SantokhSSantokh7

 

(ਮਈ 20, 2016)


                  1.

            ਊਧਮ ਸਿੰਘ

ਊਧਮ ਸਿੰਘ ਤੁਹਾਡੇ ਤੇ ਸਾਡੇ ਵਿੱਚੋਂ ਹੀ ਸੀ
ਜੋ ਪੰਜਾਬੀਆਂ ਵਿੱਚੋਂ ਹੀ ਇਕ ਪੰਜਾਬੀ ਸੀ

ਜਿੱਥੇ ਉਹ ਅਨੇਕ ਗੁਣਾਂ ਦਾ ਸੀ ਮਾਲਕ
ਅਣਖੀ ਪੰਜਾਬੀਆਂ ਵਾਲੀ ਉਸ ਚ ਖਰਾਬੀ ਸੀ

ਖਾਣ ਪੀਣ ਦਾ ਜਿੱਥੇ ਸੀ ਪੂਰਨ ਸ਼ੌਕੀਨ
ਬੋਲ ਚਾਲ ਦਾ ਮਿੱਠਾ, ਹਾਜ਼ਰ ਜਵਾਬੀ ਸੀ।

ਹੀਰ ਵਾਰਸ ਪੰਜਾਬ ਦੀ ਨੂੰ ਗ੍ਰੰਥਾਂ ਤੋਂ ਜਾਣ ਉੱਤੇ
ਬਖਸ਼ੀ ਓਸਨੇ ਹੀਰ ਨੂੰ ਪਵਿੱਤਰ ਉਪਾਧੀ ਸੀ

ਸੂਰਜੀ ਕਿਰਨਾਂ ’ਚ ਨਹਾਤਾ ਉਹ ਪੰਜਾਬ ਗੱਭਰੂ
ਮੁੱਖੜਾ ਸ਼ੇਰ ਦਾ ਕੌਣ ਹੈ ਧੋ ਸਕਦਾ

ਜਿਹੜੇ ਰਾਜ ਦਾ ਸੂਰਜ ਨਾ ਛਿਪਦਾ ਸੀ
ਉਸੇ ਰਾਜ ਦੇ ਜੜ੍ਹੀਂ ਅੱਕ ਉਹ ਚੋ ਸਕਦਾ

ਅਮ੍ਰਿਤਸਰ ਵਿਚ ਪਲਿਆ ਉਹ ਮਸ਼ੋਰ ਬਾਲਕ
ਭੁੱਲੇ ਡਾਇਰ ਅਡਵਾਇਰ ਇਹ ਨਹੀਂ ਹੋ ਸਕਦਾ

ਸ਼ਾਨਾਂ ਮੱਤੇ ਜੀਵਨ ਦੀ ਉਹ ਅਜ਼ੀਮ ਹਸਤੀ
ਵਲੈਤੀ ਕੱਕਰਾਂ ’ਚ ਬੀ ਕੁਰਬਾਨੀਆਂ ਦੇ ਬੋ ਸਕਦਾ

ਜਿੰਦਗੀ ਮਾਨਣ ਦੇ ਵਖਰੇ ਸਨ ਢੰਗ ਤਰੀਕੇ
ਗੇੜਾ ਗੁਰਦੁਆਰੇ ਦਾ ਵੀ ਉਹ ਮਾਰਦਾ ਸੀ

ਭਾਂਢੇ ਧੋਣ ਤੇ ਰੋਟੀਆਂ ਦੀ ਸੇਵਾ ਕਰਨੀ
ਵੰਡ ਛਕਣ ਦੀ ਮਰਯਾਦਾ ਸਤਿਕਾਰਦਾ ਸੀ

ਮੋਟਰ ਸਾਇਕਲਾਂ ਦੀ ਮੁਰੰਮਤ ਦਾ ਸੀ ਮਾਹਰ
ਅਸਲੇ ਲਈ ਆਇਰਸ਼ਾਂ ਨੂੰ ਦਿਲੋਂ ਪਿਆਰਦਾ ਸੀ

ਕਿਤੇ ਇਸ਼ਕ ਤੋਂ ਬਾਜ਼ੀ ਨਾ ਹਾਰ ਬੈਠੇ
ਤਿਆਰ-ਬਰ-ਤਿਆਰ ਪਰਾਹੁਣਾ ਸਰਕਾਰ ਦਾ ਸੀ

ਸਮਕਾਲੀ ਓਸ ਦੇ ਭਾਰਤੀ ਮੂਲ ਦੇ ਜੋ
