AmarjitSMann7“ਲੈ ਫੜ …” ਕਹੀ ਮੈਨੂੰ ਫੜਾਉਂਦਾ ਹੋਇਆ ਰਛਪਾਲ ਬੋਲਿਆ, “ਸਰੀਰ ਨੂੰ ਤਾੜ ਕੇ ਰੱਖਿਆ ਕਰੋ ...”
(5 ਅਪਰੈਲ 2022)
ਮਹਿਮਾਨ: 404.


ਰਛਪਾਲ ਮੇਰਾ ਪ੍ਰਾਇਮਰੀ ਸਕੂਲ ਵੇਲੇ ਆੜੀ ਸੀ
। ਹੁਣ ਤਕ ਵੀ ਹੈ। ਭਾਵੇਂ ਪੜ੍ਹਨ ਵਿੱਚ ਉਹ ਕਾਫ਼ੀ ਹੁਸ਼ਿਆਰ ਸੀ ਪਰ ਕਿਸੇ ਕਾਰਨ ਉਹ ਪੰਜਵੀਂ ਤੋਂ ਬਾਅਦ ਸਕੂਲੀ ਪੜ੍ਹਾਈ ਜਾਰੀ ਨਾ ਰੱਖ ਸਕਿਆ। ਮਜ਼ਦੂਰ ਮਾਪਿਆਂ ਨੇ ਉਸ ਨੂੰ ਸਕੂਲੋਂ ਹਟਾ ਕੇ ਨੰਬਰਦਾਰਾਂ ਨਾਲ ਮੱਝਾਂ ਦਾ ਪਾਲ਼ੀ ਰਲਾ ਦਿੱਤਾ ਸੀ।

ਹੁਣ ਉਹ ਪੁਰਾਣੇ ਮਕਾਨ ਢਾਹੁਣ ਦੇ ਠੇਕੇ ਲੈਂਦਾ ਹੈ। ਠੇਕੇਦਾਰ ਕਹਾਉਂਦਾ ਹੈ। ਮਜ਼ਦੂਰਾਂ ਦੇ ਨਾਲ ਖੁਦ ਕੰਮ ਕਰਦਾ ਹੈ। ਬੀਮ ਜਾਂ ਲੈਂਟਰ ਤੋੜਨ ਲਈ ਘਣ ਦੀ ਲੋੜ ਹੁੰਦੀ ਹੈ। ਉਹਦਾ ਘਣ ਲਗਾਤਾਰ ਘਣ ਚਲਦਾ ਰਹਿੰਦਾ। ਹੁਣ ਉਹਦੀ ਦੇਹ ਵੀ ਘਣ ਵਰਗੀ ਬਣ ਗਈ ਹੈ। ਨਾ ਸੂਤ ਭਰ ਮਾਸ ਘੱਟ, ਨਾ ਸੂਤ ਭਰ ਚਰਬੀ ਵੱਧ। ਜਮਾਂ ਲੋਹੇ ਵਰਗਾ। ਘਣ ਚਲਾਉਂਦਾ ਚਲਾਉਂਦਾ ਰਛਪਾਲ ਖੁਦ ਘਣ ਵਰਗਾ ਬਣ ਗਿਆ ਹੈ।

