“1978 ਵਿੱਚ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦੌਰਾਨ ਸ੍ਰੀ ਤੁੜ ਨੇ ਪਟਿਆਲਾ ..."
(25 ਜੁਲਾਈ 2025)
ਮੇਰੇ ਡੈਡੀ (ਸ੍ਰੀ ਰਿਪੁਦਮਨ ਸਿੰਘ ਰੂਪ) ਦੇ ਪਰਿਵਾਰਿਕ ਮਿੱਤਰਾਂ ਬਲਦੇਵ ਝੱਜ ਅੰਕਲ, ਬਲਵੰਤ ਅੰਕਲ, ਜੋਗਿੰਦਰ ਤੂਰ ਅੰਕਲ, ਕੰਗ ਅੰਕਲ ਅਤੇ ਨਾਗਰ ਅੰਕਲ ਦਾ ਜ਼ਿਕਰ ਸਾਡੇ ਘਰ ਵਿੱਚ ਚਾਚਿਆਂ-ਤਾਇਆਂ ਵਾਂਗ ਹੁੰਦਾ। ਛੋਟੇ ਹੁੰਦਿਆਂ ਸਾਨੂੰ ਹੈਰਾਨੀ ਹੁੰਦੀ ਕਿ ਇਹ ਤਾਂ ਡੈਡੀ ਦੇ ਦੋਸਤ ਹਨ, ਸਾਡੇ ਚਾਚੇ-ਤਾਏ ਕਿਵੇਂ ਹੋਏ! ਪਰ ਜਿਉਂ-ਜਿਉਂ ਵੱਡੇ ਹੋਏ ਤਾਂ ਮਿੱਤਰਤਾਵਾਂ ਦੀਆਂ ਇਨ੍ਹਾਂ ਪੀਡੀਆਂ ਸਾਂਝਾਂ ਦੀ ਸਮਝ ਪੈਣ ਲੱਗੀ। ਬਾਗਾਂਵਾਲਾ (ਮੋਰਿੰਡਾ) ਦੇ ਨੇੜਲੇ ਪਿੰਡ ਰੰਗੀਆਂ ਦੇ ਜੰਮਪਲ ਨਾਗਰ ਅੰਕਲ (ਸ੍ਰੀ ਨਾਗਰ ਸਿੰਘ ‘ਤੁੜ’) ਦੀ ਮੇਰੇ ਡੈਡੀ ਨਾਲ ਮਿੱਤਰਤਾ ਦੀ ਬੁਨਿਆਦ 31 ਜਨਵਰੀ 1955 ਨੂੰ ਹਿਮਾਚਲ ਦੇ ਰਾਮ ਸ਼ਹਿਰ (ਉਦੋਂ ਪੈਪਸੂ) ਵਿਖੇ ਬੱਝੀ ਜਿੱਥੇ ਡੈਡੀ ਆਪਣੀ ਪਹਿਲੀ ਨੌਕਰੀ ਬਤੌਰ ਜੇ.ਬੀ.ਟੀ. ਟੀਚਰ ਜੁਆਇਨ ਕਰਨ ਗਏ ਸਨ ਅਤੇ ਨਾਗਰ ਅੰਕਲ ਪਹਿਲੋਂ ਹੀ ਲਾਗਲੇ ਪਿੰਡ ਜਬਾਖੜ ਵਿਖੇ ਤਾਇਨਾਤ ਸਨ। ਇਹ ਦੋਸਤੀ ਕੇਵਲ ਪਰਿਵਾਰਿਕ ਪੱਧਰ ’ਤੇ ਹੀ ਨਹੀਂ ਸਗੋਂ ਅਧਿਆਪਕ ਵਰਗ ਦੇ ਸੰਘਰਸ਼ਾਂ ਵਿੱਚ ਜੁਝਾਰੂ ਆਗੂਆਂ ਦੀ ਜੋੜੀ ਵਜੋਂ ਵੀ ਪ੍ਰਵਾਨਿਤ ਹੋਈ।
