GurdeepDhillon7“ਸਾਹਿਤ ਚੋਰਾਂ ਦੀ ਪਹਿਚਾਣ ਕਰਨੀ ਤੇ ਉਹਨਾਂ ਤੋਂ ਚੋਰੀ ਕਬੂਲ ਕਰਵਾਉਣਾ ...”
(ਨਵੰਬਰ 10, 2015)


ਮੇਰੇ ਹਿੱਸੇ ਦਾ ਅਦਬੀ ਸੱਚ: ਸਾਹਿਤ ਸੰਕਟ ਦੀ ਪੇਸ਼ਕਾਰੀ

ਨਿਰੰਜਣ ਬੋਹਾ ਸਾਹਿਤ ਸਿਰਜਣਾ ਅਤੇ ਸਾਹਿਤ ਸਮੀਖਿਆ ਦੇ ਖੇਤਰ ਵਿਚ ਘੱਟ ਪਰ ਪੁਖਤਾ ਲਿਖਣ ਵਾਲੇ ਉਹਨਾਂ ਲੇਖਕਾਂ ਵਿੱਚੋਂ ਹੈ ਜਿਨ੍ਹਾਂ ਨੇ ਆਪਣੀ ਪਹਿਚਾਣ ਬੁੱਧੀ/ਵਿਵੇਕ ਤੇ ਰਚਨਾਤਮਕ ਵਿਵੇਕ ਕਰਕੇ ਬਣਾਈ ਹੈ, ਜੁਗਾੜਬੰਦੀਆ ਕਰਕੇ ਨਹੀਂ ਮੰਡੀ ਦੇ ਛਲਾਵੇ ਛੜਯੰਤਰਾਂ ਨੇ ਸਮਕਾਲੀ ਸਾਹਿਤਕ ਦ੍ਰਿਸ਼ ਨੂੰ ਘਾੜਤ ਵੱਲ ਧਕੇਲਿਆ ਹੈ, ਜਿਸ ਨਾਲ ਸਾਹਿਤ ਰਚਨਾ ਦ੍ਰਿਸ਼ਟੀ ਤੇ ਲੇਖਕ ਦਾ ਜੀਵਨ ਪੱਧਰ ਪ੍ਰਭਾਵਿਤ ਹੋਇਆ ਹੈਨਵ ਘਾੜਤਾਂ ਦੇ ਬੜਬੋਲੇ ਹੁੱਲੜ ਨੇ ਸਿਰਜਣਕਾਰੀ ਅੰਦਰ ਭੁਲੇਖਾ ਪਾਊ ਪ੍ਰਪੰਚ ਜਾਂ ਸੰਕਟਮਈ ਸਥਿਤੀਆਂ ਖੜ੍ਹੀਆਂ ਕੀਤੀਆਂ ਹਨ

ਨਿਰੰਜਣ ਬੋਹਾ ਦੀ ਵਿਚਾਰ ਅਧੀਨ ਪੁਸਤਕ ‘ਮੇਰੇ ਹਿੱਸੇ ਦਾ ਅਦਬੀ ਸੱਚ’ ਇਹਨਾਂ ਭੁਲੇਖਾ ਪਾਊ ਪ੍ਰਪੰਚਾਂ ਤੇ ਸਾਹਿਤ ਸਿਰਜਣਕਾਰੀ ਦੇ ਪੰਡਤਾਊ ਮਾਹੌਲ ਨਾਲ ਨਜਿੱਠਦੀ ਹੈ ਬੋਹਾ ਦੀ ਸਿਰਜਣਕਾਰੀ ਸਾਹਿਤਕ ਰੁਝਾਣਾਂ ਦੇ ਕੱਚ ਸੱਚ ਨੂੰ ਮਰਿਆਦਾ ਪੂਰਵਕ/ਲਿਹਾਜ਼ਨੁਮਾ ਦ੍ਰਿਸ਼ਟੀ ਰਾਹੀਂ ਵੇਖਣ ਦੀ ਬਜਾਇ ਬੁੱਤ ਸ਼ਿਕਨ ਦ੍ਰਿਸ਼ਟੀ ਰਾਹੀਂ ਪਰਖਦੀ ਹੈ। ਅਜਿਹਾ ਕਰਦਿਆਂ ਉਹ ਪ੍ਰਸ਼ੰਸਾ ਦੀ ਬਜਾਇ ਬੇਬਾਕਪੁਣੇ ਦਾ ਰਾਹ ਅਖਤਿਆਰ ਕਰਦਾ ਹੈ ਵਾਰਤਿਕ ਸ਼ੈਲੀ ਪੱਖੋਂ ਰੈਟਰਿਕ ਭਾਸ਼ਾ ਨਹੀਂ, ਸਗੋਂ ਰਸਕਿਰਿਤ ਸ਼ੈਲੀ ਵਰਤਦਾ ਹੈ ਸਵੈ ਕਥਨ ਵਜੋਂ ਬੋਹਾ ਲਿਖਦਾ ਹੈ ਕਿ ਅਨੇਕਾਂ ਲੇਖਕਾਂ-ਪਾਠਕਾਂ ਨੇ ਇਸ ਕਾਲਮ ਦੀ ਸ਼ਲਾਘਾ ਕੀਤੀ ਹੈ ਪਰ ਗਿਣਤੀ ਦੇ ਚਾਰ ਪੰਜ ਦੋਸਤਾਂ ਨੇ ਉਸ ਨੂੰ ਕੌੜ ਭਰੇ ਸ਼ਬਦਾਂ ਵਾਲੇ ਉਲਾਂਭਿਆਂ ਨਾਲ ਵੀ ਨਿਵਾਜਿਆ ਹੈ ਵਿਵਾਦਗ੍ਰਸਤ ਸਾਹਿਤਕ ਮਸਲਿਆਂ ਬਾਰੇ ਲਿਖਣਾ, ਫੋਕੀਆਂ ਅਡੰਰਬਾਜ਼ੀਆਂ ਤੋਂ ਉੱਪਰ ਵਜੂਦ ਦੀ ਪ੍ਰਮਾਣਿਕਤਾ ਨੂੰ ਸਮਝਣਾ ਅਤੇ ਮੁੱਲਵਾਨ ਧਾਰਨਾਵਾਂ ਦੇਣੀਆਂ ਇਸ ਪੁਸਤਕ ਦੇ ਹਿੱਸੇ ਆਇਆ ਤੱਤਸਾਰ ਹੈ

