ਕਾਰਵਾਈ ਤੋਂ ਬਾਅਦ ਭਾਰਤ-ਪਾਕਿਸਤਾਨ ਸਰਹੱਦਾਂ ’ਤੇ ਤਣਾਓ ਵਧਿਆ। ਮੀਡੀਆ ਵਿੱਚ ਜਾਣਕਾਰੀ ਦੀ ਸਹੀ-ਗਲਤ ਪੇਸ਼ਕਾਰੀ ਨੇ ਵਿਵਾਦ ਨੂੰ ਹੋਰ ਵਧਾਇਆ। ਓਪਰੇਸ਼ਨ ਸੰਧੂਰ ਨਾਲ ਸਬੰਧਿਤ ਵੇਰਵੇ ਸਪਸ਼ਟ ਨਹੀਂ ਹਨ। ਸਰਕਾਰ ਨੇ ਵੀ ਅਧਿਕਾਰਤ ਤੌਰ ’ਤੇ ਕੀਤੀ ਗਈ ਇਸ ਸੈਨਿਕ ਕਾਰਵਾਈ ਦੇ ਵੇਰਵਿਆਂ ਦੀ ਪੁਸ਼ਟੀ ਨਹੀਂ ਕੀਤੀ, ਜਿਸ ਕਾਰਨ ਅਫਵਾਹਾਂ ਅਤੇ ਵਿਵਾਦਾਂ ਨੂੰ ਹਵਾ ਮਿਲੀ। ਭਾਰਤੀ ਅਤੇ ਪਾਕਿਸਤਾਨੀ ਮੀਡੀਆ ਨੇ ਆਪੋ ਆਪਣੇ ਦਾਅਵਿਆਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ, ਜਿਸਨੇ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ। ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਗਲਤ ਜਾਣਕਾਰੀ ਫੈਲਣ ਨਾਲ ਜਨਤਕ ਭਰੋਸਾ ਪ੍ਰਭਾਵਿਤ ਹੋਇਆ। ਸਰਕਾਰ ਵੱਲੋਂ ਦੱਸਿਆ ਗਿਆ ਹੈ ਕਿ ਓਪਰੇਸ਼ਨ ਸੰਧੂਰ ਦਾ ਮਕਸਦ ਪਾਕਿਸਤਾਨ ਵਿੱਚ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣਾ ਸੀ ਨਾ ਕਿ ਪਾਕਿਸਤਾਨੀ ਫੌਜੀ ਟਿਕਾਣਿਆਂ ਨੂੰ।
ਭਾਰਤੀ ਦੀ ਪਾਰਲੀਮੈਂਟ ਦੇ ਚੱਲ ਰਹੇ ਮੌਨਸੂਨ ਸੈਸ਼ਨ 2025 ਵਿੱਚ ਸਰਕਾਰ ਵਜੋਂ ਓਪਰੇਸ਼ਨ ਸੰਧੂਰ ਨੂੰ ਵਿਜੇ ਉਤਸਵ ਦੱਸਿਆ ਗਿਆ ਹੈ, ਜਿਸ ਵਿੱਚ ਭਾਰਤੀ ਸੈਨਾ ਨੇ 100 ਫੀਸਦੀ ਸਫਲਤਾ ਨਾਲ ਆਪਣੇ ਟੀਚਿਆਂ ਨੂੰ ਪੂਰਾ ਕੀਤਾ ਹੈ। ਅੱਤਵਾਦੀਆਂ ਦੇ ਟਿਕਾਣਿਆਂ ਨੂੰ 22 ਮਿੰਟਾਂ ਵਿੱਚ ਤਬਾਹ ਕਰ ਦਿੱਤਾ। ਸਰਕਾਰ ਨੇ ਇਸ ਓਪਰੇਸ਼ਨ ਨੂੰ ਭਾਰਤ ਦੀ ਸੈਨਿਕ ਸਮਰੱਥਾ ਅਤੇ ਮੇਡ ਇਨ ਇੰਡਿਆ ਰੱਖਿਆ ਉਪਕਰਣਾਂ ਦੀ ਸਫਲਤਾ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਜਦੋਂ ਕਿ ਵਿਰੋਧੀ ਧਿਰ ਨੇ ਓਪਰੇਸ਼ਨ ਸੰਧੂਰ ਦੌਰਾਨ ਹੋਏ ਨੁਕਸਾਨ ਦਾ ਸਹੀ ਵੇਰਵਾ ਦੇਣ ਬਾਰੇ ਸਕਰਾਰ ’ਤੇ ਦਬਾਅ ਪਾਇਆ ਅਤੇ ਦੋਸ਼ ਲਾਇਆ ਕਿ ਪਹਿਲਗਾਮ ਹਮਲੇ ਦੇ ਜ਼ਿੰਮੇਵਾਰ ਦੋਸ਼ੀ ਅੱਤਵਾਦੀਆਂ ਨੂੰ ਨਾ ਪਕੜੇ ਜਾਣ ਅਤੇ ਨਾ ਮਾਰੇ ਜਾਣ ’ਤੇ ਸਵਾਲ ਵੀ ਉਠਾਏ। ਵਿਰੋਧੀ ਧਿਰ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਸੰਸਦ ਵਿੱਚ ਓਪਰੇਸ਼ਨ ਸੰਧੂਰ ਬਾਰੇ ਸਹੀ ਜਾਣਕਾਰੀ ਪੇਸ਼ ਨਹੀਂ ਕਰਦੀ ਅਤੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਜਦੋਂ ਕਿ ਸਰਕਾਰ ਨੇ ਸੰਸਦ ਵਿੱਚ ਓਪਰੇਸ਼ਨ ਸੰਧੂਰ ਨੂੰ ਰਾਸ਼ਟਰੀ ਗੌਰਵ ਦਾ ਮੁੱਦਾ ਬਣਾਇਆ, ਜਿਸ ਨੂੰ ਵਿਸ਼ਵ ਪੱਧਰ ’ਤੇ ਸਵਦੇਸ਼ੀ ਰੱਖਿਆ ਉਪਕਰਣਾਂ ਪ੍ਰਤੀ ਵਧਦੀ ਦਿਲਚਸਪੀ ਨਾਲ ਜੋੜਿਆ ਗਿਆ। ਵਿਰੋਧੀ ਧਿਰ ਨੇ ਸਰਕਾਰ ਉੱਤੇ ਪਹਿਲਗਾਮ ਹਮਲੇ ਦੇ ਜ਼ਿੰਮੇਵਾਰ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਅਸਫਲ ਰਹਿਣ ਦਾ ਦੋਸ਼ ਲਾਇਆ ਅਤੇ ਸਰਕਾਰ ਦੀ ਕੂਟਨੀਤੀ ਅਤੇ ਸੁਰੱਖਿਆ ਨੀਤੀ ਉੱਪਰ ਸਵਾਲ ਵੀ ਉਠਾਏ। ਵਿਰੋਧੀ ਧਿਰ ਨੇ ਜੰਗਬੰਦੀ ਸਬੰਧੀ ਪਾਰਦਰਸ਼ਤਾ ਅਤੇ ਜਵਾਬਦੇਹੀ ਉੱਤੇ ਵੀ ਸਵਾਲ ਉਠਾਏ। ਭਾਰਤੀ ਸੰਸਦ ਵਿੱਚ ਸਿਆਸੀ ਹੰਗਾਮੇ ਵੀ ਹੁੰਦੇ ਰਹੇ ਜਿਸ ਕਾਰਨ ਓਪਰੇਸ਼ਨ ਸੰਧੂਰ ਬਾਰੇ ਚਰਚਾ ਪੂਰੀ ਤਰ੍ਹਾਂ ਸਾਰਥਕ ਨਹੀਂ ਰਹੀ।
ਜਨਤਕ ਖੇਤਰ ਵਿੱਚ ਓਪਰੇਸ਼ਨ ਸੰਧੂਰ ਬਾਰੇ ਉਪਲਬਧ ਜਾਣਕਾਰੀ ਅਨੁਸਾਰ ਜੰਮੂ ਕਸ਼ਮੀਰ (ਯੂ. ਟੀ.) ਵਿੱਚ ਸਥਿਤ ਪਹਿਲਗਾਮ (ਜ਼ਿਲ੍ਹਾ ਅੰਨਤਨਾਗ) ਜੋ ਕਿ ਇੱਕ ਵਿਸ਼ਵ ਵਿਆਪੀ ਸੈਰ-ਸਪਾਟੇ ਵਾਲੀ ਜਗ੍ਹਾ ਹੈ, ਵਿਖੇ 22 ਅਪਰੈਲ 2025 ਨੂੰ ਇੱਕ ਅੱਤਵਾਦੀ ਹਮਲਾ ਹੋਇਆ ਜਿਸ ਵਿੱਚ 26 ਲੋਕਾਂ ਦਾ ਕਤਲ ਕੀਤਾ ਗਿਆ ਅਤੇ ਅਨੇਕ ਲੋਕ ਜਖਮੀਂ ਵੀ ਹੋਏ। ਸਾਲ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਤੋਂ ਬਾਅਦ ਭਾਰਤ ਵਿੱਚ ਸ਼ਹਿਰੀਆਂ ਉੱਤੇ ਇਹ ਸਭ ਤੋਂ ਵੱਡਾ ਅੱਤਵਾਦੀ ਹਮਲਾ ਮਨਿਆ ਜਾਂਦਾ ਹੈ। ਪਹਿਲਗਾਮ ਦੇ ਹਮਲੇ ਵਿੱਚ 5 ਅੱਤਵਾਦੀ ਸ਼ਾਮਲ ਦੱਸੇ ਜਾਂਦੇ ਹਨ, ਜਿਨ੍ਹਾਂ ਵਿੱਚੋਂ 3 ਪਾਕਿਸਤਾਨੀ ਨਾਗਰਿਕ (ਅਸੀਫ ਫੌਜੀ, ਸੁਲੇਮਾਨ ਸ਼ਾਹ ਅਤੇ ਅਬੁ ਤਲਹਾ) ਅਤੇ ਦੋ ਸਥਾਨਕ ਕਸ਼ਮੀਰੀ (ਆਦਿਲ ਗੁਰੀ ਅਤੇ ਅਹਿਸਾਨ) ਸਨ। ਅੱਤਵਾਦੀਆਂ ਨੇ ਐੱਮ-4 ਕਰਬਾਈਨ ਅਤੇ ਏ. ਕੇ 47 ਰਾਇਫਲਾਂ ਦੀ ਵਰਤੋਂ ਕੀਤੀ ਅਤੇ ਸੈਲਾਨੀਆਂ ਨੂੰ ਧਰਮ ਦੇ ਅਧਾਰ ’ਤੇ ਨਿਸ਼ਾਨਾ ਬਣਾਇਆ। ਅੱਤਵਾਦੀ ਹਮਲੇ ਦਾ ਮੁੱਖ ਉਦੇਸ਼ ਜੰਮੂ ਕਸ਼ਮੀਰ ਦੀ ਸੈਰ-ਸਪਾਟਾ ਅਰਥ-ਵਿਵਸਥਾ ਨੂੰ ਨੁਕਸਾਨ ਪੁਚਾਉਣਾ, ਸੰਪਰਦਾਇਕ ਤਣਾਓ ਵਧਾਉਣਾ ਅਤੇ ਆਰਟੀਕਲ 370 ਨੂੰ ਰੱਦ ਕਰਨਾ ਅਤੇ ਭਾਰਤ ਸਰਕਾਰ ਦੀ ਜੰਮੂ ਕਸ਼ਮੀਰ ਵਿੱਚ ਅਮਨ ਅਮਾਨ ਅਤੇ ਸਥਿਰਤਾ ਦੇ ਕਥਿਤ ਬਿਰਤਾਂਤ ਨੂੰ ਚੁਣੌਤੀ ਦੇਣਾ ਸੀ। ਹਮਲਾ ਬੈਸਰਨ ਵੈਲੀ ਦੇ ਪਰਵੇਸ਼-ਨਿਕਾਸ ਦੇ 50 ਮੀਟਰ ਦੇ ਦਾਇਰੇ ਵਿੱਚ ਹੋਇਆ ਅਤੇ 25-30 ਮਿੰਟ ਜਾਰੀ ਰਿਹਾ, ਜਿਸ ਦੌਰਾਨ ਅੱਤਵਾਦੀਆਂ ਨੇ ਅੰਨੇਵਾਹ ਗੋਲਾਬਾਰੀ ਕੀਤੀ। ਹਮਲੇ ਤੋਂ ਬਾਅਦ ਅੱਤਵਾਦੀ ਪੀਰ ਪੰਜਾਲ ਦੀਆਂ ਪਹਾੜੀਆਂ ਵੱਲ ਭੱਜ ਗਏ। ਹਮਲੇ ਦੀ ਜ਼ਿੰਮੇਵਾਰੀ ਸ਼ੁਰੂ ਵਿੱਚ ਹੀ ਰਜ਼ਿਸਟੈਂਸ ਫਰੰਟ (ਟੀ. ਆਰ. ਐੱਫ) ਨੇ ਲਈ ਜੋ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਣ ਲਸ਼ਕਰ-ਏ-ਤੋਇਬਾ (ਐੱਲ.ਈ. ਟੀ) ਦਾ ਇੱਕ ਸਹਾਇਕ ਸਮੂਹ ਹੈ ਪਰ ਬਾਅਦ ਵਿੱਚ ਟੀ. ਆਰ ਐੱਫ ਨੇ ਇਸ ਜ਼ਿੰਮੇਵਾਰੀ ਤੋਂ ਇਨਕਾਰ ਕਰ ਦਿੱਤਾ। ਪਾਕਿਸਤਾਨੀ ਮੀਡੀਆ ਰਾਹੀਂ ਇਹ ਪਰਚਾਰਿਆ ਗਿਆ ਕਿ ਹਮਲਾ ਭਾਰਤੀ ਸਾਈਬਰ ਇੰਟੈਲੀਜੈਂਸ ਦੀ ਸਾਜ਼ਿਸ਼ ਸੀ।