1967 ਵਿੱਚ ਪੰਜਾਬ ਦੀ ਗੌਰਮਿੰਟ ਟੀਚਰਜ਼ ਯੂਨੀਅਨ ਜਦੋਂ ਸ੍ਰੀ ਰਣਬੀਰ ਸਿੰਘ ਢਿੱਲੋਂ (ਢਿੱਲੋਂ ਗਰੁੱਪ) ਅਤੇ ਸ੍ਰੀ ਤਰਲੋਚਨ ਸਿੰਘ ਰਾਣਾ (ਰਾਣਾ ਗਰੁੱਪ) ਦੀ ਅਗਵਾਈ ਹੇਠ ਵੰਡੀ ਗਈ ਤਾਂ ਸ੍ਰੀ ਤੁੜ ਨੇ ਰਾਣਾ ਗਰੁੱਪ ਦਾ ਪੱਲਾ ਫੜ ਲਿਆ ਅਤੇ ਡੈਡੀ ਢਿੱਲੋਂ ਗਰੁੱਪ ਨਾਲ ਜੁੜ ਗਏ। ਪਰ ਇਸ ਵਿਚਾਰਧਾਰਕ ਵਖਰੇਵੇਂ ਦੇ ਬਾਵਜੂਦ ਵੀ ਡੈਡੀ ਅਤੇ ਨਾਗਰ ਅੰਕਲ ਦੋਵਾਂ ਦੀ ਮਿੱਤਰਤਾ ਅਤੇ ਪਰਿਵਾਰਿਕ ਸਾਂਝ ਵਿੱਚ ਭੋਰਾ ਫ਼ਰਕ ਨਹੀਂ ਪਿਆ। ਇਹ ਮੱਤਭੇਦ, ਮਨਭੇਦ ਵਿੱਚ ਨਹੀਂ ਬਦਲੇ।
1978 ਵਿੱਚ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਦੌਰਾਨ ਸ੍ਰੀ ਤੁੜ ਨੇ ਪਟਿਆਲਾ ਜੇਲ੍ਹ ਵਿੱਚ ਕੈਦ ਵੇਲੇ ਜੇਲ੍ਹ ਪ੍ਰਸ਼ਾਸਨ ਦੀਆਂ ਜੇਲ੍ਹ ਵਿੱਚ ਬੰਦ ਕੈਦੀਆਂ ਨਾਲ ਹੁੰਦੀਆਂ ਵਧੀਕੀਆਂ ਅਤੇ ਵਿਤਕਰਿਆਂ ਵਿਰੁੱਧ ਜੇਲ੍ਹ ਅੰਦਰ ਹੀ ਹੜਤਾਲ ਕਰ ਦਿੱਤੀ, ਜਿਸ ਤੋਂ ਭੜਕ ਕੇ ਜੇਲ੍ਹ ਅਧਿਕਾਰੀਆਂ ਨੇ ਸ਼ਹਿ ਦੇਕੇ ਜ਼ਰਾਇਮ ਪੇਸ਼ਾ ਕੈਦੀਆਂ ਤੋਂ ਉਹਨਾਂ ਉੱਪਰ ਹਮਲਾ ਕਰਵਾ ਦਿੱਤਾ। ਇਸ ਘਟਨਾ ਦਾ ਪੰਜਾਬ ਭਰ ਦੇ ਮੁਲਾਜ਼ਮਾਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਸਾਰੇ ਹੀ ਪੰਜਾਬ ਵਿੱਚ ਰੋਸ ਮਾਰਚ ਕੀਤੇ ਗਏ, ਜਿਸਦੇ ਅੱਗੇ ਝੁਕਦਿਆਂ ਜੇਲ੍ਹ ਪ੍ਰਸ਼ਾਸਨ ਨੂੰ ਆਪਣੀ ਸੁਰ ਬਦਲਣ ਲਈ ਮਜਬੂਰ ਹੋਣਾ ਪਿਆ ਅਤੇ ਕੈਦੀਆਂ ਦੀਆਂ ਹੱਕੀ ਮੰਗਾਂ ਮੰਨ ਲਈਆਂ ਗਈਆਂ।