ਬਾਵਾ ਬਾਵਾ ਕਰਕੇ ਉਸ ਨੂੰ ਜਾਣਦੇ ਸਨ

ਫਿਕਰ ਰਤੀ ਨਾ ਖੌਫ ਜੇਹਲ ਦਾ ਸੀ
ਉਹਦੀ ਆਭਾ ਦੀ ਸੋਭਾ ਸਿਆਣਦੇ ਸਨ

ਸੌ ਸਾਲਾਂ ਤਕ ਜੋ ਛਾਪਣ ’ਤੇ ਰੋਕ ਲਾਈ
ਚੰਗਿਆੜੇ ਚਮਕਦੇ ਓਸ ਦੇ ਬਿਆਨ ਦੇ ਸਨ

ਵਿਰਲਾਪ ਕਰਕੇ ਕੁਝ ਨਾ ਹੱਥ ਆਉਂਦਾ
ਯਾਦ ਰਹਿਣਗੇ ਬੋਲ ਜੋ ਕੁਰਬਾਨ ਦੇ ਸਨ

ਮਦਨ ਢੀਂਗਰਾ ਤੇ ਊਧਮ ਸਿੰਘ ਜਿੱਥੇ ਸ਼ਹੀਦ ਹੋਏ
ਪਿੰਟਨਵਾਇਲ ਜੇਹਲ ਲੰਡਨ ਵਾਲੀ ਬਦਨਾਮ ਹੋਈ

ਅਜ਼ਾਦੀ ਦੀ ਵਾਰਤਾ ਤੇ ਵੀਰਤਾ ਜੋਧਿਆਂ ਦੀ
ਭਾਰਤ ਭੂਮੀ ਦੀ ਵਿਲੱਖਣਤਾ ਸ਼ਰੇਆਮ ਹੋਈ

ਉਹਦੇ ਜੋਧਿਆਂ ਦਾ ਸਦਾ ਅਪਮਾਨ ਹੁੰਦਾ
ਜਿਹੜੇ ਜੋਧਿਆਂ ਦੀ ਕੌਮ ਗੁਲਾਮ ਹੋਈ

ਆਖਰ ਜਿੱਥੇ ਜਾ ਕੇ ਅਸਥੀਆਂ ਅਰਾਮ ਕੀਤਾ
ਪੰਜਾਬੀਆਂ ਦੇ ਪੂਜਣਯੋਗ ਮਸ਼ਹੂਰ ਸੁਨਾਮ ਹੋਈ

ਊਧਮ ਸਿੰਘ ਤੁਹਾਡੇ ਤੇ ਸਾਡੇ ਵਿੱਚੋਂ ਹੀ ਸੀ
ਜੋ ਪੰਜਾਬੀਆਂ ਵਿੱਚੋਂ ਹੀ ਇਕ ਪੰਜਾਬੀ ਸੀ

                      **

                  2.

       ਆਪਣੇ ਫਰਜ਼ ਪਛਾਣੋ

ਤੁਸੀਂ ਰੇਸ਼ਮੀ ਪਿੰਡਿਆਂ ਦੇ ਜੰਗਲ ’ਚੋਂ ਗੁਜ਼ਰੋ!
ਜਾਂ ਨੰਗੇ ਤੱਟ ਤੇ ਧੁੱਪ ਵਿਚ ਨਹਾਉਂਦਿਆਂ ਦਾ ਸੰਗ ਮਾਣੋ

ਇਕ ਉਮੀਦ ਤੁਹਾਡੇ ਅੰਦਰ ਉੱਗਦੀ ਹੈ
ਇਕ ਲਾਚਾਰਗੀ ਤੁਹਾਡੇ ਅੰਦਰ ਡੁੱਬਦੀ ਹੈ

ਜਦੋਂ ਟੇਪ ਤੇ ਮਨ ਪਸੰਦ ਗੀਤ ਸੁਣਦਿਆਂ
ਤੁਹਾਡੀ ਉਂਗਲ ਰੇਡੀਓ ਸਵਿੱਚ ਨਾਲ ਖੇਲ ਜਾਏ
ਤਾਂ ਤੁਹਾਡੇ ਕੰਨ’ਚ ਚਿਲਚਲਾਂਦੀ ਅਵਾਜ ਆਏ
ਗਾਜ਼ਾ ਜਲ ਰਿਹਾ ਹੈ ਗਾਜ਼ਾ ਜਲ ਰਿਹਾ ਹੈ