ਇਸ ਪੁਸਤਕ ਵਿਚ ਸ਼ਾਮਿਲ ਸਵੈਜੀਵਨੀ ਮੂਲਕ ਲੇਖਾਂ ਵਿੱਚੋਂ ਬੋਹਾ ਦੇ ਨਿੱਜ ਦੀਆਂ ਤਲਖ ਹਕੀਕਤਾਂ ਤੇ ਸੰਘਰਸ਼ਾਂ ਦੀ ਭਰਵੀਂ ਝਲਕ ਮਿਲਦੀ ਹੈ ਖੇਡਣ ਦੀ ਉਮਰੇ ਉਹ ਸੋਕੜੇ ਦੀ ਬਿਮਾਰੀ ਦਾ ਸ਼ਿਕਾਰ ਹੋਇਆ ਤੇ ਬਾਦ ਵਿਚ ਕੁਝ ਵਰ੍ਹੇ ਹੀਣ ਭਾਵਨਾ ਦਾ। ਦੋਸਤਾਂ ਵੱਲੋਂ ਕੀਤੀ ‘ਪਹਿਲਵਾਨੀ’ ਦੀ ਟਿੱਚਰ ਨੇ ਉਸ ਨੂੰ ਸਾਹਿਤਕ ਖੇਤਰ ਦਾ ਪਹਿਲਵਾਨ ਬਣਾ ਦਿੱਤਾ ਹਮ ਜਮਾਤੀਆਂ ਵੱਲੋਂ ਪ੍ਰਗਟਾਈ ਡਾਕਟਰ ਇੰਜਨੀਅਰ ਜਾਂ ਫੌਜੀ ਬਣਨ ਦੀ ਇੱਛਾ ਦੇ ਸਮਰੂਪ ਬੋਹਾ ਨੇ ਲੇਖਕ ਜਾਂ ਫਿਲਾਸਫਰ ਬਨਣ ਦੀ ਇੱਛਾ ਪ੍ਰਗਟਾਈ ਬੋਹਾ ਤੋਂ ਬਾਘਾਪੁਰਾਣਾ ਦੇ ਪਰਵਾਸ ਨੇ ਉਸ ਨੂੰ ਨਵੇਂ ਰਾਹ ਦਿੱਤੇ ਤੇ ਇਹ ਰਾਹ ਹੀ ਉਸ ਲਈ ਸਾਹਿਤ ਸਿਰਜਣਾ ਦੀ ਚਿਣਗ ਬਣੇ ਬੋਹਾ ਮੰਨਦਾ ਹੈ ਕਿ ਜੇ ਉਸਦਾ ਬਾਘਾਪੁਰਾਣਾ ਵੱਲ ਜਾਣ ਦਾ ਸਬੱਬ ਨਾ ਬਣਦਾ ਤਾਂ ਸ਼ਾਇਦ ਉਸ ਅੰਦਰ ਪੈਦਾ ਹੋਇਆ ਲੇਖਕ ਛੇਤੀ ਹੀ ਦਮ ਤੋੜ ਜਾਂਦਾ।’