ਇੰਝ ਹੀ ਸਾਲ 1981 ਵਿੱਚ ਪੰਜਾਬ ਭਰ ਵਿੱਚ ਅਧਿਆਪਕਾਂ ਦੀਆਂ ਬੇਨਿਯਮਿਤ ਬਦਲੀਆਂ ਵਿਰੁੱਧ ਵਿੱਢੇ ਸੰਘਰਸ਼ ਦੌਰਾਨ ਸ੍ਰੀ ਨਾਗਰ ਸਿੰਘ ਤੁੜ ਮਈ ਤੋਂ ਅਗਸਤ ਦੀ ਹੁੰਮਸ ਭਰੀ ਗਰਮੀ ਵਿੱਚ 81 ਦਿਨ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਰਹੇ। ਅਧਿਆਪਕਾਂ ਦੀ ਇਸ ਜੇਲ੍ਹ ਯਾਤਰਾ ਦੌਰਾਨ ਡੈਡੀ ਰਿਪੁਦਮਨ ਸਿੰਘ ਰੂਪ ਅਤੇ ਤਾਇਆ ਜੀ, ਪ੍ਰਸਿੱਧ ਪੰਜਾਬੀ ਸਾਹਿਤਕਾਰ ਸ੍ਰੀ ਸੰਤੋਖ ਸਿੰਘ ਧੀਰ ਵੀ ਨਾਲ ਸਨ। ਇਖ਼ਲਾਖੀ ਅਤੇ ਨਿਡਰ ਆਗੂ ਹੋਣ ਸਦਕਾ ਸ੍ਰੀ ਤੁੜ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਅੱਖਾਂ ਵਿੱਚ ਸਦਾ ਹੀ ਰੜਕਦੇ ਰਹੇ ਅਤੇ ਦੂਰ-ਦੁਰਾਡੇ ਸਟੇਸ਼ਨਾਂ ਉੱਤੇ ਬਦਲੀਆਂ, ਮੁਅੱਤਲੀਆਂ, ਚਾਰਜਸ਼ੀਟਾਂ ਤਾਂ ਜਿਵੇਂ ਉਹਨਾਂ ਦੀ ਤਣੀ ਛਾਤੀ ਦੇ ਤਗ਼ਮੇ ਬਣਦੇ ਗਏ। ਜੇਕਰ ਸ੍ਰੀ ਤੁੜ ਇੱਕ ਪਾਸੇ ਸਰਕਾਰੀ ਦਮਨ ਵਿਰੁੱਧ ਆਵਾਜ਼ ਬੁਲੰਦ ਕਰਦੇ ਤਾਂ ਦੂਜੇ ਪਾਸੇ ਉਹ ਪੰਜਾਬ ਦੇ ਕਾਲੇ ਦੌਰ ਵਿੱਚ ਅੱਤਵਾਦ ਖਿਲਾਫ਼ ਹਿੱਕ ਤਾਣ ਕੇ ਡਟੇ ਰਹੇ। ਉਹਨਾਂ ਨੂੰ ਇਸ ਨਿਡਰਤਾ ਅਤੇ ਬੇਬਾਕੀ ਲਈ ਭਾਰੀ ਕੀਮਤ ਵੀ ਚੁਕਾਉਣੀ ਪਈ। ਜਿੱਥੇ ਉਹ ਪੁਲਿਸ ਤਸ਼ਦਦ ਦਾ ਸ਼ਿਕਾਰ ਹੋਏ, ਉੱਥੇ ਅੱਤਵਾਦ ਦਾ ਨਿਸ਼ਾਨਾ ਬਣਨ ਤੋਂ ਵੀ ਨਾ ਬਚੇ। ਸ੍ਰੀ ਤੁੜ ਦੇ ਮਾਮੇ ਸਰਵਣ ਸਿੰਘ, ਨਿਰੰਜਨ ਸਿੰਘ ਅਤੇ ਜਗਤ ਸਿੰਘ ਉਰਫ਼ ਜਗਤਾ ਆਪਣੇ ਇਲਾਕੇ ਦੇ ਮੰਨੇ-ਪ੍ਰਮੰਨੇ ਡਾਕੂ ਸਨ ਅਤੇ ਉਨ੍ਹਾਂ ਦੀ ਪੂਰੇ ਇਲਾਕੇ ਵਿੱਚ ਧਾਂਕ ਸੀ। ਸ੍ਰੀ ਤੁੜ ਜਵਾਨੀ ਪਹਿਰੇ ਆਪਣੇ ਮਾਮਿਆਂ ਉੱਤੇ ਮਾਣ ਮਹਿਸੂਸ ਕਰਦੇ ਅਤੇ ਕਦੇ ਕਦਾਈਂ ਆਪਣੀ ਦਲੇਰੀ ਅਤੇ ਨਿਡਰਤਾ ਦਾ ਸਿਹਰਾ ਆਪਣੇ ਮਾਮਿਆਂ ਦੇ ਵੈਲੀਪੁਣੇ ਨੂੰ ਵੀ ਦੇ ਛੱਡਦੇ। ਪਰ ਸ੍ਰੀ ਤੁੜ ਦੀ ਦਲੇਰੀ ਹਮੇਸ਼ਾ ਲੋਕ-ਪੱਖ ਅਤੇ ਮਾਨਵਤਾ ਦੇ ਭਲੇ ਲਈ ਹੀ ਭੁਗਤੀ। ਜੇ ਕਹਿ ਲਈਏ ਕਿ ਸ੍ਰੀ ਨਾਗਰ ਸਿੰਘ ਤੁੜ ਦਾ ਸਮੁੱਚਾ ਜੀਵਨ ਹੀ ਮੁਲਾਜ਼ਮਾਂ, ਕਿਰਤੀ-ਕਾਮਿਆਂ ਅਤੇ ਸਮਾਜ ਦੇ ਪੀੜਿਤ ਅਤੇ ਸ਼ੋਸ਼ਿਤ ਵਰਗ ਲਈ ਹੀ ਸਮਰਪਿਤ ਰਿਹਾ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਸ੍ਰੀ ਨਾਗਰ ਸਿੰਘ ਤੁੜ ਨੇ ਜਿੱਥੇ ਆਪਣੀ ਨੌਕਰੀ ਦੌਰਾਨ ਮੁਲਾਜ਼ਮ ਸੰਘਰਸ਼ਾਂ ਵਿੱਚ ਮੋਹਰੀ ਰੋਲ ਨਿਭਾਇਆ, ਉੱਥੇ ਉਹ ਮੋਹਾਲੀ ਰਹਿੰਦਿਆਂ ਆਪਣੇ ਖੱਬੇ ਪੱਖੀ ਅਤੇ ਅਗਾਂਹ-ਵਧੂ ਸੋਚ ਨੂੰ ਪ੍ਰਣਾਏ ਹੋਣ ਸਦਕਾ ਸ਼ਹਿਰ ਦੇ ਸਿਆਸੀ ਅਤੇ ਸਮਾਜਿਕ ਪਿੜ ਵਿੱਚ ਵੀ ਸਰਗਰਮ ਰਹੇ। ਉਹ ਮੋਹਾਲੀ ਦੀਆਂ ਸਮਾਜਿਕ ਜਥੇਬੰਦੀਆਂ ਵਿੱਚ ਮੋਹਰੀ ਰੋਲ ਅਦਾ ਕਰਦੇ ਰਹੇ ਅਤੇ ਮੋਹਾਲੀ ਵਾਸੀਆਂ ਲਈ ਸਹੂਲਤਾਂ ਲਈ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਆਢਾ ਲਾਈ ਰੱਖਦੇ। ਇਨ੍ਹਾਂ ਸਰਗਰਮੀਆਂ ਵਿੱਚ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਮਨਮੋਹਨ ਕੌਰ ਹਮੇਸ਼ਾ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੀ। ਭਾਵੇਂ ਸ੍ਰੀ ਤੁੜ ਅਤੇ ਉਹਨਾਂ ਦੀ ਪਤਨੀ ਗਾਹੇ-ਬਗਾਹੇ ਆਪਣੇ ਬੇਟੇ ਅਮਨਦੀਪ ਤੂਰ ਕੋਲ ਕੈਨੇਡਾ ਅਤੇ ਬੇਟੀ ਰੁਪਿੰਦਰ ਕੋਲ ਅਮਰੀਕਾ ਆਉਂਦੇ-ਜਾਂਦੇ ਰਹਿੰਦੇ ਤੇ ਉਨ੍ਹਾਂ ਮੁਲਕਾਂ ਦੇ ਲੋਕ-ਪੱਖੀ ਪ੍ਰਬੰਧਾਂ ਦੀ ਸ਼ਲਾਘਾ ਵੀ ਕਰਦੇ ਪਰ ਪੱਛਮੀ ਮੁਲਕਾਂ ਅਤੇ ਭਾਰਤੀ ਪੂੰਜੀਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਜੁੰਡਲੀ ਵੱਲੋਂ ਆਮ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਪ੍ਰਤੀ ਉਹ ਹਮੇਸ਼ਾ ਹੀ ਸੁਚੇਤ ਅਤੇ ਅਡੋਲ ਰਹੇ। ਉਹਨਾਂ ਦੇ ਵਿਚਾਰ ਅਤੇ ਲਿਖਤਾਂ ਪੂੰਜੀਵਾਦ ਅਤੇ ਫਿਰਕਾਪ੍ਰਸਤੀ ਦੀ ਨਿਸ਼ਾਨਦੇਹੀ ਕਰਦਿਆਂ ਉਸਦਾ ਪਾਜ ਉਧੇੜਦੀਆਂ।
ਜਿੱਥੇ ਸ੍ਰੀ ਨਾਗਰ ਸਿੰਘ ਤੁੜ ਇੱਕ ਜੁਝਾਰੂ ਮੁਲਾਜ਼ਮ ਆਗੂ ਵਜੋਂ ਜਾਣੇ ਜਾਂਦੇ ਸਨ, ਉੱਥੇ ਹੀ ਉਹ ਇੱਕ ਪ੍ਰਤਿਭਾਸ਼ਾਲੀ ਅਤੇ ਲੋਕਾਈ ਪ੍ਰਤੀ ਪ੍ਰਤੀਬੱਧ ਸਾਹਿਤਕਾਰ ਵਜੋਂ ਵੀ ਆਪਣਾ ਹੱਕੀ ਸਥਾਨ ਅਤੇ ਮੁਕਾਮ ਰੱਖਦੇ ਸਨ। ਸ਼੍ਰੀ ਤੁੜ ਨੇ ਪੰਜਾਬੀ ਸਾਹਿਤ ਦੀ ਝੋਲੀ ਦੋ ਕਹਾਣੀ ਸੰਗ੍ਰਹਿ- ਅਪਰਾਧੀ ਕੌਣ (2016) ਅਤੇ ਹਤਿਆਰੇ (2018) ਪਾਏ। ਉਹਨਾਂ ਦੀਆਂ ਕਹਾਣੀਆਂ ਜਿੱਥੇ ਰਾਜਸੀ, ਸਮਾਜਿਕ ਅਤੇ ਮਨੁੱਖੀ ਰਿਸ਼ਤਿਆਂ ਦੀ ਬਾਤ ਪਾਉਂਦੀਆਂ ਹਨ, ਉੱਥੇ ਪਰਵਾਸ ਦੇ ਸੰਤਾਪ ਦੇ ਆਲੇ ਦੁਆਲੇ ਵੀ ਘੁੰਮਦੀਆਂ ਹਨ। ਉਹਨਾਂ ਦੀਆਂ ਕਵਿਤਾਵਾਂ ਪੰਜਾਬੀ ਦੇ ਪ੍ਰਸਿੱਧ ਰਸਾਲਿਆਂ, ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਈਆਂ। ਉਹਨਾਂ ਦੀ ਸਮੁੱਚੀ ਸਾਹਿਤਕਾਰੀ ਮਾਨਵਵਾਦੀ ਅਤੇ ਅਗਾਂਹ-ਵਧੂ ਹੈ।
