HarjinderKang2ਹਰ ਬੰਦਾ ਹੀ ਇਕ ਮਸ਼ੀਨੀ ਪੁਰਜ਼ੇ ਵਾਂਗੂੰ ਭਾਸੇ
ਗੁੰਗੀ ਪੀੜ ਹੰਢਾਉਂਦੇ ਲੋਕੀਂ ਖੁਸ਼ੀਉਂ ਸੱਖਣੇ ਹਾਸੇ।”
(ਅਗਸਤ 26, 2015)

 

                     1.

ਇੱਥੇ  ਕੁਝ ਏਦਾਂ ਹਨ ਯਾਰੋ ਜੀਵਨ ਦੇ ਹਾਲਾਤ।
ਤਰਲੇ ਵਰਗਾ ਦਿਨ ਚੜ੍ਹਦਾ ਹੈ ਹਉਕੇ ਵਰਗੀ ਰਾਤ।

ਕੁਝ ਕੂੜੇ ’ਚੋਂ ਰੋਟੀ ਲੱਭਣ ਸੌਣ ਪੁਲਾਂ ਦੇ ਥੱਲੇ।
ਕੁਝ ਦੇ ਹੇਠ ਗਰੀਬੀ ਵਾਲੀ ਰੇਖਾ ਦਾ ਸਾਹ ਚੱਲੇ।

ਜਿਣਸਾਂ ਜਿਸਮਾਂ ਦੀ ਮੰਡੀ ਹੈ ਖੁੱਲ੍ਹਮ-ਖੁੱਲ੍ਹ ਹਜ਼ੂਰ
ਹਰ ਰਿਸ਼ਤੇ ਵਿਚ ਹੋ ਜਾਂਦੀ ਪਰ ਇੱਥੇ ਕੰਧ ਜ਼ਰੂਰ

ਹਰ ਬੰਦਾ ਹੀ ਚੁੱਕੀ ਫਿਰਦੈ ਸੈਆਂ ਰੰਗ ਸੰਧੂਰੀ
ਫਿਰ ਵੀ ਹਰ ਚਿਹਰਾ ਲਗਦਾ ਹੈ ਇਕ ਤਸਵੀਰ ਅਧੂਰੀ

ਵਕਤ ਨਹੀਂ ਤਾਂ ਬੇਅਰਥਾ ਸਭ ਸੁੱਖਾਂ ਦਾ ਸਾਮਾਨ
ਕੀ ਕਰੇਗੀ ਮਖ਼ਮਲ ਨੂੰ ਇਹ ਸੂਲੀ ਟੰਗੀ ਜਾਨ

ਹਰ ਬੰਦਾ ਹੀ ਇਕ ਮਸ਼ੀਨੀ ਪੁਰਜ਼ੇ ਵਾਂਗੂੰ ਭਾਸੇ
ਗੁੰਗੀ ਪੀੜ ਹੰਢਾਉਂਦੇ ਲੋਕੀਂ ਖੁਸ਼ੀਉਂ ਸੱਖਣੇ ਹਾਸੇ।

ਬਹੁਤਾ ਕੀ ਬਸ ਲੋਕਾਂ ਬਾਰੇ ਮੈਂ ਇੰਨਾ ਹੀ ਕਹਿ ਸਕਦਾ ਹਾਂ
ਕਾਗਜ਼ ਉੱਤੇ ਰੁੱਖ ਬਣਾ ਕੇ ਲੱਭਦੇ ਫਿਰਦੇ ਨੇ ਇਹ ਛਾਂ।

                         **

                        2.

ਬਦਲ ਦਿੱਤੇ ਕਿਸੇ ਨੇ ਇਸ ਤਰ੍ਹਾਂ ਹਾਲਾਤ ਅਜ ਕਲ੍ਹ।
ਰਹੇ ਘੁੰਮਦੀ ਦਿਨੇ ਵੀ ਇਕ ਭਿਆਨਕ ਰਾਤ ਅਜ ਕਲ੍ਹ।

ਦਿਸੇ ਦਿਨ ਡੁੱਬਦਾ ਚੜ੍ਹਦਾ ਦਿਸੇ ਨਾ ਪਰ ਕਦੇ ਹੁਣ,
ਦੁਪਹਿਰਾ ਸਿਖ਼ਰ, ਲੌਢਾ ਪਹਿਰ ਤੇ ਪ੍ਰਭਾਤ ਅਜ ਕਲ੍ਹ।

ਵਧੇ ਗੱਲਬਾਤ ਦੇ ਸਾਧਨ ਦਿਲਾਂ ਦੀ ਗੱਲ ਘਟ ਗਈ,
ਜ਼ਰੂਰਤ ਤਕ ਸਿਮਟ ਕੇ ਰਹਿ ਗਈ ਗੱਲਬਾਤ ਅਜ ਕਲ੍ਹ।

ਡਰਾਵੇ ਮੌਤ ਦੇ, ਦੇ ਕੇ ਉਨ੍ਹਾਂ ਨੂੰ ਕੀ ਕਰੋਗੇ,
ਜਿਨ੍ਹਾਂ ਲਈ ਜ਼ਿੰਦਗੀ ਤੇ ਮੌਤ ਇੱਕੋ ਬਾਤ ਅਜ ਕਲ੍ਹ।

ਫਿਰੇ ਬੇਖ਼ੌਫ਼ ਬੰਨ੍ਹੀ ਹੁਣ ਦੁਆਲੇ ਆਪਣੇ ਬੰਦਾ,
ਭਲਾ ਕੀ ਰਹਿ ਗਈ ਹੈ ਮੌਤ ਦੀ ਔਕਾਤ ਅਜ ਕਲ੍ਹ।

ਤਰੀਕੇ ਜਸ਼ਨ ਦੇ ਸਾਡੇ ਨਗਰ ਹੁਣ ਨੇ ਨਿਆਰੇ,
ਸਿਰਾਂ ’ਤੇ ਬੰਨ੍ਹ ਕੇ ਕੱਫਣ ਚੜ੍ਹੇ ਬਾਰਾਤ ਅਜ ਕਲ੍ਹ।

ਉਹ ਪਹਿਲਾਂ ਜਿੰਦਗੀ ਬਾਰੂਦ ਦੇ ਢੇਰਾਂ ’ਤੇ ਰੱਖ ਕੇ,
ਮਿਸ਼ਾਲਾਂ ਬਲਦੀਆਂ ਫਿਰ ਭੇਜਦੇ ਸੌਗਾਤ ਅਜ ਕਲ੍ਹ।

                       **

                      3.

ਏਸ ਨਗਰ ਹਰ ਦਿਲ ਪੱਥਰ, ਅੱਖ ਗਰਜਾਂ ਮਾਰੀ ਮਿਲਦੀ ਏ।
ਦਰ ਦਸਤਕ ਨੂੰ ਤਰਸ ਰਹੇ, ਨਾ ਖੁੱਲ੍ਹੀ ਬਾਰੀ ਮਿਲਦੀ ਏ।

ਖਿੜੀਆਂ ਧੁੱਪਾਂ ਮਾਨਣੀਆਂ ਹੁਣ ਸਾਡੇ ਲੇਖੀਂ ਨਾ ਰਹੀਆਂ,
ਸੁਬਹ ਉਨੀਂਦੀ ਸ਼ਾਮ ਅਸਾਂ ਨੂੰ ਥੱਕੀ ਹਾਰੀ ਮਿਲਦੀ ਏ।

ਲੋਕਾਂ ਦੇ ਕੰਗਾਲ ਦਿਲਾਂ ’ਚੋਂ ਤੂੰ ਕਿਉਂ ਮੁਹੱਬਤ ਭਾਲ ਰਿਹੈਂ,
ਗ਼ੈਰ ਕੁਦਰਤੀ ਦੁਨੀਆਂ ਵਿਚ ਹਰ ਸ਼ੈ ਬਾਜ਼ਾਰੀ ਮਿਲਦੀ ਏ।

ਪੰਛੀ ਕੀ ਪਰਦੇਸ ਗਏ ਤਿਰਕਾਲਾਂ ਗੁੰਗੀਆਂ ਹੋ ਗਈਆਂ,
ਸੁੰਨ-ਮ-ਸੁੰਨੀਆਂ ਛੱਤਾਂ ’ਤੇ ਬਸ ਚੋਗ ਖਿਲਾਰੀ ਮਿਲਦੀ ਏ।

ਜ਼ਖ਼ਮੀ ਹੋ ਕੇ ਬੈਠ ਗਈ ਏ ਮੇਰੇ ਮੋਹ ਦੀ ਗਲਵਕੜੀ,
ਹਰ ਬੰਦੇ ਦੇ ਆਸੇ ਪਾਸੇ ਚਾਰ ਦਿਵਾਰੀ ਮਿਲਦੀ ਏ।

                      **

                      4.