ਪਰ ਇਹ ਕੈਸੀ ਚੁੱਪ ਹੈ ਜਿਸ ਵਿਚ ਕਿ
ਸੂਰਜ ਡੁੱਬ ਰਿਹਾ ਹੈ ਅੰਧੇਰਾ ਪਲ ਰਿਹਾ ਹੈ
ਅਜੀਬ ਇਤਿਹਾਸ ਦੀ ਇਹ ਦਾਸਤਾਂ ਹੈ
ਜਿਸ ਨਾਜ਼ੀ ਜੁਲਮ ਦੀ ਜਿਹਨਾਂ ਨੇ ਮਾਰ ਖਾਧੀ
ਉਹੀ ਜ਼ੁਲਮ ਅੱਜ ਉਹਨਾਂ ਦਾ ਪਾਸਵਾਨ ਹੈ
ਮਾਸੂਮ ਭੋਲੇ ਭਾਲੇ ਔਰਤਾਂ ਬੱਚਿਆਂ ਦੇ ਜਿਸਮਾਂ ਵਿੱਚੋਂ
ਬਾਰੂਦ ਦੀ ਗੰਧ ਫੈਲੀ ਹੈ
ਤੇ ਜਖਮਾਂ ’ਚੋਂ ਲਹੂ ਸਿੰਮਦਾ ਹੈ

ਇਸ ਅਪਮਾਨ ਦੇ ਦਰਦ ਦਾ ਸੇਕ ਡਾਢਾ
ਸਾਡੇ ਲਹੂ ਵਿਚ ਦੌੜਦਾ ਤੇ ਚੰਘਾੜਦਾ ਹੈ
ਆਪਣੇ ਫਰਜ਼ ਪਛਾਣੋ ਆਪਣੇ ਫਰਜ਼ ਪਛਾਣੋ

ਤੁਸੀਂ ਰੇਸ਼ਮੀ ਪਿੰਡਿਆਂ ਦੇ ਜੰਗਲ ’ਚੋਂ ਗੁਜਰੋ
ਜਾਂ ਨੰਗੇ ਤੱਟ ਤੇ ਨਹਾਉਂਦਿਆਂ ਦਾ ਸੰਗ ਮਾਣੋ

                      **

                    3.

                  ਗ਼ਦਰ

ਗ਼ਦਰ ਹੋਇਆ ਗ਼ਦਰ ਹੋਵੇਗਾ, ਗ਼ਦਰ ਸਦਾ ਬਹਾਰ

ਕੂੜ ਗੁਲਾਮੀ ਨਫਰਤ ਮਾਰੇਸਿਰਜੇ ਨਵੀਂ ਨੁਹਾਰ

ਗੋਰੇ ਡਰਦੇ ਡਰਦੇ ਹਾਕਮਹੋਏ ਨਾ ਗ਼ਦਰ ਦੁਬਾਰ
ਦੇਸ਼ ਤੋਂ ਹੋਏ ਕੁਰਬਾਨ ਸੂਰਮੇ, ਸਮੇਂ ਦੇ ਸਿਰਜਣਹਾਰ

ਬੇਅੰਤ ਸੂਰਮੇ ਫਾਂਸੀ ਲਟਕੇਭੋਗੇ ਜਿਹਲਾਂ ਦੇ ਅੰਧਕਾਰ
ਸਾਡੇ ਮਾਲਕ ਬਣ ਬੈਠੇ ਸਨਆਏ ਜੋ ਕਰਨ ਵਪਾਰ

ਰੰਗ ਨਸਲ ਤੇ ਮਜ਼ਹਬ ਨੂੰ, ਗ਼ਦਰ ਪਾਵੇ ਲੱਖ ਫਿਟਕਾਰ
ਇਕ ਹੋਰ ਗ਼ਦਰ ਚਾਹੀਦਾਚੱਲੇ ਅਜ਼ਾਦੀ ਦਾ ਕਾਰੋਬਾਰ

ਕਾਮੇ ਕਿਰਤੀ ਇਕੱਠੇ ਹੋ ਕੇ, ਲੋਟੂਆਂ ਨੂੰ ਦੇਣ ਵੰਗਾਰ
ਸਾਰੀ ਦੁਨੀਆ ਦੇ ਹੈ ਘੇਰੇ ਅੰਦਰ ਗ਼ਦਰ ਦੀ ਲਲਕਾਰ