ਨਾਲ ਮਲੰਗਾਂ ਦੋਸਤੀ’ ਨੇ ਉਸ ਅੰਦਰਲੇ ਲਘੂ ਖਿਆਲਾਂ ਨੂੰ ਵਿਰਾਟ ਭਾਵੀ ਮੱਸ ਵਿਚ ਬਦਲਿਆ ਬੋਹਾ ਇਸ ਲੇਖ ਜ਼ਰੀਏ ਸਪਸ਼ਟੀਕਰਨ ਦੇਂਦਾ ਹੈ ਕਿ ਕਾਰਪੋਰੇਟ ਘਰਾਣਿਆ, ਯੂ. ਪੀ. ਏ, ਐਨ. ਡੀ. ਏ. ਆਮ ਆਦਮੀ ਪਾਰਟੀ ਤੇ ਖੱਬੇ ਪੱਖੀ ਪਾਰਟੀਆਂ ਦੀਆਂ ਆਰਥਿਕ ਨੀਤੀਆਂ ਦਾ ਫਰਕ ਜੇਕਰ ਉਹ ਸਮਝਣ ਯੋਗ ਹੋਇਆ ਹੈ ਤਾਂ ਉਸ ਦੀ ਬਾਘਾਪੁਰਾਣਾ ਵਿਚਲੀ ਫੋਟੋਗ੍ਰਾਫੀ ਦੀ ਦੁਕਾਨ ਵਿਚ ਆਉਂਦੇ ਜਿਉਂਦੇ ਭੂਤਾਂ ਕਾਰਨ ਹੀ ਹੋਇਆ ਹੈ ਆਪਣੀ ਕਹਿਣੀ ਅਤੇ ਕਰਨੀ ਵਿਚ ਸੁਰਤਾਲ ਰੱਖਣ ਵਾਲਿਆਂ ਨੂੰ ਮਲੰਗਾਂ ਦਾ ਤਖੱਲਸ ਦੇਣਾ ਆਪਣੇ ਆਪ ਵਿਚ ਇਕ ਵੱਡੀ ਪ੍ਰਾਪਤੀ ਹੈ ਅਤੇ ਉਸ ਲਈ ਮਸਤ ਮਲੰਗੀ ਦੇ ਖੇਤਰ ਵਿਚ ਝੂਠੀ ਸ਼ੋਹਰਤ ਦੀ ਬਜਾਇ ਸਾਹਿਤਕ ਮੱਸ ਰੱਖਣ ਵਾਲੇ (ਨਾਮਵਰ ਲੇਖਕ) ਫਕੀਰ ਹੀ ਆਉਂਦੇ ਹਨ

ਕਰੜ ਬਰੜੀਆਂ ਅਤੇ ਕੱਚ ਘਰੜ ਲਿਖਤਾਂ ਦੀ ਬਜਾਇ ਕੱਥ ਅਤੇ ਵੱਥ ਪੱਖੋਂ ਗੁਣਵਤਾ ਭਰੀ ਸਾਹਿਤਕ ਰਚਨਾ ਆਪਣਾ ਪਰਚਾਰ ਆਪ ਕਰਦੀ ਹੈ ਡੁਗਡੁਗੀ ਵਜਾ ਕੇ ਸਵੈ ਪ੍ਰਗਟਾ ਦਾ ਵਿਮੋਚਨ ਕਰਨ ਵਾਲੇ ਸਾਹਿਤਕਾਰਾਂ ਦਾ ਅਸਲ ਇਸ ਪੁਸਤਕ ਦੇ ਲੇਖ ‘ਲੇਖਕ ਬਨਾਮ ਪਾਠਕ’ ਅਤੇ ‘ਲੇਖਕ ਹੋਣ ਦਾ ਭਰਮ’ ਰਾਹੀਂ ਚੰਗੀ ਤਰ੍ਹਾਂ ਰੂਪਮਾਨ ਹੋ ਜਾਂਦਾ ਹੈ। ਲੇਖ ‘ਪੰਜਾਬੀ ਲੇਖਕਾਂ ਸੰਗ ਵਿਚਰਦਿਆਂ’ਅਨੁਸਾਰ ਬੋਹਾ ਨੇ ਘਰ ਫੂਕ ਤਮਾਸ਼ਾ ਵੀ ਵੇਖਿਆ ਹੈ ਤੇ ਪੰਜਾਬੀ ਲੇਖਕਾਂ ਦੀਆ ਸਿਧਾਂਤਕ ਜੁਗਾਲ਼ੀਆਂ ਅਤੇ ਵਿਵਹਾਰਕ ਅਮਲ ਦਾ ਰਹੱਸ ਵੀ ਜਾਣਿਆ ਹੈ ਬੋਹਾ ਦਾ ਵਿਚਾਰ ਹੈ ਕਿ ਕੁਝ ਲੇਖਕ (ਖਾਸ ਤੌਰ ’ਤੇ ਕਵੀ) ਹਰ ਸਮੇਂ ਆਪਣੇ ਲੇਖਕ ਹੋਣ ਦਾ ਭਰਮ ਪਾਲ਼ੀ ਰੱਖਦੇ ਹਨ ਉਹਨਾਂ ਦਾ ਦਾਅਵਾ ਹੁੰਦਾ ਹੈ ਕਿ ਉਹ ਕਵਿਤਾ ਲਿਖਦੇ ਹੀ ਨਹੀਂ, ਸਗੋਂ ਕਵਿਤਾ ਜਿਉਂਦੇ ਵੀ ਹਨ। ਇਸ ਪ੍ਰਸੰਗ ਦੀ ਪੜਚੋਲ ਕਰਦਿਆਂ ਉਹ ਅਨੇਕਾਂ ਅਜਿਹੇ ਲੇਖਕਾਂ ਨੂੰ ਬੇ-ਪਰਦ ਕਰਦਾ ਹੈ, ਜੋ ਨਸ਼ਿਆਂ ਦੇ ਆਦੀ ਹਨ ਅਤੇ ਔਰਤ ਪ੍ਰਤੀ ਅਵੈੜਪੁਣਾ ਰੱਖਦੇ ਹਨ ਦੂਜੇ ਪਾਸੇ ਉਹ ਕੁਝ ਸਾਹਿਤਕ ਜੋੜੀਆਂ ਦੀ ਪ੍ਰਸ਼ੰਸਾ ਵੀ ਕਰਦਾ ਹੈ। ਭੁਲੇਖਾਕਾਰੀ ਦਾ ਪ੍ਰਪੰਚ ਸਿਰਜਣ ਵਾਲੇ ਅਖੌਤੀ ਸਾਹਿਤਕਾਰਾਂ ਦਾ ਪੰਜਾਬੀ ਪ੍ਰਤੀ ਮੋਹ ਸਦੀਵੀ ਹੈ ਜਾਂ ਛਿਣ ਭਰ ਦਾ, ਇਸ ਪੁਸਤਕ ਵਿੱਚੋਂ ਉਸਦੀ ਵਾਸਤਵਿਕਤਾ ਸਾਹਮਣੇ ਆਉਂਦੀ ਹੈ।

ਰੇਖਾ ਚਿੱਤਰ ਨੁਮਾ ਆਰਟੀਕਲ ‘ਵਿਵਾਦ ਤੋਂ ਉਪਜਿਆ ਵਿਵਾਦ = ਡਾ. ਤੇਜਵੰਤ ਮਾਨ ਵਾਦ’ ਤੇ ‘ਇਕ ਹੁੰਦਾ ਸੀ ਪਾਲੀ ਉਰਫ ਮਿੰਨੀ ਮੰਟੋ’ਕੁਝ ਲਿਹਾਜ਼ ਨੁਮਾ ਲੇਖ ਜਾਪਦੇ ਹਨ ਲੇਖਕ ਅਨੁਸਾਰ ਪੁਆੜੇ ਹੱਥੀ ਆਲੋਚਨਾ ਦਾ ਸਿਰਜਕ ਡਾ. ਮਾਨ ਆਪਣੇ ਆਪ ਵਿੱਚ ਹੀ ਇਕ ਵਾਦ ਹੈ ਤੇ ਅਜੋਕੇ ਉੱਤਰ ਆਧੁਨਿਕਤਾ ਦੇ ਦੌਰ ਵਿਚ ਵੀ ਉਸਦਾ ਮਾਰਕਸਵਾਦ ਪ੍ਰਸੰਗਿਕ ਹੈ ਇਹ ਲੇਖ ਮਾਨ ਦੀ ਵਿਚਾਰਧਾਰਾ ਨੂੰ ਮਕੁੰਮਲ ਵਾਦ ਨਿਸਚਿਤ ਕਰਦਾ ਹੈ ਯੂਨੀਵਰਸਟੀਆਂ ਦੇ ਵਿਦਵਾਨਾਂ ਵੱਲੋਂ ਉਸ ਬਾਰੇ ਧਾਰੀ ਸ਼ਾਜਿਸੀ ਚੁੱਪ ਉਸਦੇ ਵਿਪੱਖ ਦਾ ਸੂਚਕ ਹੈ ਹਰਪਾਲਜੀਤ ਪਾਲੀ ਉਰਫ ਮਿੰਨੀ ਮੰਟੋ ਨਾਲ ਸਬੰਧਤ ਲੇਖ ਵਿਚ ਉਹ ਉਸਦੀ ਅਵਾਰਗੀ, ਬੇ-ਸਿਰਨਾਵੀਂ ਭਟਕਣਾ, ਉਸਦੇ ਸਾਹਿਤਕ ਅਤੇ ਅਕਾਦਿਮਕ ਸਫਰ ਦੀ ਦ੍ਰਿਸ਼ਕਾਰੀ ਕਰਦਾ ਹੈ। ਮੰਟੋ ਵਾਂਗ ਉਸ ਦੇ ਸਾਹਿਤਕ ਵੱਥ ਉੱਪਰ ਅਸ਼ਲੀਲਤਾ ਦਾ ਦੋਸ਼ ਲੱਗਿਆ, ਪਰ ਉਹ ਬੇ-ਪ੍ਰਵਾਹ ਫਕੀਰ ਦਰਿਆਈ ਪਾਣੀਆਂ ਵਾਂਗ ਵਹਿੰਦਾ ਰਿਹਾ ਬੋਹਾ ਇਕੱਲਤਾ ਵਿੱਚੋਂ ਉਸਦੀ ਜਿੰਦਗੀ ਦੇ ਅਰਥ ਤਲਾਸ਼ਦਾ ਹੈ। ਨਿਰੰਜਣ ਬੋਹਾ ਨਾਲ ਉਸਦੀ ਸਾਂਝ ਸਦੀਵੀ ਹੈ, ਇਸ ਗੱਲ ਦਾ ਸੂਚਕ ਉਸ ਵੱਲੋਂ ਲਿਖੇ ਲਫਜ਼ਾਂ ਨੂੰ ਨਿੱਜੀ ਲਾਇਬਰੇਰੀ ਵਿਚ ਸੰਭਾਲ ਕੇ ਰੱਖਣਾ ਹੈ

ਨਿਰੰਜਣ ਬੋਹਾ ਰੀਵੀਊਕਾਰੀ ਦੇ ਖੇਤਰ ਵਿਚ ਜਾਣਿਆ ਪਹਿਚਾਣਿਆ ਨਾਂ ਹੈ। ਇਸ ਪੁਸਤਕ ਵਿਚਲਾ ‘ਲੇਖ ਸਾਹਿਤ ਚੋਰਾਂ ਨਾਲ ਨਜਿੱਠਦਿਆਂ’ ਉਸਦੀ ਗੰਭੀਰਤਾ ਨੂੰ ਹੋਰ ਗੰਭੀਰ ਬਣਾਉਂਦਾ ਹੈ ਸਾਹਿਤ ਚੋਰਾਂ ਦੀ ਪਹਿਚਾਣ ਕਰਨੀ ਤੇ ਉਹਨਾਂ ਤੋਂ ਚੋਰੀ ਕਬੂਲ ਕਰਵਾਉਣਾ ਵੱਡੀ ਪ੍ਰਾਪਤੀ ਹੈ ਇਸ ਤਰ੍ਹਾਂ ਮੁੱਲ ਦੀ ਲੜਾਈ ਲੈਣਾ ਸਿਰਫ ਬੋਹਾ ਦੇ ਹਿੱਸੇ ਹੀ ਆਇਆ ਹੈ। ਇਹ ਗੱਲਾਂ ਬੋਹਾ ਦੀ ਤੀਖਣ ਸਾਹਿਤਕ ਸੂਝਬੂਝ ਦਾ ਪ੍ਰਮਾਣ ਦੇਂਦੀਆਂ ਹਨ। ਸਾਹਿਤ ਵਿਚ ਚੋਰੀ ਦੇ ਰੁਝਾਣ ਨੂੰ ਰੋਕਣ ਲਈ ਬੋਹਾ ਵਰਗੇ ਬੇਬਾਕ ਰੀਵੀਊਕਾਰ ਦੀ ਲੋੜ ਹੈ, ਉਹਨਾਂ ਦੀ ਨਹੀਂ ਜੋ ਸੁੰਘ ਕੇ ਰੀਵਿਊ ਕਰਦੇ ਹਨ