ਸ਼ਾਮ ਢਲੀ ਇਕ ਸੂਰਜ ਡੁੱਬਾ ਚੜ੍ਹਿਆ ਇਕ ਤਨਹਾਈ ਦਾ।
ਬੁੱਕਲ ਦੇ ਵਿਚ ਲੈ ਕੇ ਸੌਂ ਜਾ ਜੱਗ ਨੂੰ ਨਹੀਂ ਵਿਖਾਈ ਦਾ।

ਇਹ ਨਾ ਹੋਵੇ ਫੁੱਟ ਸਕੇ ਨਾ ਬਿਰਖ਼ ਉਹਦੀਆਂ ਯਾਦਾਂ ਦਾ।
ਗ਼ਮ ਸੱਜਣ ਦਾ ਦਿਲ ਵਿਚ ਬਹੁਤਾ ਡੂੰਘਾ ਨਹੀਂ ਦਫ਼ਨਾਈ ਦਾ।

ਸਾਹ ਹਉਕੇ ਦੀ ਜੂਨ ਹੰਢਾਉਂਦੇ ਮਰ ਜਾਂਦੇ ਨੇ ਜੰਗਲ ਗਾਹੁੰਦੇ,
ਰਾਤ ਸੀ ਖ਼ਾਬਾਂ ਦਾ ਇਕ ਜੰਗਲ ਦਿਨ ਜੰਗਲ ਤਨਹਾਈ ਦਾ।

ਲੋੜ ਮੁਤਾਬਿਕ ਘਰ ਵਿਚ ਮੈਨੂੰ ਹਰ ਰਿਸ਼ਤੇ ਨੇ ਵੰਡ ਲਿਐ,
ਥੋੜ੍ਹਾ ਥੋੜ੍ਹਾ ਹਰ ਰਿਸ਼ਤੇ ਦੇ ਹੱਥੋਂ ਨਿੱਤ ਮਰ ਜਾਈਦਾ।

ਤਾਰਾ ਟੁੱਟ ਕੇ ਰਾਖ਼ ਨਈਂ ਹੁੰਦਾ ਲੋਅ ਬਣ ਜਾਂਦੈ ਜੁਗਨੂੰ ਦੀ,
ਕਬਰ ਤੇ ਜਗਦਾ ਦੀਵਾ ਭਰਦੈ ਦਮ ਰੂਹ ਦੀ ਰੁਸ਼ਨਾਈ ਦਾ।

                          **

                          5.

ਕਦੋਂ ਹੈ ਮਾਲੀਆਂ ਨੂੰ ਹੁਣ ਖਿੜੀ ਗੁਲਜ਼ਾਰ ਦੀ ਚਿੰਤਾ।
ਖ਼ੁਦਾ ਨੂੰ ਵੀ ਨਹੀਂ ਹੈ ਆਪਣੇ ਸੰਸਾਰ ਦੀ ਚਿੰਤਾ।

ਕਹੋ ਹੁਣ ਏਸ ਨੂੰ ਹੈਵਾਨ ਭਾਵੇਂ ਜੰਗਲੀ ਖ਼ੂਨੀ।
ਨਹੀਂ ਹੈ ਆਦਮੀ ਨੂੰ ਆਪਣੇ ਕਿਰਦਾਰ ਦੀ ਚਿੰਤਾ।

ਸਿਰਾਂ ’ਤੇ ਬੰਨ੍ਹ ਕੇ ਕੱਫ਼ਣ ਸਿਰਾਂ ਦੀ ਖੇਡ ਜੋ ਖੇਡਣ,
ਦਿਲਾਂ ਵਿਚ ਪਾਲਦੇ ਨੇ ਉਹ ਕਦੋਂ ਫਿਰ ਹਾਰ ਦੀ ਚਿੰਤਾ।

ਬਨੇਰੇ ’ਤੇ ਸਜਾਉਣੇ ਸੀ ਅਸੀਂ ਵੀ ਰਾਂਗਲੇ ਗਮਲੇ,
ਕਿਸੇ ਵਿਧ ਮੁੱਕ ਜਾਂਦੀ ਜੇ ਕਿਤੇ ਰੁਜ਼ਗਾਰ ਦੀ ਚਿੰਤਾ।

ਘਰੋਂ ਬਾਹਰ ਗਿਆਂ ਦੀ ਮੰਗਦੇ ਨੇ ਸੁੱਖ ਘਰ ਵਾਲੇ,
ਘਰੋਂ ਬਾਹਰ ਗਿਆਂ ਨੂੰ ਹੁਣ ਰਹੇ ਘਰ ਬਾਰ ਦੀ ਚਿੰਤਾ।

ਹੈ ਚਿੰਤਾ ਆਪਣੀ ਕੁਰਸੀ ਦੀ ਹੁਣ ਸਰਕਾਰ ਨੂੰ ਯਾਰੋ,
ਤੇ ਲੋਕਾਂ ਨੂੰ ਹੈ ਆਪੋ ਆਪਣੇ ਅਧਿਕਾਰ ਦੀ ਚਿੰਤਾ।

ਮੈਂ ਤਰ ਚੁੱਕਾ ਹਾਂ ਪਹਿਲਾਂ ਹੀ ਸਮੁੰਦਰ ਇਹ ਕਈ ਵਾਰੀ,
ਬਚਾਓ ‘ਕੰਗ’ ਜੀ ਕਿਸ਼ਤੀ ਕਰੋ ਪਤਵਾਰ ਦੀ ਚਿੰਤਾ।

                        *****

(54)