ਇਕ ਸਦੀ ਤੋਂ ਧੁਖਦੀ ਅੱਗਭਾਂਬੜ ਮੱਚੂ ਆਰ ਪਾਰ
ਜਿੰਦਗੀ ਤਾਂ ਆਉਣੀ ਜਾਣੀ, ਜੀਂਦਾ ਰਹੇ ਗ਼ਦਰ ਖੁਮਾਰ
ਗ਼ਦਰ ਹੋਇਆ ਗ਼ਦਰ ਹੋਵੇਗਾਗ਼ਦਰ ਸਦਾ ਬਹਾਰ

                       **

                4.

          ਚਾਚਾ ਚੁੱਪ ਹੈ!

ਚਾਚਾ ਚੁੱਪ ਹੈ ਇਸ ਵਾਰ ਦੀ ਭਾਰਤ ਫੇਰੀ ’ਤੇ
ਲੋਕੀ ਪੁੱਛਦੇ ਨੇ ਹਾਲ ਚਾਲ
ਤਾਂ ਚਾਚਾ ਕਹਿੰਦਾ ਹੈ ਠੀਕ ਠਾਕ

ਪਰ ਭਤੀਜ ਪਰੇਸ਼ਾਨ ਹੈ
ਕਹਿੰਦਾ ਚਾਚੇ ਦੇ ਮੱਥੇ ਨਹੀਂ ਲੱਗਣਾ
ਭਾਵੇਂ ਬਣੇ ਕੁਝ ਜਾਂ ਨਾ ਬਣੇ
ਅਸੀਂ ਤਾਂ ਚਾਚੇ ਨੂੰ ਠੱਗਣਾ
ਚਾਚੇ ਨੇ ਕਿਹੜਾ ਏਥੇ ਬੈਠੇ ਰਹਿਣਾ
ਹੋਣਾ ਸੋਈ ਜੋ ਭਤੀਜ ਨੇ ਕਹਿਣਾ

ਆਪਣੇ ਪਿਉ ਵਰਗੇ ਚਾਚੇ ਨੂੰ
ਅੱਜਕਲ ਭਤੀਜ ਕਰੇ ਪਰਾਂ ਪਰਾਂ
ਤੇ ਚਾਚਾ ਲਟਕਦਾ ਹੈ
ਹਰੇ ਭਰੇ ਦਰਖਤ ’ਤੇ
ਟੁੱਟੇ ਟਾਹਣ ਦੀ ਤਰ੍ਹਾਂ

ਯਾਰੀ ਤਾਂ ਪਿਉ ਪੁੱਤ ਦੀ ਵੀ ਹੁੰਦੀ ਹੈ
ਇਹ ਚਾਚਾ ਭਤੀਜ ਕੀ ਹੋਏ!
ਜੋ ਪੁਰਖਿਆਂ ਦੇ ਸਾਂਝੇ ਖੂਨ ਨੂੰ
ਗਾਲੀ ਗਲੋਚ ਚ ਗੰਦਾ ਕਰ ਰਹੇ
ਪਤਾ ਨਹੀਂ ਕਿਹੜੇ ਦੁਰਸੀਸਾਂ ਦੇ ਵਿਹੜੇ ਭਰ ਰਹੇ

ਜੋ ਕਿਹਾ ਭਤੀਜ ਨੇ
ਚਾਚੇ ਨੇ ਸਦਾ ਕਬੂਲਿਆ
ਚਾਚੇ ਨੇ ਭਤੀਜ ਦੀਆਂ ਗਲਤੀਆਂ ਨੂੰ ਵੀ
ਕਿਹਾ ਵਾਹ! ਮਾਣ ਮੱਤੇ ਦੂਲਿਆ

ਮਿੱਤਰਾਂ ਦੀ ਮੋਟਰ ’ਤੇ
ਹੁੰਦੀਆਂ ਦੁਸ਼ਵਾਰੀਆਂ ਤੇ ਸਰਦਾਰੀਆਂ
ਜ਼ਿੰਮੇਵਾਰੀਆਂ ਨੇ ਭਾਰੀਆਂ
ਅੜਿੱਕਾ ਤਾਂ ਟੱਟਪੂੰਜੀਆ ਗਰੁੱਪ ਹੈ
ਚਾਚਾ ਚੁੱਪ ਹੈ!

*****

(292)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)