AmarjitSMann7“ਮਾਸਟਰ ਦੀ ਦਹਿਸ਼ਤ ਦਾ ਚੜ੍ਹਿਆ ਤਾਪ ਰਛਪਾਲ ਨੂੰ ਹਫਤੇ ਬਾਅਦ ਮਸਾਂ ਉੱਤਰਿਆ। ਨੰਦ ਦਾ ਪੈੱਨ ...”
(26 ਮਈ 2022)
ਮਹਿਮਾਨ: 709.


ਸਾਲ 1991 ਵਿੱਚ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ
। ਮਜ਼ਦੂਰ ਮਾਪਿਆਂ ਦਾ ਪੁੱਤ ਰਛਪਾਲ ਉਦੋਂ ਮੇਰਾ ਪੱਕਾ ਆੜੀ ਸੀ। ਜਮਾਤ ਵਿੱਚ ਤੱਪੜ ਉੱਤੇ ਅਸੀਂ ਨਾਲ ਨਾਲ ਬੈਠਦੇ। ਰਛਪਾਲ ਪੜ੍ਹਨ ਵਿੱਚ ਪੂਰਾ ਹੁਸ਼ਿਆਰ ਸੀ। ਪੱਕੇ ਪੇਪਰਾਂ ਦੇ ਨਤੀਜੇ ਵੇਲੇ ਸਾਰੀ ਜਮਾਤ ਵਿੱਚੋਂ ਉਹ ਅੱਵਲ ਆਉਂਦਾ ਤੇ ਮੈਂ ਦੋਇਮ। ਪੱਕੀ ਪਹਿਲੀ ਤੋਂ ਚੌਥੀ ਤਕ ਸਾਡੀਆਂ ਪੁਜੀਸ਼ਨਾਂ ਇਹੋ ਰਹੀਆਂ ਸਨ। ਇਸੇ ਕਾਰਨ ਅਸੀਂ ਸਾਡੀ ਇੰਚਾਰਜ ਭੈਣਜੀ ਸ਼੍ਰੀਮਤੀ ਚਮੇਲੀ ਦੇਵੀ ਦੇ ਚਹੇਤੇ ਵਿਦਿਆਰਥੀ ਸਾਂ। ਸਾਨੂੰ ਵੀ ਭੈਣਜੀ ਬੜੇ ਚੰਗੇ ਲਗਦੇ। ਉਹ ਸਾਡੇ ਲਈ ਆਦਰਸ਼ ਅਧਿਆਪਕਾ ਸਨ। ਉਹਨਾਂ ਦੇ ਅਸਰ ਅਧੀਨ ਹੀ ਰਛਪਾਲ ਵੱਡਾ ਹੋ ਕੇ ਅਧਿਆਪਕ ਬਣਨਾ ਚਾਹੁੰਦਾ ਸੀ।

ਪੰਜਵੀਂ ਵਿੱਚ ਹੀ ਉਹ ਛੇਵੀਂ ਵਾਲੀ ਅੰਗਰੇਜ਼ੀ ਦੀ ਕਿਤਾਬ ਪੜ੍ਹਨ ਲੱਗ ਗਿਆ ਸੀ। “ਜਦੋਂ ਮੈਂ ਮਾਸਟਰ ਲੱਗ ਗਿਆ ਨਾ … … ਇੰਜ ਦਸਤਖਤ ਕਰਿਆ ਕਰਾਂਗਾ!” ਰਛਪਾਲ ਆਪਣੇ ਨਾਮ ਦਾ ਪਹਿਲਾ ਅੱਖਰ, ਅੰਗਰੇਜ਼ੀ ਵਿੱਚ ‘ਆਰ’ ਲਿਖ ਕੇ ਉੱਪਰ ਗੋਲ ਚੱਕਰ ਜਿਹਾ ਵਾਹ ਕੇ ਮੈਨੂੰ ਦਿਖਾਉਂਦਾ। ਨਾਲ ਉਹ ਮਿਤੀ ਲਿਖਣੀ ਵੀ ਨਾ ਭੁੱਲਦਾ। ਕੁਝ ਸੌਖੇ ਘਰਾਂ ਦੇ ਵਿਦਿਆਰਥੀ ਉਸ ਨਾਲ ਖਾਰ ਖਾਂਦੇ।