ਓਪਰੇਸ਼ਨ ਸੰਧੂਰ ਦਾ ਮਕਸਦ ਪਾਕਿਸਤਾਨ ਅਤੇ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿੱਚ ਅੱਤਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਣਾ ਸੀ। ਪਾਕਿਸਤਾਨ ਅਤੇ ਪੀ. ਓ. ਕੇ. ਵਿੱਚ ਅੱਤਵਾਦੀ ਸੰਗਠਨ ਜਿਵੇਂ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ 9 ਸਿਖਲਾਈ ਅਤੇ ਲਾਂਚ ਪੈਡਾਂ ਨੂੰ ਨਸ਼ਟ ਕੀਤਾ ਗਿਆ। ਇਸ ਕਾਰਵਾਈ ਵਿੱਚ ਭਾਰਤੀ ਹਵਾਈ ਸੈਨਾ ਨੇ ਡਰੋਨ, ਮਿਸਾਇਲ (ਬ੍ਰਹਮੋਸ, ਕ੍ਰਿਸਟਲ ਮੇਜ਼ ਅਤੇ ਰੈਂਪੇਜ, ਸਕਾਲਪ) ਅਤੇ ਡੀਕੌਏ ਡਰੋਨਾਂ ਦੀ ਵਰਤੋਂ ਕੀਤੀ। ਕਾਰਵਾਈ ਦੌਰਾਨ ਸਿਰਫ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਭਾਰਤੀ ਸਰਕਾਰ ਦੇ ਦਾਅਵੇ ਅਨੁਸਾਰ ਲਗਭਗ 100 ਅੱਤਵਾਦੀ ਮਾਰੇ ਗਏ। 10 ਮਈ 2025 ਨੂੰ ਪਾਕਿਸਤਾਨ ਅਤੇ ਭਾਰਤੀ ਫੌਜੀ ਕਮਾਂਡਰਾਂ ਦੀ ਆਪਸੀ ਸਹਿਮਤੀ ਨਾਲ ਜੰਗਬੰਦੀ ਹੋ ਗਈ।
ਜ਼ਿਕਰਯੋਗ ਹੈ ਕਿ ਪਾਕਿਸਤਾਨੀ ਅੱਤਵਾਦੀ ਸੰਗਠਨ ਜਿਵੇਂ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਦੀ ਰਜ਼ਿਸਟੈਂਸ ਫਰੰਟ ਪਹਿਲਗਾਮ ਹਮਲੇ ਵਰਗੀਆਂ ਘਟਨਾਵਾਂ ਦੇ ਪਿੱਛੇ ਮੁੱਖ ਜ਼ਿੰਮੇਵਾਰ ਸਨ ਅਤੇ ਇਨ੍ਹਾਂ ਨੂੰ ਪਾਕਿਸਤਾਨ ਦੀ ਫੌਜ ਦੇ ਖੁਫੀਆ ਵਿੰਗ ਆਈ. ਐੱਸ. ਆਈ ਦਾ ਸਮਰਥਨ ਪ੍ਰਾਪਤ ਸੀ। ਓਪਰੇਸ਼ਨ ਸੰਧੂਰ ਨੇ ਇਨ੍ਹਾਂ ਸੰਗਠਨਾਂ ਦੇ 9 ਟਿਕਾਣਿਆਂ ਨੂੰ ਨਸ਼ਟ ਕਰਕੇ ਅੱਤਵਾਦ ਵਿੱਰੁਧ ਭਾਰਤ ਦੀ ਸਖਤ ਨੀਤੀ ਨੂੰ ਪ੍ਰਦਰਸ਼ਿਤ ਕੀਤਾ। ਸੰਸਦ ਵਿੱਚ ਚਰਚਾ ਨੇ ਸਰਕਾਰ ਦੀ ਜਵਾਬਦੇਹੀ ਨੂੰ ਉਜਾਗਰ ਕੀਤਾ ਹੈ ਪਰ ਸਿਆਸੀ ਹੰਗਾਮੇ ਅਤੇ ਪਾਰਦਰਸ਼ਤਾ ਦੀ ਘਾਟ ਨੇ ਰਚਨਾਤਮਕ ਬਹਿਸ ਨੂੰ ਸੀਮਤ ਕੀਤਾ।
ਅੱਤਵਾਦ ਨੂੰ ਪੂਰੀ ਤਰ੍ਹਾਂ ਰੋਕਣ ਲਈ ਸੁਰੱਖਿਆ ਪ੍ਰਬੰਧਾਂ, ਖੁਫੀਆ ਜਾਣਕਾਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਬੇਹੱਦ ਲੋੜ ਹੈ। ਅੱਤਵਾਦ ਇੱਕ ਅੰਤਰਰਾਸ਼ਟਰੀ ਮੁੱਦਾ ਹੈ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਸਰਗਰਮ ਅੱਤਵਾਦੀ ਸੰਗਠਨ ਸਰਹੱਦ ਪਾਰ ਗਤੀਵਿਧੀਆਂ, ਜਿਵੇਂ ਅੱਤਵਾਦੀ ਹਮਲੇ, ਫੰਡਿੰਗ, ਹਥਿਆਰ ਅਤੇ ਨਸ਼ਿਆਂ ਦੀ ਸਪਲਾਈ ਆਦਿ ਨੂੰ ਅੰਜਾਮ ਦਿੰਦੇ ਹਨ। ਇਹ ਸੰਗਠਨ ਅਕਸਰ ਰਾਜ-ਸਮਰਥਿਤ ਅਤੇ ਗੈਰ-ਰਾਜੀ ਤੱਤਾਂ ਦੁਆਰਾ ਚਲਾਏ ਜਾਂਦੇ ਹਨ। ਅੱਤਵਾਦ ਇੱਕ ਲੁਕਵੀਂ ਜੰਗ ਅਤੇ ਅੰਤਰਰਾਸ਼ਟਰੀ ਸਮੱਸਿਆ ਹੈ। ਪਾਕਿਸਤਾਨ ਅਤੇ ਉਸ ਵਰਗੇ ਹੋਰ ਦੇਸ਼ਾਂ ਨੇ ਅੱਤਵਾਦ ਨੂੰ ਆਪਣੀ ਕੂਟਨੀਤੀ ਦਾ ਹਿੱਸਾ ਬਣਾਇਆ ਹੋਇਆ ਹੈ। ਖਦਸ਼ਾ ਹੈ ਕਿ ਪਹਿਲਗਾਮ ਵਿੱਚ ਵਾਪਰੇ ਅੱਤਵਾਦੀ ਹਮਲੇ ਵਰਗੇ ਹਮਲੇ ਹੁੰਦੇ ਰਹਿਣਗੇ। ਇਨ੍ਹਾਂ ਨੂੰ ਰੋਕਣ ਲਈ ਓਪਰੇਸ਼ਨ ਸੰਧੂਰ ਵਰਗੇ ਓਪਰੇਸ਼ਨ ਵੀ ਜਾਰੀ ਰਹਿਣਗੇ। ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਜੇਕਰ ਓਪਰੇਸ਼ਨ ਸੰਧੂਰ ਜ਼ਰੂਰੀ ਹੈ ਤਾਂ ਇਸ ਬਾਰੇ ਚਰਚਾ ਕਰਨੀ ਵੀ ਜ਼ਰੂਰੀ ਹੈ। ਓਪਰੇਸ਼ਨ ਸੰਧੂਰ: ਇਸ ਬਾਰੇ ਚਰਚਾ ਹੋਵੇ ਜ਼ਰੂਰ।
**
(ਲੇਖਕ ਸਾਬਕਾ ਪੀ. ਸੀ. ਐੱਸ. ਅਧਿਕਾਰੀ ਹੈ)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (