AmarjitSMann7“ਤੈਨੂੰ ਪਤਾ ਉਹਨੇ ਮੇਰੇ ਬਾਰੇ ਕੀ ਬਕਵਾਸ ਮਾਰਿਆ! ਅਖੇ ਸੌ ਸੌ ਰੁਪਏ ਪਿੱਛੇ ਧਰਨਿਆਂ ’ਤੇ ...”
(7 ਅਪਰੈਲ 2022)


ਉਹਨਾਂ ਦੇ ਘਰ ਦੇ ਦੋ ਬਾਰ ਨੇ
। ਇੱਕ ਛੋਟਾ, ਇੱਕ ਵੱਡਾ। ਮੈਂ ਛੋਟੇ ਗੇਟ ’ਤੇ ਲੱਗਿਆ ਸੰਗਲੀ ਕੁੰਡਾ ਖੜਕਾਇਆ। ਅੰਦਰੋਂ ਕੋਈ ਹਿਲਜੁਲ ਨਾ ਹੋਈ। ਪਰ ਨਾਲ ਦੇ ਘਰੋਂ ਕੁੱਤਾ ਭੌਂਕ ਪਿਆ। ਮੈਂ ਦੂਜੀ ਵਾਰ ਕੁੰਡਾ ਖੜਕਾਇਆ ਤੇ ਕੁਝ ਕਦਮ ਘਰ ਦੇ ਅੰਦਰ ਲੰਘ ਗਿਆ। ਘਰ ਪੁਰਾਣੇ ਸਮਿਆਂ ਦਾ ਬਣਿਆ ਹੋਇਆ। ਮਗਰ ਦੋ ਸਬਾਤਾਂ, ਇੱਕ ਸਬਾਤ ਦੇ ਨਾਲ ਲਗਦੀ ਛੋਟੀ ਬੈਠਕ। ਬੈਠਕ ਦੇ ਸਾਹਮਣੇ ਪੁਰਾਣੀ ਝਲਾਨੀ। ਝਲਾਨੀ ਦੇ ਅੱਗੇ ਕੰਧੋਲੀ ਕੱਢ ਕੇ ਚੁੱਲ੍ਹੇ ਚੌਂਕੇ ਨੂੰ ਓਟਾ ਕੀਤਾ ਹੋਇਆ।

“ਬੇਬੇ! … …” ਵਿਹੜੇ ਵਿੱਚ ਖੜ੍ਹਕੇ ਮੈਂ ਬੋਲ ਮਾਰਿਆ।

“ਲਗਦਾ ਕੋਈ ਹੈ ਨਹੀਂ ਘਰੇ … …” ਸੋਚਦਿਆਂ ਮੈਂ ਕੁੱਝ ਪੁਲਾਂਘਾਂ ਹੋਰ ਪੱਟ ਲਈਆਂ।

“ਬੇਬੇ … …” ਮੈਂ ਕੁਝ ਉੱਚੀ ਆਵਾਜ਼ ਵਿੱਚ ਫੇਰ ਬੋਲ ਮਾਰਿਆ।

ਓਟੇ ਦੀ ਇੱਟ ਨਾਲ ਸੋਟੀ ਖੜਕੀ। ਪੀੜ੍ਹੀ ਤੋਂ ਖੜ੍ਹੀ ਹੁੰਦੀ ਮਾਤਾ ਦੀ ਬਸੰਤੀ ਚੁੰਨੀ ਮੈਨੂੰ ਦਿਸੀ। ਉਹ ਮੱਥੇ ਉੱਤੇ ਹੱਥ ਦਾ ਛੱਜਾ ਜਿਹਾ ਬਣਾ ਕੇ ਪਛਾਣ ਕੱਢਣ ਵਾਲਿਆਂ ਵਾਂਗ ਝਾਕੀ, “ਕੌਣ ਆ ਭਾਈ … ’ਗਾਹਾਂ ਲੰਘਿਆ।”

“ਮੈਂ ਤਾਂ ਬੇਬੇ … … ਆਂ, … ਦੇ ਘਰਾਂ ਵਿੱਚੋਂ। “ਮੈਂ ਆਪਣਾ ਨਾਂ, ਲਾਣੇ ਨੂੰ ਪੈਂਦੀ ਅੱਲ ਸਮੇਤ ਦੱਸ ਦਿੱਤਾ।

“ਫੇਰ ਕੋਹੜੀ ਪਿੱਛੇ ਖੜ੍ਹਾ ਕਿਉਂ ਹਾਕਾਂ ਮਾਰੀ ਜਾਨਾ … … ਤੇਰਾ ਆਪਣਾ ਘਰ ਆ। ਕਿੰਨੇ ਮਹੀਨੇ ਤਾਂ ਇਕੱਠੇ ਰਹਿੰਦੇ ਰਹੇ ਆਂ ਸਿੰਘੂ ’ਤੇ … ਆ ਜਾ, ਮੈਂ ਮੰਜਾ ਡਾਹੁਨੀ ਆਂ।” ਬੇਬੇ ਅਪਣੱਤ ਨਾਲ ਬੋਲੀ।

ਸੋਟੀ ਸਹਾਰੇ ਤੁਰਦੀ ਉਹ ਚੌਂਕੇ ਵਿੱਚੋਂ ਬਾਹਰ ਆ ਗਈ। ਉਸਦਾ ਜਵਾਨੀ ਵੇਲੇ ਦਾ ਲੰਬਾ ਕੱਦ ਬੁਢਾਪੇ ਵੇਲੇ ਕੁੱਬ ਵਿੱਚ ਵਟ ਗਿਆ ਹੈ। ਚਾਰ ਕੁ ਫੁੱਟ ਦੀ ਤੂਤ ਦੀ ਟਹਿਣੀ ਨੂੰ ਛਾਂਗ ਕੇ ਬਣਾਈ ਸੋਟੀ ਹੁਣ ਉਸਦੇ ਸਿਰ ਦੇ ਉੱਪਰੋਂ ਲੰਘਦੀ ਹੈ।

ਸੂਰਜ ਅਸਤ ਹੋ ਰਿਹਾ ਸੀ। ਸਬਾਤਾਂ ਦਾ ਪਰਛਾਵਾਂ ਢਲ ਕੇ ਵਿਹੜੇ ਤਕ ਆ ਚੁੱਕਿਆ ਸੀ। ਕੁੱਬੀ ਕੁੱਬੀ ਛੋਟੇ ਛੋਟੇ ਕਦਮ ਪੁੱਟਦੀ ਬੇਬੇ ਨੇ ਕੰਧ ਨਾਲ ਖੜ੍ਹਾ ਮੰਜਾ ਡਾਹ ਲਿਆ।

“ਬੇਬੇ, ਪੇਸ਼ੀ ਕਦੋਂ ਆ ਹੁਣ?” ਰਸਮੀ ਜਿਹੀਆਂ ਗੱਲਾਂ ਮਗਰੋਂ ਮੈਂ ਜਿਸ ਕੰਮ ਆਇਆ ਸੀ, ਉਸਦਾ ਮੁੱਢ ਬੰਨ੍ਹਦਿਆਂ ਸਵਾਲ ਕੀਤਾ।

“ਅੰਗਰੇਜ਼ੀ ਤਰੀਕ ਤਾਂ ਪਤਾ ਨਹੀਂ ਭਾਈ, ਭੁੱਲ ਜਾਨੀ ਆਂ। ਊਂ ਦੇਸੀ ਨੌਂ ਵਸਾਖ ਬਣਦਾ। ਐਤਕੀਂ ਤਾਂ ਓਹਨੂੰ ਆਪ ਨੂੰ ਸੱਦਿਆ ਜੱਜ ਨੇ, ਵਕੀਲ ਭੇਜ ਕੇ ਨੀਂ ਸਰਨਾ।“ ਬੇਬੇ ਸਹਿਜਤਾ ਨਾਲ ਬੋਲੀ।

ਇਹ ਗੱਲ ਭਾਵੇਂ ਮੈਨੂੰ ਪਤਾ ਸੀ, ਪਰ ਗੱਲਾਂ ਕਰਨ ਲਈ ਉਸਦਾ ਬੋਲਣਾ ਜ਼ਰੂਰੀ ਸੀ।

“ਇੱਕ ਸਲਾਹ ਦੇਣ ਆਇਐਂ ਬੇਬੇ, ਹੋ ਸਕਦਾ ਤੂੰ ਮੇਰੇ ਨਾਲ ਸਹਿਮਤ ਨਾ ਵੀ ਹੋਵੇਂ …” ਗੱਲ ਪੂਰੀ ਕਰਨ ਲਈ ਮੇਰੇ ਸ਼ਬਦ ਅਟਕਣ ਲੱਗ ਪਏ।

“ਦੱਸ ਭਾਈ …” ਬੇਬੇ ਦੀਆਂ ਨਿੱਕੀਆਂ ਅੱਖਾਂ ਚਮਕੀਆਂ।

“ਮੈਂ … ਮੈਂ … ਕਹਿਨਾਂ …”

ਮੈਨੂੰ ਝਿਜਕਿਆ ਦੇਖ ਉਹ ਬੋਲੀ, “ਓਪਰਾ ਕਿਉਂ ਮੰਨਦੈਂ … ਜਿਹੜੀ ਮਨ ਵਿੱਚ ਆ, ਆਖ ਛੱਡ।”

“ਬੇਬੇ ਮੈਂ ਕਹਿਨਾਂ … ਆਪਾਂ ਮਾਫ਼ੀ ਦੇ ’ਦੀਏ ਓਹਨੂੰ!” ਆਪਣੀ ਵੱਡੀ ਗੱਲ ਨੂੰ ਬਿਨਾਂ ਭੂਮਿਕਾ ਬੰਨ੍ਹੇ ਮੈਂ ਇੰਨੇ ਕੁ ਸ਼ਬਦਾਂ ਵਿੱਚ ਪੂਰਾ ਕਰ ਦਿੱਤਾ। ਮੈਂ ਦੇਖਿਆ ਉਸ ਦਾ ਚਿਹਰਾ ਤਣ ਗਿਆ। ਮੱਥੇ ’ਤੇ ਪਈ ਤਿਊੜੀ ਸੁੰਗੜ ਗਈ। ਉਹ ਮੇਰੇ ਵੱਲ ਰੁੱਖਾ ਜਿਹਾ ਝਾਕੀ।

“ਮੁਆਫ ਕਰ ਦੀਏ …? ਤੈਨੂੰ ਪਤਾ ਉਹਨੇ ਮੇਰੇ ਬਾਰੇ ਕੀ ਬਕਵਾਸ ਮਾਰਿਆ! ਅਖੇ ਸੌ ਸੌ ਰੁਪਏ ਪਿੱਛੇ ਧਰਨਿਆਂ ’ਤੇ ਬੈਠੀ ਆ … ਮੈਂ ਤਾਂ ਇਹੋ ਜਿਹੀ ਨੂੰ ਨਰਮਾ ਚੁਗਾਉਣ ਨਾ ਲਿਜਾਵਾਂ …” ਗਰਮ ਹੋਈ ਉਹ ਹੋਰ ਵੀ ਬੋਲਣਾ ਚਾਹੁੰਦੀ ਸੀ, ਪਰ ਮੈਂ ਉਸ ਦੀ ਗੱਲ ਕੱਟ ਦਿੱਤੀ, “ਬੇਬੇ ਮੈਨੂੰ ਸਾਰਾ ਪਤਾ। ਅਸਲ ਵਿੱਚ ਉਹ ’ਬੌਲੀਵੁੱਡ’ ਵਾਲੀ ਆ। ਜਦੋਂ ਉਨ੍ਹਾਂ ਨੂੰ ਕਿਤੇ ’ਕੱਠ ਦਿਖਾਉਣ ਲਈ ਲੋਕਾਂ ਦੀ ਲੋੜ ਹੁੰਦੀ ਐ … ਉਹ ਪੈਸੇ ਦੇ ਕੇ ਈ ਲੋਕਾਂ ਨੂੰ ਇਕੱਠੇ ਕਰਦੇ ਨੇ। ਉਹਨੂੰ ਆਉਂਦਾ ਈ ਐਨਾ ਕੁ ਆ। ਏਦੂੰ ਵੱਧ ਓਹਨੂੰ ਆਉਂਦਾ ਈ ਕੁਛ ਨੀ। ਨਾ ਏਦੂੰ ਵੱਧ ਉਹਨੇ ਸਿੱਖਿਆ। ਸਾਂਝੇ ਲੋਕ ਸੰਘਰਸ਼ ਬਾਰੇ ਉਹ ਕੀ ਜਾਣੇ? ਨਾਲੇ ਤੈਨੂੰ ਪਤਾ ਆਪਾਂ ’ਬੌਲੀ’ ਕਿਸ ਨੂੰ ਕਹਿੰਦੇ ਹੁੰਨੇ ਆਂ … ਬੌਲੀ।” ਮੈਂ ਬੋਲਿਆ।