‘ਬੇਬੇ ਵੱਲੋਂ ਮਿੰਦੂ ਪੁੱਤ ਦੀ ਕਿਤਾਬ ਦਾ ਵਿਮੋਚਨ’ ਅਤੇ ‘ਕਿਵੇਂ ਪਿੰਡ ਪਿੰਡ ਪਹੁੰਚੇ ਸਾਹਿਤਕ ਲਹਿਰ’ ਦੋਵੇਂ ਲੇਖ ਸਾਹਿਤਕ ਗੋਸ਼ਟੀਆਂ ਦਾ ਉਸਾਰੂ ਮਾਡਲ ਸਿਰਜਦੇ ਹਨ। ਜਿਹਨਾਂ ਪੇਂਡੂ ਪਾਠਕਾਂ ਨੂੰ ਲੱਗਦਾ ਹੈ ਕਿ ਸਾਹਿਤ ਸਿਰਜਣਾ ਪੈਸੇ ਦਾ ਵਰਤਾਰਾ ਹੈ, ਉਹਨਾਂ ਦਾ ਭਰਮ ਦੂਰ ਹੁੰਦਾ ਹੈ। ਦੂਜਾ, ਪੁਸਤਕਾਂ ਤੋਂ ਡਰਨ ਦੀ ਬਜਾਇ ਪੜ੍ਹਨ ਦੀ ਬਿਰਤੀ ਪੈਦਾ ਹੁੰਦੀ ਹੈ। ਸਾਹਿਤਕ ਕਿਰਤਾਂ ਵਿਚਲੇ ਪਾਤਰਾਂ ਨਾਲ ਪਿੰਡ ਪਿੰਡ ਜਾ ਕੇ ਸੰਵਾਦ ਰਚਾਉਣਾ ਅਸਲੋਂ ਨਿਵੇਕਲਾ ਵਰਤਾਰਾ ਹੈ। ਹਰਮੋਹਿੰਦਰ ਚਾਹਲ ਦੇ ਕਹਾਣੀ ਸੰਗ੍ਰਹਿ ਦੀ ਉਸ ਦੀ ਮਾਂ ਦੇ ਹੱਥੋਂ ਘੁੰਡ ਚੁਕਾਈ ਕਰਨਾ ਤੇ ਮਾਂ ਵੱਲੋਂ ਅਲੋਚਕਾ ਦੇ ਸਿਰ ਉੱਪਰੋਂ ਪੰਜਾਹ ਪੰਜਾਹ ਰੁਪਏ ਦੇ ਨੋਟ ਵਾਰਣਾ ਤੇ ਪਿੰਡਾਂ ਵਿਚ ਗੋਸ਼ਟੀਆਂ ਰੱਖਣਾ ਸਾਹਿਤ ਖੇਤਰ ਦੀਆਂ ਪ੍ਰੇਰਣਾ ਦਾਇਕ ਘਟਨਾਵਾਂ ਹਨ।

ਗਿੱਦੜਬਾਹਾ ਦੇ ਖੇਤਰ ਦੇ ਪਿੰਡ ਮਾਹੂਆਣਾ ਵਿਚ ਸਾਹਿਤ ਪ੍ਰਤੀ ਪਿੰਡ ਦੀ ਪੰਚਾਇਤ ਵੱਲੋਂ ਵਿਖਾਈ ਦਿਲਚਸਪੀ ਤੇ ਪਹਿਲਕਦਮੀ ਵੀ ਅਸਲੋਂ ਨਵੀਆਂ ਪਿਰਤਾਂ ਹਨ। ਅਨਪੜ੍ਹ ਪੰਚਾਇਤ ਮੈਂਬਰਾਂ ਦਾ ਗੋਸ਼ਟੀ ਵਿਚ ਆਉਣਾ, ਪੰਜਾਬੀਆਂ ਦੀ ਸਾਹਿਤ ਵਿਚ ਦਿਲਚਸਪੀ ਨਾ ਰੱਖਣ ਬਾਰੇ ਬਣੀ ਧਾਰਨਾ ਨੂੰ ਤੋੜਦਾ ਹੈ। ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਦੇ ਘਰਾਂ ਵਿਚ ਖੁਸ਼ਹਾਲੀ ਦਾ ਪੱਧਰ ਦਾਰੂ ਦੇ ਬਰੈਂਡਾ ਤੋਂ ਲਾਇਆ ਜਾਂਦਾ ਹੈ, ਘਰ ਵਿਚਲੀਆਂ ਕਿਤਾਬਾਂ ਤੋਂ ਨਹੀਂ। ਨਿਰੰਜਣ ਬੋਹਾ ਵੱਲੋਂ ਪੰਚਾਇਤ ਮੈਂਬਰੀ ਦੌਰਾਨ ਪਿੰਡ ਵਿਚ ਲਾਇਬਰੇਰੀ ਖੁੱਲ੍ਹਵਾਉਣਾ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਦਾ ਯਤਨ ਹੈ। ਬੋਹਾ ਪੁਸਤਕ ਸਭਿਆਚਾਰ ਨੂੰ ਸਮਾਜਿਕ ਲੋੜ ਵਜੋਂ ਉਭਾਰਦਾ ਹੈ ਪਰ ਇਕਹਿਰੇ ਵਿਅਕਤੀਗਤ ਯਤਨ ਨਾਲ ਸੰਭਵ ਨਹੀਂ, ਸਗੋਂ ਸੰਸਥਾ ਮੂਲਕ ਕਾਰਜ ਹੈ।