ਅਖੀਰ ਪੰਜਵੀਂ ਜਮਾਤ ਦੇ ਪੇਪਰ ਹੋ ਗਏ। ਨਤੀਜਾ ਓਹੀ ਸੀ, ਰਛਪਾਲ ਸਾਰੀ ਜਮਾਤ ਵਿੱਚੋਂ ਪਹਿਲੇ ਸਥਾਨ ’ਤੇ ਆਇਆ। ਉਸਦੀ ਮਾਂ ਨੇ ਆਪਣਾ ਮੁੰਡਾ ਵੱਡੇ ਸਕੂਲ ਵਿੱਚ ਦਾਖਲ ਕਰਵਾ ਕੇ ਸਵਾ ਪੰਜ ਰੁਪਇਆਂ ਦੇ ਪਤਾਸੇ ਵੰਡੇ।

ਅਸੀਂ ਨਵੀਂ ਵਰਦੀ ਬਣਵਾਈ। ਨਵੀਂਆਂ ਕਿਤਾਬਾਂ ਨਵੇਂ ਬਸਤੇ ਵਿੱਚ ਪਾ ਕੇ ਚਾਈਂ-ਚਾਈਂ ਸਕੂਲ ਗਏ। ਤੱਪੜਾਂ ਨਾਲੋਂ ਬੈਂਚ ’ਤੇ ਬੈਠਣ ਦਾ ਆਪਣਾ ਹੀ ਆਨੰਦ ਸੀ। ਮੈਂ ਤੇ ਰਛਪਾਲ ਨੇ ਪਹਿਲਾ ਬੈਂਚ ਮੱਲ ਲਿਆ।

ਪਿੰਡ ਵੱਡਾ ਹੋਣ ਕਾਰਨ ਸਾਡੇ ਪਿੰਡ ਦੋ ਪ੍ਰਾਇਮਰੀ ਸਕੂਲ ਸਨ। ਤੇ ਅੱਗੇ ਜਾ ਕੇ ਮਿਡਲ ਸਕੂਲ ਇੱਕ ਸੀ। ਦੋਵਾਂ ਪ੍ਰਾਇਮਰੀ ਸਕੂਲਾਂ ਦੇ ਬੱਚੇ ਛੇਵੀਂ ਵਿੱਚ ਇੱਕ ਜਮਾਤ ਵਿੱਚ ਆ ਜਾਂਦੇ। ਉਹਨਾਂ ਨੂੰ ਆਪਸ ਵਿੱਚ ਘੁਲਣ-ਮਿਲਣ ਵਿੱਚ ਕੁਝ ਦਿਨ ਲੱਗ ਹੀ ਜਾਂਦੇ।

ਪਹਿਲੇ ਦਿਨ ਹੀ ਦੂਜੇ ਸਕੂਲ ਵਿੱਚੋਂ ਆਏ ਇੱਕ ਮੁੰਡੇ ਨੰਦ ਦਾ ਪੈੱਨ ਗੁਆਚ ਗਿਆ। ਉਸ ਨੂੰ ਰਛਪਾਲ ਉੱਪਰ ਸ਼ੱਕ ਪੈ ਗਿਆ ਤੇ ਉਸਨੇ ਪੀਟੀ ਮਾਸਟਰ ਜੀ ਨੂੰ ਰਛਪਾਲ ਦੀ ਸ਼ਿਕਾਇਤ ਕਰ ਦਿੱਤੀ। ਪੀਟੀ ਮਾਸਟਰ ਦੀ ਸਾਰੇ ਵਿਦਿਆਰਥੀਆਂ ਵਿੱਚ ਕੁਝ ਜ਼ਿਆਦਾ ਹੀ ਦਹਿਸ਼ਤ ਸੀ। ਮਾਸਟਰ ਜੀ ਦੀ ਚਪੇੜ ਬਾਰੇ ਮਸ਼ਹੂਰ ਸੀ ਕਿ ਜਦੋਂ ਗੱਲ੍ਹ ’ਤੇ ਪੈਂਦੀ ਹੈ ਤਾਂ ਝਟਕੇ ਨਾਲ ਉਹਨਾਂ ਦੀ ਗੁੱਟ-ਘੜੀ ਖੁੱਲ੍ਹ ਜਾਂਦੀ ਹੈ। ਇਹ ਗੱਲ ਅਸੀਂ ਪੰਜਵੀਂ ਵਿੱਚ ਹੀ ਸੁਣੀ ਹੋਈ ਸੀ।