ਮੈਨੂੰ ਲੱਗਿਆ ਬੇਬੇ ਮੇਰੇ ਨਾਲ ਸਹਿਮਤ ਹੋਵੇਗੀ। ਪਰ ਮੇਰਾ ਖਿਆਲ ਗਲਤ ਸੀ।

“ਭਾਈ ਫੇਰ ਤੂੰ ਕਹੇਂਗਾ ਮੱਸੇ ਰੰਘੜ ਤੇ ਜ਼ਕਰੀਆ ਖਾਨ ਵਰਗਿਆਂ ਨੂੰ ਵੀ ਮੁਆਫ ਕਰ ਦੇਣਾ ਚਾਹੀਦਾ ਸੀ। ਸਜ਼ਾ ਕਾਹਨੂੰ ਦੇਣੀ ਸੀ!”

ਬੇਬੇ ਦੀ ਇਸ ਦਲੀਲ ਦਾ ਮੈਨੂੰ ਚਿੱਤ ਚੇਤਾ ਵੀ ਨਹੀਂ ਸੀ। ਉਹ ਸਿਰਫ ਲੋਕ ਘੋਲਾਂ, ਧਰਨੇ ਮੁਜਾਹਰਿਆਂ ਵਿੱਚ ਜਾਣ ਵਾਲੀ ਬੇਬੇ ਹੀ ਨਹੀਂ, ਸਗੋਂ ਗੁਰੂ ਘਰਾਂ ਵਿੱਚ ਹੁੰਦੇ ਕਥਾ-ਕੀਰਤਨਾਂ ਰਾਹੀਂ ਸਿੱਖ ਇਤਿਹਾਸ ਵੀ ਸੁਣਦੀ, ਸਮਝਦੀ ਰਹੀ ਹੈ। ਮੈਂ ਲਾਜਵਾਬ ਹੋ ਗਿਆ।

ਅਚਾਨਕ ਮੇਰੇ ਅੰਦਰੋਂ ਅਜੈਬ ਬੋਲਿਆ, “ਉਹ ਗੱਲ ਹੋਰ ਸੀ ਬੇਬੇ। ਅਸਲ ਵਿੱਚ ਉਹਨਾਂ ਦੁਸ਼ਟਾਂ ਦੇ ਕਤਲ ਨਹੀਂ ਹੋਏ, ਸਗੋਂ ਉਹਨਾਂ ਨੂੰ ਪਾਰ ਬੁਲਾ ਕੇ ਤਾਂ ਸਿੰਘਾਂ ਨੇ ਇਨਸਾਫ ਕੀਤਾ ਸੀ।”