‘ਪਹਾੜਾਂ ’ਤੇ ਹੁੰਦੀਆਂ ਗੋਸ਼ਟੀਆਂ’, ‘ਸਾਹਿਤਕ ਗੋਸ਼ਟੀਆਂ ਵਿਚ ਗਾਇਬ ਹੋ ਰਿਹਾ ਗੋਸ਼ਟ’, ‘ਸਾਹਿਤਕ ਖੇਤਰ ਦੇ ਹਾਜ਼ਰੀ ਲੁਆਊ ਬੁਲਾਰੇ’, ‘ਸਾਹਿਤ ਦੀ ਮੂਲ ਭਾਵਨਾ ਨਾਲੋਂ ਟੁੱਟਦਾ ਜਾ ਰਿਹਾ ਲੇਖਕ’ ਅਤੇ ‘ਸਾਹਿਤਕ ਗੋਸ਼ਟੀਆਂ ਦੇ ਵਹਿਣ’ ਆਦਿ ਲੇਖਾਂ ਵਿਚ ਸਾਹਿਤ ਦੀਆਂ ਭਵਿੱਖੀ ਸੰਭਾਵਨਾਂ ਤੇ ਸੀਮਾਵਾਂ ਦਾ ਚਿੰਤਨ ਸਮੋਇਆ ਹੈ। ਸਵਾਲ ਬਣਦਾ ਹੈ ਕਿ ਕੀ ਦੀਵਾ ਬਲੇ ਸਾਰੀ ਰਾਤ ਵਾਲੀਆਂ ਗੋਸ਼ਟੀਆਂ ਵਿਚਲਾ ਗੋਸ਼ਟ ਤੇ ਪਹਾੜਾਂ ਵਾਲੀਆਂ ਗੋਸ਼ਟੀਆਂ ਦਾ ਗੋਸ਼ਟ ਵੱਖਰਾ ਹੈ? ਜੇ ਵੱਖਰਾ ਹੈ ਤਾਂ ਕਿਵੇਂ? ਬੋਹਾ ਇਹਨਾਂ ਸਵਾਲਾਂ ਦੇ ਉੱਤਰ ਦੇਣ ਲਈ ਹੀ ਇਹਨਾਂ ਲੇਖਾਂ ਦੀ ਸਿਰਜਣਾ ਕਰਦਾ ਹੈ। ਪਹਾੜਾਂ ਉੱਪਰ ਹੋਣ ਵਾਲੀਆਂ ਗੋਸ਼ਟੀਆਂ ਸਾਹਿਤਕਾਰਾਂ ਅੰਦਰ ਭਰਮ ਸਿਰਜਦੀਆਂ ਹਨ। ਬਹੁਤੇ ਲੇਖਕ ਇਸ ਬਹਾਨੇ ਪਹਾੜਾਂ ਦੀ ਸੈਰ ਦਾ ਬਹਾਨਾ ਲੱਭਦੇ ਹਨ। ਗੋਸ਼ਟੀ ਖਤਮ ਹੋਣ ’ਤੇ ਪੰਡਤਾਊ ਅਡੰਬਰੀ ਭਾਰੂ ਹੋ ਜਾਂਦੀ ਹੈ। ਬੋਹਾ ਦਾ ਮੰਨਣਾ ਹੈ ਕਿ ਸਾਡੀਆਂ ਅਜੋਕੀਆਂ ਗੋਸ਼ਟੀਆਂ ਦਾ ਸਰੂਪ ਅਡੰਬਰੀ, ਸਵੈ ਪ੍ਰਸ਼ੰਸਾ ਵਾਲਾ ਤੇ ਸੰਵੇਦਨਾ ਰਹਿਤ ਬਣਦਾ ਜਾ ਰਿਹਾ ਹੈ। ਇਹ ਸਮਕਾਲ ਦਾ ਵੱਡਾ ਫਿਕਰ ਹੈ। ਡੰਗ ਟਪਾਊ ਆਲੋਚਕ ਅਤੇ ਲੇਖਕ ਅਜਿਹੀਆਂ ਗੋਸ਼ਟੀਆਂ ਦਾ ਨਿੱਘ ਜ਼ਿਆਦਾ ਮਾਣਦੇ ਹਨ, ਜਿੱਥੇ ਮਾਣ ਸਨਮਾਨ ਅਤੇ ਸ਼ੋਹਰਤ ਮਿਲੇ। ਬੋਹਾ ਦਾ ਇੰਨਾ ਬਾਗੀ ਹੋ ਕੇ ਇਹ ਗੱਲ ਕਹਿਣਾ ਸਾਹਿਤਕ ਦੁਸ਼ਮਣ ਪੈਦਾ ਕਰਨ ਦੇ ਬਰਾਬਰ ਹੈ। ਰਚਨਾਕਾਰ ਕੇਂਦਰਿਤ ਗੋਸ਼ਟੀਆਂ ਜਾਂ ਤਾਂ ਪ੍ਰਸ਼ੰਸਾਮਈ ਬਣਦੀਆਂ ਹਨ ਜਾਂ ਨਿੰਦਾਜਨਕ।