ਪੀਟੀ ਮਾਸਟਰ ਸਟਾਫ ਰੂਮ ਵਿੱਚ ਬੈਠਾ ਹੋਇਆ ਸੀ। ਨੰਦ ਨੇ ਆ ਕੇ ਮਾਸਟਰ ਜੀ ਦਾ ਸੁਨੇਹਾ ਰਛਪਾਲ ਨੂੰ ਲਾ ਦਿੱਤਾ, “ਪੀਟੀ ਨੇ ਸਟਾਫ ਰੂਮ ਵਿੱਚ ਸੱਦਿਆ ਤੈਨੂੰ।”

ਰਛਪਾਲ ਨੂੰ ਜਾਪਿਆ ਨੰਦ ਮਜ਼ਾਕ ਕਰਦਾ ਹੈ। ਉਹ ਮਾਸਟਰ ਜੀ ਕੋਲ ਨਾ ਗਿਆ। ਨੰਦ ਨੇ ਮਸਾਲਾ ਲਾ ਕੇ ਮਾਸਟਰ ਜੀ ਨੂੰ ਦੁਬਾਰਾ ਜਾ ਕੇ ਕਹਿ ਦਿੱਤਾ, “ਜੀ ਉਹ ਕਹਿੰਦਾ ਮੈਂ ਨਹੀਂ ਜਾਂਦਾ, ਮਾਸਟਰ ਜੀ ਇੱਥੇ ਆ ਜਾਣ।”

ਇਹ ਸੁਣਕੇ ਮਾਸਟਰ ਜੀ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਜਾ ਪਹੁੰਚਿਆ। ਗੁੱਟ ’ਤੇ ਘੜੀ ਠੀਕ ਕਰਕੇ ਬੰਨ੍ਹਦੇ ਹੋਏ ਮਾਸਟਰ ਜੀ ਨੇ ਕਮਰੇ ਵਿੱਚ ਆ ਕੇ ਥਾਣੇਦਾਰ ਵਾਂਗ ਦਬਕਾ ਮਾਰਿਆ, “ਕਿਹੜਾ ਓਏ ਰਛਪਾਲ?”

ਜਮਾਤ ਵਿੱਚ ਸੰਨਾਟਾ ਛਾ ਗਿਆ। ਡਰ ਨਾਲ ਰਛਪਾਲ ਨੂੰ ਕੰਬਣੀ ਆ ਗਈ। ਉਹ ਖੜ੍ਹਾ ਹੋ ਗਿਆ। ਮਾਸਟਰ ਜੀ ਨੇ ਪੁੱਛ-ਗਿੱਛ ਕੀਤੇ ਬਗੈਰ ਰਛਪਾਲ ਦੇ ਚਪੇੜ ਮਾਰ ਦਿੱਤੀ। ਘੜੀ ਦੀ ਚੇਨ ਖੁੱਲ੍ਹ ਗਈ ਤੇ ਰਛਪਾਲ ਮੇਰੇ ਉੱਪਰ ਡਿਗਣੋਂ ਮਸਾਂ ਬਚਿਆ। ਬਿਨਾਂ ਕੋਈ ਗੱਲਬਾਤ ਕੀਤੇ ਮਾਸਟਰ ਜਿਵੇਂ ਆਇਆ ਸੀ, ਉਹਨੀਂ ਪੈਰੀਂ ਵਾਪਸ ਮੁੜ ਗਿਆ।

