RanjivanSingh7ਮੈਂ ਐਸੀ-ਵੈਸੀ ਕੁੜੀ ਹਾਂ ... ਜੋ ਸਿਰ ਢੱਕ ਕੇ ਨਹੀਂ ... ਸਿਰ ਉੱਚਾ ਕਰਕੇ ਤੁਰਦੀ ਹਾਂ ...
(10 ਜੁਲਾਈ 2025)


1.     
ਸਜ਼ਾ! ਤਨਖ਼ਾਹ!!

ਵਿਚਿ ਦੁਨੀਆ ਸੇਵ ਕਮਾਈਐ’
ਲੰਗਰ ਦੀ ਸੇਵਾ
ਜੋੜਿਆਂ ਦੀ ਸੇਵਾ
ਗੁਰਘਰਾਂ ਦੀ ਸੇਵਾ-ਸੰਭਾਲ
ਜੂਠੇ ਬਰਤਨਾਂ ਦੀ ਸੇਵਾ
ਪਖਾਨਿਆਂ ਦੀ ਧੋ-ਧੁਆਈ
ਬਾਣੀ ਦਾ ਸਰਵਣ
ਕਰਮਾਂ ਵਾਲਿਆਂ
ਭਾਗਾਂ ਵਾਲਿਆਂ ਨੂੰ
ਹੁੰਦਾ ਹੈ ਨਸੀਬ...
ਉਹ
ਸਜ਼ਾ ਨਹੀਂ ਭੁਗਤ ਰਹੇ ਹੁੰਦੇ
ਉਹ ਗੁਰੂ ਨਾਲ
ਬਾਣੀ ਨਾਲ
ਇੱਕਮਿੱਕ ਹੋ ਰਹੇ ਨੇ ਹੁੰਦੇ।

ਪਰ…
ਵੱਡੇ ਪਾਪੀਆਂ ਲਈ
ਇਹੋ ਸੇਵਾ
ਇਹੋ ਨਿਸ਼ਠਾ
ਬਣ ਜਾਂਦੀ ਹੈ
ਸਜ਼ਾ!
ਤਨਖ਼ਾਹ!!
*   *   *

2.  ਜਾਤ

ਮਾਣ ਹੈ ਸਾਨੂੰ
ਬ੍ਰਾਹਮਣ ਸਮਾਜ ਨੂੰ
ਚੰਦਰ ਸ਼ੇਖਰ ‘ਆਜ਼ਾਦ’ ਉੱਤੇ
ਕਿਉਂਜੋ ਅਸਲੋਂ ਉਹ
ਤਿਵਾੜੀ ਸੀ।
ਚੰਦਰ ਸ਼ੇਖਰ ਤਿਵਾੜੀ
ਇਕ ਬ੍ਰਾਹਮਣ
ਦੇਸ ਲਈ ਜੋ
ਹੋਇਆ ਕੁਰਬਾਨ
ਹੈ ਗੌਰਵ
ਬ੍ਰਾਹਮਣ ਸਮਾਜ ਦਾ।

ਪਰ ਭੁੱਲ ਗਏ?
ਉਸ ਗ਼ੱਦਾਰ ਵੀਰ ਭੱਦਰ ਨੂੰ
ਜਿਸ ਕੀਤੀ ਸੀ ਮੁਖ਼ਬਰੀ
ਜਾ ਦੱਸਿਆ ਸੀ ਗੋਰਿਆਂ
ਚੰਦਰ ਸ਼ੇਖਰ ਆਜ਼ਾਦ ਦੇ
ਅਲਫ੍ਰੈਡ ਪਾਰਕ ’ਚ ਹੋਣ ਬਾਰੇ
ਘੇਰ ਜਿੱਥੇ ਆਜ਼ਾਦ ਨੂੰ
ਕੀਤਾ ਸੀ ਸ਼ਹੀਦ।
ਉਹ ਵੀਰ ਭੱਦਰ ਵੀ
ਤਿਵਾੜੀ ਸੀ
ਵੀਰ ਭੱਦਰ ਤਿਵਾੜੀ
ਬ੍ਰਾਹਮਣ ਸਮਾਜ ਦਾ ਹੀ ਅੰਗ।

ਅਜ਼ਾਦ ਤੇ ਵੀਰ ਭੱਦਰ
ਦੋਵੇਂ ਹੀ ਸਨ
ਬ੍ਰਾਹਮਣ ਸਮਾਜ ਦੇ ਅੰਗ
ਪਰ ਦੋਵਾਂ ਦੀ
ਕੀ ਸੀ ਜਾਤ?
ਇਕ ਸ਼ਹੀਦ
ਇਕ ਗ਼ੱਦਾਰ
ਬੱਸ!

*   *   *

3.  ਮੈਂ ਐਸੀ-ਵੈਸੀ ਕੁੜੀ ਹਾਂ

ਹਾਂ...
ਮੈਂ ਐਸੀ-ਵੈਸੀ ਕੁੜੀ ਹਾਂ
ਜੋ ਸਿਰ ਢੱਕ ਕੇ ਨਹੀਂ
ਸਿਰ ਉੱਚਾ ਕਰਕੇ ਤੁਰਦੀ ਹਾਂ
ਅੱਖਾਂ ਮੀਟ ਕੇ ਗੱਲ ਨਹੀਂ ਮੰਨਦੀ
ਵਿਚਾਰ-ਵਟਾਂਦਰਾ ਤੇ ਤਰਕ ਕਰਦੀ ਹਾਂ
ਕਿਉਂ ਜੋ ਮੈਂ
ਐਸੀ-ਵੈਸੀ ਕੁੜੀ ਹਾਂ।

ਮੈਂ ਭੇਡਾਂ ਵਾਂਗ ਸਿਰ ਸੁੱਟ ਨਹੀਂ ਤੁਰਦੀ
ਆਪਣੇ ਦਿਸਹੱਦੇ ਆਪ ਤਲਾਸ਼ਦੀ ਹਾਂ
ਮੈਂ ਮਰਦ ਨਾਲ ਮੁਕਾਬਲੇ ਵਿਚ ਨਹੀਂ
ਪੂਰਕ ਹਾਂ ਅਸੀਂ ਇੱਕ ਦੂਜੇ ਦੇ
ਬਸ ਆਪਣੀ ਹੋਂਦ ਦੇ ਨਕਸ਼ ਉਘਾੜਦੀ ਹਾਂ
ਕਿਉਂ ਜੋ ਮੈਂ
ਐਸੀ-ਵੈਸੀ ਕੁੜੀ ਹਾਂ।

ਮੈਂ ਧਰਤ ਦੀ ਥਾਹ ਜਾਣਦੀ ਹਾਂ
ਅੰਬਰ ਦੀ ਉਚਾਈ ਨਾਪਦੀ ਹਾਂ
ਪਰਬਤ ਜਿਹਾ ਜ਼ੇਰਾ ਰੱਖਦੀ ਹਾਂ
ਸਾਗਰ ਦੀ ਗਹਿਰਾਈ ਮਹਿਸੂਸਦੀ ਹਾਂ
ਕਿਉਂ ਜੋ ਮੈਂ
ਐਸੀ-ਵੈਸੀ ਕੁੜੀ ਹਾਂ।

    *   *   *

4. ਧਰਤੀ ਹੋਰੁ ਪਰੈ ਹੋਰੁ ਹੋਰੁ

ਢਾਹੋ ਮੰਦਿਰ
ਚਾਹੇ ਮਸਜਿਦ
ਗੁਰਦਵਾਰੇ
ਭਾਵੇਂ ਗਿਰਜੇ
ਪੁੱਟੋ ਕਬਰਾਂ
ਮਕਬਰੇ
ਖੰਗਾਲੋ ਸਿਵੇ
ਫਰੋਲੇ ਮਿੱਟੀ
ਛਾਣੋ ਕੁਨਬਾ
ਆਪਣਾ-ਆਪਣਾ।
ਗੁੰਬਦ ਢਾਹੋ
ਮਜ਼ਾਰਾਂ ਢਾਹੋ
ਲੱਭੋ ਫ਼ਿਰਕੇ
ਆਪਣੇ-ਆਪਣੇ।