ਪਰਵਾਸੀ ਲੇਖਕਾਂ ਨਾਲ ਫੋਟੋਆਂ ਖਿਚਵਾ ਕੇ ਆਪਣੇ ਆਪ ਨੂੰ ਲੇਖਕ ਮੰਨਣ ਵਾਲਿਆਂ ਦਾ ਬੋਹਾ ਬੇਝਿਜਕ ਹੋ ਕੇ ਪਰਦਾ ਫਾਸ਼ ਕਰਦਾ ਹੈ। ਉਹ ਇਹ ਐਲਾਨ ਵੀ ਕਰਦਾ ਹੈ ਕਿ ਗੋਸ਼ਟੀਆਂ ਵਿਚ ਡੰਗ ਟਪਾਊ ਜ਼ਿਆਦਾ ਅਤੇ ਗਹਿਰ ਗੰਭੀਰ ਪਾਠਕ ਅਤੇ ਲੇਖਕ ਘੱਟ ਹੁੰਦੇ ਹਨ। ਉਸ ਨੂੰ ਸਾਹਿਤਕ ਗੋਸ਼ਟੀਆਂ ਵਿਚ ਹਾਜਰੀ ਲਵਾ ਕਿ ਡੰਗ ਟਪਾਉਣ ਵਾਲੇ ਲੇਖਕਾਂ ਤੋਂ ਚਿੜ ਹੈ।

ਵਿਸ਼ਵ ਪੱਧਰ ’ਤੇ ਧੜਾਧੜ ਛਾਪੀਆਂ ਜਾ ਰਹੀਆਂ ਪੁਸਤਕਾਂ, ਜਿਨ੍ਹਾਂ ਵਿਚ ਸਾਹਿਤ ਵਰਗੀ ਕੋਈ ਗੱਲ ਨਹੀਂ ਹੁੰਦੀ, ਉਸਦੀਆਂ ਨਜ਼ਰਾਂ ਵਿੱਚ ਸਾਹਿਤਕ ਪ੍ਰਦੂਸ਼ਨ ਹੈ। ਪੁਸਤਕਾਂ ਦੇ ਢੇਰ ਸਾਹਮਣੇ ਖੜ੍ਹਾ ਬੰਦਾ ਸਮਝਦਾ ਹੈ ਕਿ ਖੇਤੀ ਵਾਂਗ ਇਹ ਵੀ ਉਤਪਾਦਨ ਹੋ ਰਿਹਾ ਹੈ। ਪਰ ਇਸ ਪ੍ਰਦੂਸ਼ਨ ਵਿਚ ਨਾਮਵਰ ਲੇਖਕਾਂ ਦੀ ਵੀ ਹਿੱਸੇਦਾਰੀ ਹੈ। ਇਨਾਮ ਹਾਸਿਲ ਕਰਨ ਲਈ ਲੇਲੜੀਆਂ ਕੱਢਣਾ, ਜਾਣ ਬੁੱਝ ਕੇ ਅਸ਼ਲੀਲਤਾ ਪਰੋਸਣਾ, ਮਰਦ ਲੇਖਕਾਂ ਦਾ ਜੁਆਨ ਕੁੜੀਆਂ ਪ੍ਰਤੀ ਅਵੈੜਪੁਣਾ ਵੀ ਉਸ ਲਈ ਸਾਹਿਤਕ ਪ੍ਰਦੂਸ਼ਨ ਦੇ ਅਰਥ ਰੱਖਦਾ ਹੈ। ਬੋਹਾ ਇਨ੍ਹਾਂ ਲੇਖਾਂ ਵਿਚ ਸਮੇਂ ਤੋਂ ਜੁਆਬ ਮੰਗਦਾ ਹੈ।

ਇਹ ਪੁਸਤਕ ਸਮਕਾਲੀ ਸਾਹਿਤ ਦਾ ਹਾਸਿਲ ਹੈ। ਇਸ ਵਿਚਲੇ ਲੇਖਾਂ ਦੀ ਸੁਰ ਭਾਵੇਂ ਭਾਸ਼ਣੀ ਹੈ, ਪਰ ਸ਼ੈਲੀ ਸੁਹਜ ਸੁਆਦ ਵਾਲੀ ਅਤੇ ਵਿਅੰਗਭਾਵੀ ਹੈ। ਵਾਰਤਕ ਖੇਤਰ ਵਿਚ ਅਜਿਹੀਆਂ ਲਿਖਤਾਂ ਥੋੜ੍ਹੀਆਂ, ਪਰ ਮੁੱਲਵਾਨ ਹਨ। ਇਸ ਪੁਸਤਕ ਦਾ ਹਾਰਦਿਕ ਸੁਆਗਤ ਹੈ।

*****

ਪੰਨੇ: 104   ਮੁੱਲ:120 ਰੁਪਏ
ਪੰਜਾਬੀ ਪਬਲੀਕੇਸ਼ਨਜ਼, ਬਾਲੀਆਂ ਕਲਾਂ, (ਸੰਗਰੂਰ) ਪੰਜਾਬ।

(102)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਪ੍ਰੋ. ਗੁਰਦੀਪ ਸਿੰਘ ਢਿੱਲੋਂ

ਪ੍ਰੋ. ਗੁਰਦੀਪ ਸਿੰਘ ਢਿੱਲੋਂ

Guru Nanak College, Budhlada, Mansa, Punjab, India.
Email: (gurdeepsingh478@yahoo.com)