ਅਜੈਬ, ਵਿਦੇਸ਼ ਰਹਿੰਦਾ ਮੇਰਾ ਦੋਸਤ ਹੈ। 90ਵਿਆਂ ਵਿੱਚ ਪੰਜਾਬ ਵਿੱਚ ਚੱਲੀ ਕਤਲੋਗਾਰਤ ਵੇਲੇ ਉਹ ਆਪਣੀ ਜਾਨ ਲੈ ਕੇ ਜਰਮਨ ਵੱਲ ਨਿੱਕਲ ਜਾਣ ਵਿੱਚ ਸਫਲ ਹੋ ਗਿਆ ਸੀ। ਲੰਬੇ ਸੰਘਰਸ਼ ਵਿੱਚੋਂ ਗੁਜ਼ਰਦਿਆਂ ਹੁਣ ਉਹ ਸਫ਼ਲ ਰੈਸਟੋਰੈਂਟਾਂ ਦਾ ਮਾਲਕ ਹੈ। ਆਪਣੇ ਪਿਤਰਾਂ ਦੀ ਧਰਤੀ ’ਤੇ ਪੈਰ ਪਾਉਣ ਦੀ ਸਿੱਕ ਮਨ ਵਿੱਚ ਦਬਾਈ ਬੈਠਾ ਉਹ ਹੁਣ ਮੁਆਫ਼ੀ ਮੰਗ ਰਿਹਾ ਹੈ। ਜਦੋਂ ਕਿ ਭਾਰਤੀ ਸਟੇਟ ਉਸ ਨੂੰ ਮੁਆਫ਼ੀ ਦੇਣ ਤੋਂ ਮੁਨਕਰ ਹੈ। ਇਹ ਗੱਲ ਕਿਸੇ ਹੋਰ ਸੰਦਰਭ ਵਿੱਚ ਚੱਲਦੀਆਂ ਗੱਲਾਂ ਦਰਮਿਆਨ ਉਸ ਨੇ ਮੈਨੂੰ ਕਹੀ ਸੀ। ਚਲੋ ਖ਼ੈਰ ...।

ਬੇਬੇ ਚੁੱਪ ਹੋ ਗਈ। ਉਸਦਾ ਚਿਹਰਾ ਢਿੱਲਾ ਪੈ ਗਿਆ। ਸੁੰਗੜਿਆ ਮੱਥਾ ਸਾਫ ਹੁੰਦਾ ਲੱਗਿਆ। ਕੁਝ ਸੋਚ ਕੇ ਉਹ ਬੋਲੀ, “ਭਾਵੇਂ ਕੁਛ ਵੀ ਆ ਭਾਈ … ਕੇਰਾਂ ਅਸੀਂ ਓਹਨੂੰ ਸੱਦਾਂਗੇ ਜ਼ਰੂਰ।”

“ਸੱਦੋ ਬੇਬੇ … ਜੀਅ ਸਦਕੇ ਸੱਦੋ। ਜਦੋਂ ਜੱਜ ਨੇ ਬੁਲਾਈ ਆ, ਓਹਨੂੰ ਆਉਣਾ ਵੀ ਜ਼ਰੂਰ ਪਊ। ਮੈਂ ਵੀ ਇੱਦਾਂ ਈ ਚਾਹੁੰਨਾ … ਬੀ ਉਹ ਆਵੇ ਤੇ ਜੱਜ ਦੇ ਸਾਹਮਣੇ ਖੜ੍ਹੀ ਦੇ ਤੂੰ ਅੱਖਾਂ ਵਿੱਚ ਅੱਖਾਂ ਪਾ ਕੇ ਆਪਣਾ ਫੈਸਲਾ ਸੁਣਾਵੇਂ ਕਿ ਜੱਜ ਸਾਹਬ ਅਸੀਂ ਇਹਨੂੰ ਮਾਫ਼ ਕੀਤਾ। ਇਸੇ ਵਿੱਚ ਆਪਣੀ ਅਸਲ ਜਿੱਤ ਹੋਵੇਗੀ।” ਗੱਲ ਪੂਰੀ ਕਰ ਕੇ ਮੈਂ ਬੇਬੇ ਵੱਲ ਧਿਆਨ ਨਾਲ ਵੇਖਿਆ। ਉਸਦੀਆਂ ਨਿੱਕੀਆਂ ਅੱਖਾਂ ਵਿੱਚ ਸੂਰਜ ਵਰਗੀ ਚਮਕ ਆ ਗਈ ਸੀ।