ਜ਼ਰਾ ਅੱਗੇ ਫੋਲੋ
ਪਰਤਾਂ ਦਰ ਪਰਤਾਂ
ਪੱਟੀ ਅੱਖਾਂ ਦੀ
ਖੋਲ੍ਹਕੇ ਤੱਕੋ
ਹੇਠ ਇਹਨਾਂ ਦੇ
ਖਣਿਜ ਪਦਾਰਥ
ਵਿਸ਼ਾਲ ਧਰਤ
ਪਾਣੀ ਹੀ ਪਾਣੀ
ਸ੍ਰਿਸ਼ਟੀ ਦੇ ਰੰਗ
ਜੋ ਹੈ ਸਭਨਾਂ ਲਈ
ਕੁੱਲ ਲੋਕਾਈ ਲਈ
ਬਿਨ ਤੇਰ-ਮੇਰ ਦੇ
ਕਿਉਂ ਜੋ
ਧਰਤੀ ਹੋਰੁ ਪਰੈ ਹੋਰੁ ਹੋਰੁ

       *   *   *

5. ਯੁੱਧ, ਨਸ਼ਿਆਂ ਵਿਰੁੱਧ

ਛੇੜਿਆ ਹੈ ਯੁੱਧ
ਹਾਕਮ ਨੇ
ਨਸ਼ਿਆਂ ਦੇ ਵਿਰੁੱਧ
ਯੁੱਧ, ਨਸ਼ਿਆਂ ਵਿਰੁੱਧ
ਦਿੱਤਾ ਹੈ ਹੋਕਾ
ਲਾਈ ਹੈ ਗੁਹਾਰ
ਹਾਕਮ ਨੇ
ਕੁਲ ਖ਼ਲਕਤ ਨੂੰ
ਇਸ ਯੁੱਧ ਵਿਚ
ਸਾਥ ਦੇਣ ਦੀ
ਆਓ!
ਰਲ਼ ਮਿਲ਼ ਆਪਾਂ
ਪੁੱਟ ਸੁੱਟੀਏ ਜੜ੍ਹੋਂ
ਇਸ ਕੋੜ੍ਹ ਨੂੰ
ਅਤੇ ਕੀਤਾ ਹੈ ਸਾਂਝਾ
ਇਕ ਵਟਸਐਪ ਨੰਬਰ
ਦੱਸੋ ਉਸ ਉੱਤੇ
ਨਸ਼ਾ ਤਸਕਰਾਂ ਬਾਰੇ
ਘਬਰਾਓ ਨਾ
ਪਛਾਣ ਤੁਹਾਡੀ
ਰੱਖੀ ਜਾਵੇਗੀ ਗੁਪਤ

ਮੈਂ ਵਟਸਐਪ ਕੀਤਾ
ਕਾਲੀਆਂ ਭੇਡਾਂ ਬਾਰੇ
ਜੋ ਘੁਸ ਗਈਆਂ ਨੇ
ਰਾਜਨੀਤੀ ਵਿਚ
ਪੁਲਿਸ ਪ੍ਰਸਾਸ਼ਨ ਵਿਚ
ਤੇ ਦਿੱਤਾ ਵੇਰਵਾ
ਦੇਸੀ-ਵਿਦੇਸ਼ੀ ਘਰਾਣਿਆਂ ਦਾ
ਜੋ ਕਰਦੇ ਨੇ ਪੁਸ਼ਤ-ਪਨਾਹੀ
ਨਸ਼ਿਆਂ ਦੇ ਸੌਦਾਗਰਾਂ ਦੀ।

ਅੱਗੋਂ ਹਾਕਮ ਦਾ
ਸਵਾਲੀਆ ਜਵਾਬ ਆਇਆ
ਕੋਈ ਸਬੂਤ?