ਰਛਪਾਲ ਦੀ ਕੋਮਲ ਗੱਲ੍ਹ ’ਤੇ ਉਂਗਲਾਂ ਦੇ ਨਿਸ਼ਾਨ ਰਹਿ ਗਏ। ਕੁਝ ਸਮੇਂ ਮਗਰੋਂ ਹੀ ਉਸ ਨੂੰ ਤੇਜ਼ ਬੁਖਾਰ ਹੋ ਗਿਆ। ਸਕੂਲੋਂ ਛੁੱਟੀ ਲੈ, ਉਸਦਾ ਬਸਤਾ ਫੜਕੇ ਮੈਂ ਉਹਨਾਂ ਦੇ ਘਰ ਛੱਡ ਆਇਆ।

ਮਾਸਟਰ ਦੀ ਦਹਿਸ਼ਤ ਦਾ ਚੜ੍ਹਿਆ ਤਾਪ ਰਛਪਾਲ ਨੂੰ ਹਫਤੇ ਬਾਅਦ ਮਸਾਂ ਉੱਤਰਿਆ। ਨੰਦ ਦਾ ਪੈਨ ਅਗਲੇ ਦਿਨ ਉਸੇ ਦੇ ਬਸਤੇ ਵਿੱਚੋਂ ਮਿਲ ਗਿਆ, ਪਰ ਭਵਿੱਖ ਦੇ ਅਧਿਆਪਕ ਦਾ ਮਿਡਲ ਸਕੂਲ ਵਿੱਚ ਪਹਿਲਾ ਦਿਨ ਹੀ ਆਖਰੀ ਦਿਨ ਸਿੱਧ ਹੋਇਆ। ਉਹ ਦਿਨ ਅਜਿਹੇ ਸਨ ਕਿ ਅਧਿਆਪਕਾਂ ਖਿਲਾਫ ਮਾਪੇ ਕੁਝ ਬੋਲਦੇ ਨਹੀਂ ਸਨ।

ਹੁਣ ਜਦੋਂ ‘ਪਾਲਾ’ ਬਣਿਆ ਰਛਪਾਲ ਮਜ਼ਦੂਰੀ ਕਰਦਾ ਕਦੇ ਨਜ਼ਰੀਂ ਪੈਂਦਾ ਹੈ ਤਾਂ ਮੈਂ ਸੋਚਦਾ ਹਾਂ, ਜੇ ਪੀਟੀ ਮਾਸਟਰ ਬਾਲ-ਮਨੋਵਿਗਿਆਨ ਬਾਰੇ ਕਿਣਕਾ ਮਾਤਰ ਵੀ ਜਾਣਦਾ ਹੁੰਦਾ ਤਾਂ ਪਾਲੇ ਨੇ ਅੱਜ ਮਾਸਟਰ ਰਛਪਾਲ ਸਿੰਘ ਹੋਣਾ ਸੀ। ਮੈਂਨੂੰ ਆਪਣੇ-ਆਪ ’ਤੇ ਵੀ ਗਿਲਾ ਮਹਿਸੂਸ ਹੁੰਦਾ ਹੈ ਕਿ ਮੈਂ ਹੀ ਕੋਈ ਨਾ ਕੋਈ ਹੀਲਾ-ਵਸੀਲਾ ਕਰਕੇ, ਕਿਵੇਂ ਨਾ ਕਿਵੇਂ ਰਛਪਾਲ ਨੂੰ ਦੁਬਾਰਾ ਸਕੂਲ ਹਾਜ਼ਰ ਕਿਉਂ ਨਾ ਕਰ ਲਿਆ। ਕਾਸ਼, ਮੈਂ ਅਜਿਹਾ ਕਰ ਸਕਦਾ ਤਾਂ ਅੱਜ ਮੇਰੇ ਦੋਸਤ ਨੇ ਆਪਣੇ ਗਿਆਨ ਨਾਲ ਹੋਰ ਸੈਂਕੜੇ ਵਿਦਿਆਰਥੀਆਂ ਨੂੰ ਦੀਵੇ ਵਾਂਗ ਚਾਨਣ ਵੰਡਦੇ ਹੋਣਾ ਸੀ!

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3588)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

Amarjit S Mann

Amarjit S Mann

Maur Kalan, Bathinda, Punjab, India.
Tel: (91 -94634 - 45092)
Email: (gbhd94@gmail.com)