ਦੂਜੇ ਪਾਸੇ ਖੇਤੀਬਾੜੀ ਬਾਰੇ ਗੱਲ ਕਰੀਏ ਤਾਂ ਕਣਕ-ਝੋਨੇ ਦੇ ਫ਼ਸਲੀ ਚੱਕਰ ਨੇ ਕਿਸਾਨ ਨੂੰ ‘ਵਿਹਲਿਆਂ ਵਰਗਾ’ ਕਰ ਦਿੱਤਾ ਹੈ। ਅੱਧ-ਨਵੰਬਰ ਤੋਂ ਅੱਧ-ਅਪਰੈਲ ਤਕ ਦੇ ਛੇ ਮਹੀਨਿਆਂ ਵਿੱਚ ਦਸ-ਬਾਰਾਂ ਏਕੜ ਤਕ ਦੀ ਵਾਹੀ ਕਰਨ ਵਾਲੇ ਕਿਸਾਨ ਲਈ ਮਸੀਂ ਵੀਹ ਕੁ ਦਿਨ ਕੰਮ ਵਾਲੇ ਨਿਕਲਦੇ ਹਨ। ਉਹ ਸਿਆਲਾਂ ਦੇ ਦਿਨ ਸਰ੍ਹੋਂ ਦੇ ਸਾਗ ਨਾਲ ਮੱਕੀ ਜਾਂ ਬਾਜਰੇ ਦੀਆਂ ਚਾਰ-ਪੰਜ ਰੋਟੀਆਂ ਲਪੇਟ ਕੇ ਧੂੰਈਆਂ ਸੇਕਦੇ ਟਪਾ ਦਿੰਦੇ ਹਨ। ਰਹਿੰਦੀ ਕਸਰ ਘਰ ਦਾ ਬਣਿਆ ਖੋਆ ਤੇ ਗਾਜਰਪਾਕ ਪੂਰੀ ਕਰ ਦਿੰਦੇ ਨੇ।

ਪਿਛਲੇ ਦਿਨੀਂ ਅਜਿਹਾ ਸਬੱਬ ਬਣਿਆ ਕਿ ਰਸ਼ਪਾਲ ਦੀ ਸੁਭਾਵਿਕ ਕਹੀ ਗੱਲ ਨੇ ਸਾਨੂੰ ਸਿਹਤ ਪੱਖੋਂ ਸੋਚਣ ਲਈ ਮਜਬੂਰ ਕਰ ਦਿੱਤਾ। ਖੇਤ ਸਬਜ਼ੀ ਵਾਲੀ ਬਾੜੀ ਤਿਆਰ ਕਰਨ ਲਈ ਅਸੀਂ ਪਿੰਡ ਦੀ ਫਿਰਨੀ ’ਤੇ ਲੱਗੀ ਰੂੜੀ ਤੋਂ ਰੇਹ ਦੀ ਟਰਾਲੀ ਭਰ ਰਹੇ ਸੀ। ਦੁਪਹਿਰ ਵੇਲੇ ਆਪਣੇ ਕੰਮ ਤੋਂ ਵਾਪਸ ਜਾਂਦਾ ਰਸ਼ਪਾਲ ਸਾਡੇ ਕੋਲ ਖੜ੍ਹ ਗਿਆ। “ਕਿਮੇ ਪੰਜ ਸੱਤ ਟੱਕ ਸਿੱਟ ਕੇ ਸਾਹ ਭਰਨ ਲੱਗ ਜਾਨੇ ਓਂ … … ਭਰੀ ਖੜ੍ਹੀ ਆ ਇਸ ਲੋਟ ਤਾਂ ਟਰਾਲੀ!” ਗੱਲਾਂ ਕਰਦਿਆਂ ਰਛਪਾਲ ਨੇ ਸਾਨੂੰ ਛੇੜਿਆ।

“ਕੰਮ ਕਰਨੋਂ ਤਾਂ ਹਟੇ ਪਏ ਆਂ। ਕਦੇ ਖਾਲ, ਵੱਟ ਨੀਂ ਸਮਾਰੇ, ਸਪਰੇਅ ਮਾਰ ਦੇਈ ਦੀ ਆ। ਨਾ ਕਦੇ ਪੈਰਾਂ ਭਾਰ ਬਹਿ ਕੇ ਕੱਖ-ਪੱਠੇ ਵੱਢੇ ਨੇ। ਕੁਤਰਾ ਕਰਨ ਲਈ ਮੋਟਰਾਂ ਚੱਲਦੀਆਂ। ਤੁਰਕੇ ਖੇਤ ਜਾਣਾ ਤਾਂ ਦੂਰ, ਸਾਈਕਲ ਵੀ ਤੂੜੀ ਆਲੀ ਸਵਾਤ ਵਿੱਚ ਸਿਟ ’ਤੇ। ਗੱਲ ਮੁਕਾ, ਟੋਭੇ ਕੰਨੀ ਜਾਣ ਵਾਸਤੇ ਵੀ ਤੁਰਨਾ ਛੱਡ ’ਤਾ … … ਹੁਣ ਕਹੀ ਚਲਾਉਣ ਵੇਲੇ ਸਾਹ ਈ ਚੜ੍ਹਨਾ, ਹੋਰ ਕੀ … …।’ ਮੇਰਾ ਵੀੜ੍ਹੀਆ ਬੋਲਿਆ।

ਰਸ਼ਪਾਲ ਹੱਸ ਪਿਆ, “ਜਦੋਂ ਕੰਮ ਕਰਕੇ ਰਾਜ਼ੀ ਈ ਨਹੀਂ, ਫੇਰ ਕੋਈ ਲੋਡਰ ਪੁੱਛ ਲੈਣਾ ਸੀ। ਛੇ ਸੱਤ ਬਾਸਕਟਾਂ ਵਿੱਚ ਟਰਾਲੀ ਭਰ ਜਾਂਦਾ।”

“ਪੁੱਛਿਆ ਸੀ। ਭੂਤਾਂ ਦਾ ਲੋਡਰ ਵਾਲਾ ਮੁੰਡਾ ਸਹੁਰੀਂ ਗਿਆ ਹੋਇਆ। ਕੋਈ ਚਲਾਉਣ ਵਾਲਾ ਹੈ ਨਹੀਂ ਸੀ। ਫੇਰ ਸੋਚਿਆ, ਲੱਗਿਆ ਤਾਂ ਚੂਹਾ ਮਾਣ ਨੀਂ ਹੁੰਦਾ … … ਖੱਡ ਪੁੱਟਦਾ ਪਤਾਲ ਤਕ ਵਗ ਜਾਂਦਾ। ਅਸੀਂ ਤਾਂ ਫੇਰ ਵੀ ਦੋ ਬੰਦੇ ਆਂ। ਆਪ ਈ ਭਰ ਲਾਂਗੇ-ਔਖੇ ਸੌਖੇ।” ਮੈਂ ਆਪਣੇ ਥਾਂ ਸਹੀ ਸੀ।

“ਉਰ੍ਹਾਂ ਫੜਾ … …” ਸਾਈਕਲ ਸਟੈਂਡ ’ਤੇ ਲਾਉਂਦਿਆਂ ਰਛਪਾਲ ਬੋਲਿਆ ਤੇ ਉਹਨੇ ਮੇਰੇ ਹੱਥੋਂ ਕਹੀ ਫੜ ਲਈ। “… … ਦੇਖਿਆ! ਚਮਚੇ ਜਿੱਡੀ ਕਹੀ ਲਈ ਫਿਰਦੇ ਓ … … ਕਰੋਂਗੇ ਕਮਾਈਆਂ!” ਛੋਟੇ ਆਕਾਰ ਦੀ ਕਹੀ ਦੇਖ ਕੇ ਰਛਪਾਲ ਨੇ ਮੈਨੂੰ ਫੇਰ ਛੇੜਿਆ, “ਲੈ ਟੱਕ ਗਿਣੀ ਚੱਲੀਂ, ਕਿੰਨੇ ਡਿਗਦੇ ਆ!”

“ਇੱਕ … ਦੋ … ਛੇ … ਸੱਤ … ਪੰਦਰਾਂ … ਸੋਲ਼ਾਂ … ਛੱਬੀ … ਸਤਾਈ … ’ਕੱਤੀ … ਬੱਤੀ … ਪੈਂਤੀ!” ਮੈਂ ਨਾਲੇ ਗਿਣੀ ਜਾਵਾਂ, ਨਾਲੇ ਵੀੜ੍ਹੀਏ ਵੱਲ ਦੇਖ ਕੇ ਮੁਸਕਰਾਈ ਜਾਵਾਂ।

ਲਗਾਤਾਰ ਪੈਂਤੀ ਟੱਕ ਸੁੱਟ ਕੇ ਉਹ ਸਾਹ ਲੈਣ ਲਈ ਰੁਕਿਆ। ਥੋੜ੍ਹਾ ਸਾਹ ਭਰ ਕੇ ਬੋਲਿਆ, “ਜਿਦ ਜਿੱਦ ਕੇ ਅਸੀਂ ਵੀਹ ਵੀਹ ਘਣ ਲਗਾਤਾਰ ਚਲਾ ਦਿੰਨੇ ਆਂ।”

ਲਗਾਤਾਰ ਚੱਲੀ ਕਹੀ ਨੇ ਟਰਾਲੀ ਦਾ ਖੂੰਜਾ ਉਗਾਸ ਦਿੱਤਾ ਸੀ।

“ਲੈ ਫੜ …” ਕਹੀ ਮੈਨੂੰ ਫੜਾਉਂਦਾ ਹੋਇਆ ਰਛਪਾਲ ਬੋਲਿਆ, “ਸਰੀਰ ਨੂੰ ਤਾੜ ਕੇ ਰੱਖਿਆ ਕਰੋ ’ਚਾਰ ਨੀ ਪਾਉਣਾ ਹੁੰਦਾ ਇਹਦਾ, ਬੀ ਦੋ ਚਾਰ ਕਿਲੋ ਵੱਧ ਪੈਜੂ। ਮੁੜ੍ਹਕਾ ਨਿਕਲਦਾ ਰਹੇ ਤਾਂ ਬੰਦਾ ਤੰਦਰੁਸਤ ਰਹਿੰਦਾ।” ਮਜ਼ਾਕ ਮਜ਼ਾਕ ਵਿੱਚ ਗੰਭੀਰ ਨਸੀਹਤ ਦਿੰਦਿਆਂ ਰਛਪਾਲ ਨੇ ਸਾਈਕਲ ਸਟੈਂਡ ਤੋਂ ਲਾਹਿਆ ਤੇ ਤੁਰ ਗਿਆ।

ਰਛਪਾਲ ਦੀ ਗੱਲ ਸੁਣ ਕੇ ਵੀੜ੍ਹੀਆ ਪਹਿਲਾਂ ਆਪਣੇ ਤੇ ਫੇਰ ਮੇਰੇ ਸਰੀਰ ਵੱਲ ਝਾਕਿਆ, “ਗੱਲ ਤਾਂ ਸਹੀ ਕਹਿ ਕੇ ਗਿਆ ਯਾਰ … … ਕੱਦ ਤੇ ਉਮਰ ਦੇ ਅੰਦਾਜ਼ੇ ਮੁਤਾਬਕ ਜੇ ’ਸਾਹਬ ਲਾਈਏ, ਵਜ਼ਨ ਹੈ ਤਾਂ ਦਸ-ਦਸ ਕਿਲੋ ਵੱਧ ਈ। ਛਾਂਟੀਏ ਸਰੀਰ, ਕਿ ਨਹੀਂ?” ਉਹ ਸੱਚ ਬੋਲਿਆ।

“ਸ਼ੁਭ ਕੰਮ ਵਿੱਚ ਦੇਰੀ ਕਿਉਂ! ਅੱਜ ਤੋਂ ਈ ਛਾਂਟਣ ਲੱਗ ਪਈਏ!” ਮੈਂ ਹੁੰਗਾਰਾ ਭਰਿਆ।

“ਅੱਜ ਤੋਂ ਕਿਉਂ … ਹੁਣੇ ਤੋਂ ਕਿਉਂ ਨੀਂ?” ਆਪਣੀ ਕਹੀ ਸੰਭਾਲਦਾ ਉਹ ਹੱਸਿਆ।

“’ਕੱਲੀ ਟਰਾਲੀ ਭਰਕੇ ਈ ਨੀ ਗੱਲ ਬਣਨੀ, ਕੋਈ ਲੰਮੇ ਸਮੇਂ ਦੀ ਪਲੈਨਿੰਗ ਕਰਾਂਗੇ … …” ਬਿਨਾਂ ਹੱਸੇ ਤੋਂ ਮੇਰਾ ਜਵਾਬ ਸੀ।

ਤੇ ਅਸੀਂ ਦਬਾ-ਦਬ ਟਰਾਲੀ ਭਰਨ ਲੱਗ ਪਏ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3481)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

Amarjit S Mann

Amarjit S Mann

Maur Kalan, Bathinda, Punjab, India.
Tel: (91 -94634 - 45092)
Email: (gbhd94@gmail.com)