ਮੈਂ ਕਿਹਾ
ਜੀ ਸਬੂਤ ਤਾਂ ਕੋਈ ਨਹੀਂ
ਪਰ ਇਹਨਾਂ ਦੇ
ਕਿੰਝ ਉੱਸਰ ਗਏ ਨੇ
ਸ਼ੀਸ਼ ਮਹਿਲ
ਦੇਸ਼ਾਂ-ਵਿਦੇਸ਼ਾਂ ਵਿਚ
ਬਿਨਾਂ ਕੀਤਿਆਂ
ਬਾਬੇ ਨਾਨਕ ਵਾਲੀ ਕਿਰਤ?
ਮੇਰੇ ਕੋਲ ਤਾਂ ਜੀ ਬੱਸ
ਇਹੀ ਹੈ ਸਬੂਤ
ਚਲਾਓ ਬੁਲਡੋਜ਼ਰ
ਸ਼ੀਸ਼-ਮਹਿਲਾਂ ਉੱਤੇ।
ਮੇਰਾ ਨੰਬਰ
ਹੁਣ ਹਾਕਮ ਨੇ
ਕਰ ਦਿੱਤਾ ਹੈ ਬਲੌਕ।

    *   *   *

6. ਅੱਤਵਾਦੀ!

ਕੱਢੋ, ਬੱਸ ਵਿੱਚੋਂ
ਛੱਲੀ ਰਾਮਾਂ ਨੂੰ!
ਕੱਢ ਲਏ
ਤੇ ਭੁੰਨ ਦਿੱਤੇ।

ਡਿੱਗਿਆ ਦਰਖ਼ਤ ‘ਵੱਡਾ’
ਹਿੱਲ ਗਈ ਧਰਤੀ
ਸਾੜ ਦਿੱਤੇ ਗਏ ਬੇਦੋਸ਼ੇ
ਗਲਾਂ ਵਿਚ ਪਾਕੇ ਟਾਇਰ।

ਚਲੋ ਓਏ
ਬੋਲੋ, ਜੈ ਸ਼੍ਰੀ ਰਾਮ!
ਨਹੀਂ ਬੋਲੇ
ਵੱਢ ਦਿੱਤੇ ਗਏ।

ਪੜ੍ਹੋ ਕਲਮਾ
ਪੜ੍ਹੋ ਆਇਤਾਂ
ਨਹੀਂ ਪੜ੍ਹ ਸਕੇ
ਭੁੰਨ ਦਿੱਤੇ ਗਏ।

ਭੁੰਨ ਦਿੱਤੇ
ਵੱਢ ਦਿੱਤੇ
ਅੱਡ-ਅੱਡ
ਧਰਮਾਂ ਦੇ
ਵੱਖੋ-ਵੱਖਰੇ ਸਮਿਆਂ ’ਤੇ
ਵੱਖੋ-ਵੱਖਰੀਆਂ ਥਾਵਾਂ ਉੱਤੇ।

ਭੁੰਨਣ ਵਾਲੇ
ਵੱਢਣ ਵਾਲੇ
ਪਰ ਇਕ ਹੀ ਸਨ
ਇਕ ਹੀ ਜਾਤ ਦੇ
ਇਕ ਹੀ ਧਰਮ ਦੇ
ਅੱਤਵਾਦੀ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਰੰਜੀਵਨ ਸਿੰਘ

ਰੰਜੀਵਨ ਸਿੰਘ

Mohali, Punjab, India.
Phone: (91 - 98150 - 68816)

Email: (ranjivansingh@gmail.com)