ਮੰਜੇ ਉੱਤੇ ਬੈਠੀ ਬੇਬੇ ਨੇ ਆਪਣਾ ਕੁੱਬ ਮਾੜਾ ਜਿਹਾ ਸਿੱਧਾ ਕੀਤਾ। ਪਾਵੇ ਨਾਲ ਪਈ ਸੋਟੀ ਹੱਥ ਵਿੱਚ ਫੜਦੀ ਉਹ ਬੋਲੀ, “ਬਿਨਾਂ ਕੋਈ ਬਹਾਨਾ ਬਣਾਏ ਜੇ ਉਹ ਨੌਂ ਵਸਾਖ ਨੂੰ ਕਚਹਿਰੀ ਆ ਗਈ ਤਾਂ ਤੇਰੇ ਕਹਿਣ ਵਾਂਗ ਅਸੀਂ ਉਹਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮਾਫ਼ ਕਰ ਦਿਆਂਗੇ। ਨਹੀਂ ਫੇਰ ਅਗਲੀ ਪੇਸ਼ੀ ’ਤੇ ਸਹੀ …” ਹੱਥ ਵਿੱਚ ਫੜੀ ਸੋਟੀ ਦੋ ਵਾਰ ਠੱਕ ਠੱਕ ਧਰਤੀ ’ਤੇ ਵੱਜੀ, “… ਸਾਡੇ ਤਾਂ ਵੱਡੇ ਵਡੇਰੇ ਵੀ ਕਹਿ ਕੇ ਗਏ ਨੇ, ਸਜ਼ਾ ਦੇਣ ਵਾਲੇ ਨਾਲੋਂ ਮੁਆਫ਼ ਕਰ ਦੇਣ ਵਾਲਾ ਬਲੀ ਹੁੰਦਾ।” ਬੇਬੇ ਨੇ ਆਪਣੀ ਗੱਲ ਪੂਰੀ ਕਰ ਦਿੱਤੀ।

ਮੇਰੇ ਨਾਲ ਸਹਿਮਤ ਹੋਈ ਬੇਬੇ ਮੈਨੂੰ ਕੋਈ ਰੱਬੀ ਰੂਹ ਲੱਗੀ। ਮੇਰੀ ਅੰਤਰ ਆਤਮਾ ਵਿਦੇਸ਼ ਬੈਠੇ ਦੋਸਤ ਅਜੈਬ ਨੂੰ ਦੇਖ ਰਹੀ ਹੈ। ਮੈਂ ਚਾਹੁੰਨਾ ਭਾਰਤੀ ਸਟੇਟ ਉਸ ਨੂੰ ਤੇ ਉਸ ਵਰਗੇ ਹੋਰ ਅਨੇਕਾਂ ਲੋਕਾਂ ਨੂੰ, ਜਿਹਨਾਂ ਦੇ ਮਨ ਢਾਈ ਤਿੰਨ ਦਹਾਕਿਆਂ ਦੇ ਗੁਜ਼ਰ ਚੁੱਕੇ ਲੰਬੇ ਸਮੇਂ ਨੇ ਬਿਲਕੁਲ ਬਦਲ ਦਿੱਤੇ ਹਨ, ਨੂੰ ਵੀ ਮੁਆਫ ਕਰ ਦੇਵੇ ਤਾਂ ਕਿ ਉਹ ਆਪਣੀ ਜਨਮ ਭੋਏਂ ਦੀ ਮਿੱਟੀ ਨੂੰ ਚੁੰਮ ਸਕਣ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3487)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

Amarjit S Mann

Amarjit S Mann

Maur Kalan, Bathinda, Punjab, India.
Tel: (91 -94634 - 45092)
Email: (gbhd94@gmail.com)