92 ਵਰ੍ਹਿਆਂ ਦੀ ਆਖ਼ਰੀ ਉਮਰੇ ਭਾਵੇਂ ਉਹ ਸਰੀਰਕ ਪੱਖੋਂ ਅਸਮਰੱਥ ਹੁੰਦੇ ਗਏ ਪਰ ਉਨ੍ਹਾਂ ਦਾ ਗੜ੍ਹਕਾ ਪੂਰਾ ਕਾਇਮ ਸੀ ਅਤੇ ਕਿਸੇ ਦੀ ਵੀ ਗਲਤ ਗੱਲ ਬਰਦਾਸ਼ਤ ਨਹੀਂ ਸਨ ਕਰਦੇ। ਔਖੇ ਤੋਂ ਔਖੇ ਹਾਲਾਤ ਵਿੱਚ ਵੀ ਸ੍ਰੀ ਨਾਗਰ ਸਿੰਘ ਤੁੜ ਦੀ ਜ਼ਿੰਦਾਦਿਲੀ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੀ ਮਿਸਾਲ ਦਿੱਤੀ ਜਾਂਦੀ ਸੀ। ਮੁਲਾਜ਼ਮ ਸੰਘਰਸ਼ਾਂ ਦੌਰਾਨ ਜਿੱਥੇ ਨਾਗਰ ਸਿੰਘ ਤੁੜ ਦਲੇਰੀ ਅਤੇ ਜੋਸ਼ ਨਾਲ ਕਦਮ ਅੱਗੇ ਵਧਾਉਂਦੇ, ਉੱਥੇ ਮੁਲਾਜ਼ਮ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਸ਼ ਨਾਲ ਦੋ ਕਦਮ ਪਿੱਛੇ ਹਟਣ ਦਾ ਜਥੇਬੰਦਕ ਦਾਓ-ਪੇਚ ਦਾ ਵਲ ਵੀ ਸਮਝਦੇ ਸਨ। ਜਥੇਬੰਦਕ ਜੁਗਤਾਂ ਦੀ ਪੂਰਤੀ ਹਿਤ ਉਹ ਅਕਸਰ ਅਫਸਰਾਂ ਦੇ ਖੇਮੇ ਵਿੱਚ ਦਾਖਲ ਹੋ ਜਾਂਦੇ ਅਤੇ ਉਹਨਾਂ ਦੇ ਮੁਲਾਜ਼ਮ ਵਿਰੋਧੀ ਮਨਸੂਬਿਆਂ ਨੂੰ ਆਪਣੇ ਸਾਥੀਆਂ ਨਾਲ ਸਾਂਝਾ ਕਰਕੇ ਉਹਨਾਂ ਨੂੰ ਅਗਾਊਂ ਹੀ ਚੁਕੰਨਾ ਕਰ ਦਿੰਦੇ ਸਨ।
17 ਜੁਲਾਈ 2025 ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਸ੍ਰੀ ਨਾਗਰ ਸਿੰਘ ਤੁੜ ਨਮਿੱਤ ਸ਼ਰਧਾਂਜਲੀ ਸਮਾਗਮ 26 ਜੁਲਾਈ 2025 (ਸਨਿੱਚਰਵਾਰ) ਨੂੰ ਦੁਪਹਿਰ 12 ਤੋਂ 1 ਰਾਮਗੜ੍ਹੀਆ ਭਵਨ, ਫੇਜ਼ 3ਬੀ-1, ਮੋਹਾਲੀ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ।
**